ਪੈਸੇ ਨਿਵੇਸ਼ ਕਰਨ ਲਈ ਅਯੁੱਧਿਆ ਤੇ ਉਸ ਦੇ ਆਲੇ-ਦੁਆਲੇ ਦਾ ਇਲਾਕਾ ਧੰਨਾ ਸੇਠਾਂ ਲਈ ਪਸੰਦੀਦਾ ਥਾਂ ਬਣਿਆ

ਪੈਸੇ ਨਿਵੇਸ਼ ਕਰਨ ਲਈ ਅਯੁੱਧਿਆ ਤੇ ਉਸ ਦੇ ਆਲੇ-ਦੁਆਲੇ ਦਾ ਇਲਾਕਾ ਧੰਨਾ ਸੇਠਾਂ ਲਈ ਪਸੰਦੀਦਾ ਥਾਂ ਬਣਿਆ

 *ਗੋਂਡਾ ਤੇ ਬਸਤੀ ਦੇ ਘੱਟੋ-ਘੱਟ 25 ਪਿੰਡਾਂ ਵਿਚ ਜ਼ਮੀਨ ਖਰੀਦਣ ਦੀ ਗਿਣਤੀ ਵਿਚ 30 ਫੀਸਦੀ ਵਾਧਾ 

*ਰਜਿਸਟਰੀਆਂ ਕਰਾਉਣ ਵਾਲਿਆਂ ਵਿਚ ਸਿਆਸੀ ਆਗੂ , ਸਰਕਾਰੀ ਅਧਿਕਾਰੀਆਂ ਦੇ ਕਰੀਬੀ ਤੇ ਵੱਡੇ ਕਾਰੋਬਾਰੀ ਵੀ ਸ਼ਾਮਲ

