ਬਿਜਲਈ ਜਗਤ ਦੀ ਆਪੋ ਧਾਪੀ

ਬਿਜਲਈ ਜਗਤ ਦੀ ਆਪੋ ਧਾਪੀ

ਕੁਦਰਤੀ ਨਿਯਮ ਅਨੁਸਾਰ ਬੱਚਾ ਜਨਮ ਲੈਂਦਾ ਹੈ, ਫਿਰ ਬੈਠਣਾ ਸਿੱਖਦਾ ਹੈ ਅਤੇ ਫਿਰ ਤੁਰਨਾ ਸਿੱਖਦਾ ਹੈ।

ਇਹ ਇਕ ਸਹਿਜ ਪ੍ਰਕਿਰਿਆ ਹੈ ਅਤੇ ਇੰਨੀ ਹੀ ਸਹਿਜ ਕਿਸੇ ਵੇਲੇ ਜਿੰਦਗੀ ਦੀ ਰਫਤਾਰ ਹੁੰਦੀ ਸੀ। ਬੰਦਿਆਂ ’ਚ ਬਹੁਤ ਸਹਿਜ ਹੁੰਦਾ ਸੀ, ਕੋਈ ਕਾਹਲ ਨਹੀਂ ਸੀ। ਇਹ ਸਹਿਜ ਉਨ੍ਹਾਂ ਦੇ ਹਰ ਅਮਲ ’ਚ ਹੁੰਦਾ, ਉਨ੍ਹਾਂ ਦੇ ਬੋਲਾਂ ’ਚ, ਉਨ੍ਹਾਂ ਦੇ ਕੰਮਾਂ ਕਾਰਾਂ ’ਚ ਅਤੇ ਉਨ੍ਹਾਂ ਦੇ ਫੇਰੇ ਤੋਰੇ ’ਚ। ਤਦ ਹੀ ਉਹ ਪੁਰਖ ਬਾਬੇ ਦੀ ਬਾਣੀ ਵਰਗੇ ਹੁੰਦੇ ਸਨ। ਹੌਲੀ-ਹੌਲੀ ਸਮਾਂ ਬਦਲਿਆਂ, ਸੌਖ ਸਹੂਲਤਾਂ ਆਈਆਂ, ਸਾਧਨ ਆਏ ਅਤੇ ਕਾਹਲ ਨੇ ਸਾਡੇ ਅਮਲਾਂ ਵਿੱਚ ਵੱਡੀ ਥਾਂ ਬਣਾ ਲਈ। ਅੱਜ ਸਹੂਲਤਾਂ ਨੇ ਮਨੁੱਖ ਨੂੰ ਐਸਾ ਜਕੜਿਆ ਹੈ ਕਿ ਉਹਦੇ ਕੰਮਾ ਕਾਰਾਂ ਵਿੱਚ, ਬੋਲ ਚਾਲ ਵਿੱਚ ਅਤੇ ਤੋਰੇ ਫੇਰੇ ਵਿੱਚੋਂ ਸਹਿਜ ਮਨਫੀ ਹੋ ਗਿਆ ਹੈ। ਸਾਧਨ ਸਹੂਲਤਾਂ ਅਜਿਹੀਆਂ ਹਨ ਕਿ ਕਾਹਲ ਨਾਲ ਕਿਤੇ ਵੀ ਜਾਇਆ ਜਾ ਸਕਦੈ, ਕੋਈ ਵੀ ਗੱਲ ਕੀਤੀ ਜਾ ਸਕਦੀ ਹੈ, ਕੋਈ ਵੀ ਕੰਮ ਮਸ਼ੀਨਾਂ ਦੇ ਜਰੀਏ ਕੀਤਾ ਜਾ ਸਕਦਾ ਹੈ। ਇਸੇ ਸੌਖ ਸਹੂਲਤ ਨੇ ਸਾਡੀ ਬੋਲ ਚਾਲ ਅਤੇ ਵਿਚਰਨ ਦੇ ਤਰੀਕੇ ਵਿੱਚ ਵੱਡੀ ਗੜਬੜ ਪੈਦਾ ਕਰ ਦਿੱਤੀ ਹੈ। ਗੁਰੂ ਪਾਤਿਸਾਹ ਨੇ ਸਾਨੂੰ ਮਿਲ ਬੈਠ ਕੇ ਵਿਚਾਰਾਂ ਕਰਨ ਦਾ ਤਰੀਕਾ ਦਿੱਤਾ ਹੈ ਜਿਸ ਰਾਹੀਂ ਅਸੀਂ ਕੁਝ ਸੁਣਦੇ ਹਾਂ ਅਤੇ ਕੁਝ ਕਹਿੰਦੇ ਹਾਂ। ਇਸ ਸੰਗਤ ਰਾਹੀਂ ਹੀ ਸਾਨੂੰ ਆਪਣੇ ਤੋਂ ਛੋਟੇ ਵੱਡਿਆਂ ਨਾਲ ਵਿਚਰਨ ਦਾ ਸਲੀਕਾ ਆਉਂਦਾ ਹੈ। ਕੁਦਰਤੀ ਨਿਯਮ ਵਾਂਗ ਜਿਵੇਂ ਬੱਚਾ ਪਹਿਲਾਂ ਬੈਠਣਾ ਸਿੱਖਦਾ ਹੈ ਫਿਰ ਤੁਰਨਾ, ਸਾਨੂੰ ਵੀ ਸੰਗਤ ਰਾਹੀਂ ਪਹਿਲਾਂ ਬੈਠਣ ਦੀ ਜਾਚ ਆਉਂਦੀ ਹੈ ਫਿਰ ਤੁਰਨ ਬੋਲਣ ਦਾ ਸਲੀਕਾ ਆਉਂਦਾ ਹੈ ਅਤੇ ਇਹ ਸਭ ਕਾਸੇ ਦੀ ਮਰਿਯਾਦਾ ਦਾ ਇਲਮ ਹੁੰਦਾ ਹੈ। ਪਰ ਹੁਣ ਆਪਸੀ ਮੇਲਜੋਲ ਦੀ ਥਾਂ ਬਿਜਲਈ ਜਗਤ ਨੇ ਲੈ ਲਈ ਹੈ। ਮੁਲਾਕਾਤਾਂ ਵੀ ਅਰਸ਼ੀ ਹੋ ਗਈਆਂ ਹਨ, ਜਿਸ ਕਰਕੇ ਵੱਡੀ ਗਿਣਤੀ ਨੂੰ ਆਪ ਤੋਂ ਵੱਡੇ ਛੋਟਿਆਂ ਨਾਲ ਗੱਲ ਕਰਨ ਦਾ ਸਲੀਕਾ ਤੇ ਕਿਹੜੀ ਗੱਲ ਕਦੋਂ ਕਿਸ ਤਰੀਕੇ ਕਰਨੀ ਹੈ, ਉਹ ਵਿਸਰ ਗਿਆ ਹੈ। ਇਸ ਚਲਣ ਨਾਲ ਜਿੱਥੇ ਸਾਡੇ ਬੁਨਿਆਦੀ ਗੁਣ ਖੁਰਦੇ ਜਾ ਰਹੇ ਹਨ ਉੱਥੇ ਆਪਸੀ ਤਾਲਮੇਲ ਵਿੱਚ ਵੀ ਖੜੋਤ ਆ ਰਹੀ ਹੈ। 

ਹੁਣ ਬਿਜਲਈ ਮੰਚਾਂ ’ਤੇ ਕੋਈ ਵੀ ਕੁਝ ਵੀ ਲਿਖ ਸਕਦਾ ਹੈ ਤੇ ਬੋਲ ਸਕਦਾ ਹੈ। ਨਾ ਬੈਠਣ ਦੇ ਅਮਲ ’ਚ ਪੈਣ ਦੀ ਕੋਈ ਮੁੱਢਲੀ ਸ਼ਰਤ ਹੈ ਨਾ ਕੋਈ ਗੱਲਬਾਤ ਦੀ ਮਰਿਯਾਦਾ। ਕੁਦਰਤੀ ਨਿਯਮ ਜਿਸ ਵਿੱਚ ਮੁੱਢਲੇ ਤੌਰ ’ਤੇ ਬੈਠਣ ਦੀ ਗੱਲ ਹੈ ਉਸ ਨੂੰ ਛੱਡ ਕੇ ਸਿੱਧਾ ਛੜੱਪਾ ਤੁਰਨ ਅਤੇ ਬੋਲਣ ਤੱਕ ਚਲਾ ਜਾਂਦਾ ਹੈ। ਇਸ ਆਪ ਮੁਹਾਰੀ ਦੁਨੀਆਂ ਵਿੱਚ ਗੱਲਾਂ ਦਾ ਹੀ ਮੁੱਲ ਹੈ, ਅਮਲ ਦੀ ਕੋਈ ਥਾਂ ਨਹੀਂ। ਨਾ ਕਿਸੇ ਸਿਆਣੇ ਦੀ ਕੋਈ ਸਲਾਹ ਲੈਂਦਾ ਹੈ ਅਤੇ ਨਾ ਹੀ ਕਿਸੇ ਦੀ ਸਲਾਹ ਨੂੰ ਤਵੱਜੋ ਦਿੱਤੀ ਜਾ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਇਸ ਚਲਣ ਦੀ ਰਫਤਾਰ ਵਿੱਚ ਖਾਸਾ ਵਾਧਾ ਹੋਇਆ ਹੈ। ਇਸ ਨਾਲ ਆਪੋ ਧਾਪੀ ਅਤੇ ਆਪਸੀ ਖਿਲਾਰਾ ਬਹੁਤ ਵਧਿਆ ਹੈ। ਸਿੱਖਾਂ ਦੇ ਮਸਲੇ ’ਚ ਇਹ ਗੱਲ ਦਿੱਲੀ ਦਰਬਾਰ ਨੂੰ ਪੂਰੀ ਠੀਕ ਬੈਠਦੀ ਹੈ। ਸਿੱਖ ਨੌਜਵਾਨਾਂ ਨੂੰ ਇਸ ਚਲਣ ਦੀ ਜਰੂਰ ਪੜਚੋਲ ਕਰਨੀ ਚਾਹੀਦੀ ਹੈ। ਸਾਡੇ ਸਭਿਆਚਾਰ ਵਿੱਚ ਆਪ ਤੋਂ ਵੱਡੇ, ਕਮਾਈ ਵਾਲੇ ਅਤੇ ਤਜਰਬੇ ਵਾਲਿਆਂ ਦੀ ਕੀ ਥਾਂ ਹੈ ਇਹ ਵੀ ਵੇਖਣਾ ਚਾਹੀਦਾ ਹੈ। 

ਕਹਿੰਦੇ ਹਨ ਕਿ ਕਿਸੇ ਸ਼ਹਿਰ ਵਿੱਚ ਚਾਰ ਦੋਸਤ ਰਹਿੰਦੇ ਸਨ। ਉਨ੍ਹਾਂ ਵਿਚੋਂ ਤਿੰਨ ਬਹੁਤ ਗਿਆਨੀ ਸਨ, ਚੌਥਾ ਇੰਨਾ ਗਿਆਨੀ ਤਾਂ ਨਹੀਂ ਸੀ ਪਰ ਫਿਰ ਵੀ ਉਹ ਦੁਨੀਆਂਦਾਰੀ ਦੀਆਂ ਗੱਲਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ। ਇੱਕ ਦਿਨ ਉਹ ਇੱਕ ਸੰਘਣੇ ਜੰਗਲ ਵਿੱਚੋਂ ਲੰਘ ਰਹੇ ਸਨ ਕਿ ਰਾਹ ਵਿੱਚ ਉਨ੍ਹਾਂ ਨੇ ਕਿਸੇ ਜਾਨਵਰ ਦੀਆਂ ਹੱਡੀਆਂ ਜ਼ਮੀਨ ਉੱਤੇ ਖਿੰਡੀਆਂ ਹੋਈਆਂ ਵੇਖੀਆਂ। ਇੱਕ ਗਿਆਨੀ ਬੋਲਿਆ, '' ਇਹ ਹੱਡੀਆਂ ਕਿਸੇ ਮਰੇ ਹੋਏ ਜਾਨਵਰ ਦੀਆਂ ਹਨ। ਮੈਂ ਉਨ੍ਹਾਂ ਨੂੰ ਦੁਬਾਰਾ ਜੋੜ ਦੇਵਾਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਇਨ੍ਹਾਂ ਹੱਡੀਆਂ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ।'' ਦੂਜੇ ਦੋਸਤ ਨੇ ਕਿਹਾ, ''ਮੈਂ ਇਸ ਜਾਨਵਰ ਉੱਤੇ ਮਾਸ ਅਤੇ ਖੱਲ ਚੜ੍ਹਾ ਦੇਵਾਂਗਾ ਤੇ ਨਾਲ ਹੀ ਖੂਨ ਪਾ ਦੇਵਾਂਗਾ।'' ਤੀਜੇ ਦੋਸਤ ਨੇ ਕਿਹਾ, ''ਮੈਂ ਆਪਣੇ ਅਮੁੱਲ ਗਿਆਨ ਨਾਲ ਇਸ ਜਾਨਵਰ ਨੂੰ ਜਿੰਦਾ ਕਰ ਦੇਵਾਂਗਾ।'' ਸਭ ਨੇ ਇਸੇ ਤਰ੍ਹਾਂ ਕੀਤਾ, ਤੀਜੇ ਦੋਸਤ ਦੀ ਵਾਰੀ ਵੇਲੇ ਚੌਥਾ ਜਵਾਨ ਜ਼ੋਰ-ਜ਼ੋਰ ਦੀ ਰੌਲਾ ਪਾਉਣ ਲੱਗਾ, ''ਰੁਕ ਜਾਓ ! ਇਸ ਜਾਨਵਰ ਵਿੱਚ ਜਾਨ ਨਾ ਪਾਇਓ, ਇਹ ਤਾਂ ਸ਼ੇਰ ਹੈ।'' ਪਰ ਗਿਆਨੀ ਦੋਸਤਾਂ ਨੇ ਉਸਦੀ ਗੱਲ ਨਾ ਸੁਣੀ। ਦੁਨੀਆਂਦਾਰੀ ਜਾਣਨ ਵਾਲਾ ਦੋਸਤ ਕਾਹਲੀ ਨਾਲ ਲਾਗਲੇ ਰੁੱਖ ਉੱਤੇ ਚੜ੍ਹ ਗਿਆ ਅਤੇ ਵੇਖਣ ਲਗਾ। ਤੀਜੇ ਦੋਸਤ ਨੇ ਸ਼ੇਰ ਵਿੱਚ ਜਾਨ ਪਾ ਦਿੱਤੀ। ਸ਼ੇਰ ਜਿਉਂਦਾ ਹੁੰਦਿਆਂ ਹੀ ਦਹਾੜਨ ਲੱਗਾ ਅਤੇ ਤਿੰਨੇ ਗਿਆਨੀਆਂ ਉੱਤੇ ਝਪਟਿਆ। ਚੌਥੇ ਦੋਸਤ ਦੇ ਵਿੰਹਦਿਆਂ-ਵਿੰਹਦਿਆਂ ਹੀ ਸ਼ੇਰ ਨੇ ਉਹਨਾਂ ਨੂੰ ਮਾਰ ਦਿੱਤਾ। ਸਲਾਹ ਨਾ ਸੁਣਨ ਮੰਨਣ ਦਾ ਨਤੀਜਾ।

ਹੁਣ ਵੀ ਜੋ ਸਮਾਂ ਹੈ, ਉਸ ਵਿੱਚ ਬਿਜਲਈ ਮੰਚਾਂ ’ਤੇ ਸਿਆਣਿਆਂ ਦੀਆਂ ਸਲਾਹਾਂ ਨੂੰ ਕੋਈ ਥਾਂ ਨਹੀਂ ਦਿੱਤੀ ਜਾ ਰਹੀ। ਆਪ ਮੁਹਾਰਾ ਚਲਣ ਹੈ। ਭਾਵੇਂ ਮਨੁੱਖ ਪਾਸੋਂ ਕਿਸੇ ਖਾਸ ਸਮੇਂ ਵਿੱਚ ਹੀ ਗੁਰੂ ਪਾਤਿਸਾਹ ਨੇ ਕੋਈ ਸੇਵਾ ਲੈਣੀ ਹੁੰਦੀ, ਉਦੋਂ ਹੀ ਉਹ ਮਨੁੱਖ ਮਹਾਨ ਹੁੰਦਾ ਹੈ, ਉਸ ਤੋਂ ਅੱਗੇ ਪਿੱਛੇ ਉਸ ਵਿੱਚ ਨੁਕਸ਼ ਵੀ ਹੋ ਸਕਦੇ ਹਨ, ਕੋਈ ਸਦਾ ਮਹਾਨ ਜਾਂ ਸਿਆਣਾ ਰਹੇ ਇਹ ਵੀ ਲਾਜਮੀ ਨਹੀਂ ਪਰ ਸਿੱਖੀ ਵਿੱਚ ਬੈਠਣ ਤੋਂ ਲੈ ਕੇ ਬੋਲਣ ਚੱਲਣ ਤੱਕ ਦੇ ਅਮਲ ਤੱਕ ਦੀ ਇੱਕ ਮਰਿਯਾਦਾ ਹੈ ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਬਿਜਲਈ ਜਗਤ ਦੇ ਖੇਡੇ ਅਤੇ ਆਪਣੇ ਅਮਲਾਂ ਨੂੰ ਸਾਨੂੰ ਗੰਭੀਰਤਾ ਨਾਲ ਵੇਖਣਾ ਪਵੇਗਾ, ਪੜਚੋਲ ਕਰਨੀ ਪਵੇਗੀ। ਬੈਠਣ ਦੇ ਅਮਲ ਤੋਂ ਸ਼ੁਰੂ ਕਰਨਾ ਪਵੇਗਾ, ਆਪਣਿਆਂ ਨਾਲ, ਆਪਣਿਆਂ ਵਿਚੋਂ ਵੱਖ-ਵੱਖ ਵਿਚਾਰਾਂ ਵਾਲਿਆਂ ਨਾਲ ਅਤੇ ਬਾਕੀ ਸਭ ਨਾਲ। ਕੁਝ ਸੁਨਣ ਅਤੇ ਕੁਝ ਕਹਿਣ ਦੇ ਅਮਲ ਵਿੱਚ ਪੈਣਾ ਪਵੇਗਾ, ਸੰਗਤ ਕਰਨੀ ਪਵੇਗੀ, ਸੇਵਾ ਕਰਨੀ ਪਵੇਗੀ, ਮੁੜ ਉਸ ਅਮਲ ਵੱਲ ਹੋਣਾ ਪਵੇਗਾ ਜੋ ਸਾਡਾ ਹੈ, ਸਾਡੇ ਗੁਰੂ ਦਾ ਹੈ ਫਿਰ ਹੀ ਸਾਡੇ ਵਿਚੋਂ ਸਾਡਾ ਗੁਰੂ ਝਲਕੇਗਾ। ਪਾਤਿਸਾਹ ਮਿਹਰ ਕਰਨਗੇ, ਅਸੀਂ ਆਪਣੇ ਅਸਲ ਰਾਹ ਦੀ ਪਹਿਚਾਣ ਕਰਕੇ ਕੋਈ ਤਿਲ ਫੁੱਲ ਕਦਮ ਪੁੱਟੀਏ। 

ਸੰਪਾਦਕ