ਕੈਲੀਫੋਰਨੀਆ ਵਿਚ ਡਾਕਟਰ ਦੀ ਹਸਪਤਾਲ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ

ਕੈਲੀਫੋਰਨੀਆ ਵਿਚ ਡਾਕਟਰ ਦੀ ਹਸਪਤਾਲ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੱਖਣੀ ਕੈਲੀਫੋਰਨੀਆ ਵਿਚ ਇਕ ਡਾਕਟਰ ਦੀ ਹਸਪਤਾਲ ਜਿਥੇ ਉਹ ਕੰਮ ਕਰਦਾ ਸੀ, ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਲਾਸ ਏਂਜਲਸ ਪੁਲਿਸ ਵਿਭਾਗ ਨੇ ਮ੍ਰਿਤਕ ਡਾਕਟਰ ਦਾ ਨਾਂ ਜਾਰੀ ਨਹੀਂ ਕੀਤਾ ਹੈ ਪਰੰਤੂ ਪਰਿਵਾਰ ਤੇ ਦੋਸਤਾਂ ਨੇ ਉਸ ਦੀ ਪਛਾਣ ਡਾ ਹਾਮਿਦ ਮੀਰਸ਼ੋਜੇ ਵਜੋਂ ਕੀਤੀ ਹੈ। ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ 61 ਸਾਲਾ ਡਾਕਟਰ ਨੂੰ ਸ਼ਹਿਰ ਦੇ ਵੁੱਡਲੈਂਡ ਹਿਲਜ਼ ਖੇਤਰ ਵਿਚ ਉਸ ਦੇ ਦਫਤਰ ਵਾਰਨਰ ਪਲਾਜ਼ਾ ਅਰਜੈਂਟ ਸੈਂਟਰ ਨੇੜੇ ਗੋਲੀ ਮਾਰੀ ਗਈ ਜਿਸ ਉਪਰੰਤ ਉਹ ਮੌਕੇ ਉਪਰ ਹੀ ਦਮ ਤੋੜ ਗਿਆ। ਸੂਚਨਾ ਮਿਲਣ 'ਤੇ ਪੁਲਿਸ ਸਥਾਨਕ ਸਮੇ ਅਨੁਸਾਰ ਸ਼ਾਮ ਤਕਰੀਬਨ 6.12 ਵਜੇ ਘਟਨਾ ਸਥਾਨ 'ਤੇ ਪੁੱਜੀ।

ਪੁਲਿਸ ਅਨੁਸਾਰ ਡਾਕਟਰ ਨੂੰ ਮਾਰਨ ਦਾ ਕਾਰਨ ਕੀ ਸੀ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਮਾਮਲੇ ਦੀ ਮੁਕੰਮਲ ਜਾਂਚ ਪੜਤਾਲ ਉਪਰੰਤ ਹੀ ਕੋਈ ਸਿੱਟਾ ਕੱਢਿਆ ਜਾ ਸਕੇਗਾ। ਲਾਸ ਏਂਜਲਸ ਪੁਲਿਸ ਵਿਭਾਗ ਦੇ ਬੁਲਾਰੇ ਡਰੇਕ ਮੈਡੀਸਨ ਨੇ ਕਿਹਾ ਹੈ ਕਿ ਸ਼ੱਕੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਤੇ ਉਹ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਉਨਾਂ ਕਿਹਾ ਕਿ ਮਾਮਲਾ ਅਜੇ ਜਾਂਚ ਅਧੀਨ ਹੈ।