ਟਰੰਪ ਵੱਲੋਂ ਹੈਤੀ ਪ੍ਰਵਾਸੀਆਂ ਬਾਰੇ ਟਿੱਪਣੀ ਤੋਂ ਬਾਅਦ ਡਰ ਮਹਿਸੂਸ ਕਰ ਰਿਹਾ ਹੈ ਹੈਤੀਅਨ ਭਾਈਚਾਰਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਅਹੁੱਦੇ ਲਈ ਰਿਪਬਲੀਕਨ ਉਮੀਦਵਾਰ ਡੋਨਾਲਡ ਟੰਰਪ ਵੱਲੋਂ ਹੈਤੀ ਲੋਕਾਂ ਬਾਰੇ ਕੀਤੀ ਟਿਪਣੀ ਤੋਂ ਬਾਅਦ ਸਪਿਰੰਗਫੀਲਡ, ਓਹੀਓ ਵਿਚ ਵੱਸਦਾ ਹੈਤੀਅਨ ਭਾਈਚਾਰਾ ਡਰ ਤੇ ਸਹਿਮ ਦੇ ਮਹੌਲ ਵਿਚ ਰਹਿ ਰਿਹਾ ਹੈ ਜਦ ਕਿ ਹੈਤੀ ਪ੍ਰਵਾਸੀਆਂ ਨੂੰ ਲੈ ਕੇ ਸਪਰਿੰਗਫੀਲਡ ਰਾਸ਼ਟਰੀ ਪੱਧਰ 'ਤੇ ਬਹਿਸ ਦਾ ਕੇਂਦਰ ਬਣ ਗਿਆ ਹੈ। ਹੈਤੀਅਨ ਟਾਈਮਜ਼ ਤੇ ਹੈਤੀਅਨ ਕਮਿਊਨਿਟੀ ਹੈਲਪ ਐਂਡ ਸਪੋਰਟ ਸੈਂਟਰ ਵੱਲੋਂ ਸਮਾਜਿਕ ਕਾਰਕੁੰਨਾਂ, ਪੱਤਰਕਾਰਾਂ ਤੇ ਹੈਤੀਅਨ ਪ੍ਰਵਾਸੀਆਂ ਨਾਲ ਵਿਚਾਰ ਵਟਾਂਦਰੇ ਲਈ ਇਕ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਤਾਂ ਜੋ ਆਨ ਲਾਈਨ ਹੈਤੀ ਲੋਕਾਂ ਬਾਰੇ ਬਿਨਾਂ ਕਿਸੇ ਸਬੂਤ ਦੇ ਕੀਤੇ ਜਾ ਰਹੇ ਦਾਅਵਿਆਂ ਦਾ ਜਵਾਬ ਦਿੱਤਾ ਜਾ ਸਕੇ।
ਮੈਕੋਲਵੀ ਨੀਲ ਕਾਰਜਕਾਰੀ ਐਡੀਟਰ ਹੈਤੀਅਨ ਟਾਈਮਜ਼ ਨੇ ਕਿਹਾ ਹੈ ਕਿ ਪਹਿਲਾਂ ਸਪਰਿੰਗਫੀਲਡ ਵਿਚ ਖੁਲਾ ਸਮਾਗਮ ਅਯੋਜਿਤ ਕਰਨ ਦੀ ਯੋਜਨਾ ਸੀ ਪਰੰਤੂ ਸੁਰੱਖਿਆ ਦੇ ਮੱਦੇਨਜਰ ਵਰਚੂਅਲ ਵਿਚਾਰ ਵਟਾਂਦਰਾ ਕਰਨ ਦਾ ਫੈਸਲਾ ਕੀਤਾ ਗਿਆ। ਇਥੇ ਜਿਕਰਯੋਗ ਹੈ ਕਿ ਬੰਬ ਨਾਲ ਉਡਾ ਦੇਣ ਦੀਆਂ ਧਮਕੀਆਂ ਤੋਂ ਬਾਅਦ ਪਿਛਲੇ ਹਫਤੇ ਸਪਰਿੰਗਫੀਲਡ ਸਿਟੀ ਹਾਲ ਤੇ 2 ਐਲੀਮੈਂਟਰੀ ਸਕਲਾਂ ਨੂੰ ਖਾਲੀ ਕਰਵਾਉਣਾ ਪਿਆ ਸੀ ਤੇ ਬੀਤੇ ਦਿਨ ਫਿਰ ਮਿਲੀਆਂ ਧਮਕੀਆਂ ਉਪਰੰਤ ਦੋ ਹਸਪਤਾਲਾਂ ਨੂੰ ਬੰਦ ਕਰਨਾ ਪਿਆ ਸੀ। ਸਪਰਿੰਗਫੀਲਡ ਸ਼ਹਿਰ ਉਸ ਵੇਲੇ ਰਾਸ਼ਟਰੀ ਪੱਧਰ 'ਤੇ ਬਹਿਸ ਦਾ ਕੇਂਦਰ ਬਣ ਗਿਆ ਸੀ ਜਦੋਂ ਡੋਨਡਲ ਟਰੰਪ ਨੇ ਦਾਅਵਾ ਕੀਤਾ ਸੀ ਕਿ ਹੈਤੀਅਨ ਪ੍ਰਵਾਸੀ ਇਥੇ ਵੱਸਦੇ ਸਥਾਨਕ ਹੋਰ ਲੋਕਾਂ ਦੇ ਪਾਲਤੂ ਕੁੱਤੇ ਤੇ ਬਿੱਲੀਆਂ ਖਾ ਰਹੇ ਹਨ। ਉਨਾਂ ਕਿਹਾ ਸਾਡੇ ਦੇਸ਼ ਵਿਚ ਇਹ ਕੀ ਹੋ ਰਿਹਾ ਹੈ, ਇਹ ਬਹੁਤ ਸ਼ਰਮਨਾਕ ਹੈ। ਬੰਬ ਨਾਲ ਉਡਾ ਦੇਣ ਦੀਆਂ ਧਮਕੀਆਂ ਬਾਰੇ ਟਰੰਪ ਨੇ ਕਿਹਾ ਕਿ ਇਹ ਗੈਰਕਾਨੂੰਨੀ ਪ੍ਰਵਾਸੀਆਂ ਦਾ ਕੰਮ ਹੈ। ਹੈਤੀਅਨ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹ ਇਥੇ ਕਈ ਸਾਲਾਂ ਤੋਂ ਰਹਿ ਰਹੇ ਹਨ ਤੇ ਜਾਇਦਾਦਾਂ ਦੇ ਮਾਲਕ ਹਨ। ਉਨਾਂ ਵਿਰੁੱਧ ਨਫਰਤ ਫੈਲਾਈ ਜਾ ਰਹੀ ਹੈ। ਹੈਤੀਅਨ ਪ੍ਰਵਾਸੀ ਇਮਸ ਡੈਨਿਸ ਨੇ ਕਿਹਾ ਕਿ ਹੈਤੀਅਨ ਇਥੇ ਸੁਰੱਖਿਅਤ ਨਹੀਂ ਹਨ ਤੇ ਉਹ ਘਰੋਂ ਬਾਹਰ ਨਿਕਲਣ ਤੋਂ ਡਰਦੇ ਹਨ। ਉਸ ਨੇ ਕਿਹਾ ਪਹਿਲਾਂ ਮੈ ਆਪਣੇ ਬੱਚੇ ਪਾਰਕ ਲੈ ਕੇ ਜਾਂਦਾ ਸੀ ਪਰੰਤੂ ਹੁਣ ਅਜਿਹਾ ਨਹੀਂ ਹੈ ਤੇ ਅਸੀਂ ਘਰ ਵਿਚ ਹੀ ਰਹਿੰਦੇ ਹਾਂ। ਪਹਿਲਾਂ ਬਿਨਾਂ ਡਰ ਸੈਰ ਕਰਦੇ ਸੀ ਪਰੰਤੂ ਹੁਣ ਇਹ ਸਭ ਬੰਦ ਹੈ। ਉਸ ਨੇ ਕਿਹਾ ਮੇਰੀ ਪਤਨੀ ਸ਼ਹਿਰ ਛੱਡ ਕੇ ਹੋਰ ਕਿਤੇ ਜਾਣਾ ਚਹੁੰਦੀ ਹੈ। ਅਜਿਹੀਆਂ ਹੀ ਭਾਵਨਾਵਾਂ ਹੋਰ ਹੈਤੀ ਪ੍ਰਵਾਸੀਆਂ ਨੇ ਪ੍ਰਗਟਾਈਆਂ ਹਨ। ਇਸੇ ਦੌਰਾਨ ਕੋਲੰਬਸ ਵਿਚ ਰਹਿੰਦੀੇ ਹੈਤੀਅਨ ਸਮਾਜ ਸੇਵਿਕਾ ਸੋਫੀਆ ਪੀਰਾਲੁਸ ਨੇ ਸਪਰਿੰਗਫੀਲਡ ਵਾਸੀਆਂ ਨੂੰ ਕਿਹਾ ਹੈ ਕਿ ਉਹ ਆਪਣੀ ਮਾਨਸਿਕ ਸਿਹਤ ਦਾ ਖਿਆਲ ਰੱਖਣ ਤੇ ਖਾਸ ਕਰਕੇ ਸਕੂਲ ਜਾਂਦੇ ਆਪਣੇ ਬੱਚਿਆਂ ਬਾਰੇ ਅੱਖਾਂ ਖੋਲ ਕੇ ਰਖਣ ਕਿਉਂਕਿ ਸਕੂਲਾਂ ਵਿਚ ਉਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ।
Comments (0)