ਗੁਰੂ ਗੋਬਿੰਦ ਸਿੰਘ ਜੀ ਦੀ ਗੁਰਮਤਿ ਸੰਗੀਤ ਨੂੰ ਦੇਣ
ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਾਸਾਨੀ ਪ੍ਰਤਿਭਾ ਦੇ ਮਾਲਕ ਸਨ। ਆਪ ਸਾਹਿਤ ਅਤੇ ਸੰਗੀਤ ਦੇ ਮਹਾਨ ਗਿਆਤਾ ਸਨ ਅਤੇ ਬ੍ਰਿਜ ਭਾਸ਼ਾ, ਫਾਰਸੀ ਅਤੇ ਹਿੰਦੀ ਆਦਿ ਭਾਸ਼ਾਵਾਂ ਦੇ ਮਹਾਨ ਕਵੀ ਸਨ।
ਏਨਾ ਹੀ ਨਹੀਂ ਆਪ ਇਕ ਸੂਰਬੀਰ ਯੋਧਾ ਅਤੇ ਚੰਗੇ ਸੰਗੀਤਕਾਰ ਸਨ। ਆਪਣੇ 42 ਸਾਲਾਂ ਦੇ ਜੀਵਨ ਵਿਚ ਆਪ ਨੇ ਜਿਥੇ ਸਿੱਖ ਕੌਮ ਨੂੰ ਨਵੀਂ ਸੇਧ ਦਿੱਤੀ ਉਥੇ ਆਪ ਜੀ ਦਾ ਗੁਰਮਤਿ ਸੰਗੀਤ ਦੇ ਖੇਤਰ ਵਿਚ ਵੀ ਮਹਾਨ ਯੋਗਦਾਨ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਦਰਜ ਕਰਨਾ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੀ ਹੋ ਗਈ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਵਾਇਆ। ਇਹ ਕਾਰਜ ਦਮਦਮਾ ਸਾਹਿਬ ਵਿਚ ਰਹਿ ਕੇ ਆਪ ਜੀ ਨੇ ਭਾਈ ਮਨੀ ਸਿੰਘ ਜੀ ਕੋਲੋਂ ਕਰਵਾਇਆ।
ਦਸਮ ਗ੍ਰੰਥ ਦੀ ਰਚਨਾ- ਗੁਰੂ ਜੀ ਬ੍ਰਿਜ ਭਾਸ਼ਾ, ਫਾਰਸੀ ਅਤੇ ਹਿੰਦੀ ਆਦਿ ਭਾਸ਼ਾਵਾਂ ਦੇ ਮਹਾਨ ਕਵੀ ਸਨ। ਉਨ੍ਹਾਂ ਦੇ ਦਰਬਾਰ ਵਿਚ 52 ਕਵੀ ਸਨ। ਗੁਰੂ ਜੀ ਨੇ ਆਪਣੀਆਂ ਅਤੇ ਇਨ੍ਹਾਂ ਕਵੀਆਂ ਦੀਆਂ ਰਚਨਾਵਾਂ ਦਾ ਸੰਕਲਨ ਦਸਮ ਗ੍ਰੰਥ ਦੇ ਰੂਪ ਵਿਚ ਕਰਵਾਇਆ। ਇਸ ਨੂੰ ਲਿਖਣ ਦਾ ਮਹਾਨ ਕਾਰਜ ਭਾਈ ਮਨੀ ਸਿੰਘ ਜੀ ਨੇ ਕੀਤਾ। ਰਾਜਨੀਤਕ ਹਾਲਾਤ ਤੋਂ ਪ੍ਰਭਾਵਿਤ ਹੋ ਕੇ ਗੁਰੂ ਜੀ ਨੇ ਬੀਰ ਰਸ ਭਰਪੂਰ ਕਾਵਿ ਰਚਿਆ। ਇਨ੍ਹਾਂ ਦੁਆਰਾ ਰਚਿਤ ਬੀਰ ਕਾਵਿ ਪੰਜਾਬੀ ਸਾਹਿਤ ਦਾ ਉੱਤਮ ਨਮੂਨਾ ਹੈ। ਇਨ੍ਹਾਂ ਦੇ ਦਰਬਾਰੀ ਕਵੀ ਵੀ ਇਨ੍ਹਾਂ ਦੀਆਂ ਪਾਈਆਂ ਲੀਹਾਂ ਦੇ ਅਨੁਸਾਰ ਹੀ ਕਵਿਤਾ ਰਚਦੇ ਸਨ। ਦਸਮ ਗ੍ਰੰਥ 1428 ਪੰਨਿਆਂ ਦਾ ਇਕ ਵਿਸ਼ਾਲ ਆਕਾਰ ਦਾ ਗ੍ਰੰਥ ਹੈ।
ਸੰਗੀਤਕ ਸ਼ਬਦਾਵਲੀ ਦਾ ਪ੍ਰਯੋਗ- ਦਸਮ ਗ੍ਰੰਥ ਦੀਆਂ ਰਚਨਾਵਾਂ ਦੇ ਅਧਿਐਨ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰੂ ਜੀ ਜਿਥੇ ਮਹਾਨ ਧਾਰਮਿਕ ਆਗੂ ਸਨ, ਉਥੇ ਅਦੁੱਤੀ ਕਵੀ ਅਤੇ ਸੰਗੀਤ ਦੇ ਗਿਆਤਾ ਵੀ ਸਨ। ਗੁਰੂ ਜੀ ਦੀ ਮਹਾਨ ਬਾਣੀ ਵਿਚੋਂ ਸੰਗੀਤ ਪ੍ਰਤੀ ਉਨ੍ਹਾਂ ਦੀ ਸੂਖਮ ਸੂਝ ਦਾ ਗਿਆਨ ਮਿਲਦਾ ਹੈ। ਇਨ੍ਹਾਂ ਦੀਆਂ ਰਚਨਾਵਾਂ ਵਿਚ ਢੋਲ, ਮ੍ਰਿਦੰਗ, ਨਗਾਰੇ, ਸੰਖ, ਤਾਲ, ਗੀਤ, ਤਾਨ, ਤਰੰਗ ਆਦਿ ਸੰਗੀਤਕ ਸ਼ਬਦਾਵਲੀ ਦਾ ਪ੍ਰਯੋਗ ਮਿਲਦਾ ਹੈ। ਦਸਮ ਗ੍ਰੰਥ ਵਿਚ ਜਾਪੁ ਸਾਹਿਬ ਬਾਣੀ ਵਿਚ ਭੁਜੰਗ ਪ੍ਰਯਾਤਛੰਦ ਵਿਚ ਸੰਗੀਤ ਦੀ ਸ਼ਬਦਾਵਲੀ ਗਾਇਨ, ਵਾਦਨ, ਨ੍ਰਿਤ, ਨਾਦ ਅਤੇ ਤਾਨਾਂ ਨੂੰ ਏਨੀ ਗਹਿਰਾਈ ਨਾਲ ਉਸ ਅਕਾਲ ਪੁਰਖ ਦੀ ਉਸਤਤਿ ਲਈ ਪਯੋਗ ਕੀਤਾ ਹੈ। ਜਿਵੇਂ-
ਨਮੋ ਗੀਤ ਗੀਤੇ॥ ਨਮੋ ਤਾਨ ਤਾਨੇ॥47॥
ਨਮੋ ਨ੍ਰਿਤ ਨ੍ਰਿਤੇ॥ ਨਮੋ ਨਾਦ ਨਾਦੇ॥
ਨਮੋ ਪਾਨ ਪਾਨੇ॥ ਨਮੋ ਬਾਦ ਬਾਦੇ॥48॥
ਚੰਡੀ ਚਰਿਤਰ ਵਿਚ ਪ੍ਰਭੂ ਉਸਤਤਿ ਲਈ ਰਚਿਤ ਬਾਣੀ ਵਿਚ ਅਨੇਕ ਵਾਦਿਆਂ ਦਾ ਉਲੇਖ ਮਿਲਦਾ ਹੈ ਜਿਵੇਂ-
ਝਾਲਰ ਤਾਲ ਮ੍ਰਿਦੰਗ ਉਪੰਗ
ਰਬਾਬ ਲੀਏ ਸੁਰ ਸਾਜ ਮਿਲਾਵੇ॥
