ਬੀਜੇਪੀ ਨੇਤਾਵਾਂ ਦੀ ਬਦਜ਼ਬਾਨੀ ਤੇ ਕਿਸਾਨਾਂ ਦਾ ਵਿਰੋਧ
ਸਿਆਣੇ ਆਖਦੇ ਨੇ ਕਿ ਜੁਬਾਨ ਕਹਿੰਦੀ ਹੈ ਕਿ ‘‘ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢਾਂ।’’
ਸਾਡੇ ਬਜ਼ੁਰਗ ਆਮ ਕਹਿੰਦੇ ਸੀ ਕਿ ਭਾਈ ਕੋਈ ਵੀ ਗੱਲ ਮੂੰਹ ਵਿਚੋਂ ਬਾਹਰ ਕੱਢਣ ਤੋਂ ਪਹਿਲਾਂ 100 ਵਾਰ ਸੋਚੋ ਪਰ ਬੀਜੇਪੀ ਸਰਕਾਰ ਦੇ ਨੁਮਾਇੰਦੇ ਵੱਖ- ਵੱਖ ਸਮੇਂ ਵਿਵਾਦਿਤ ਬਿਆਨ ਦੇ ਕੇ ਲੋਕਾਂ ਦੀ ਨਾਰਾਜ਼ਗੀ ਮੁੱਲ ਲੈ ਰਹੇ ਨੇ, ਜਿਸ ਦਾ ਕਿ ਬੀਜੇਪੀ ਨੂੰ ਪਿਛਲੇ ਦੋ ਤਿੰਨ ਸਾਲਾਂ ਦੇ ਵਿੱਚ ਭੁਗਤਾਨ ਕਰਨਾ ਪੈ ਰਿਹਾ ਹੈ। ਮੰਡੀ ਤੋਂ ਸਾਂਸਦ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਬੀਜੇਪੀ ਦੇ ਨੁਮਾਇੰਦਿਆਂ ਦੇ ਵਿਵਾਦਿਤ ਬਿਆਨਾਂ ਵਿੱਚ ਜਾਂ ਤਾਂ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਜਾਂ ਹਰ ਦਸਤਾਰਧਾਰੀ ਨੂੰ ਖ਼ਾਲਿਸਤਾਨੀ ਕਹਿ ਕੇ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਕੀ ਬੀਜੇਪੀ ਭਾਰਤੀ ਕਿਸਾਨਾਂ ਨੂੰ ਨਫ਼ਰਤ ਕਰਦੀ ਹੈ? ਲੰਘੇ ਦਿਨੀਂ ਕੰਗਨਾ ਦਾ ਇੱਕ ਬਿਆਨ ਆਉਂਦਾ ਹੈ ਕਿ ਤਿੰਨ ਖੇਤੀ ਕਾਨੂੰਨ ਵਾਪਸ ਆਉਣੇ ਚਾਹੀਦੇ ਨੇ। ਭਾਵੇਂਕਿ ਇਸ ਬਿਆਨ ਤੋਂ ਬਾਅਦ ਉਹਨਾਂ ਨੇ ਮਾਫ਼ੀ ਵੀ ਮੰਗੀ ਹੈ। ਤੁਹਾਨੂੰ ਯਾਦ ਹੋਣੈ ਕਿ ਕਿਸਾਨਾਂ ਨੇ ਸਿੰਘੂ ਤੇ ਟਿੱਕਰੀ ਬਾਰਡਰ ’ਤੇ ਬੈਠ ਕੇ ਅੱਤ ਦੀ ਗਰਮੀ, ਸਿਆਲ ਤੇ ਬਰਸਾਤਾਂ ਇਹਨਾਂ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਕਰਕੇ ਹੰਢਾਈਆਂ ਸਨ। 