ਕੇਜਰੀਵਾਲ ਦੀ ਰਾਜਨੀਤੀ ਹਿੰਦੂ ਰਾਸ਼ਟਰਵਾਦ ਵਲ ਝੁਕੀ
*ਮੋਦੀ ਨੂੰ ਪੱਤਰ ਲਿਖ ਕੇ ਨੋਟਾਂ ’ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਬਾਰੇ ਰਖੀ ਮੰਗ, ਪੰਜਾਬ ਇਕਾਈ ਹੈਰਾਨ-ਪ੍ਰੇਸ਼ਾਨ
ਕਵਰ ਸਟੋਰੀ
ਭਾਰਤ ਵਿਚ ਹਾਲਾਤ ਹੁਣ ਹੌਲੀ-ਹੌਲੀ ਨਹੀਂ, ਸਗੋਂ ਤੇਜ਼ੀ ਨਾਲ 'ਹਿੰਦੂ ਰਾਸ਼ਟਰ' ਵੱਲ ਵਧਦੇ ਜਾਪ ਰਹੇ ਹਨ। ਇਹ ਸਪੱਸ਼ਟ ਹੈ ਕਿ ਆਰ.ਐਸ.ਐਸ. ਦੇ ਇਰਾਦੇ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਦੇ ਹਨ । ਭਾਜਪਾ, ਆਰ.ਐਸ.ਐਸ. ਦੀ ਰਾਜਸੀ ਜਮਾਤ ਹੈ ਪਰ ਇਹ ਚਰਚਾ ਵੀ ਬਹੁਤ ਵਾਰ ਹੋ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਵੀ ਲੁਕੇ ਰੂਪ ਵਿਚ ਆਰ.ਐਸ.ਐਸ. ਦੀ ਹੀ 'ਬੀ' ਟੀਮ ਹੈ। ਭਾਵੇਂ 'ਆਪ' ਮੁਖੀ ਅਰਵਿੰਦ ਕੇਜਰੀਵਾਲ ਬਾਹਰਮੁਖੀ ਤੌਰ 'ਤੇ ਭਾਜਪਾ ਦੇ ਸਖ਼ਤ ਵਿਰੋਧੀ ਨਜ਼ਰ ਆਉਂਦੇ ਹਨ। ਪਰ ਉਨ੍ਹਾਂ ਦੀ ਕਾਰਗੁਜ਼ਾਰੀ ਹਮੇਸ਼ਾ ਹੀ ਭਾਜਪਾ ਦੇ ਹਿੰਦੂ ਰਾਸ਼ਟਰ ਵੱਲ ਵਧਦੇ ਮਨਸੂਬਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਹੁੰਦੀ ਹੈ। ਹੁਣ ਉਨ੍ਹਾਂ ਨੇ ਭਾਜਪਾ ਤੋਂ ਵੀ ਅੱਗੇ ਵਧ ਕੇ ਭਾਰਤ ਦੇ ਕਰੰਸੀ ਨੋਟਾਂ ਉੱਪਰ ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਛਾਪਣ ਦੀ ਮੰਗ ਕਰ ਦਿੱਤੀ ਹੈ। ਉਨ੍ਹਾਂ ਦਲੀਲ ਇਹ ਦਿੱਤੀ ਹੈ ਕਿ ਭਾਰਤ ਦੀ ਆਰਥਿਕਤਾ ਲੜਖੜਾ ਰਹੀ ਹੈ ਤੇ ਦੇਵੀ-ਦੇਵਤਿਆਂ ਦਾ ਅਸ਼ੀਰਵਾਦ ਇਸ ਨੂੰ ਸੰਭਾਲਣ ਲਈ ਜ਼ਰੂਰੀ ਹੈ। ਇਸ ਲਈ ਨੋਟਾਂ 'ਤੇ ਮਹਾਤਮਾ ਗਾਂਧੀ ਦੇ ਨਾਲ-ਨਾਲ ਸ੍ਰੀ ਗਣੇਸ਼ ਤੇ ਦੇਵੀ ਲੱਛਮੀ ਦੀਆਂ ਤਸਵੀਰਾਂ ਛਾਪੀਆਂ ਜਾਣੀਆਂ ਚਾਹੀਦੀਆਂ ਹਨ। ਕੇਜਰੀਵਾਲ ਇਹ ਦਲੀਲ ਵੀ ਦੇ ਰਹੇ ਹਨ ਕਿ ਜੇ ਇੰਡੋਨੇਸ਼ੀਆ ਵਰਗਾ ਮੁਸਲਿਮ ਦੇਸ਼ ਆਪਣੇ ਨੋਟਾਂ 'ਤੇ ਇਕ ਹਿੰਦੂ ਦੇਵਤੇ ਸ੍ਰੀ ਗਣੇਸ਼ ਦੀ ਤਸਵੀਰ ਲਾ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ? । ਉਧਰ ਭਾਜਪਾ ਨੇ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਸੀ ਕਿ ਅਗਾਮੀ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਦੇ ਮੱਦੇਨਜ਼ਰ ‘ਆਪ’ ਸੁਪਰੀਮੋ ਆਪਣੇ ‘ਹਿੰਦੂ ਵਿਰੋਧੀ ਭੱਦੇ ਚਿਹਰੇ’ ਨੂੰ ਲੁਕਾਉਣ ਦੀ ਨਾਕਾਮ ਕੋਸ਼ਿਸ਼ ਵਜੋਂ ਅਜਿਹੀ ਮੰਗ ਕਰ ਰਿਹਾ ਹੈ।
ਜੇਕਰ ਇਸ ਸਾਰੀ ਖਬਰ ਦੀ ਚੀਰ ਫਾੜ ਕਰੀਏ ਤਾਂ ਅਸਲ ਗੱਲ ਤਾਂ ਇਹ ਜਾਪਦੀ ਹੈ ਕਿ ਆਰਐਸਐਸ. ਦੀ ਕੋਸ਼ਿਸ਼ ਇਹ ਹੈ ਕਿ ਭਾਰਤ 'ਤੇ ਰਾਜ ਕਰਨ ਵਾਲੀ ਪਾਰਟੀ ਦੇ ਨਾਲ-ਨਾਲ ਪ੍ਰਮੁੱਖ ਵਿਰੋਧੀ ਧਿਰ ਵੀ ਉਸ ਦੀ ਹੀ ਹੋਵੇ ਤਾਂ ਜੋ ਹਿੰਦੂ ਰਾਸ਼ਟਰ ਐਲਾਨਣ ਵਿਚ ਰੁਕਾਵਟ ਨਾ ਆਵੇ । ਇਹੀ ਕਾਰਨ ਜਾਪਦਾ ਹੈ ਕਿ ਕਾਂਗਰਸ ਤੋਂ ਮੁੱਖ ਵਿਰੋਧੀ ਪਾਰਟੀ ਦਾ ਰੁਤਬਾ ਖੋਹਣ ਲਈ ਹੀ ਭਾਜਪਾ ਸਰਕਾਰ ਕਾਂਗਰਸੀ ਨੇਤਾਵਾਂ ਦੇ ਨਾਲ-ਨਾਲ ਕੁਝ 'ਆਪ' ਨੇਤਾਵਾਂ ਨੂੰ ਵੀ ਈ.