ਸੰਗੀਤ ਵਾਦਿਆਂ ਦੀਆਂ ਭਿੰਨ-ਭਿੰਨ ਕਿਸਮਾਂ ਦੀ ਜਾਣਕਾਰੀ ਹੇਠ ਲਿਖੀਆਂ ਤੁਕਾਂ ਤੋਂ ਮਿਲਦੀ ਹੈ।
ਤਤ ਬਿਦ ਘਨ ਸੁਖ ਰਸ ਬਾਜੈ॥
ਸੁਨ ਮਨ ਰਾਗ ਗੁਨਿ ਗਾਨ ਲਾਜੈ॥
ਵੱਖ-ਵੱਖ ਗਾਇਨ ਸ਼ੈਲੀਆਂ ਦਾ ਪ੍ਰਯੋਗ-ਦਸਮ ਗ੍ਰੰਥ ਦੇ ਅਧਿਐਨ ਤੋਂ ਬਾਅਦ ਸਹਿਜੇ ਹੀ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਦਸਮ ਗ੍ਰੰਥ ਸੰਗੀਤ ਦਾ ਇਕ ਵਿਸ਼ਾਲ ਭੰਡਾਰ ਹੈ। ਢੋਲ, ਮ੍ਰਿਦੰਗ, ਨਗਾਰੇ, ਸੰਖ, ਧੁਨੀ, ਰਾਗ, ਗੰਧਰਵ, ਤੰਤੀ, ਤਾਨ ਤਰੰਗ, ਤਾਲ, ਗੀਤ ਆਦਿ ਸ਼ਬਦ ਗੂੜ੍ਹੀ ਸੰਗੀਤਕ ਸੂਝ ਦੀ ਉਪਜ ਹਨ। ਇਹ ਹੀ ਨਹੀਂ ਪ੍ਰਚਲਿਤ ਗਾਇਨ ਸ਼ੈਲੀ ਧਮਾਰ ਸੰਬੰਧੀ ਉਲੇਖ ਵੀ ਦਸਮ ਗ੍ਰੰਥ ਵਿਚ ਮਿਲਦਾ ਹੈ। ਜਿਵੇਂ-
ਮਾਘ ਬਿਤਿਤ ਭਈ ਰੁਤ ਫਾਗੁਨ
ਆਇ ਗਈ ਸਭ ਖੇਲਤ ਹੋਰੀ॥
ਖੇਲਤ ਸਿਯਾਮ ਧਮਾਰ ਅਨੂਪ
ਮਹਾਸਿਨ ਸੁੰਦਰਿ ਸਾਂਵਲ ਗੋਰੀ॥
ਧਮਾਰ ਗਾਇਨ ਸ਼ੈਲੀ ਦੀ ਗਾਇਨ ਰੁੱਤ ਅਤੇ ਵਿਸ਼ਾ ਵਸਤੂ ਸੰਬੰਧੀ ਜਾਣਕਾਰੀ ਦਾ ਉੱਤਮ ਨਮੂਨਾ ਉਪਰੋਕਤ ਰਚਨਾ ਹੈ। ਫੱਗਣ ਦੀ ਰੁੱਤ ਵਿਚ ਹੋਲੀ ਖੇਡਣ ਨੂੰ ਖੇਲਤ ਧਮਾਰ ਕਹਿਣਾ ਉਸ ਸਮੇਂ ਦੀ ਪ੍ਰਸਿੱਧ ਗਾਇਨ ਸ਼ੈਲੀ ਧਮਾਰ ਅਤੇ ਉਸਦੇ ਵਿਸ਼ੇ ਵਸਤੂ ਨੂੰ ਅਤਿ ਕਲਾ ਕੁਸ਼ਲਤਾ ਨਾਲ ਦਰਸਾਇਆ ਗਿਆ ਹੈ। ਪ੍ਰੋ. ਤਾਰਾ ਸਿੰਘ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਰਚਨਾ ਵਿਚ ਖਿਆਲ ਸ਼ਬਦ ਦਾ ਪ੍ਰਯੋਗ ਕਿਸੇ ਵੀ ਸ਼ੈਲੀ ਦੇ ਰੂਪ ਵਿਚ ਨਹੀਂ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਖਿਆਲ 'ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਪਹਿਲੀ ਵਾਰ ਮਿਲਦਾ ਹੈ।
ਸੰਗੀਤਕ ਛੰਦ-ਗੁਰੂ ਜੀ ਦੀਆਂ ਰਚਨਾਵਾਂ ਵਿਚ ਛੰਦ ਉਨ੍ਹਾਂ ਦੀ ਸੰਗੀਤਕ ਸੂਝ ਦਾ ਉੱਤਮ ਨਮੂਨਾ ਹਨ। ਸੰਗੀਤਕ ਛੰਦ ਵਿਚ ਮ੍ਰਿਦੰਗ ਦੇ ਭਿੰਨ-ਭਿੰਨ ਬੋਲਾਂ ਦੇ ਆਧਾਰ 'ਤੇ ਕਾਵਿ ਰਚਨਾ ਕੀਤੀ ਗਈ ਹੈ। ਇਨ੍ਹਾਂ ਵਿਚੋਂ ਸੱਤ ਪ੍ਰਕਾਰ ਇਸ ਤਰ੍ਹਾਂ ਹਨ-
1. ਸੰਗੀਤਕ ਛਪਯ 2. ਸੰਗੀਤ ਨਾਰਾਜ਼ 3. ਸੰਗੀਤ ਪਧਿਸਟਕਾ 4. ਸੰਗੀਤ ਪਾਦੜੀ 5. ਸੰਗੀਤ ਬਹੁੜਾ 6. ਸੰਗੀਤ ਭੁਜੰਗ ਪ੍ਰਯਾਤ 7. ਸੰਗੀਤ ਮਧੂਭਾਰ
ਸਿੱਖ ਪਰੰਪਰਾਵਾਂ ਦੇ ਅਨੁਸਾਰ ਬਾਣੀ ਦੀ ਰਚਨਾ-ਪਹਿਲੇ ਗੁਰੂ ਤੋਂ ਲੈ ਕੇ ਜੋ ਪਰੰਪਰਾ ਚਲੀ ਆ ਰਹੀ ਸੀ ਜਿਵੇਂ ਰਹਾਉ, ਅੰਕ, ਘਰ, ਰਾਗ ਆਦਿ ਨੂੰ ਕਾਇਮ ਰੱਖਦੇ ਹੋਏ ਗੁਰੂ ਜੀ ਨੇ ਰਾਮਕਲੀ, ਸੋਰਠਿ, ਕਲਿਆਣ, ਤਿਲੰਗ, ਕਾਫੀ, ਬਿਲਾਵਲ, ਦੇਵਗੰਧਾਰੀ ਆਦਿ ਰਾਗਾਂ ਵਿਚ ਬਾਣੀ ਦੀ ਰਚਨਾ ਕਰਕੇ ਪਹਿਲਾਂ ਚਲੀ ਆ ਰਹੀ ਪਰੰਪਰਾ ਦਾ ਅਨੁਸਰਨ ਕੀਤਾ।
ਕੀਰਤਨ ਪਰੰਪਰਾ ਨੂੰ ਕਾਇਮ ਰੱਖਣਾ- ਗੁਰੂ ਜੀ ਦੁਆਰਾ ਗੁਰਮਤਿ ਸੰਗੀਤ ਦੀਆਂ ਚੱਲੀਆਂ ਆ ਰਹੀਆਂ ਪਰੰਪਰਾਵਾਂ ਨੂੰ ਕਾਇਮ ਰੱਖਿਆ ਜਾ ਰਿਹਾ ਸੀ। ਇਨ੍ਹਾਂ ਵਿਚ ਦੀਵਾਨ ਲਗਾਉਣਾ, ਰਾਗ ਅਤੇ ਗਾਇਨ ਸ਼ੈਲੀਆਂ ਅਨੁਸਾਰ ਕੀਰਤਨ ਕਰਨਾ ਗੁਰਮਤਿ ਸੰਗੀਤ ਦੀਆਂ ਪਰੰਪਰਾਵਾਂ ਦੇ ਅੰਤਰਗਤ ਆਉਂਦਾ ਹੈ। ਇਨ੍ਹਾਂ ਦੇ ਸਮੇਂ ਵੀ ਸਵੇਰੇ ਆਸਾ ਦੀ ਵਾਰ, ਸ਼ਾਮ ਨੂੰ ਸੋਦਰ ਦੀ ਚੌਕੀ ਦਾ ਕੀਰਤਨ ਹੁੰਦਾ ਸੀ। ਇਥੋਂ ਤੱਕ ਕਿ ਜੰਗਾਂ ਯੁੱਧਾਂ ਦੇ ਦਿਨਾਂ ਵਿਚ ਵੀ ਸਵੇਰੇ ਅਤੇ ਸ਼ਾਮ ਨੂੰ ਦੀਵਾਨ ਲਾ ਕੇ ਕੀਰਤਨ ਕਰਦੇ ਸਨ।
