ਮਨੁੱਖੀ ਅਣਗਹਿਲੀ ਨਾਲ ਵਾਪਰਦੇ ਹਾਦਸੇ

ਮਨੁੱਖੀ ਅਣਗਹਿਲੀ ਨਾਲ ਵਾਪਰਦੇ ਹਾਦਸੇ

ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਪੁਲਰਾਈ ਪਿੰਡ ਵਿੱਚ ਮੱਚੀ ਭਾਜੜ ਪਹਿਲੀ ਘਟਨਾ ਨਹੀਂ ਹੈ ਤੇ ਨਾ ਹੀ ਇਹ ਆਖਰੀ ਹੋਵੇਗੀ।

ਅਕਸਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਵੱਡੀਆਂ ਘਟਨਾਵਾਂ ਤਾਂ ਸੁਰਖੀਆਂ ਵਿੱਚ ਆ ਜਾਂਦੀਆਂ ਹਨ ਪਰ ਛੋਟੀਆਂ ਘਟਨਾਵਾਂ ਜਾਂ ਛੋਟੇ ਇਲਾਕਿਆਂ ਵਿੱਚ ਵਾਪਰੀਆਂ ਘਟਨਾਵਾਂ ਕਈ ਵਾਰ ਸਾਹਮਣੇ ਨਹੀਂ ਆਉਂਂਦੀਆਂ। ਸੰਵਿਧਾਨ- ਸੰਵਿਧਾਨ ਨੂੰ ਕੂਕਣ ਵਾਲੀਆਂ ਸਿਆਸੀ ਪਾਰਟੀਆਂ ਵੀ ਅਜਿਹੀਆਂ ਘਟਨਾਵਾਂ ’ਤੇ ਮੂਕ ਦਰਸ਼ਕ ਬਣੀਆਂ ਹੋਈਆਂ ਹਨ। 
ਇਸ ਤੋਂ ਪਹਿਲਾਂ ਵੀ ਅਜਿਹੀਆਂ ਹੀ ਅਨੇਕਾਂ ਘਟਨਾਵਾਂ ਭਾਰਤ ਸਮੇਤ ਪੂਰੇ ਵਿਸ਼ਵ ਵਿੱਚ ਕਈ ਵਾਰ ਵਾਪਰ ਚੁੱਕੀਆਂ ਹਨ ਪਰ ਪ੍ਰਸ਼ਾਸਨ ਜਾਂ ਸਰਕਾਰਾਂ ਵੱਲੋਂ ਇਹਨਾਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਿਆ ਜਾਂਦਾ ਅਤੇ ਅਜਿਹੀਆਂ ਘਟਨਾਵਾਂ ਤੋਂ ਬਚਾਓ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ, ਜਿਸ ਕਾਰਨ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਰਹਿੰਦੀਆਂ ਹਨ। ਹਾਥਰਸ ਜ਼ਿਲ੍ਹੇ ਵਿੱਚ  ਘਟਨਾ ਤੋਂ ਬਾਅਦ ਸਬੰਧਿਤ ਬਾਬਾ ਤਾਂ ਮੌਕੇ ਤੋਂ ਫਰਾਰ ਹੋ ਗਿਆ ਪਰ ਪਿੱਛੇ ਰਹਿ ਗਏ ਇਧਰ-ਉਧਰ ਖਿੱਲਰੀਆਂ ਚੱਪਲਾਂ, ਕੱਪੜਿਆਂ ਦੇ ਟੁਕੜੇ, ਧੂੜ-ਮਿੱਟੀ, ਐਂਬੂਲੈਂਸਾਂ ਦੀ ਆਵਾਜਾਈ, ਮੁਰਦਾਘਰ ਦੇ ਬਾਹਰ ਬਰਫ਼ ਦੇ ਢੇਰ, ਥੋਕ ਵਿੱਚ ਪਈਆਂ ਮਨੁੱਖੀ ਲਾਸ਼ਾਂ, ਆਪਣੇ ਲੋਕਾਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਲਈ ਭਟਕਦੇ ਜਿਉਂਦੇ ਲੋਕ। ਸਾਧਨਾਂ ਦੀ ਅਣਹੋਂਦ ਕਾਰਨ ਲਾਸ਼ਾਂ ਨੂੰ ਮੋਢਿਆਂ ’ਤੇ ਚੁੱਕ ਕੇ ਲਿਜਾਉਣ ਦਾ ਇਹ ਨਜ਼ਾਰਾ ਦੋ ਦਿਨ ਤੱਕ ਦੇਖਣ ਨੂੰ ਮਿਲਿਆ।


