ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ 'ਚ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਸਜਣਗੇ ਵਿਸ਼ੇਸ਼ ਦੀਵਾਨ: ਜਸਪ੍ਰੀਤ ਸਿੰਘ ਕਰਮਸਰ

ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ 'ਚ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਸਜਣਗੇ ਵਿਸ਼ੇਸ਼ ਦੀਵਾਨ: ਜਸਪ੍ਰੀਤ ਸਿੰਘ ਕਰਮਸਰ

28 ਜੁਲਾਈ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ 'ਚ ਹੋਵੇਗਾ ਅਮ੍ਰਿਤ ਸੰਚਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 25 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਠਵੇਂ ਗੁਰੂ ਨਾਨਕ ਜੋਤਿ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਨੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਜਿੱਥੇ ਰਾਜਾ ਜੈ ਸਿੰਘ ਦਾ ਬੰਗਲਾ ਹੋਇਆ ਕਰਦਾ ਸੀ ਉੱਥੇ ਬੈਠ ਕੇ ਦਿੱਲੀ ਵਿੱਚ ਫੈਲੀ ਚੇਚਕ ਦੀ ਮਹਾਂਮਾਰੀ ਤੋਂ ਲੋਕਾਂ ਨੂੰ ਨਿਜਾਤ ਦਿਲਾਈ, ਉਸੇ ਸਥਾਨ 'ਤੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਸੁਸ਼ੋਭਿਤ ਹੈ ਜਿੱਥੇ ਲੱਖਾਂ ਸ਼ਰਧਾਲੂ ਨਤਮਸਕਾਰ ਹੋਕੇ ਆਪਣੇ ਦੁੱਖ ਦੂਰ ਕਰਦੇ ਹਨ। ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ 28 ਜੁਲਾਈ ਨੂੰ ਆ ਰਿਹਾ ਹੈ ਜਿਸ ਦੇ ਸਬੰਧ ਵਿੱਚ ਦਿੱਲੀ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਵਿੱਚ ਕੀਰਤਨ ਸਮਾਗਮ ਦੇ ਪ੍ਰੋਗਰਾਮ ਰੱਖੇ ਗਏ ਹਨ। ਵਿਸ਼ੇਸ਼ ਦੀਵਾਨ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲੱਖੀਸ਼ਾਹ ਵੰਜਾਰਾ ਹਾਲ ਵਿੱਚ ਕੀਤਾ ਜਾਵੇਗਾ ਜਿਸ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਮਹਾਂਸਚਿਵ ਜਗਦੀਪ ਸਿੰਘ ਕਾਹਲੋ ਵੱਲੋਂ ਪੰਥਕ ਵਿਚਾਰ ਵੀ ਸੰਗਤ ਨਾਲ ਕੀਤੇ ਜਾਣਗੇ।

ਸ੍ਰੀ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਗੁਰਦੁਆਰਾ ਸ਼ੀਸ਼ ਗੰਜ ਸਾਹਿਬ, ਗੁਰਦੁਆਰਾ ਮੋਤੀ ਬਾਗ, ਗੁਰਦੁਆਰਾ ਨਾਨਕ ਪਿਆਉ, ਗੁਰਦੁਆਰਾ ਬਾਲਾ ਸਾਹਿਬ ਸਮੇਤ ਹੋਰ ਸਾਰੇ ਇਤਿਹਾਸਕ ਗੁਰਦੁਆਰਿਆਂ ਵਿੱਚ ਵਿਸ਼ੇਸ਼ ਦੀਵਾਨ ਸਜੇ ਜਾਣਗੇ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜੱਥੇ ਗੁਰਬਾਣੀ ਕੀਰਤਨ ਸੰਗਤ ਨੂੰ ਸ੍ਰਵਣ ਕਰਵਾਏ ਜਾਣਗੇ। ਕਥਾ ਵਾਚਕਾਂ ਵੱਲੋਂ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੀ ਕਥਾ ਕੀਤੀ ਜਾਵੇਗੀ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚਿਆਂ ਵੱਲੋਂ ਵਿਸ਼ੇਸ਼ ਤੌਰ 'ਤੇ ਭਾਗ ਲੈ ਕੇ ਕੀਰਤਨ ਕੀਤਾ ਜਾਵੇਗਾ। 28 ਜੁਲਾਈ ਨੂੰ ਸਵੇਰੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਅਮ੍ਰਿਤ ਸੰਚਾਰ ਦਾ ਪ੍ਰੋਗਰਾਮ ਵੀ ਹੋਵੇਗਾ ਜੋ ਸੰਗਤ ਅਮ੍ਰਿਤਪਾਨ ਕਰਨ ਦੀ ਇੱਛੁਕ ਹੋ ਉਹ ਕੇਸ਼ੀ ਇਸ਼ਨਾਨ ਕਰਕੇ ਤਿਆਰ ਹੋਕੇ ਪਹੁੰਚੇ ਕਕਾਰ ਉਨ੍ਹਾਂ ਨੂੰ ਕਮੇਟੀ ਵੱਲੋਂ ਦਿੱਤੇ ਜਾਣਗੇ।

ਸ੍ਰੀ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਦਿੱਲੀ ਦੇ ਵੱਖ ਵੱਖ ਹਿੱਸਿਆਂ ਤੋਂ ਸੰਗਤ ਪ੍ਰਭਾਤ ਫੇਰੀ ਦੇ ਰੂਪ ਵਿੱਚ ਵੀ 28 ਤਾਰੀਖ ਨੂੰ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇਗੀ ਜਿਨ੍ਹਾਂ ਦਾ ਕਮੇਟੀ ਵੱਲੋਂ ਸਵਾਗਤ ਕੀਤਾ ਜਾਵੇਗਾ।