ਭਗਵੰਤ ਮਾਨ ਵਲੋਂ ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੀਆਂ 450 ਸਾਲਾ ਸ਼ਤਾਬਦੀਆਂ ਮੌਕੇ ਵਿਸ਼ੇਸ਼ ਐਲਾਨ ਨਾ ਕਰਨੇ ਸਿੱਖਾਂ ਪ੍ਰਤੀ ਹੋਈ ਨਫਰਤ ਜ਼ਾਹਿਰ: ਸਰਨਾ 

ਭਗਵੰਤ ਮਾਨ ਵਲੋਂ ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੀਆਂ 450 ਸਾਲਾ ਸ਼ਤਾਬਦੀਆਂ ਮੌਕੇ ਵਿਸ਼ੇਸ਼ ਐਲਾਨ ਨਾ ਕਰਨੇ ਸਿੱਖਾਂ ਪ੍ਰਤੀ ਹੋਈ ਨਫਰਤ ਜ਼ਾਹਿਰ: ਸਰਨਾ 

 ਕੌਮ ਮਨਾ ਰਹੀ ਹੈ ਗੁਰੂ ਅਮਰ ਦਾਸ ਜੀ ਦੇ 450 ਸਾਲਾ ਜੋਤੀ ਜੋਤਿ ਸਮਾਉਣ ਦੀ ਸ਼ਤਾਬਦੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ 450 ਸਾਲਾ ਗੁਰਿਆਈ ਸ਼ਤਾਬਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 16 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਸਿੱਖਾਂ ਦਾ ਘਰ ਹੈ । ਇਹ ਸਿੱਖ ਹੋਮਲੈਂਡ ਹੈ ਤੇ ਇੱਕੋ ਇੱਕ ਸਿੱਖ ਬਹੁਗਿਣਤੀ ਸੂਬਾ ਹੈ । ਇਸਤੋਂ ਇਲਾਵਾ ਵੀ ਪੰਜਾਬ ਦਾ ਹਰ ਵਸਨੀਕ ਭਾਵੇਂ ਉਹ ਕਿਸੇ ਵੀ ਧਰਮ ਜਾਂ ਵਰਗ ਨਾਲ ਸੰਬੰਧ ਰੱਖਦਾ ਹੋਵੇ । ਉਹ ਸਿੱਖ ਗੁਰੂ ਸਾਹਿਬਾਨ ਵਿੱਚ ਆਪਣੀ ਆਸਥਾ ਵੀ ਰੱਖਦਾ ਹੈ ਦਿਲੋਂ ਸਤਿਕਾਰ ਵੀ ਕਰਦਾ ਹੈ । ਏਸੇ ਕਾਰਨ ਜਦੋਂ ਵੀ ਸਿੱਖਾਂ ਨਾਲ ਸੰਬੰਧਿਤ ਖ਼ਾਸ ਦਿਹਾੜੇ ਆਉੰਦੇ ਹਨ ਤਾਂ ਪੰਜਾਬ ਦੀਆਂ ਮੁਢਲੀਆਂ ਸਰਕਾਰਾਂ ਤੋਂ ਇਹ ਦਸਤੂਰ ਬਣਿਆ ਕਿ ਉਹਨਾਂ ਮੌਕੇ ਸਤਿਕਾਰ ਵਜੋਂ ਸੂਬੇ ਅੰਦਰ ਗਜਟਿਡ ਛੁੱਟੀ ਕੀਤੀ ਜਾਂਦੀ ਹੈ । 