ਭਾਵੇਂ ਕਿ ਸਰਕਾਰ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਪਹਿਲਾਂ ਵਾਪਰ ਚੁੱਕੀਆਂ ਹਨ, ਉਹਨਾਂ ਦੀ ਜਾਂਚ ਦਾ ਕੀ ਬਣਿਆ ਤੇ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਕਿੰਨੇ ਲੋਕਾਂ ਨੂੰ ਸਜ਼ਾ ਦਿੱਤੀ ਗਈ? ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਜਾਂਚ ਦਾ ਸਿਰਫ਼ ਢਕਵੰਜ ਹੀ ਕੀਤਾ ਜਾਵੇਗਾ ਜਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਵੀ ਹੋਵੇਗੀ। ਇਥੇ ਇਹ ਵੀ ਚੇਤੇ ਰੱਖਣ ਵਾਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਭਾਰਤ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਦੀ ਜਾਂਚ ਦਾ ਕੀ ਬਣਿਆ? ਕੀ ਉਹਨਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਹੁਣ ਤੱਕ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ ਹਨ ਜਾਂ ਇਹ ਮਾਮਲੇ ਰਫਾ ਦਫ਼ਾ ਹੋ ਗਏ ਹਨ?  ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਧਾਰਮਿਕ ਸਮਾਗਮਾਂ ਦੌਰਾਨ ਧਰਮ-ਕਰਮ ਦਾ ਉਪਦੇਸ਼ ਦੇਣ ਵਾਲੇ ਧਾਰਮਿਕ ਆਗੂ ਜਾਂ ਬਾਬੇ ਸਮਾਗਮ ਵਿੱਚ ਸ਼ਾਮਲ ਲੋਕਾਂ ਨੂੰ ਸੰਜਮ ਅਤੇ ਅਨੁਸ਼ਾਸਨ ਦਾ ਸਬਕ ਕਿਉਂ ਨਹੀਂ ਦੇ ਪਾਉਂਦੇ? ਕਿਹਾ ਜਾਂਦਾ ਹੈ ਕਿ ਅਜਿਹੇ ਸਮਾਗਮਾਂ ਵਿੱਚ ਭਾਜੜ ਪੈਣ ਦਾ ਇੱਕ ਵੱਡਾ ਕਾਰਨ ਸਮਾਗਮ ਵਿੱਚ ਸ਼ਾਮਲ ਲੋਕਾਂ ਦਾ ਗ਼ੈਰ-ਸੰਜਮੀ ਵਿਵਹਾਰ ਵੀ ਬਣਦਾ ਹੈ। ਜੇ ਲੋਕ ਸੰਜਮ ਵਿੱਚ ਰਹਿਣ ਤਾਂ ਅਜਿਹੀਆਂ ਘਟਨਾਵਾਂ ਦੇ ਵਾਪਰਣ ਤੋਂ ਬਚਿਆ ਜਾ ਸਕਦਾ ਹੈ। 
