ਨਾਇਕਾਵਾਂ ,ਜਿਹਨਾਂ ਦੱਖਣ ਤੋਂ ਸ਼ੁਰੂਆਤ ਕਰਕੇ ਬਾਲੀਵੁੱਡ ਉਪਰ ਰਾਜ ਕੀਤਾ

ਨਾਇਕਾਵਾਂ ,ਜਿਹਨਾਂ ਦੱਖਣ ਤੋਂ ਸ਼ੁਰੂਆਤ ਕਰਕੇ ਬਾਲੀਵੁੱਡ ਉਪਰ ਰਾਜ ਕੀਤਾ

ਹਿੰਦੀ ਫ਼ਿਲਮ ਸਨਅਤ ਵਿਚ ਇਸ ਤਰ੍ਹਾਂ ਦੀਆਂ ਕਈ ਨਾਇਕਾਵਾਂ ਹਨ ਜਿਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਦੱਖਣ ਭਾਰਤ ਦੀਆਂ ਫ਼ਿਲਮਾਂ ਤੋਂ ਕੀਤੀ ਪਰ ਬਾਅਦ ਵਿਚ ਆਪਣੀ ਐਕਟਿੰਗ ਅਤੇ ਖ਼ੂਬਸੂਰਤੀ ਦੇ ਦਮ 'ਤੇ ਬਾਲੀਵੁੱਡ ਵਿਚ ਵੀ ਰਾਜ ਕੀਤਾ |

ਇਸ ਸੂਚੀ ਵਿਚ ਸਭ ਤੋਂ ਪਹਿਲਾ ਅਤੇ ਅਹਿਮ ਨਾਂਅ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਦਾ ਆਉਂਦਾ ਹੈ ।ਐਸ਼ਵਰਿਆ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਦੱਖਣ ਭਾਰਤ ਦੀ ਫ਼ਿਲਮ 'ਈਰੁਵਰ' ਤੋਂ ਕੀਤੀ ਸੀ । ਇਸ ਫ਼ਿਲਮ ਵਿਚ ਉਹ ਅਭਿਨੇਤਾ ਮੋਹਨਲਾਲ ਦੇ ਨਾਲ ਨਜ਼ਰ ਆਈ ਸੀ ।

ਬਹੁਤ ਘੱਟ ਉਮਰ ਵਿਚ ਮਾਡਲਿੰਗ ਸ਼ੁਰੂ ਕਰਨ ਵਾਲੀ ਐਸ਼ਵਰਿਆ ਰਾਏ ਬੱਚਨ ਐਕਟਿੰਗ ਦੇ ਨਾਲ ਨਾਲ ਆਪਣੀ ਖ਼ੂਬਸੂਰਤੀ ਕਾਰਨ ਚਰਚਾ ਵਿਚ ਰਹਿੰਦੀ ਹੈ । ਅੱਜ ਉਹ ਬਾਲੀਵੁੱਡ ਦੀਆਂ ਸਭ ਤੋਂ ਮਹਿੰਗੀਆਂ ਨਾਇਕਾਵਾਂ ਵਿਚੋਂ ਇਕ ਹੈ ।ਉਹ ਇਕ ਫ਼ਿਲਮ ਲਈ 10 ਕਰੋੜ ਅਤੇ ਅੰਡੋਰਸਮੈਂਟ ਲਈ 2 ਤੋਂ 3 ਕਰੋੜ ਤੱਕ ਫ਼ੀਸ ਲੈਂਦੀ ਹੈ ।

ਪਿਛਲੀ ਫ਼ਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' (2024) ਵਿਚ ਇਕ ਰੋਬੋਟ ਦੇ ਰੂਪ ਵਿਚ ਨਜ਼ਰ ਆ ਚੁੱਕੀ ਕ੍ਰਿਤੀ ਸੈਨਨ, ਟਾਈਗਰ ਸ਼ਰਾਫ ਨਾਲ 'ਹੀਰੋਪੰਤੀ' (2014) ਤੋਂ ਬਾਲੀਵੁੱਡ ਵਿਚ ਡਬਿਊ ਕਰਨ ਤੋਂ ਪਹਿਲਾਂ ਮਹੇਸ਼ ਬਾਬੂ ਦੀ ਫ਼ਿਲਮ 'ਨੇਨੋਕਾਦੀਨ' (2014) ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

33 ਸਾਲ ਦੀ ਹੋ ਚੁੱਕੀ ਕ੍ਰਿਤੀ ਅੱਜ ਪਿੱਛੇ ਮੁੜ ਕੇ ਦੇਖਦੀ ਹੈ ਤਾਂ ਆਪਣੇ ਖੱਟੇ-ਮਿੱਠੇ ਤੇ ਉਤਾਰ-ਚੜ੍ਹਾਅ ਵਾਲੇ ਸਫ਼ਰ 'ਤੇ ਉਸ ਨੂੰ ਵਿਸ਼ਵਾਸ ਨਹੀਂ ਆਉਂਦਾ ਕਿ ਉਸ ਨੇ ਏਨਾ ਕੁਝ ਹਾਸਿਲ ਕਰ ਲਿਆ ਹੈ ।