700 ਤੋਂ ਜ਼ਿਆਦਾ ਕਿਸਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ,ਪਰ ਏਸ ਸੰਘਰਸ਼ ਨੇ ਸਰਕਾਰ ਦੀਆਂ ਚੂਲਾਂ ਹਿਲਾ ਦਿੱਤੀਆਂ ਸੀ ਤੇ ਮਜਬੂਰਨ ਪ੍ਰਧਾਨ ਮੰਤਰੀ ਮੋਦੀ ਨੂੰ ਜਨਤਾ ਦੇ ਸਾਹਮਣੇ ਆ ਕੇ ਤਿੰਨ ਕਾਨੂੰਨ ਵਾਪਸ ਲੈਣੇ ਪਏ ਸੀ ਤੇ ਕਿਹਾ ਸੀ ਕਿ ਮੇਰੀ ਤਪੱਸਿਆ ਵਿੱਚ ਕੋਈ ਕਮੀ ਰਹਿ ਗਈ ਹੈ। ਜਿਥੋਂ ਤੱਕ ਕੰਗਨਾ ਦੀ ਗੱਲ ਹੈ ਉਹ ਪਹਿਲੀ ਵਾਰ ਨਹੀਂ ਸਗੋਂ ਵਾਰ ਵਾਰ ਕਿਸਾਨ ਵਿਰੋਧੀ ਬਿਆਨ ਦਿੰਦੀ ਆ ਰਹੀ ਹੈ। ਇਹ ਬਦਲੇ ਦੀ ਭਾਵਨਾ ਹੈ , ਸਾਜ਼ਿਸ਼ ਜਾਂ ਐਕਟਰ ਆਪਣੀ ਅਦਾਕਾਰੀ ਵਿਚੋਂ ਬਾਹਰ ਨਹੀਂ ਨਿਕਲ ਸਕਿਆ, ਸਮਝੋ ਬਾਹਰ ਹੈ। ਬਦਲਾ ਤਾਂ ਕਿਹਾ ਕਿ ਲੰਘੇ ਸਮੇਂ ਕੰਗਨਾ ਦੀ ਫ਼ਿਲਮ ਐਮਰਜੈਂਸੀ ਸੈਂਸਰ ਬੋਰਡ ਵਿੱਚ ਫਸੀ ਹੈ।
ਕੰਗਨਾ ਦੇ ਵਕੀਲ ਨੇ ਅਦਾਲਤ ਦੇ ਅੰਦਰ ਕਿਹਾ ਸੀ ਕਿ ਸੈਂਸਰ ਬੋਰਡ ਸਰਟੀਫਿਕੇਟ ਤਾਂ ਨਹੀਂ ਦੇ ਰਿਹਾ ਤਾਂ ਕਿ ਕਿਧਰੇ ਹਰਿਆਣਾ ਚੋਣਾਂ ਵਿੱਚ ਇਸ ਫ਼ਿਲਮ ਕਰਕੇ ਬੁਰਾ ਪ੍ਰਭਾਵ ਨਾ ਪਵੇ। ਸੋ ਸਾਫ਼ ਹੈ ਕਿ ਫ਼ਿਲਮ ਕਾਂਗਰਸ ਨਹੀਂ ਰੋਕ ਰਹੀ ਸਗੋਂ ਬੀਜੇਪੀ ਦਾ ਸੈਂਸਰ ਬੋਰਡ ਰੋਕ ਰਿਹਾ ਹੈ। ਇਹ ਤਾਂ ਉਹ ਗੱਲ ਹੋਈ ਕਿ ਬੀਜੇਪੀ ਵੈਸੇ ਨਹੀਂ ਬੱਸ ਰਾਜਨੀਤਿਕ ਕਾਰਨਾਂ ਕਰਕੇ ਕੰਗਨਾ ਦੇ ਖ਼ਿਲਾਫ਼ ਹੈ। ਹਰਿਆਣੇ ਚੋਣਾਂ ਦੇ ਨੇੜੇ ਫਿਰ ਕਿਸਾਨਾਂ ਦੇ ਖ਼ਿਲਾਫ਼ ਬਿਆਨ ਦੇਣਾ ਬੀਜੇਪੀ ਦੇ ਲਈ ਵੱਡਾ ਅੜਿੱਕਾ ਖੜ੍ਹਾ ਹੋ ਸਕਦਾ ਹੈ ਕਿਉਂਕਿ ਕਿਸਾਨਾਂ ਦਾ ਸੰਘਰਸ਼ ਸਿੰਘੂ ਤੇ ਟਿੱਕਰੀ ਤੋਂ ਬਾਅਦ ਮੁੱਕਿਆ ਨਹੀਂ ਸੀ ਸਗੋਂ ਅੱਜ ਵੀ ਚੱਲ ਰਿਹਾ ਹੈ। ਕੰਗਨਾ ਦਾ ਬਿਆਨ ਲੰਘੇ ਸਮੇਂ ਦੇ ਵਿੱਚ ਇਹ ਸੀ ਕਿ ਕਿਸਾਨੀ ਧਰਨੇ ਦੇ ਵਿੱਚ ਬਲਾਤਕਾਰ ਹੋਏ ਨੇ ਤੇ ਕਤਲ ਵੀ ਹੋਏ ਨੇ। ਸੋ ਏਸ ਵਿਵਾਦਤ ਬਿਆਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਪੱਖ ਰਖਣਾ ਪਿਆ ਸੀ ਕਿ ਕੰਗਨਾ ਰਣੌਤ ਨੂੰ ਸਾਡੇ ਵੱਲੋਂ ਨਹੀਂ ਕਿਹਾ ਗਿਆ ਕਿ ਉਹ ਰਾਜਨੀਤਿਕ ਮੁੱਦਿਆਂ ’ਤੇ ਬਿਆਨ ਦੇਵੇ। ਕੰਗਨਾ ਨੂੰ ਏਸ ਬਿਆਨਬਾਜ਼ੀ ਤੋਂ ਬਾਜ਼ ਆਉਣਾ ਚਾਹੀਦਾ ਹੈ। ਏਸ ਤੋਂ ਪਹਿਲਾਂ ਇੱਕ ਬਿਆਨ ਹੋਰ ਵੀ ਵਿਵਾਦਿਤ ਦਿੱਤਾ ਗਿਆ ਕਿ ਧਰਨੇ ’ਤੇ ਬੈਠੇ ਕਿਸਾਨਾਂ ਦੇ ਨਾਲ ਗੁਜਰਾਤ ਦੰਗਿਆਂ ਵਰਗਾ ਭਿਆਨਕ ਵਰਤਾਓ ਕੀਤਾ ਜਾਵੇ ਤੇ ਕਿਸਾਨਾਂ ਨੂੰ ਬਲੂ ਸਟਾਰ ਤੇ ਇੰਦਰਾ ਗਾਂਧੀ ਵੀ ਯਾਦ ਕਰਵਾਈ ਸੀ। ਇਹੋ ਜਿਹੇ ਮੂੰਹ ਫਟ ਬਿਆਨਾਂ ਕਰਕੇ ਹਰ ਇੱਕ ਪੰਜਾਬੀ ਦੇ ਅੰਦਰ ਕੰਗਨਾ ਦੇ ਖ਼ਿਲਾਫ਼ ਰੋਸ ਭਰਿਆ ਹੋਇਆ ਹੈ ਤਾਂ ਹੀ ਤਾਂ ਚੰਡੀਗੜ੍ਹ ਏਅਰਪੋਰਟ ’ਤੇ ਪਏ ਇੱਕ ਥੱਪੜ ਨੇ ਸਾਰਾ ਦੇਸ਼ ਹਿਲਾ ਦਿੱਤਾ ਸੀ। ਅਜੇ ਕੰਗਨਾ ਕਹਿੰਦੀ ਹੈ ਕਿ ਦੁਨੀਆਂ ਮੈਨੂੰ ਬੋਲਣ ਨਹੀਂ ਦਿੰਦੀ। ਕਿਸੇ ਨੂੰ ਕੁਝ ਵੀ ਬੋਲ ਦੇਣਾ ਕੰਗਨਾ ਦੀ ਫਿਤਰਤ ਹੈ। ਇੱਕ ਵਾਰ ਉਸ ਨੇ ਰਾਹੁਲ ਗਾਂਧੀ ਨੂੰ ਵੀ ਕਿਹਾ ਸੀ ਕਿ ਜਿਸ ਨੂੰ ਆਪਣੀ ਜਾਤ ਦਾ ਪਤਾ ਨਹੀਂ ਉਹ ਜਾਤੀ ਜਨਗਣਨਾ ਦੀ ਗੱਲ ਕਰਦਾ ਹੈ।
ਹੈਰਾਨੀ ਦੀ ਗੱਲ ਹੈ ਕਿ ਅਜਿਹੀ ਮੂੰਹ ਫਟ ਨੂੰ ਬੀਜੇਪੀ ਨੇ ਮੰਡੀ ਤੋਂ ਟਿਕਟ ਦਿੱਤਾ ਅਤੇ ਮੰਡੀ ਵਾਲਿਆਂ ਸਵੀਕਾਰ ਵੀ ਕਰ ਲਿਆ। ਕੋਈ ਸ਼ੱਕ ਨਹੀਂ ਕਿ ਬੀਜੇਪੀ ਨੇ ਅੱਜ ਤੱਕ ਰੱਜ ਕੇ ਲੋਕਾਂ ਨੂੰ ਧਰਮ ਦੇ ਨਾਮ ’ਤੇ ਲੜਾਇਆ, ਆਪਣੇ ਫਾਇਦੇ ਲਈ ਹੁੜਦੰਗ ਬਾਜੀ ਕੀਤੀ ਹੈ, ਪਰ ਜੋ ਸ਼ਬਦ ਇੱਕ ਵਾਰ ਜੁਬਾਨ ’ਚੋਂ ਬੀਜੇਪੀ ਕੱਢਦੀ ਹੈ ਤਾਂ ਲੋਕ ਖਾਸ ਕਰਕੇ ਕਿਸਾਨ ਉਹਨਾਂ ਦੇ ਦੁਬਾਰਾ ਮੂੰਹ ਵਿੱਚ ਪਾ ਦਿੰਦੇ ਨੇ, ਚੋਣਾਂ ਦੌਰਾਨ ਉਹਨਾਂ ਦੀ ਸੱਚਾਈ ਘਰ ਘਰ ਤੱਕ ਪਹੁੰਚਾ ਕੇ, ਜਿਵੇਂ ਅੱਜਕੱਲ੍ਹ ਹਰਿਆਣੇ ਵਿੱਚ ਭਾਜਪਾ ਨੂੰ ਵੋਟ ਨਾ ਪਾਉਣ ਦੇ ਕਾਰਨ ਲੋਕਾਂ ਨੂੰ ਹਰ ਗਲੀ ਮੁਹੱਲੇ ਦਸੇ ਜਾ ਰਹੇ ਨੇ। ਇਕੱਲੀ ਕੰਗਨਾ ਨਹੀਂ ਬਲਕਿ ਗਲਤ ਬਿਆਨਬਾਜ਼ੀ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਨਹੀਂ ਟਲਦੇ। ਕਿਸਾਨ ਸੰਘਰਸ਼ ਸਮੇਂ ਸਤਿਆਪਾਲ ਮਲਿਕ ਪ੍ਰਧਾਨ ਮੰਤਰੀ ਕੋਲ ਗਏ ਤੇ ਕਿਹਾ ਕਿ ਮੋਦੀ ਜੀ, 700 ਦੇ ਕਰੀਬ ਕਿਸਾਨ ਜਾਨ ਗੁਆ ਚੁੱਕੇ ਨੇ ਕੁਝ ਕਰੋ ਤਾਂ ਪੀ.