ਇੱਥੇ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਆਮ ਲੋਕ ਇਹਨਾਂ ਬਾਬਿਆਂ ਅਤੇ ਅਖੌਤੀ ਧਰਮ ਗੁਰੂਆਂ ਦੀ ਸ਼ਰਨ ਵਿੱਚ ਕਿਉਂ ਚਲੇ ਜਾਂਦੇ ਹਨ? ਇਸ ਦਾ ਜਵਾਬ ਇਹ ਹੈ ਕਿ ਮੁਲਕ ਦੇ ਆਮ ਲੋਕਾਂ  ਨੂੰ ਰੁਜ਼ਗਾਰ ਤੋਂ ਲੈ ਕੇ ਬਿਮਾਰੀਆਂ ਦੇ ਇਲਾਜ ਤੱਕ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਤੋਂ ਹੁਣ ਕੋਈ ਉਮੀਦ ਨਹੀਂ ਰਹੀ ਹੈ, ਇਸ ਕਾਰਨ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ  ਬਾਬਿਆਂ ਕੋਲ ਜਾ ਕੇ ਉਨ੍ਹਾਂ ਦੇ ਪੈਰਾਂ ਵਿੱਚ ਬੈਠਣ ਲੱਗ ਪਏ ਹਨ। ਜੇਕਰ ਸਰਕਾਰ ਨੇ ਰੁਜ਼ਗਾਰ, ਸਿੱਖਿਆ, ਜੀਵਨ ਪੱਧਰ ਉੱਚਾ ਚੁੱਕਣ ਵਰਗੀਆਂ ਜ਼ਿੰਮੇਵਾਰੀਆਂ ਨਿਭਾਈਆਂ ਹੁੰਦੀਆਂ ਤਾਂ ਸਤਿਸੰਗ ਸਥਾਨਾਂ ਨੂੰ ਤਾਲੇ ਲੱਗ ਜਾਣੇ ਸਨ ਅਤੇ ਅਨੇਕਾਂ ਬਾਬਿਆਂ ਦਾ   ਆਲੀਸ਼ਾਨ ਬੰਗਲਿਆਂ ਵਿੱਚ ਰਹਿਣਾ ਅਤੇ ਮਹਿੰਗੀਆਂ ਕਾਰਾਂ ਵਿੱਚ ਸਫ਼ਰ ਕਰਨਾ ਬੰਦ ਹੋ ਜਾਣਾ ਬੰਦ ਹੋ ਜਾਣਾ ਸੀ। ਜੇ ਅਜਿਹੇ ਬਾਬੇ ਨਾ ਹੋਣ ਤਾਂ ਅਮੀਰ ਲੋਕਾਂ ਦੇ ਕਾਲੇ ਧਨ ਨੂੰ ਚਿੱਟੇ ਵਿੱਚ ਤਬਦੀਲ ਕਰਨਾ ਬੰਦ ਹੋ ਜਾਵੇਗਾ। ਇਸ ਨਾਲ ਸਮਾਜ ਦੇ ਤਾਕਤਵਰ ਲੋਕਾਂ ਦਾ ਨੈਟਵਰਕ ਵਿਗੜ ਜਾਵੇਗਾ। ਸਰਕਾਰਾਂ ਨੂੰ ਵੀ ਅਜਿਹੇ ਬਾਬੇ ਰਾਸ ਆ ਜਾਂਦੇ ਹਨ ਕਿਉਂਕਿ ਬਾਬਿਆਂ ਦੇ ਮਾਇਆਜਾਲ ਵਿੱਚ ਉਲਝੇ ਆਮ ਲੋਕ ਸਰਕਾਰ ਤੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਮੰਗ ਨਹੀਂ ਕਰਦੇ।  
 ਜਦੋਂ ਵੀ ਹਾਥਰਸ ਜ਼ਿਲ੍ਹੇ ਵਰਗੀ ਘਟਨਾ ਵਾਪਰਦੀ ਹੈ ਤਾਂ ਕੇਂਦਰ ਸਰਕਾਰ ਇਸ ਦੀ ਜ਼ਿੰਮੇਵਾਰੀ ਰਾਜ ਸਰਕਾਰ ’ਤੇ ਸੁੱਟ ਦਿੰਦੀ ਹੈ ਅਤੇ ਰਾਜ ਸਰਕਾਰ ਅਜਿਹੀ ਘਟਨਾ ਦੀ ਸਾਰੀ ਜ਼ਿੰਮੇਵਾਰੀ ਲੋਕਲ ਪ੍ਰਸ਼ਾਸਨ ’ਤੇ ਸੁੱਟ ਦਿੰਦੀ ਹੈ ਅਤੇ ਲੋਕਲ ਪ੍ਰਸ਼ਾਸਨ ਸਬੰਧਿਤ ਘਟਨਾ ਦੀ ਸਾਰੀ ਜ਼ਿੰਮੇਵਾਰੀ ਸਮਾਗਮ ਦੇ ਪ੍ਰਬੰਧਕਾਂ ’ਤੇ ਸੁੱਟ ਦਿੰਦਾ ਹੈ। ਅਜਿਹੇ ਸਮਾਗਮਾਂ ਦੇ ਪ੍ਰਬੰਧਕ ਸਾਰੀ ਜ਼ਿੰਮੇਵਾਰੀ ਲੈਣ ਦੀ ਥਾਂ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਉਮੀਦ ਨਾਲੋਂ ਜ਼ਿਆਦਾ ਭੀੜ ਇਕੱਠੀ ਹੋ ਗਈ ਸੀ, ਜਿਸ ਕਾਰਨ ਇਹ ਘਟਨਾ ਵਾਪਰ ਗਈ। ਕਹਿਣ ਦਾ ਭਾਵ ਇਹ ਹੈ ਕਿ ਅਜਿਹੀਆਂ ਘਟਨਾਵਾਂ ਵਿੱਚ ਅਕਸਰ ਮਰਨ ਵਾਲਿਆਂ ਨੂੰ ਹੀ ਦੋਸ਼ੀ ਠਹਿਰਾਉਣ ਦੀ ਖੇਡ ਖੇਡੀ ਜਾਣ ਲੱਗਦੀ ਹੈ। ਆਮ ਲੋਕ ਬਹੁਤ ਭੋਲੇ ਭਾਲੇ ਹੁੰਦੇ ਹਨ, ਉਹ ਬਹੁਤ ਜਲਦੀ ਹੀ ਅਜਿਹੀਆਂ ਘਟਨਾਵਾਂ  ਨੂੰ ਭੁੱਲ ਜਾਂਦੇ ਹਨ। 
 ਚਾਹੀਦਾ ਤਾਂ ਇਹ ਹੈ ਕਿ ਮਨੁੱਖੀ ਅਣਗਹਿਲੀ ਕਾਰਨ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵੱਡੀ ਪੱਧਰ ’ਤੇ ਉਪਰਾਲੇ ਕੀਤੇ ਜਾਣ। ਅਜਿਹੇ ਸਮਾਗਮਾਂ ਨੂੰ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਨੂੰ ਵੇਖਦਿਆਂ ਢੁਕਵੇਂ ਪ੍ਰਬੰਧ ਕਰਨ ਅਤੇ ਹਰ ਤਰ੍ਹਾਂ ਦੀਆਂ ਅਣਸੁਖਾਂਵੀਆਂ ਘਟਨਾਵਾਂ ਤੋਂ ਬਚਾਓ ਲਈ ਵੀ ਪ੍ਰਬੰਧ ਕੀਤੇ ਜਾਣ। ਅਧਿਕਾਰੀਆਂ ਨੂੰ ਭੀੜ ਨੂੰ ਕਾਬੂ ਕਰਨ ਲਈ ਮਜ਼ਬੂਤ ਰਣਨੀਤੀਆਂ ਅਪਣਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿੱਚ ਜਗ੍ਹਾ ਦੀ ਸਮਰੱਥਾ ਦੀਆਂ ਹੱਦਬੰਦੀਆਂ ਦੀ ਪਾਲਣਾ ਕਰਨਾ, ਕਾਰਗਰ ਐਮਰਜੈਂਸੀ ਰਿਸਪਾਂਸ ਯੋਜਨਾ, ਸੁਰੱਖਿਆ ਅਤੇ ਮੈਡੀਕਲ ਕਰਮੀਆਂ ਦੀ ਢੁਕਵੀਂ ਤਾਇਨਾਤੀ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਿਗਰਾਨੀ, ਕਾਰਗਰ ਸੰਚਾਰ ਚੈਨਲਾਂ ਦੀ ਵਰਤੋਂ ਆਦਿ ਸ਼ਾਮਿਲ ਹਨ। ਮਨੁੱਖੀ ਜ਼ਿੰਦਗੀਆਂ ਬਹੁਤ ਕੀਮਤੀ ਹੁੰਦੀਆਂ ਹਨ ਅਤੇ ਇਹ ਅਜਾਂਈ ਨਹੀਂ ਜਾਣੀਆਂ ਚਾਹੀਦੀਆਂ। ਅਜਿਹੇ ਸਮਾਗਮ ਖੁੱਲ੍ਹੀਆਂ ਥਾਂਵਾਂ ’ਤੇ ਕਰਵਾਏ ਜਾਣੇ ਚਾਹੀਦੇ ਹਨ ਅਤੇ ਉਥੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਵੀ ਪੂਰੇ ਪ੍ਰਬੰਧ ਹੋਣੇ ਚਾਹੀਦੇ ਹਨ। ਮਨੁੱਖੀ ਅਣਗਹਿਲੀਆਂ ਕਾਰਨ ਵਾਪਰਦੇ ਦੁਖਾਂਤਾਂ ਨੂੰ ਰੋਕਣ ਲਈ ਮਨੁੱਖ ਨੂੰ ਹੀ ਢੁਕਵੇਂ ਪ੍ਰਬੰਧ ਕਰਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ।

 

ਸੰਪਾਦਕੀ