ਟਰੰਪ ਦੇ ਸਖਤ ਹੁਕਮਾਂ ਕਾਰਣ ਪ੍ਰਵਾਸੀਆਂ ਦਾ ਝੁਕਾਅ ਹੁਣ ਅਮਰੀਕਾ ਤੋਂ ਕੈਨੇਡਾ ਵੱਲ

ਟਰੰਪ ਦੇ ਸਖਤ ਹੁਕਮਾਂ ਕਾਰਣ ਪ੍ਰਵਾਸੀਆਂ ਦਾ ਝੁਕਾਅ ਹੁਣ ਅਮਰੀਕਾ ਤੋਂ ਕੈਨੇਡਾ ਵੱਲ

ਅਮਰੀਕਾ 'ਚ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਦੇਸ਼ 'ਚੋਂ ਗੈਰ-ਕਾਨੂੰਨੀ ਅਤੇ ਅਪਰਾਧਿਕ ਪਿਛੋਕੜ ਵਾਲੇ ਵਿਦੇਸ਼ੀਆਂ ਨੂੰ ਉਨ੍ਹਾਂ ਦੇ ਮੂਲ ਦੇਸ਼ਾਂ ਨੂੰ ਵਾਪਸ ਮੋੜਨ,

ਗੈਰ-ਕਾਨੂੰਨੀ ਅਤੇ ਆਰਜ਼ੀ ਇਮੀਗ੍ਰੇਸ਼ਨ ਦਰਜੇ ਵਾਲੇ ਵਿਦੇਸ਼ੀਆਂ ਦੇ ਬੱਚਿਆਂ ਨੂੰ ਜਨਮ ਤੋਂ ਅਮਰੀਕੀ ਨਾਗਰਿਕਤਾ ਦੇਣਾ ਬੰਦ ਕਰਨ ਵਰਗੇ ਐਲਾਨਾਂ ਤੋਂ ਘਬਰਾਹਟ 'ਚ ਆਏ ਵਿਦੇਸ਼ੀਆਂ ਦਾ ਝੁਕਾਅ ਹੁਣ ਕੈਨੇਡਾ ਵੱਲ ਵਧਣ ਲੱਗ ਪਿਆ ਹੈ । ਅਮਰੀਕਾ 'ਚ ਸਿਰਫ ਆਦਮੀ ਅਤੇ ਔਰਤ ਨੂੰ ਮਾਨਤਾ ਮਿਲਣ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਾਨ ਨਾਲ ਉਥੋਂ ਦੇ ਸਮਲਿੰਗੀ ਭਾਈਚਾਰਿਆਂ ਵਿਚ ਵੀ ਖਲਬਲੀ ਹੈ | ਕੈਨੇਡਾ ਵਿਚ ਹਾਲ ਦੀ ਘੜੀ ਸਮਲਿੰਗੀਆਂ ਦੇ ਹੱਕ ਸੁਰੱਖਿਅਤ ਹੋਣ ਕਰਕੇ ਅਮਰੀਕਾ ਤੋਂ ਉਨ੍ਹਾਂ ਭਾਈਚਾਰਿਆਂ ਦਾ ਵੀ ਕੈਨੇਡਾ ਵੱਲ ਰੁਖ ਹੋਣ ਬਾਰੇ ਖ਼ਬਰਾਂ ਆ ਰਹੀਆਂ ਹਨ ।ਉਧਰ ਰਾਸ਼ਟਰਪਤੀ ਟਰੰਪ ਵਲੋਂ ਗੈਰ-ਕਾਨੂੰਨੀ ਪ੍ਰਵਾਸ ਨਿਯਮਤ ਕਰਨ ਅਤੇ ਨਸ਼ਿਆਂ ਦੀ ਤਸਕਰੀ ਅਤੇ ਤਸਕਰਾਂ ਦੇ ਗਰੋਹਾਂ ਨੂੰ ਖਤਮ ਕਰਨ ਦਾ ਦਬਾਓ ਮੈਕਸੀਕੋ ਅਤੇ ਕੈਨੇਡਾ ਦੀਆਂ ਸਰਕਾਰਾਂ ਉਪਰ ਵਧਾਇਆ ਗਿਆ ਹੈ ।ਉਨ੍ਹਾਂ ਨੇ 1 ਫਰਵਰੀ ਤੋਂ ਦੋਵਾਂ ਦੇਸ਼ਾਂ ਦੀਆਂ ਵਸਤਾਂ (ਬਰਾਮਦਾਂ) ਉੱਪਰ 25 ਫ਼ੀਸਦ ਟੈਕਸ ਲਗਾਉਣ ਦਾ ਆਪਣਾ ਇਰਾਦਾ ਵੀ ਬੀਤੀ 20 ਜਨਵਰੀ ਨੂੰ ਰਾਸ਼ਟਰਪਤੀ ਬਣਨ ਮਗਰੋਂ ਦੁਹਰਾਇਆ ਹੈ, ਜਿਸ ਤੋਂ ਬਾਅਦ ਕੈਨੇਡਾ ਦੀਆਂ ਕੇਂਦਰ ਅਤੇ ਸੂਬਾਈ ਸਰਕਾਰਾਂ ਵਲੋਂ ਸਥਿਤੀ ਨਾਲ ਨਿਪਟਣ ਲਈ ਲਗਾਤਾਰ ਨਾਲ ਉੱਚ ਪੱਧਰੀ ਮੀਟਿੰਗਾਂ ਦੇ ਦੌਰ ਚਲਾਏ ਜਾ ਰਹੇ ਹਨ ।

