ਖਾੜਕੂ ਸੰਘਰਸ਼ ਉੱਤੇ ਬਰੀਕੀ ਨਾਲ ਚਾਨਣਾ ਪਾਉਂਦੀ ਕਿਤਾਬ : ਖਾੜਕੂ ਸੰਘਰਸ਼ ਦੀ ਸਾਖੀ
ਇਸਦੀਆਂ ਅਗਲੀਆਂ ਕਿਸ਼ਤਾਂ ਹੋਰ ਬਹੁਤ ਕੁਝ ਬਿਆਨ ਕਰਨਗੀਆਂ
ਸੰਘਰਸ਼ ਦੌਰਾਨ ਸਾਡੇ ‘ਚੋਂ ਹੀ ਖਾੜਕੂ ਸਨ, ਉਨ੍ਹਾਂ ਦੇ ਸਿੱਧੇ-ਅਸਿੱਧੇ ਹਮਾਇਤੀ ਸਨ, ਉਨ੍ਹਾਂ ਨੂੰ ਠਾਹਰ ਦੇਣ ਵਾਲੇ ਸਿਰੜੀ ਲੋਕ ਸਨ। ਸਾਡੇ ਵਿੱਚੋਂ ਹੀ ਕੈਟ ਸਨ, ਮਾੜੇ-ਚੰਗੇ ਪੁਲਸੀਏ ਸਨ। ਸਿਰੇ ਦੇ ਨਾਲ ਖੜ੍ਹਨ ਵਾਲੇ ਲੋਕ ਸਨ ਤੇ ਸਿਰੇ ਦੇ ਲਾਲਚੀ-ਭਗੌੜੇ ਲੋਕ ਵੀ ਸਨ। ਇਨ੍ਹਾਂ ਭੂਮਿਕਾਵਾਂ ਵਿੱਚ ਸਿੱਖ-ਹਿੰਦੂ ਤੇ ਮੁਸਲਮਾਨ ਕਿਤੇ ਚੰਗੀ ਤੇ ਕਿਤੇ ਮਾੜੀ ਭੂਮਿਕਾ ‘ਚ ਫਿੱਟ ਹੋ ਜਾਂਦੇ ਸਨ। ਕਿਸੇ ਦੀ ਵੀ ਭੂਮਿਕਾ ਹਾਲਾਤ ਮੁਤਾਬਕ ਬਦਲ ਜਾਂਦੀ ਸੀ। ਹਾਲਾਤ ਪੁਲਿਸ ਵਾਲੇ ਨੂੰ ਖਾੜਕੂ ਜਾਂ ਹਮਾਇਤੀ ਵੀ ਬਣਾ ਦਿੰਦੇ ਸਨ ਤੇ ਖਾੜਕੂ ਨੂੰ ਆਪਣੇ ਨਾਲਦੇ ਮਰਵਾਉਣ ਵਾਲਾ ਵੀ। ………. ਤੇ ਦੂਜੇ ਪਾਸੇ ਸਟੇਟ ਸੀ ਤੇ ਹੈ।
1978 ਤੋਂ ਸ਼ੁਰੂ ਹੋਇਆ ਮੌਜੂਦਾ ਸਿੱਖ ਸੰਘਰਸ਼ ਸੂਰਬੀਰਤਾ ਭਰੇ ਸਿਦਕ ਅਤੇ ਸਟੇਟ ਵੱਲੋਂ ਕਬਜ਼ੇ ਲਈ ਜ਼ੁਲਮ ਦੀ ਜੰਗ ਹੈ, ਜੋ ਵੱਖ ਵੱਖ ਰੂਪਾਂ ‘ਚ ਜਾਰੀ ਹੈ। ਭਾਈ ਦਲਜੀਤ ਸਿੰਘ ਬਿੱਟੂ ਦੀ ਇਹ ਕਿਤਾਬ ਜਿੱਥੇ ਅਰਦਾਸ, ਸਿਦਕ, ਸੂਰਬੀਰਤਾ ਦੀਆਂ ਬੇਮਿਸਾਲ ਸਾਖੀਆਂ ਪੇਸ਼ ਕਰਦੀ ਹੈ, ਉੱਥੇ ਕਿਤੇ ਨਾ ਕਿਤੇ ਪੰਥ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੀ ਹੈ ਕਿ ਕਈ ਥਾਈਂ ਨਾਲ ਖੜ੍ਹਨ ਵਾਲੇ ਨਹੀਂ ਡੋਲੇ ਪਰ ਅੱਗੇ ਤੁਰਨ ਵਾਲੇ ਸਿਦਕ ਨਾ ਦਿਖਾ ਸਕੇ। ਨਾਲ ਹੀ ਕਿਤੇ ਨਾ ਕਿਤੇ ਇਹ ਸੁਨੇਹਾ ਦਿੰਦੀ ਹੈ ਕਿ ਜ਼ੁਲਮ ਕਰਨ ਵਾਲੇ ਪੁਲਸੀਆਂ, ਕੈਟਾਂ-ਮੁਖ਼ਬਰਾਂ ਦਾ ਪੱਖ ਵੀ ਰਿਕਾਰਡ ਕੀਤਾ ਜਾਵੇ, ਉਮਰ ਦੇ ਆਖ਼ਰੀ ਪੜਾਅ ‘ਚ ਬਹੁਤੇ ਦੱਸ ਦੇਣਗੇ ਕਿ ਸਟੇਟ ਦੇ ਕੰਮ-ਕਾਜ ਦਾ ਤਰੀਕਾ ਕੀ ਸੀ, ਹਾਲਾਂਕਿ ਇਹ ਕਿਤਾਬ ਬਹੁਤ ਹੱਦ ਤੱਕ ਤਾਂ ਪੁਲਸੀਆਂ ਤੇ ਕੈਟਾਂ ਮੂੰਹੋਂ ਇਹ ਤਰੀਕਾ ਬਿਆਨ ਕਰ ਹੀ ਦਿੰਦੀ ਹੈ, ਬਹੁਤ ਹੀ ਸੂਖਮਤਾ ਨਾਲ।
ਪੰਜਾਬ ਨਾਲ ਪਿਆਰ ਕਰਨ ਵਾਲੇ ਹਰ ਸ਼ਖ਼ਸ ਲਈ ਉਸ ਸਮੇਂ ਅਤੇ ਸੰਘਰਸ਼ ਨੂੰ ਬਾਰੀਕੀ ਨਾਲ ਸਮਝਣ ਵਾਸਤੇ ਇਹ ਕਿਤਾਬ ਪੜ੍ਹਨੀ ਲਾਜ਼ਮੀ ਹੈ। ਇਸ ਕੋਣ ਤੋਂ ਕੋਈ ਜਰਨੈਲ ਹੀ ਲਿਖ ਸਕਦਾ ਸੀ।
ਇਸਦੀਆਂ ਅਗਲੀਆਂ ਕਿਸ਼ਤਾਂ ਹੋਰ ਬਹੁਤ ਕੁਝ ਬਿਆਨ ਕਰਨਗੀਆਂ।
ਗੁਰਪ੍ਰੀਤ ਸਿੰਘ ਸਹੋਤਾ
| ਸਰੀ | ਚੜ੍ਹਦੀ ਕਲਾ
Comments (0)