ਕੈਲੀਫੋਰਨੀਆ ਵਿਚ ਹੰਗਾਮੀ ਹਾਲਤ ਵਿਚ ਸੜਕ ਉਪਰ ਉਤਾਰੇ ਜਹਾਜ਼ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਮਿਲੇ, 2 ਗ੍ਰਿਫਤਾਰ

ਕੈਲੀਫੋਰਨੀਆ ਵਿਚ ਹੰਗਾਮੀ ਹਾਲਤ ਵਿਚ ਸੜਕ ਉਪਰ ਉਤਾਰੇ ਜਹਾਜ਼ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਮਿਲੇ, 2 ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੱਖਣੀ ਕੈਲੀਫੋਰਨੀਆ ਰਾਸ਼ਟਰੀ ਮਾਰਗ 'ਤੇ ਇਕ ਇੰਜਣ ਵਾਲੇ ਜਹਾਜ਼ ਨੂੰ ਹੰਗਾਮੀ ਹਾਲਤ ਵਿਚ ਉਤਾਰੇ ਜਾਣ ਦੀ ਖਬਰ ਹੈ। ਮੌਕੇ 'ਤੇ ਪੁੱਜੇ ਪੁਲਿਸ ਅਫਸਰਾਂ ਵੱਲੋਂ ਤਲਾਸ਼ੀ ਲੈਣ 'ਤੇ ਜਹਾਜ਼ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਹੋਏ। ਜਿਸ ਉਪਰੰਤ ਜਹਾਜ਼ ਵਿਚ ਸਵਾਰ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਓਸ਼ੀਅਨ ਸਾਈਡ ਪੁਲਿਸ ਵਿਭਾਗ ਅਨੁਸਾਰ ਪਾਈਪਰ ਪੀ ਏ-28 ਜਹਾਜ਼ ਰਾਸ਼ਟਰੀ ਮਾਰਗ-76 ਉਪਰ ਕੇਨਾਇਨ ਡਰਾਈਵ ਨੇੜੇ ਤੜਕਸਾਰ 1.43 ਵਜੇ ਦੇ ਆਸ ਪਾਸ ਉਤਰਿਆ।  ਵਿਭਾਗ ਅਨੁਸਾਰ ਪਾਇਲਟ ਨੇ ਪੁਲਿਸ ਨੂੰ ਦੱਸਿਆ ਕਿ ਜਹਾਜ਼ ਦਾ ਇੰਜਣ ਫੇਲ ਹੋ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਜਹਾਜ਼ ਵਿਚ ਸਵਾਰ ਵਿਅਕਤੀ ਜ਼ਖਮੀ ਨਹੀਂ ਹੋਏ ਹਨ। ਜਦੋਂ ਪੁਲਿਸ ਅਫਸਰਾਂ ਨੇ ਜਹਾਜ਼ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਭਾਰੀ ਮਾਤਰਾ ਵਿਚੋਂ ਨਸ਼ੀਲੇ ਪਦਾਰਥ ਮਿਲੇ ਜਿਸ ਉਪਰੰਤ 2 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਜੋ ਓਸ਼ੀਅਨ ਸਾਈਡ ਦੇ ਵਸਨੀਕ ਹਨ।  ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਸਮੁੱਚੀ ਘਟਨਾ ਦੀ ਜਾਂਚ ਕਰ ਰਿਹਾ ਹੈ।  ਪੁਲਿਸ ਨੇ ਬਰਾਮਦ ਹੋਏ ਨਸ਼ੀਲੇ ਪਦਾਰਥਾਂ ਦਾ ਵੇਰਵਾ ਜਾਰੀ ਨਹੀਂ ਕੀਤਾ ਹੈ।