 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਬੀਤੀ 6 ਜਨਵਰੀ ਨੂੰ ਅਸਤੀਫ਼ਾ ਦੇਣ ਦਾ ਐਲਾਨ ਕਰਨ ਮਗਰੋਂ ਉਨ੍ਹਾਂ ਦੀ ਸਰਕਾਰ ਕੰਮ ਚਲਾਊ ਸਰਕਾਰ ਹੀ ਰਹਿ ਗਈ ਸੀ, ਜਿਸ ਕਰਕੇ ਟਰੰਪ ਪ੍ਰਸ਼ਾਸਨ ਵਲੋਂ ਉਨ੍ਹਾਂ ਨਾਲ ਗੱਲਬਾਤ ਕਰਕੇ ਅਹਿਮ ਫੈਸਲੇ ਲੈਣ ਦੀ ਕੋਈ ਕਾਹਲ ਵੀ ਨਹੀਂ ਕੀਤੀ ਜਾ ਰਹੀ । ਇਸੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਦੇਸ਼ ਦਾ ਲੜਖੜਾਇਆ ਹੋਇਆ ਸ਼ਰਨਾਰਥੀ ਸਿਸਟਮ ਨਵਿਆਉਣ ਦੇ ਪਿਛਲੇ ਕੁਝ ਮਹੀਨਿਆਂ ਵਿਚ ਬਿਆਨ ਭਾਵੇਂ ਦਿੱਤੇ ਸਨ, ਪਰ ਟਰੂਡੋ ਸਰਕਾਰ ਦੀ ਅਸਥਿਰਤਾ ਕਾਰਨ ਸੰਭਾਵੀ ਸੁਧਾਰਾਂ ਨੂੰ ਅਮਲੀ ਜਾਮਾ ਪਹਿਨਾਏ ਜਾਣ ਉਪਰ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ, ਜਿਸ ਕਰਕੇ ਅਮਰੀਕਾ ਤੋਂ ਜ਼ਮੀਨੀ ਸਰਹੱਦ ਰਾਹੀਂ ਕੈਨੈਡਾ ਵਿਚ ਦਾਖਲ ਹੋ ਕੇ 14 ਦਿਨਾਂ ਬਾਅਦ ਸ਼ਰਨਾਰਥੀ ਕੇਸ ਅਪਲਾਈ ਕਰਨ ਦੀ ਸੰਭਾਵਨਾ ਅਜੇ ਮੌਜੂਦ ਹੈ ।ਸ਼ਰਨਾਰਥੀ ਕੇਸ ਅਪਲਾਈ ਹੋਣ ਮਗਰੋਂ ਉਸ ਦਾ ਇਮੀਗ੍ਰੇਸ਼ਨ ਐਂਡ ਰਫਿਊਜੀ ਬੋਰਡ ਵਲੋਂ ਫੈਸਲਾ ਕਰਨ ਨੂੰ 2 ਸਾਲਾਂ ਤੋਂ ਵੱਧ ਸਮਾਂ ਲੱਗਣਾ ਆਮ ਗੱਲ ਹੈ । ਅਜਿਹੇ 'ਚ ਅਮਰੀਕਾ 'ਚੋਂ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦੇਸ਼ੀਆਂ ਅਤੇ ਸਮਲਿੰਗੀਆਂ ਨੂੰ ਕੈਨੇਡਾ ਵਿਚ ਠਾਹਰ ਪੱਕੀ ਕਰਨ ਦੀ ਉਮੀਦ ਬੱਝਦੀ ਹੈ ਅਤੇ ਉਨ੍ਹਾਂ ਲੋਕਾਂ ਵਲੋਂ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰੇ ਵੀ ਜਾਰੀ ਰੱਖੇ ਜਾ ਰਹੇ ਹਨ ।