28 ਨਵੰਬਰ, 1988 ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਪੈਦਾ ਹੋਈ ਯਾਮੀ ਗੌਤਮ ਨੂੰ ਕਾਲਜ ਦੇ ਦਿਨਾਂ ਵਿਚ ਉਨ੍ਹਾਂ ਦੀ ਬੇਪਨਾਹ ਖ਼ੂਬਸੂਰਤੀ ਕਾਰਨ ਬਿਊਟੀ ਕੁਈਨ ਚੰਡੀਗੜ੍ਹ ਦੇ ਤੌਰ 'ਤੇ ਚੁਣਿਆ ਗਿਆ । ਉਸ ਤੋਂ ਬਾਅਦ ਦਿਲਕਸ਼ ਯਾਮੀ ਗੌਤਮ ਨੇ ਕਿਸੇ ਤਾਜ਼ਾ ਹਵਾ ਦੇ ਝੌਂਕੇ ਵਾਂਗ ਮਾਡਲਿੰਗ ਦੀ ਦੁਨੀਆ ਵਿਚ ਦਾਖਲਾ ਲਿਆ | ਯਾਮੀ ਨੇ ਕੰਨੜ ਫ਼ਿਲਮ 'ਉੱਲਾਸ ਉਤਸਾਹ' ਨਾਲ ਫ਼ਿਲਮੀ ਦੁਨੀਆ ਵਿਚ ਕਦਮ ਰੱਖਦੇ ਹੋਏ ਦੱਖਣ ਭਾਰਤ ਦੀਆਂ ਕਈ ਫ਼ਿਲਮਾਂ ਵਿਚ ਕੰਮ ਕੀਤਾ ਸੀ । ਇਸ ਤੋਂ ਬਾਅਦ ਯਾਮੀ ਨੇ ਸਾਲ 2012 ਵਿਚ ਫ਼ਿਲਮ 'ਵਿੱਕੀ ਡੋਨਰ' ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ । ਉਸ ਤੋਂ ਬਾਅਦ ਉਸ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿਚ ਸ਼ਾਨਦਾਰ ਕਿਰਦਾਰ ਨਿਭਾਉਂਦੇ ਹੋਏ ਜ਼ਬਰਦਸਤ ਧੂਮ ਮਚਾਈ ।ਪਿਛਲੇ ਦਿਨੀਂ ਰਿਲੀਜ਼ ਹੋਈ ਫ਼ਿਲਮ 'ਆਰਟੀਕਲ 370' ਨੂੰ ਲੈ ਕੇ ਯਾਮੀ ਬੇਹੱਦ ਚਰਚਾ ਵਿਚ ਹੈ ।

1 ਅਗਸਤ, 1988 ਨੂੰ ਇਕ ਸਿੱਖ ਪਰਿਵਾਰ ਵਿਚ ਜਨਮੀ ਤਾਪਸੀ ਪੰਨੂੰ ਨੇ ਤੇਲਗੂ ਫ਼ਿਲਮ 'ਝੁੰਮਾਨਡੀ ਨਾਦਾਂ' (2010) ਤੋਂ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਥੋਂ ਦੀਆਂ ਲਗਭਗ ਦੋ ਦਰਜਨ ਤੋਂ ਜ਼ਿਆਦਾ ਤੇਲਗੂ, ਤਾਮਿਲ ਅਤੇ ਮਲਿਆਲਮ ਫ਼ਿਲਮਾਂ ਵਿਚ ਕੰਮ ਕੀਤਾ ।

ਫ਼ਿਲਮ 'ਚਸ਼ਮੇ ਬੱਦੂਰ' (2013) ਤੋਂ ਤਾਪਸੀ ਨੇ ਹਿੰਦੀ ਸਿਨੇਮਾ ਵਿਚ ਆਗਮਨ ਕੀਤਾ ।ਉਸ ਤੋਂ ਬਾਅਦ 'ਬੇਬੀ' ਅਤੇ 'ਪਿੰਕ' ਤੋਂ ਉਸ ਨੂੰ ਪ੍ਰਸੰਸਾ ਮਿਲੀ |।ਹਿੰਦੀ ਸਿਨੇ ਜਗਤ ਵਿਚ 'ਜੁੜਵਾਂ-2', 'ਬਦਲਾ', 'ਨਾਮ ਸ਼ਬਾਨਾ' ਅਤੇ 'ਸ਼ਾਬਾਸ਼ ਮਿੱਠੂ' ਵਰਗੀਆਂ ਕਈ ਸ਼ਾਨਦਾਰ ਫ਼ਿਲਮਾਂ ਵਿਚ ਉਹ ਨਜ਼ਰ ਆ ਚੁੱਕੀ ਹੈ |।ਅੱਜ ਉਹ ਦੱਖਣ ਭਾਰਤ ਦੀ ਤਰ੍ਹਾਂ ਹਿੰਦੀ ਸਿਨੇਮਾ ਜਗਤ ਦਾ ਮੰਨਿਆ ਪ੍ਰਮੰਨਿਆ ਨਾਂਅ ਹੈ ।