ਡੀ. ਤੇ ਹੋਰ ਕੇਂਦਰੀ ਏਜੰਸੀਆਂ ਦਾ ਨਿਸ਼ਾਨਾ ਤਾਂ ਬਣਾ ਰਹੀ ਹੈ ਪਰ 'ਆਪ' ਦੇ ਨੇਤਾਵਾਂ ਖਿਲਾਫ਼ ਕੀਤੀ ਗਈ ਕਾਰਵਾਈ ਉਨ੍ਹਾਂ ਨੂੰ ਹੋਰ ਉਭਾਰਦੀ ਹੈ, ਬਦਨਾਮ ਨਹੀਂ ਕਰਦੀ। ਕਈ ਸਿਆਸੀ ਮਾਹਿਰ ਇਲਜ਼ਾਮ ਲਾਉਂਦੇ ਹਨ ਕਿ 'ਆਪ' ਤੇ ਭਾਜਪਾ ਦੀ ਲੜਾਈ ਇਕ ਤਰ੍ਹਾਂ ਦੀ 'ਨੂਰਾ ਕੁਸ਼ਤੀ' (ਵਿਖਾਵੇ ਦੀ ਨਕਲੀ ਲੜਾਈ) ਹੈ, ਕਿਉਂਕਿ ਹਰ ਥਾਂ 'ਆਪ' ਕੇਂਦਰ ਨਾਲ ਲੜਾਈ ਤਾਂ ਸ਼ੁਰੂ ਕਰਦੀ ਹੈ ਪਰ ਕੇਂਦਰ ਅੱਗੇ ਹਾਰ ਕੇ ਉਸ ਦੇ ਹੱਥ ਹੋਰ ਮਜ਼ਬੂਤ ਕਰਕੇ ਚੁੱਪ ਕਰਕੇ ਬੈਠ ਜਾਂਦੀ ਹੈ ਤੇ ਨਤੀਜੇ ਵਜੋਂ ਸੰਘਵਾਦ ਕਮਜ਼ੋਰ ਹੁੰਦਾ ਜਾਂਦਾ ਹੈ ਤੇ ਕੇਂਦਰੀਵਾਦ ਮਜ਼ਬੂਤ। ਉਦਾਹਰਨ ਵਜੋਂ 'ਆਪ' ਨੇ ਦਿੱਲੀ ਨੂੰ ਸੰਪੂਰਨ ਰਾਜ ਦਾ ਦਰਜਾ ਦਿਵਾਉਣ ਦੇ ਦਮਗਜੇ ਮਾਰੇ ਹਨ। ਪਰ ਅਖੀਰ ਦਿੱਲੀ ਦੇ ਲੈਫਟੀਨੈਂਟ ਗਵਰਨਰ (ਉਪ-ਰਾਜਪਾਲ) ਨੂੰ ਦਿੱਲੀ ਦੀ ਅਸਲ ਸਰਕਾਰ ਮੰਨ ਲਿਆ ਗਿਆ। ਹੁਣ ਵੀ ਉਪ-ਕੁਲਪਤੀਆਂ ਦੀਆਂ ਨਿਯੁਕਤੀਆਂ ਦੇ ਮਾਮਲੇ ਵਿਚ ਅਜਿਹਾ ਹੀ ਹੋਣ ਦੇ ਆਸਾਰ ਹਨ, ਜਿਸ ਨਾਲ ਕੇਂਦਰੀਕਰਨ ਅਤੇ ਇਕ ਦੇਸ਼ ਤੇ ਇਕ ਹੀ ਸਰਕਾਰ ਦੀ ਕੇਂਦਰੀਕਰਨ ਦੀ ਨੀਤੀ ਨੂੰ ਬਲ ਮਿਲੇਗਾ। 'ਆਪ' ਨੇ ਸੀ.ਏ.ਏ., ਧਾਰਾ 370 ਖਤਮ ਕਰਨ, ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਰਾਜਾਂ ਵਿਚ ਵੰਡਣ, ਦੇਸ਼ ਭਰ ਵਿਚ ਹਿੰਦੀ ਨੂੰ ਪਹਿਲੇ ਦਰਜੇ ਦੀ ਭਾਸ਼ਾ ਬਣਾਉਣ ਅਤੇ ਅਜਿਹੀਆਂ ਕਈ ਹੋਰ ਸੰਘੀ ਢਾਂਚੇ ਵਿਰੋਧੀ ਗੱਲਾਂ ਦਾ ਵਿਰੋਧ ਕਰਨਾ ਤਾਂ ਦੂਰ ਅਜੇ ਤੱਕ ਇਨ੍ਹਾਂ ਮੁੱਦਿਆਂ ਸੰਬੰਧੀ ਆਪਣਾ ਨਜ਼ਰੀਆ ਹੀ ਸਪੱਸ਼ਟ ਨਹੀਂ ਕੀਤਾ। ਹਰ ਵਾਰ ਇੰਜ ਜਾਪਦਾ ਹੈ ਕਿ ਭਾਜਪਾ 'ਆਪ' 'ਤੇ ਹਮਲਾ ਹੀ ਇਸ ਲਈ ਕਰਦੀ ਹੈ ਤਾਂ ਕਿ ਉਹ ਕਾਂਗਰਸ ਦੀ ਥਾਂ ਭਾਜਪਾ ਦੀ ਪ੍ਰਮੁੱਖ ਵਿਰੋਧੀ ਪਾਰਟੀ ਨਜ਼ਰ ਆਵੇ ਤੇ ਭਾਜਪਾ ਵਿਰੋਧੀ ਕਾਂਗਰਸ ਨੂੰ ਛੱਡ ਕੇ 'ਆਪ' ਪਿਛੇ ਜਾ ਲੱਗਣ। ਉਂਜ ਅਜਿਹੇ ਇਲਜ਼ਾਮ ਵੀ ਲਗਦੇ ਰਹੇ ਹਨ ਕਿ ਆਮ ਆਦਮੀ ਪਾਰਟੀ ਵੀ ਉਥੇ ਹੀ ਜ਼ਿਆਦਾਤਰ ਜ਼ੋਰ ਲਾਉਂਦੀ ਹੈ, ਜਿਥੇ ਉਹ ਭਾਜਪਾ ਵਿਰੋਧੀ ਕਾਂਗਰਸ ਜਾਂ ਦੂਸਰੀਆਂ ਪਾਰਟੀਆਂ ਦੀਆਂ ਵੋਟਾਂ ਵੰਡ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕੇ। 'ਆਪ' ਵਲੋਂ ਹਿਮਾਚਲ ਚੋਣਾਂ ਤੋਂ ਧਿਆਨ ਘਟਾ ਕੇ ਗੁਜਰਾਤ ਵਿਚ ਜ਼ਿਆਦਾ ਜ਼ੋਰ ਲਾਉਣ ਨੂੰ ਵੀ ਇਸੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ।
ਪੰਜਾਬ ਇਕਾਈ ਕੇਜਰੀਵਾਲ ਤੋਂ ਹੈਰਾਨ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਦੇਸ਼ ਦੀ ਕਰੰਸੀ 'ਤੇ ਦੇਵੀ ਲਕਸ਼ਮੀ ਤੇ ਭਗਵਾਨ ਗਣੇਸ਼ ਦੀਆਂ ਫ਼ੋਟੋਆਂ ਲਗਾਉਣ ਦੀ ਉਠਾਈ ਮੰਗ ਕਾਰਨ ਪਾਰਟੀ ਦੀ ਪੰਜਾਬ ਇਕਾਈ ਕਾਫ਼ੀ ਹੈਰਾਨ ਪ੍ਰੇਸ਼ਾਨ ਨਜ਼ਰ ਆ ਰਹੀ ਹੈ ।ਹਾਲਾਂਕਿ ਕੇਜਰੀਵਾਲ ਦੇ ਕਿਸੇ ਕਥਨ ਦੀ ਵਿਰੋਧਤਾ ਲਈ ਕਿਸੇ ਮੰਤਰੀ ਜਾਂ ਆਗੂ 'ਵਿਚ ਹੌਸਲਾ ਤਾਂ ਨਹੀਂ ਪ੍ਰੰਤੂ ਬਦਲਾਅ ਤੇ ਇਨਕਲਾਬ ਦੇ ਨਾਅਰੇ ਲਗਾਉਣ ਵਾਲੀ ਪਾਰਟੀ, ਜਿਸ ਦੇ ਬਹੁਤੇ ਵਿਧਾਇਕ ਤੇ ਆਗੂ ਪਹਿਲਾਂ ਕਮਿਊਨਿਸਟ ਲਹਿਰ ਦਾ ਹਿੱਸਾ ਵੀ ਰਹਿ ਚੁੱਕੇ ਹਨ ਅਤੇ ਖ਼ਾਸਕਰ ਮਾਲਵਾ ਖੇਤਰ ਜੋ ਤਰਕਸ਼ੀਲ ਸੋਚ ਤੇ ਵਿਚਾਰਧਾਰਾ ਲਈ ਜਾਣਿਆ ਜਾਂਦਾ ਹੈ ਅਤੇ ਜਿਥੋਂ ਪਾਰਟੀ ਨੂੰ ਵੱਡਾ ਹੁੰਗਾਰਾ ਵੀ ਮਿਲਿਆ, ਨਾਲ ਸੰਬੰਧਿਤ ਆਗੂਆਂ ਨੂੰ ਪਾਰਟੀ ਸੁਪਰੀਮੋ ਦਾ ਇਹ ਨਵਾਂ ਪੈਂਤੜਾ ਹਜ਼ਮ ਨਹੀਂ ਹੋ ਰਿਹਾ ।ਕੇਜਰੀਵਾਲ, ਜੋ ਆਪਣੀ ਗੁਜਰਾਤ ਚੋਣ ਮੁਹਿੰਮ ਦੌਰਾਨ ਕੁਝ ਦਿਨ ਪਹਿਲਾਂ ਇਹ ਵੀ ਕਹਿ ਚੁੱਕੇ ਹਨ ਕਿ ਮੇਰਾ ਪਰਿਵਾਰ ਹਮੇਸ਼ਾ ਜਨ ਸੰਘ ਨਾਲ ਜੁੜਿਆ ਰਿਹਾ, ਵਲੋਂ ਸ਼ਾਇਦ ਹੁਣ ਦੇਸ਼ ਦੇ ਸੂਬਿਆਂ ਵਿਚ ਪੈਰ ਪਸਾਰਨ ਲਈ ਭਾਜਪਾ ਵਾਲੇ ਹਥਕੰਡੇ ਅਪਣਾਉਂਦਿਆਂ ਬਹੁ-ਗਿਣਤੀ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪੰਜਾਬ 'ਵਿਚ ਉਨ੍ਹਾਂ ਦੀ ਇਹ ਰਣਨੀਤੀ ਪਾਰਟੀ ਦੇ ਆਧਾਰ ਨੂੰ ਵੱਡੀ ਸੱਟ ਮਾਰ ਸਕਦੀ ਹੈ । ਵਿਸ਼ੇਸ਼ ਕਰ ਕੇਜਰੀਵਾਲ ਦੀ ਇਹ ਰਣਨੀਤੀ ਘੱਟ ਗਿਣਤੀਆਂ ਨੂੰ ਵੀ ਪਾਰਟੀ ਤੋਂ ਦੂਰ ਕਰ ਸਕਦੀ ਹੈ । ਦਿਲਚਸਪ ਗੱਲ ਇਹ ਹੈ ਕਿ ਕੇਜਰੀਵਾਲ, ਜਿਨ੍ਹਾਂ ਸ਼ੁਰੂ ਵਿਚ ਮਹਾਤਮਾ ਗਾਂਧੀ ਨੂੰ ਆਪਣਾ ਆਦਰਸ਼ ਦੱਸਿਆ ਸੀ, ਵਲੋਂ ਬਾਅਦ ਵਿਚ ਪੰਜਾਬ ਦੀ ਚੋਣ ਮੁਹਿੰਮ ਦੌਰਾਨ ਡਾ. ਭੀਮ ਰਾਓ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਬਣਾਇਆ, ਪਰ ਹੁਣ ਉਨ੍ਹਾਂ ਵੀ ਫ਼ਿਰਕੂ ਏਜੰਡੇ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ ।
ਬਘੇਲ ਸਿੰਘ ਧਾਲੀਵਾਲ
Comments (0)