ਅੰਗਰੇਜ਼ੀ ਅਖਬਾਰ ‘ਦੀ ਇੰਡੀਅਨ ਐੱਕਸਪ੍ਰੈੱਸ’ ਦੀ ਖਬਰ ਸੀ ਕਿ ਨਵੰਬਰ 2019 ਵਿਚ ਰਾਮ ਮੰਦਰ ਦੀ ਉਸਾਰੀ ਦੀ ਆਗਿਆ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਲੈ ਕੇ ਮਾਰਚ 2024 ਤੱਕ ਅਯੁੱਧਿਆ ਤੇ ਉਸ ਦੇ ਨਾਲ ਲੱਗਦੇ ਜ਼ਿਲ੍ਹੇ ਗੋਂਡਾ ਤੇ ਬਸਤੀ ਦੇ ਘੱਟੋ-ਘੱਟ 25 ਪਿੰਡਾਂ ਵਿਚ ਜ਼ਮੀਨ ਖਰੀਦਣ ਦੀ ਗਿਣਤੀ ਵਿਚ 30 ਫੀਸਦੀ ਵਾਧਾ ਹੋਇਆ ਹੈ। ਇਹ ਪਿੰਡ ਮੰਦਰ ਦੇ 15 ਕਿਲੋਮੀਟਰ ਦੇ ਦਾਇਰੇ ਵਿਚ ਆਉਦੇ ਹਨ। ਰਜਿਸਟਰੀਆਂ ਕਰਾਉਣ ਵਾਲਿਆਂ ਵਿਚ ਸਿਆਸੀ ਆਗੂਆਂ ਤੇ ਸਰਕਾਰੀ ਅਧਿਕਾਰੀਆਂ ਦੇ ਕਰੀਬੀਆਂ ਤੋਂ ਇਲਾਵਾ ਵੱਡੇ ਕਾਰੋਬਾਰੀ ਵੀ ਹਨ। ਅਰੁਣਾਚਲ ਦੇ ਉਪ ਮੁੱਖ ਮੰਤਰੀ ਚੌਨਾ ਮੀਨ ਦੇ ਦੋਵਾਂ ਬੇਟਿਆਂ ਚੌ ਕਾਨ ਸੇਂਗ ਮੀਨ ਤੇ ਆਦਿਤਿਆ ਮੀਨ ਨੇ ਸਤੰਬਰ 2022 ਤੇ ਸਤੰਬਰ 2023 ਵਿਚਾਲੇ ਸਰਯੂ ਨਦੀ ਦੇ ਪਾਰ ਮਹੇਸ਼ਪੁਰ (ਗੋਂਡਾ) ਵਿਚ ਮੰਦਰ ਤੋਂ 8 ਕਿਲੋਮੀਟਰ ਦੂਰ 3.99 ਹੈਕਟੇਅਰ ਜ਼ਮੀਨ 3.72 ਕਰੋੜ ਰੁਪਏ ਵਿਚ ਖਰੀਦੀ। 25 ਅਪ੍ਰੈਲ 2023 ਵਿਚ ਉਨ੍ਹਾਂ 0.768 ਹੈਕਟੇਅਰ ਜ਼ਮੀਨ 98 ਲੱਖ ਰੁਪਏ ਵਿਚ ਵੇਚੀ। ਆਦਿਤਿਆ ਮੀਨ ਨੇ ਦੱਸਿਆ ਕਿ ਉਨ੍ਹਾ ਹੋਟਲ ਬਣਾਉਣ ਲਈ ਜ਼ਮੀਨ ਖਰੀਦੀ। ਮਹਿਲਾ ਭਲਵਾਨ ਦਾ ਜਿਸਮਾਨੀ ਸ਼ੋਸ਼ਣ ਕਰਨ ਦੇ ਦੋਸ਼ ਦਾ ਸਾਹਮਣਾ ਕਰ ਰਹੇ ਸਾਬਕਾ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਦਾ ਬੇਟਾ ਕਰਣ ਭੂਸ਼ਣ, ਜੋ ਨੰਦਿਨੀ ਇਨਫਰਾਸਟ੍ਰਕਟਰ ਦਾ ਮਾਲਕ ਹੈ, ਨੇ ਵੀ ਮਹੇਸ਼ਪੁਰ ਵਿਚ ਜਨਵਰੀ 2023 ਵਿਚ 0.97 ਹੈਕਟੇਅਰ ਜ਼ਮੀਨ 1.15 ਕਰੋੜ ਰੁਪਏ ਵਿਚ ਖਰੀਦੀ। ਜੁਲਾਈ 2023 ਵਿਚ 635.72 ਵਰਗ ਮੀਟਰ ਜ਼ਮੀਨ 60.96 ਲੱਖ ਰੁਪਏ ਵਿਚ ਵੇਚ ਦਿੱਤੀ। ਬਿ੍ਰਜ ਭੂਸ਼ਣ ਨੂੰ ਟਿਕਟ ਨਾ ਮਿਲਣ ’ਤੇ ਉਸ ਦੀ ਥਾਂ ਕੈਸਰਗੰਜ ਤੋਂ ਭਾਜਪਾ ਦੀ ਟਿਕਟ ’ਤੇ ਲੜਿਆ ਕਰਣ ਭੂਸ਼ਣ ਲੋਕ ਸਭਾ ਚੋਣ ਜਿੱਤ ਗਿਆ ਸੀ।

 ਯੂ ਪੀ ਸਪੈਸ਼ਲ ਟਾਸਕ ਫੋਰਸ ਦੇ ਐਡੀਸ਼ਨਲ ਡੀ ਜੀ ਪੀ ਅਮਿਤਾਭ ਯਸ਼ ਦੀ ਮਾਤਾ ਗੀਤਾ ਸਿੰਘ ਨੇ ਫਰਵਰੀ 2022 ਤੋਂ ਫਰਵਰੀ 2024 ਤੱਕ ਮਹੇਸ਼ਪੁਰ ਤੇ ਦੁਰਗਾਗੰਜ (ਗੋਂਡਾ) ਤੇ ਮਊ ਯਦੁਵੰਸ਼ਪੁਰ (ਅਯੁੱਧਿਆ) ਵਿਚ ਮੰਦਰ ਤੋਂ ਕੁਝ ਕਿਲੋਮੀਟਰ ਦੂਰ 9.955 ਹੈਕਟੇਅਰ ਖੇਤੀ ਜ਼ਮੀਨ 4.04 ਕਰੋੜ ਰੁਪਏ ਵਿਚ ਖਰੀਦੀ। 16 ਅਗਸਤ 2023 ਨੂੰ ਮਹੇਸ਼ਪੁਰ ਵਿਚ 0.505 ਹੈਕਟੇਅਰ ਜ਼ਮੀਨ 20.40 ਲੱਖ ਰੁਪਏ ਵਿਚ ਵੇਚ ਦਿੱਤੀ। ਯੂ ਪੀ ਦੇ ਗ੍ਰਹਿ ਵਿਭਾਗ ਦੇ ਸਕੱਤਰ ਸੰਜੀਵ ਗੁਪਤਾ ਦੀ ਪਤਨੀ ਡਾ. ਚੇਤਨਾ ਗੁਪਤਾ ਨੇ 5 ਅਗਸਤ 2022 ਨੂੰ ਰਾਮ ਮੰਦਰ ਤੋਂ 14 ਕਿਲੋਮੀਟਰ ਦੂਰ ਬਨਵੀਰਪੁਰ ਵਿਚ 253 ਵਰਗ ਮੀਟਰ ਰਿਹਾਇਸ਼ੀ ਜ਼ਮੀਨ 35.92 ਲੱਖ ਰੁਪਏ ਵਿਚ ਖਰੀਦੀ ਤੇ ਬਾਅਦ ਵਿਚ ਵੇਚ ਦਿੱਤੀ। 