ਵਾਰ ਗਾਇਨ ਪਰੰਪਰਾ ਨੂੰ ਕਾਇਮ ਰੱਖਣਾ-ਗੁਰੂ ਜੀ ਜਿਥੇ ਜੰਗਾਂ-ਯੁੱਧਾਂ ਵਿਚ ਆਪਣੇ ਨਾਲ ਕੀਰਤਨ ਦੀ ਪਰੰਪਰਾ ਚਲਾਉਂਦੇ ਸਨ, ਉਥੇ ਉਨ੍ਹਾਂ ਵਾਰ ਗਾਇਨ ਦੀ ਪਰੰਪਰਾ ਨੂੰ ਵੀ ਕਾਇਮ ਰੱਖਿਆ। ਵਾਰ ਗਾਇਨ ਦੀ ਪਰੰਪਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਬੀਰ ਰਸੀ ਰਚਨਾ ਚੰਡੀ ਦੀ ਵਾਰ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਤਾਲ ਦੀ ਪਰਿਪੱਕਤਾ-ਗੁਰੂ ਜੀ ਦੀ ਬਾਣੀ ਵਿਚ ਰਵਾਨਗੀ, ਤਾਲ, ਮਾਤਰਾ ਅਤੇ ਛੰਦ ਦੀ ਪਕੇਰੀ ਪਕੜ ਹੈ। ਜਿਵੇ:-
ਖਗ ਖੰਡ ਬਿਹੰਡੰ ਖਲਦਲ ਖੰਡੰ
ਅਤਿਰਣ ਮੰਡੰ ਬਰਬੰਡੰ॥
ਸਵੈਯਾ-ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ॥
ਸਦਾ ਅੰਗ ਸੰਗੇ ਅਭੰਗੰ ਬਿਭੂਤੇ॥
ਦਸਮ ਗ੍ਰੰਥ ਵਿਚ ਸੰਗੀਤਕ ਵਿਚ ਸ਼ਬਦਾਵਲੀ ਦਾ ਪ੍ਰਯੋਗ- ਗੁਰੂ ਜੀ ਨੇ ਜਾਪੁ ਸਾਹਿਬ ਵਿਚ ਸੰਗੀਤ ਦੀ ਸ਼ਬਦਾਵਲੀ ਜਿਵੇਂ ਗਾਇਨ, ਵਾਦਨ, ਨ੍ਰਿਤ, ਨਾਦ ਅਤੇ ਤਾਨਾਂ ਆਦਿ ਨੂੰ ਕਿੰਨੇ ਗਹਿਰਾਈ ਨਾਲ ਉਸ ਅਕਾਲ ਪ੍ਰਭ ਦੀ ਉਸਤਤਿ ਲਈ ਵਰਤਿਆ ਹੈ ਜੋ ਆਪਣੀ ਮਿਸਾਲ ਆਪ ਹੈ। ਇਸ ਤੋਂ ਬਿਨਾਂ ਸੰਸਕ੍ਰਿਤ ਸ਼ਬਦਾਵਲੀ ਦੀ ਵਰਤੋਂ ਬੜੇ ਸੁੰਦਰ ਢੰਗ ਨਾਲ ਕੀਤੀ ਹੈ।
ਸਰਬ ਲੋਹ ਗ੍ਰੰਥ ਵਿਚ ਵੱਖ-ਵੱਖ ਰਾਗਾਂ ਦਾ ਪ੍ਰਯੋਗ-ਦਸਮ ਗ੍ਰੰਥ ਦੀਆਂ ਰਚਨਾਵਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਗੁਰੂ ਜੀ ਜਿਥੇ ਮਹਾਨ ਧਾਰਮਿਕ ਆਗੂ ਸਨ, ਉਥੇ ਅਦੁੱਤੀ ਕਵੀ ਤੇ ਸੰਗੀਤਵੇਤਾ ਵੀ ਸਨ। ਇਹੋ ਹੀ ਕਾਰਨ ਹੈ ਕਿ ਇਨ੍ਹਾਂ ਦੀਆਂ ਰਚਨਾਵਾਂ ਵਿਚ ਸਾਧਾਰਨ ਪੱਧਰ ਦੇ ਮਨੁੱਖ ਨੂੰ ਆਤਮਿਕ, ਸਰੀਰਕ, ਸਮਾਜਿਕ ਅਤੇ ਬੌਧਿਕ ਪੱਧਰ ਤੋਂ ਉਚਿਆਣ ਦੇ ਸਾਰੇ ਗੁਣ ਵਿਦਮਾਨ ਸਨ। ਆਪ ਜੀ ਨੇ ਸਰਬ ਲੋਹ ਗ੍ਰੰਥ ਵਿਚ ਵੱਖ-ਵੱਖ ਰਾਗਾਂ ਵਿਚ ਬਾਣੀ ਨੂੰ ਰਚਿਆ ਹੈ ਜਿਨ੍ਹਾਂ ਦੀ ਕੁੱਲ ਗਿਣਤੀ 150 ਦੇ ਕਰੀਬ ਹੈ।
ਦਸਮ ਗ੍ਰੰਥ ਦੀਆਂ ਬਾਕੀ ਰਚਨਾਵਾਂ ਬਚਿੱਤਰ ਨਾਟਕ ਦਾ ਹੀ ਅੰਗ ਹਨ। ਇਹ ਸਾਰੀ ਬਾਣੀ ਭਾਰਤੀ ਸਾਹਿਤ ਦਾ ਸ੍ਰੇਸ਼ਠਤਮ ਸਾਹਿਤ ਹੈ। ਇਸ ਦੀ ਸੰਗੀਤਕ ਤੌਰ 'ਤੇ ਵਿਸ਼ੇਸ਼ ਮਹਾਨਤਾ ਹੈ।
ਗੁਰੂ ਜੀ ਦੀਆਂ ਬਾਣੀਆਂ ਵਿਚ ਪਰਿਭਾਸ਼ਕ ਸ਼ਬਦ- ਦਸਮ ਗ੍ਰੰਥ ਸੰਗੀਤ ਦਾ ਵਿਸ਼ਾਲ ਭੰਡਾਰ ਹੈ। ਢੋਲ, ਮ੍ਰਿਦੰਗ, ਨਗਾਰੇ, ਸੰਖ, ਧੁਨੀ, ਕੋਲਾਹਲ, ਰਾਗ, ਗੰਧਰਵ, ਤੰਤੀ, ਤਾਨ, ਤਰੰਗ, ਤਾਲ, ਗੀਤ ਆਦਿ ਗੂੜ੍ਹੀ ਸੰਗੀਤਕ ਸਮਝ ਦੀ ਉਪਜ ਹਨ। ਫੱਗਣ ਦੀ ਰੁੱਤ ਵਿਚ ਹੋਲੀ ਖੇਡਣ ਨੂੰ 'ਖੇਲਤ ਧਮਾਰ' ਕਹਿਣਾ ਉਸ ਸਮੇਂ ਦੀ ਪ੍ਰਸਿੱਧ ਗਾਇਨ ਸ਼ੈਲੀ 'ਧਮਾਰ' ਨੂੰ ਕਾਇਮ ਰੱਖਣਾ ਹੀ ਨਹੀਂ ਦਰਸਾਉਂਦੀ ਸਗੋਂ ਉਸ ਸ਼ੈਲੀ ਦੇ ਵਿਸ਼ੇ ਵਸਤੂ ਨੂੰ ਵੀ ਅਤੀ ਕਲਾ ਕੁਸ਼ਲਤਾ ਨਾਲ ਦਰਸਾਇਆ ਗਿਆ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਢਾਡੀਆਂ ਦੁਆਰਾ ਵਾਰ ਗਾਇਨ ਪਰੰਪਰਾ ਬਹੁਤ ਜ਼ੋਰਾਂ 'ਤੇ ਸੀ। ਇਸ ਤੋਂ ਬਿਨਾਂ ਤਾਊਸ, ਤਾਨਪੁਰਾ, ਪਖਾਵਜ, ਤਬਲਾ, ਮ੍ਰਿਦੰਗ, ਰਬਾਬ ਵਰਗੇ ਸਾਜ਼ਾਂ ਦੀ ਕੀਰਤਨ ਲਈ ਵਰਤੋਂ ਕੀਤੀ ਜਾਂਦੀ ਸੀ। ਆਪ ਦਾ ਜੀਵਨ ਜੰਗਾਂ ਨਾਲ ਭਰਪੂਰ ਰਿਹਾ ਪ੍ਰੰਤੂ ਆਪ ਜੀ ਦੁਆਰਾ ਰਚੀ ਗਈ ਬਾਣੀ ਦੇ ਸਾਹਿਤਕ ਅਤੇ ਸੰਗੀਤਕ ਗੁਣਾਂ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਜੀ ਇਕ ਮਹਾਨ ਕਵੀ, ਧਰਮ ਪ੍ਰਚਾਰਕ, ਯੋਧੇ ਅਤੇ ਸੂਰਬੀਰ ਸਨ।
ਉਪਰੋਕਤ ਵਰਨਣ ਤੋਂ ਸਪੱਸ਼ਟ ਹੈ ਕਿ ਗੁਰੂ ਸਾਹਿਬਾਨ ਸੰਗੀਤ ਪ੍ਰਤੀ ਸੂਖਮ ਸੂਝ-ਬੂਝ ਰੱਖਣ ਵਾਲੇ ਸਨ। ਉਨ੍ਹਾਂ ਨੇ ਵੱਖ-ਵੱਖ ਰਾਗਾਂ ਵਿਚ ਬਾਣੀ ਦਾ ਉਚਾਰਣ ਕੀਤਾ। ਉਨ੍ਹਾਂ ਨੇ ਰਾਗ, ਕਾਵਿ, ਗਾਇਨ ਸ਼ੈਲੀਆਂ, ਕੀਰਤਨ ਕੇਂਦਰਾਂ ਅਤੇ ਸਾਜ਼ਾਂ ਦਾ ਆਵਿਸ਼ਕਾਰ ਕੀਤਾ। ਫਲਸਰੂਪ ਗੁਰਮਤਿ ਸੰਗੀਤ ਇਕ ਪ੍ਰਫੁੱਲਤ ਸੰਗੀਤ ਪਰੰਪਰਾ ਦੇ ਰੂਪ ਵਜੋਂ ਵਿਦਮਾਨ ਹੈ। ਇਹ ਹੀ ਨਹੀਂ ਗੁਰਮਤਿ ਸੰਗੀਤ ਪਰੰਪਰਾ ਨੂੰ ਪ੍ਰਮਾਣਿਕ ਅਤੇ ਸਥਾਪਿਤ ਰੂਪ ਪ੍ਰਦਾਨ ਕਰਨ ਲਈ ਗੁਰੂ ਸਾਹਿਬਾਨ ਨੇ ਰੋਜ਼ਾਨਾ ਬਾਣੀ ਦੇ ਗਾਇਨ ਨਾਲ ਇਸ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਇਆ। ਗੁਰਮਤਿ ਸੰਗੀਤ ਦੇ ਉਪਰੋਕਤ ਵਿਕਾਸ ਤੋਂ ਇਸਦੀ ਵਿਲੱਖਣਤਾ ਤਾਂ ਉਜਾਗਰ ਹੁੰਦੀ ਹੈ, ਨਾਲ ਹੀ ਭਾਰਤੀ ਸੰਗੀਤ ਨੂੰ ਵਿਕਸਿਤ ਕਰਨ ਵਿਚ ਗੁਰੂ ਜੀ ਦਾ ਵੱਡਾ ਯੋਗਦਾਨ ਹੈ।
ਅਜੈਪਾਲ ਸਿੰਘ
Comments (0)