ਅਮਰੀਕੀ ਵਰਕ ਪਰਮਿਟ ਧਾਰਕ ਤਕਨੀਕੀ (ਕੰਪਿਊਟਰ) ਮਾਹਿਰਾਂ ਨੂੰ ਵੱਡੀ ਪੱਧਰ 'ਤੇ ਵਰਕ ਪਰਮਿਟ ਦੀ ਮਿਆਦ ਨਾ ਵਧਣ ਦਾ ਖਦਸ਼ਾ ਹੈ, ਅਜਿਹੇ ਹਾਲਾਤ 'ਚ ਘਿਰੇ ਹੋਏ ਲੋਕਾਂ ਵਿਚ ਵੱਡੀ ਗਿਣਤੀ ਭਾਰਤੀ ਪਰਿਵਾਰਾਂ ਦੀ ਵੀ ਹੈ, ਜੋ ਕੈਨੇਡਾ ਵਿਚ ਆਪਣੀਆਂ ਸੰਭਾਵਨਾਵਾਂ ਤਲਾਸ਼ਣ ਲੱਗੇ ਹਨ । ਕੈਨੇਡਾ ਵਿਚ ਟਰੂਡੋ ਸਰਕਾਰ ਉਪਰ ਅਮਰੀਕੀ ਸਰਕਾਰ ਅਤੇ ਸਥਾਨਕ ਵਸੋਂ ਦਾ ਇਸ ਸਮੇਂ ਇਮੀਗ੍ਰੇਸ਼ਨ ਅਤੇ ਵੀਜ਼ਾ ਨੀਤੀਆਂ ਨੂੰ ਲਗਾਮ ਦੇਣ ਦਾ ਭਾਰੀ ਦਬਾਅ ਹੈ, ਜਿਸ ਕਰਕੇ ਬੀਤੇ 9 ਕੁ ਸਾਲਾਂ ਵਿਚ ਟਰੂਡੋ ਸਰਕਾਰ ਦੀ ਢਿੱਲਮੱਠ ਅਤੇ ਹਊ ਭਰ੍ਹੇ ਵਾਲੀ ਕਾਰਗੁਜ਼ਾਰੀ ਨਾਲ ਦੇਸ਼ ਦੀ ਵਿਗੜ ਗਈ ਹਾਲਤ ਮੁੜ ਲੀਹ 'ਤੇ ਕਰਨ 'ਚ ਸਹਾਇਤਾ ਮਿਲੇ ਸਕੇ ।ਟਰੂਡੋ ਦੀ ਜਗ੍ਹਾ 9 ਮਾਰਚ ਨੂੰ ਲਿਬਰਲ ਪਾਰਟੀ ਦਾ ਨਵਾਂ ਆਗੂ ਚੁਣਨ ਦੀ ਪ੍ਰਕਿਰਿਆ ਇਸ ਸਮੇਂ ਕੈਨੇਡਾ ਭਰ ਵਿਚ ਚੱਲ ਰਹੀ ਹੈ, ਜਿਸ ਵਿਚ ਭਾਰਤੀ ਮੂਲ ਦੇ ਕੁਝ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾਉਣ ਦੀ ਤਿਆਰੀ ਵਿਚ ਹਨ ।ਇਸੇ ਦੌਰਾਨ 2015 ਤੋਂ ਵੈਨਕੂਵਰ ਤੋਂ ਸੰਸਦ ਮੈਂਬਰ ਅਤੇ ਟਰੂਡੋ ਦੀ ਕੈਬਨਿਟ ਦੇ ਮੰਤਰੀ ਰਹੇ ਹਰਜੀਤ ਸਿੰਘ ਸੱਜਣ ਨੇ ਬੀਤੇ ਦਿਨ ਅਗਲੀ ਸੰਸਦੀ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ, ਜਿਸ ਨਾਲ ਹੁਣ ਤੱਕ ਟਰੂਡੋ ਦੇ ਪੌਣੀ ਕੁ ਦਰਜਨ ਮੰਤਰੀ ਅਗਲੀਆਂ ਚੋਣਾਂ ਨਾ ਲੜਨ ਦਾ ਐਲਾਨ ਕਰ ਚੁੱਕੇ ਹਨ।