ਆਖ਼ਰੀ ਵਾਰ ਸਿਧਾਰਤ ਮਲਹੋਤਰਾ ਨਾਲ ਫ਼ਿਲਮ 'ਯੋਧਾ' ਵਿਚ ਨਜ਼ਰ ਆਈ ਬਾਲੀਵੁੱਡ ਦੀ ਅਤਿ ਖ਼ੂਬਸੂਰਤ, ਗਲੈਮਰਸ, ਫਿਟਨੈੱਸ ਅਤੇ ਬੋਲਡ ਅਦਾਕਾਰਾ ਦਿਸ਼ਾ ਪਟਾਨੀ ਆਪਣੀ ਖ਼ੂਬਸੂਰਤੀ ਅਤੇ ਸਟਾਈਲ ਨੂੰ ਲੈ ਕੇ ਹਮੇਸ਼ਾ ਹੀ ਚਰਚਾ ਵਿਚ ਬਣੀ ਰਹਿੰਦੀ ਹੈ | ਉਸ ਦੀ ਦਿੱਖ ਹਮੇਸ਼ਾ ਪ੍ਰਭਾਵਿਤ ਕਰਨ ਵਾਲੀ ਹੁੰਦੀ ਹੈ ।

ਦਿਸ਼ਾ ਪਟਾਨੀ ਨੇ ਤੇਲਗੂ ਫ਼ਿਲਮ 'ਲੋਫਰ' (2015) ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਕਿਹਾ ਜਾਂਦਾ ਹੈ ਕਿ ਦਿਸ਼ਾ ਦੀ ਕਿਸੇ ਐਡ ਫ਼ਿਲਮ ਨੂੰ ਦੇਖਣ ਤੋਂ ਬਾਅਦ ਕਰਨ ਜੌਹਰ ਦਾ ਉਸ 'ਤੇ ਧਿਆਨ ਗਿਆ ਸੀ ।

ਇਸ ਤਰ੍ਹਾਂ ਦਿਸ਼ਾ ਨੂੰ 'ਐਮ.ਐਸ. ਧੋਨੀ : ਦ ਅਨਟੋਲਡ ਸਟੋਰੀ' (2016) ਜ਼ਰੀਏ ਬਾਲੀਵੁੱਡ ਵਿਚ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ ਮਿਲਿਆ ।ਇਸ ਫ਼ਿਲਮ ਵਿਚ ਦਿਸ਼ਾ ਨੇ ਐੱਮ.ਐੱਸ. ਧੋਨੀ ਬਣੇ, ਸਵਰਗੀ ਐਕਟਰ ਸੁਸ਼ਾਂਤ ਰਾਜਪੂਤ ਦੀ ਪਹਿਲੀ ਗਰਲਫ੍ਰੈਂਡ ਦਾ ਸਪੋਰਟਿੰਗ ਰੋਲ ਨਿਭਾਇਆ ਸੀ ।ਦੀਪਿਕਾ ਪਾਦੂਕੋਨ ਨੇ ਦੱਖਣ ਭਾਰਤ ਦੀ ਫ਼ਿਲਮ 'ਐਸ਼ਵਰਿਆ' (2006) ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਇਸ ਤੋਂ ਬਾਅਦ ਠੀਕ ਇਕ ਸਾਲ ਬਾਅਦ ਫਰਹਾ ਖਾਨ ਵਲੋਂ ਨਿਰਦੇਸ਼ਿਤ ਫ਼ਿਲਮ 'ਓਮ ਸ਼ਾਂਤੀ ਓਮ' (2007) ਵਿਚ ਸ਼ਾਹਰੁਖ ਖਾਨ ਦੇ ਨਾਲ ਫ਼ਿਲਮ ਕੀਤੀ ਅਤੇ ਫਿਰ ਉਸ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ ।

ਦੇਸੀ ਗਰਲ ਪਿ੍ਅੰਕਾ ਚੋਪੜਾ 'ਦ ਹੀਰੋ : ਲਵ ਸਟੋਰੀ ਆਫ਼ ਏ ਸਪਾਈ' (2003) ਤੋਂ ਹਿੰਦੀ ਸਿਨੇ ਜਗਤ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਦੱਖਣ ਦੀਆਂ ਫ਼ਿਲਮ 'ਮੂਵੀ ਥਾਮੀਜਾਨ' ਕਰ ਚੁੱਕੀ ਸੀ । ਇਸ ਫ਼ਿਲਮ ਵਿਚ ਉਹ ਤਾਮਿਲ ਸਟਾਰ ਥਲਾਪਤੀ ਵਿਜੈ ਨਾਲ ਨਜ਼ਰ ਆਈ ਸੀ ।