ਯੂ ਪੀ ਦੇ ਸਿੱਖਿਆ ਵਿਭਾਗ ਦੇ ਜਾਇੰਟ ਡਾਇਰੈਕਟਰ ਅਰਵਿੰਦ ਕੁਮਾਰ ਪਾਂਡੇ ਤੇ ਉਸ ਦੀ ਪਤਨੀ ਮਮਤਾ ਨੇ ਜੂਨ ਤੇ ਅਗਸਤ 2023 ਦਰਮਿਆਨ ਮੰਦਰ ਤੋਂ 7 ਕਿਲੋਮੀਟਰ ਦੂਰ ਸ਼ਾਹਨਵਾਜ਼ਪੁਰ ਮਾਝਾ ਵਿਚ 64.57 ਲੱਖ ਰੁਪਏ ਵਿਚ 1051 ਵਰਗ ਮੀਟਰ ਰਿਹਾਇਸ਼ੀ ਜ਼ਮੀਨ ਖਰੀਦੀ। ਪਾਂਡੇ ਭਿ੍ਰਸ਼ਟਾਚਾਰ ਦੇ ਦੋਸ਼ਾਂ ਕਾਰਨ ਮੁਅੱਤਲ ਹੈ। ਪਤਨੀ ਮਮਤਾ ਬਸਤੀ ਵਿਚ ਭਾਜਪਾ ਆਗੂ ਹੈ ਤੇ ਅਯੁੱਧਿਆ ਵਿਚ 2022 ਵਿਚ ਖੁੱਲ੍ਹੇ ਹੋਟਲ ‘ਦੀ ਰਾਮਾਇਣ’ ਦੀ ਮੈਨੇਜਿੰਗ ਡਾਇਰੈਕਟਰ ਹੈ। ਰੇਲਵੇ ਦੇ ਡਿਪਟੀ ਚੀਫ ਇੰਜੀਨੀਅਰ ਮਹਾਬਲ ਪ੍ਰਸਾਦ ਦੇ ਬੇਟੇ ਅੰਸ਼ੁਲ ਨੇ ਨਵੰਬਰ 2023 ਵਿਚ ਸ਼ਾਹਨਵਾਜ਼ਪੁਰ ਮਾਝਾ ’ਚ ਇਕ ਹੋਰ ਵਿਅਕਤੀ ਨਾਲ ਮਿਲ ਕੇ 0.304 ਹੈਕਟੇਅਰ ਖੇਤੀ ਜ਼ਮੀਨ 24 ਲੱਖ ਰੁਪਏ ਵਿਚ ਖਰੀਦੀ।

ਜ਼ਰੂਰੀ ਨਹੀਂ ਕਿ ਭਾਜਪਾ ਆਗੂਆਂ ਨੇ ਹੀ ਜ਼ਮੀਨਾਂ ਖਰੀਦੀਆਂ ਹਨ, ਕਾਂਗਰਸ, ਬਸਪਾ ਤੇ ਸਮਾਜਵਾਦੀ ਪਾਰਟੀ ਦੇ ਵੀ ਕਈ ਆਗੂ ਜ਼ਮੀਨਾਂ ਖਰੀਦਣ ਵਾਲਿਆਂ ਵਿਚ ਸ਼ਾਮਲ ਹਨ।