ਇਸਤੋਂ ਇਲਾਵਾ ਜਦੋਂ ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਿਤ ਸ਼ਤਾਬਦੀ ਵਰ੍ਹਾ ਹੁੰਦਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਦੇ ਨਾਲ - ਨਾਲ ਪੰਜਾਬ ਸਰਕਾਰ ਵੱਲੋਂ ਵੀ ਵਿਸ਼ੇਸ਼ ਰੂਪ ਵਿੱਚ ਪ੍ਰੋਗਰਾਮ ਉਲੀਕੇ ਜਾਂਦੇ ਹਨ । ਇਸਦੇ ਨਾਲ ਹੀ ਸਮੇਂ - ਸਮੇਂ ਤੇ ਤਤਕਾਲੀ ਸਰਕਾਰਾਂ ਵੱਲੋਂ ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਵੇ । ਇਸ ਮੌਕੇ ਵਿਸ਼ੇਸ ਐਲਾਨ ਵੀ ਕੀਤੇ ਜਾਂਦੇ ਸਨ ਤੇ ਉਹਨਾਂ ਦੀ ਪੂਰਤੀ ਵੀ ਕੀਤੀ ਜਾਂਦੀ ਸੀ ।

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਜਾਰੀ ਇਕ ਪ੍ਰੈੱਸ ਨੋਟ ਰਾਹੀਂ ਕਿ ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਜਨਮ ਸ਼ਤਾਬਦੀ ਮੌਕੇ ਸੰਨ 1969 ਵਿੱਚ ਪੰਜਾਬ ਸਰਕਾਰ ਵੱਲੋਂ ਉਹਨਾਂ ਤੇ ਨਾਮ ਤੇ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ । ਸੰਨ 1999 ਵਿੱਚ ਖ਼ਾਲਸੇ ਦੀ ਤਿੰਨ ਸੌ ਸਾਲਾ ਜਨਮ ਸ਼ਤਾਬਦੀ ਮੌਕੇ ਤਤਕਾਲੀ ਸ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਸਰਕਾਰ ਵੱਲੋਂ ਵਿਰਾਸਤ - ਏ - ਖਾਲਸਾ ਮਿਊਜ਼ੀਅਮ ਦੀ ਸਥਾਪਨਾ ਕੀਤੀ ਗਈ । ਸ੍ਰੀ ਗੁਰੂ ਅਰਜਨ ਦੇਵ ਜੀ ਦੇ 400 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸਰਕਾਰ ਵੱਲੋਂ ਤਰਨਤਾਰਨ ਨੂੰ ਜ਼ਿਲ੍ਹਾ ਐਲਾਨਿਆ ਗਿਆ । ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਜਨਮ ਸ਼ਤਾਬਦੀ ਮੌਕੇ ਤਤਕਾਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਨਾ ਸਿਰਫ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ ਸਮਾਗਮ ਕੀਤੇ ਗਏ ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹਰੇਕ ਨਗਰੀ ਨੂੰ ਪੰਜਾਬ ਅੰਦਰ ਵਿਸ਼ੇਸ਼ ਗਰਾਂਟ ਦਿੱਤੀ ਗਈ । ਇਸੇ ਤਰ੍ਹਾਂ ਹਰ ਸ਼ਤਾਬਦੀ ਮੌਕੇ ਪੰਜਾਬ ‘ਚ ਚਾਹੇ ਕੋਈ ਵੀ ਸਰਕਾਰ ਹੁੰਦੀ ਸੀ । ਉਹ ਆਪਣਾ ਫਰਜ਼ ਸਮਝਿਆਂ ਵੱਧ ਚੜਕੇ ਕਾਰਜ ਕਰਦੀ ਸੀ ।

ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਕਦਰ ਸਿੱਖ ਕੌਮ ਪ੍ਰਤੀ ਨੱਕੋਂ ਨੱਕ ਨਫ਼ਰਤ ਨਾਲ ਭਰੀ ਹੋਈ ਹੈ ਕਿ ਸ੍ਰੀ ਗੁਰੂ ਅਮਰ ਦਾਸ ਜੀ ਦੇ 450 ਸਾਲਾ ਜੋਤੀ ਜੋਤਿ ਸਮਾਉਣ ਦੀ ਸ਼ਤਾਬਦੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ 450 ਸਾਲਾ ਗੁਰਿਆਈ ਸ਼ਤਾਬਦੀ ਮੌਕੇ ਨਾ ਤੇ ਕੋਈ ਵਿਸ਼ੇਸ਼ ਐਲਾਨ ਹੀ ਕੀਤਾ ਗਿਆ ਹੈ ਤੇ ਨਾਹੀ ਕੋਈ ਵਿਸ਼ੇਸ਼ ਸਮਾਗਮ ਜਾਂ ਪ੍ਰਬੰਧ ਕੀਤੇ ਗਏ ਹਨ । ਇੱਥੋਂ ਤੱਕ ਕਿ ਸ੍ਰੀ ਗੋਇੰਦਵਾਲ ਸਾਹਿਬ ਅੰਦਰ ਪਾਰਕਿੰਗ ਤੱਕ ਦੀ ਵਿਵਸਥਾ ਭਗਵੰਤ ਮਾਨ ਦੀ ਸਿੱਖ ਵਿਰੋਧੀ ਸਰਕਾਰ ਨੇ ਨਹੀ ਕੀਤੀ । ਜੋ ਇਸਦੀ ਸਿੱਖ ਵਿਰੋਧੀ ਮਾਨਸਿਕਤਾ ਦੀ ਪ੍ਰਤੱਖ ਮਿਸਾਲ ਹੈ । ਸਿੱਖ ਨਾਇਕਾਂ ਪ੍ਰਤੀ ਭਗਵੰਤ ਮਾਨ ਦੀ ਨਫ਼ਰਤ ਮੋਹਾਲੀ ਦੇ ਹਵਾਈ ਅੱਡੇ ਤੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਹਟਾਏ ਜਾਣ ਤੋਂ ਵੀ ਜ਼ਾਹਰ ਹੋ ਜਾਂਦੀ ਹੈ । 

ਭਗਵੰਤ ਮਾਨ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਰਾਜ ਭਾਗ ਸਦਾ ਨਹੀ ਰਹਿੰਦੇ । ਇਸ ਲਈ ਸੱਤਾ ਦੇ ਨਸ਼ੇ ਵਿੱਚ ਭਗਵੰਤ ਮਾਨ ਏਨਾ ਵੀ ਗ਼ਰੂਰ ਕਰਕੇ ਗੁਰੂ ਘਰ ਤੇ ਸਿੱਖ ਪੰਥ ਨਾਲ ਮੱਥਾ ਨਾ ਲਗਾਵੇ ਕਿਉਂਕਿ ਰਾਜ ਭਾਗ ਮਿੱਟੀ ਹੁੰਦਿਆਂ ਸਮਾਂ ਨਹੀ ਲੱਗਦਾ । ਨਾਲ ਹੀ ਇਸ ਦਾ ਕਾਰਨ ਅਸੀਂ ਖਾਲਸਾ ਪੰਥ ਦੀ ਆਪਸੀ ਫੁੱਟ ਨੂੰ ਵੀ ਮੰਨਦੇ ਹਾਂ ਕਿ ਅਸੀਂ ਸਿੱਖ ਆਪਸ ਵਿੱਚ ਵੰਡੇ ਹੋਏ ਹਾਂ ਸਿੱਖ ਕੌਮ ਦੀ ਰਾਜਸ਼ੀ ਧਿਰ ਸ਼੍ਰੋਮਣੀ ਅਕਾਲੀ ਵਿੱਚ ਵੀ ਪੂਰੀ ਇਕਸੁਰਤਾ ਅਜੇ ਨਜ਼ਰ ਨਹੀਂ ਆਉਂਦੀ ਕੁੱਝ ਲੋਕ ਆਪਣਾ ਰਾਗ ਅਲਾਪ ਰਹੇ ਹਨ। ਤਾਂ ਕਰਕੇ ਸਰਕਾਰਾਂ ਹੁਣ ਸਿੱਖਾਂ ਨੂੰ ਅਣਗੌਲਿਆਂ ਕਰ ਰਹੀਆਂ ਹਨ।