ਗੁਰੂ ਦੇ ਬਖ਼ਸ਼ੇ ਗੰਗਾ ਸਾਗਰ ਦੀ ਸੰਭਾਲ ਕਰ ਰਿਹਾ ਹੈ ਰਾਏ ਕੱਲਾ ਦਾ ਪਰਿਵਾਰ

ਗੁਰੂ ਦੇ ਬਖ਼ਸ਼ੇ ਗੰਗਾ ਸਾਗਰ ਦੀ ਸੰਭਾਲ ਕਰ ਰਿਹਾ ਹੈ ਰਾਏ ਕੱਲਾ ਦਾ ਪਰਿਵਾਰ

ਅੱਜਕਲ੍ਹ ਜਦੋਂ ਸਿੱਖ ਪੰਥ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਯਾਦ ਵਿਚ ਸ਼ਹੀਦੀ ਸਪਤਾਹ ਮਨਾ ਰਿਹਾ ਹੈ ਤਾਂ ਸਾਡਾ ਧਿਆਨ ਸੁਭਾਵਿਕ ਤੌਰ 'ਤੇ ਰਾਇਕੋਟ ਰਿਆਸਤ ਦੇ ਉਸ ਸਮੇਂ ਦੇ ਮੁਖੀ ਰਾਇ ਕੱਲਾ ਵੱਲ ਵੀ ਜਾਂਦਾ ਹੈ, ਜਿਨ੍ਹਾਂ ਨੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਸਮੇਂ ਮੁਗ਼ਲ ਹਕੂਮਤ ਦੇ ਜ਼ੁਲਮ ਤੇ ਜਬਰ ਦੀ ਪ੍ਰਵਾਹ ਨਾ ਕਰਦਿਆਂ ਰਾਏਕੋਟ ਵਿਖੇ ਟਹਿਲ-ਸੇਵਾ ਕੀਤੀ ਸੀ।