 ਇਨ੍ਹਾਂ ਤੋਂ ਇਲਾਵਾ ਮੁੰਬਈ ਦੀ ਨਾਮੀ ਰੀਅਲ ਅਸਟੇਟ ਕੰਪਨੀ ‘ਹੋਬਲ’ ਨੇ ਪਹਿਲਾਂ ਮੰਦਰ ਤੋਂ 12 ਕਿਲੋਮੀਟਰ ਦੂਰ ਸਰਯੂ ਨਦੀ ਦੇ ਤੱਟ ’ਤੇ ਤਿਹੁਰਾ ਮਾਝਾ ਵਿਚ 17.73 ਹੈਕਟੇਅਰ ਖੇਤੀ ਜ਼ਮੀਨ ਤੇ 12693 ਵਰਗ ਮੀਟਰ ਰਿਹਾਇਸ਼ੀ ਜ਼ਮੀਨ 74.15 ਕਰੋੜ ਰੁਪਏ ਵਿਚ ਖਰੀਦੀ। ਇਸ ਤੋਂ ਬਾਅਦ ਇਸੇ ਪਿੰਡ ਵਿਚ 31.24 ਕਰੋੜ ਦੀ 7.54 ਹੈਕਟੇਅਰ ਜ਼ਮੀਨ ਹੋਰ ਖਰੀਦੀ। ਕੰਪਨੀ ਦਾ ਮਾਲਕ ਅਭਿਨੰਦਨ ਮੰਗਲ ਪ੍ਰਭਾਤ ਲੋਢਾ ਹੈ, ਜੋ ਮਹਾਰਾਸ਼ਟਰ ਦੇ ਮੰਤਰੀ ਮੰਗਲ ਪ੍ਰਭਾਤ ਲੋਢਾ ਦਾ ਪੁੱਤਰ ਤੇ ਗੁਹਾਟੀ ਹਾਈ ਕੋਰਟ ਦੇ ਮਰਹੂਮ ਚੀਫ ਜਸਟਿਸ ਤੇ ਭਾਜਪਾ ਦੇ ਸਾਬਕਾ ਸਾਂਸਦ ਗੁਮਾਨ ਮੱਲ ਲੋਢਾ ਦਾ ਪੋਤਾ ਹੈ। ਗੁਮਾਨ ਮੱਲ ਰਾਮ ਮੰਦਰ ਅੰਦੋਲਨ ਦੇ ਮੂਹਰਲੇ ਆਗੂਆਂ ਵਿਚ ਰਿਹਾ। ਅਡਾਨੀ ਗਰੁੱਪ ਨੇ ਪਿਛਲੇ ਸਾਲ ਹੋਮਕੁਐਸਟ ਇਨਫ੍ਰਾਸਪੇਸ ਨਾਂਅ ਦੀ ਸਹਾਇਕ ਕੰਪਨੀ ਬਣਾ ਕੇ ਨਵੰਬਰ ਤੇ ਦਸੰਬਰ ਵਿਚਾਲੇ ਮੰਦਰ ਤੋਂ 6 ਕਿਲੋਮੀਟਰ ਦੂਰ ਮਾਝਾ ਜਾਮਥਾਰਾ ਵਿਚ 3.55 ਕਰੋੜ ਦੀ 1.4 ਹੈਕਟੇਅਰ ਤੋਂ ਵੱਧ ਖੇਤੀ ਜ਼ਮੀਨ ਖਰੀਦੀ। ਇਨ੍ਹਾਂ ਤੋਂ ਇਲਾਵਾ ਦੇਸ਼-ਭਰ ਦੀਆਂ ਕਈ ਹੋਰ ਰੀਅਲ ਅਸਟੇਟ ਕੰਪਨੀਆਂ ਤੇ ਹੋਟਲ ਮਾਲਕਾਂ ਨੇ ਵੀ ਜ਼ਮੀਨਾਂ ਖਰੀਦੀਆਂ ਹਨ।

ਰਾਮ ਮੰਦਰ ਬਣਨ ਦਾ ਇਲਾਕੇ ਦੇ ਲੋਕਾਂ ਨੂੰ ਕੋਈ ਫਾਇਦਾ ਹੋਇਆ ਹੋਵੇ ਜਾਂ ਨਾ, ਪਰ ਧਨਕੁਬੇਰਾਂ ਨੂੰ ਪੈਸੇ ਨਿਵੇਸ਼ ਕਰਨ ਲਈ ਅਯੁੱਧਿਆ ਤੇ ਉਸ ਦੇ ਆਲੇ-ਦੁਆਲੇ ਦਾ ਇਲਾਕਾ ਪਸੰਦੀਦਾ ਥਾਂ ਬਣ ਗਿਆ ਹੈ।