ਐਮ. ਨੇ ਕਿਹਾ ਸੀ ਕਿ ਮੇਰੇ ਲਈ ਥੋੜਾ ਮਰੇ ਨੇ। ਫਿਰ ਮੋਦੀ ਜੀ ਪੰਜਾਬ ਆਉਂਦੇ ਨੇ ਤੇ ਇੱਕ ਪੁਲ ’ਤੇ ਫਸ ਜਾਂਦੇ ਨੇ ਤੇ ਫੇਰ ਪੰਜਾਬ ਦੇ ਮੁੱਖ ਮੰਤਰੀ ਨੂੰ ਸੁਨੇਹਾ ਦਿੰਦੇ ਨੇ ਕਿ ਮੈਂ ਪੰਜਾਬ ਤੋਂ ਜਾਨ ਬਚਾ ਕੇ ਵਾਪਸ ਆਇਆ ਹਾਂ। ਪਤਾ ਨਹੀਂ ਕਿਹੜੀ ਮਾਨਸਿਕਤਾ ਦੇ ਵਿਚੋਂ ਨਿਕਲਿਆ ਮੋਦੀ ਜੀ ਦਾ ਬਿਆਨ ਸੀ। ਕੰਗਨਾ ਦੇ ਬਿਆਨ ਤੋਂ ਬਾਅਦ ਹਰਿਆਣੇ ਵਿਚੋਂ ਆਵਾਜ਼ਾਂ ਆ ਰਹੀਆਂ ਨੇ ਕਿ ਕੰਗਨਾ ਦੇ ਬਿਆਨ ਦਾ ਜਵਾਬ ਪਹਿਲਾਂ ਹਰਿਆਣਾ ਦੇਵੇਗਾ। ਇਹ ਸੱਚ ਹੈ ਕਿ ਭਾਜਪਾ ਦੇ ਲਈ ਹਰਿਆਣੇ ਦੇ ਵਿੱਚ ਵਿਚਰਨਾ ਬਹੁਤ ਔਖਾ ਹੋ ਗਿਆ ਹੈ। ਉਹਨਾਂ ਦੀਆਂ ਰੈਲੀਆਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ।
ਭਾਜਪਾ ਨੇਤਾਵਾਂ ਨੂੰ ਭਜਾਇਆ ਜਾ ਰਿਹਾ ਹੈ। ਇਹ ਸਭ ਇਸ ਕਰਕੇ ਹੋ ਰਿਹਾ ਹੈ ਕਿ ਬੀਜੇਪੀ ਦੇ ਨੁਮਾਇੰਦਿਆਂ ਨੇ ਵਿਵਾਦਿਤ ਭਾਸ਼ਣ ਵੀ ਦਿੱਤੇ ਹਨ ਤੇ ਬਿਆਨਬਾਜ਼ੀ ਵੀ ਕੀਤੀ ਹੈ। ਸੋ ਕਿਸਾਨ ਮਾਨਸਿਕਤਾ ਬਦਲਾ ਲਊ ਨਹੀਂ ਹੈ। ਪਰ ਉਹ ਗਲਤ ਨੂੰ ਗਲਤ ਕਹਿਣ ਤੋਂ ਨਹੀਂ ਝਕਦੇ। ਖ਼ਾਲਿਸਤਾਨੀ, ਵੱਖਵਾਦੀ, ਅੱਤਵਾਦੀ, ਪਤਾ ਨਹੀਂ ਕੀ ਕੁਝ ਦੋਸ਼ ਕਿਸਾਨਾਂ ਦੇ ਸਿਰ ਮੜ੍ਹੇ ਨੇ। ਜਵਾਬ ਤਾਂ ਦੇਣਾ ਪਏਗਾ ਬੀਜੇਪੀ ਸਰਕਾਰ ਨੂੰ। ਭੁਗਤਾਨ ਵੀ ਕਰਨਾ ਪਵੇਗਾ ਨਹੀਂ ਤਾਂ ਹਰ ਮੋੜ ’ਤੇ ,ਹਰ ਚੁਰਾਹੇ ’ਤੇ, ਹਰ ਕਦਮ ’ਤੇ ਕਿਸਾਨਾਂ ਦਾ ਵਿਰੋਧ ਟੱਕਰਨਾ ਸੁਭਾਵਿਕ ਹੈ।
ਸੰਪਾਦਕੀ
Comments (0)