ਗੁਰੂ ਜੀ ਨੇ ਉਨ੍ਹਾਂ ਨੂੰ ਗੰਗਾ ਸਾਗਰ (ਸੁਰਾਹੀਨੁਮਾ ਬਰਤਨ), ਕ੍ਰਿਪਾਨ ਤੇ ਰੀਹਲ ਆਦਿ ਵਸਤਾਂ ਦੀ ਬਖ਼ਸ਼ਿਸ਼ ਕੀਤੀ ਸੀ। ਕਈ ਪੀੜ੍ਹੀਆਂ ਤੋਂ ਇਹ ਪਰਿਵਾਰ ਗੰਗਾ ਸਾਗਰ ਦੀ ਸੰਭਾਲ ਕਰ ਰਿਹਾ ਹੈ ਅਤੇ ਸਮੇਂ-ਸਮੇਂ ਸੰਗਤਾਂ ਨੂੰ ਉਸ ਦੇ ਦਰਸ਼ਨ ਵੀ ਕਰਵਾਉਂਦਾ ਹੈ। ਪਰਿਵਾਰ ਦੇ ਪਿਛੋਕੜ ਤੇ ਵਰਤਮਾਨ ਬਾਰੇ ਇਸ ਲੇਖ ਵਿਚ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਜੈਸਲਮੇਰ (ਰਾਜਸਥਾਨ) ਤੋਂ ਆਏ ਰਾਏ ਤੁਲਸੀ ਦਾਸ ਰਾਜਾ ਵਿਕਰਮਾ ਦਿੱਤਯ ਸਮੇਂ ਹਠੂਰ ਦੇ ਰਾਜਾ ਬਣੇ। ਉਨ੍ਹਾਂ ਨੇ ਸੰਨ 1251 'ਚ ਤਨਵਰ ਰਾਜਪੂਤ ਰਾਜੇ ਨੂੰ ਹਰਾ ਕੇ ਮੋਗਾ ਤੇ ਲੁਧਿਆਣਾ ਖੇਤਰ ਦੇ ਕੁਝ ਇਲਾਕੇ ਮਿਲਾ ਕੇ ਰਾਏਕੋਟ ਨੂੰ ਆਪਣੀ ਰਾਜਧਾਨੀ ਬਣਾ ਲਿਆ। ਸੂਫ਼ੀ ਫ਼ਕੀਰ ਪੀਰ ਸੱਯਦ ਕਬੀਰ ਬੁਖ਼ਾਰੀ ਜੀ ਅਤੇ ਉਨ੍ਹਾਂ ਦੇ ਗੱਦੀਨਸ਼ੀਨ ਪੰਜ ਪੀਰ ਮਖ਼ਦੂਮ ਜਹਾਨੀਆ ਗਸ਼ਤ ਦੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਇਨ੍ਹਾਂ ਨੇ ਇਸਲਾਮ ਧਾਰਨ ਕਰ ਲਿਆ ਅਤੇ ਸਿਰਾਜ-ਉਦ-ਦੀਨ ਕਲੀਮ-ਉਦ-ਦੀਨ ਦੇ ਮੁਸਲਿਮ ਨਾਂਅ ਨਾਲ ਜਾਣੇ ਜਾਣ ਲੱਗੇ। ਇਲਾਕੇ ਵਿਚ ਆਪ ਸ਼ੇਖ ਚਾਚੂ ਦੇ ਨਾਂਅ ਨਾਲ ਵੀ ਜਾਣੇ ਜਾਂਦੇ ਸਨ। ਉਨ੍ਹਾਂ ਦੇ ਉੱਤਰਾ ਅਧਿਕਾਰੀਆਂ ਵਲੋਂ ਹਠੂਰ ਤੋਂ ਇਲਾਵਾ ਰਾਏਕੋਟ, ਚਕਰ, ਜਗਰਾਉਂ, ਹਲਵਾਰਾ, ਤਲਵੰਡੀ ਰਾਏ, ਧਨੇਰ, ਸ਼ਾਹਬਾਜ਼ਪੁਰ, ਕਸਬਾ, ਕੁਤਬਾ, ਤਲਵਣ, ਨਕੋਦਰ ਸਮੇਤ ਵਰਤਮਾਨ ਜਲੰਧਰ ਜ਼ਿਲ੍ਹੇ ਦੇ ਮੰਜਕੀ ਇਲਾਕੇ ਦੇ 12 ਪਿੰਡ ਵਸਾਏ। ਇਸ ਦਾ ਹਵਾਲਾ ਫਰਾਂਸਿਸ ਮੈਸੀ ਦੀ ਪੁਸਤਕ ਚੀਫ਼ਸ ਆਫ਼ ਪੰਜਾਬ ਵਿਚ ਵੀ ਮਿਲਦਾ ਹੈ। ਰਾਏ ਕਮਾਲ-ਉਦ-ਦੀਨ ਰਾਏ ਸਿਰਾਜ-ਉਦ-ਦੀਨ (ਸ਼ੇਖ਼ ਚਾਚੂ) ਦੇ ਉੱਤਰਾਅਧਿਕਾਰੀ ਬਣੇ। ਆਪ ਰਾਏ ਸ਼ਾਹਬਾਜ਼ ਖ਼ਾਨ ਦੇ ਇਕਲੌਤੇ ਸਪੁੱਤਰ ਸਨ। ਰਾਏ ਕਮਾਲ-ਉਦ-ਦੀਨ ਦੇ ਅੱਗਿਉਂ ਇਕਲੌਤੇ ਫ਼ਰਜ਼ੰਦ ਰਾਏ ਕੱਲ੍ਹਾ ਜੀ ਸਨ। ਭਾਵੇਂ ਰਾਏਕੋਟ ਰਿਆਸਤ ਇਸਲਾਮੀ ਅਸਰ ਕਬੂਲ ਕਰ ਚੁੱਕੀ ਸੀ ਪਰ ਇਸ ਦੇ ਮੁਖੀ ਰਾਏ ਕੱਲ੍ਹਾ ਜੀ ਸਰਬ ਧਰਮ ਸਤਿਕਾਰ ਦੇ ਵਿਸ਼ਵਾਸੀ ਸਨ। ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਛੱਡਣ ਵੇਲੇ ਮੁਗ਼ਲੀਆ ਹਕੂਮਤ ਅਤੇ ਪਹਾੜੀ ਰਾਜੇ ਆਪ ਜੀ ਦੇ ਖ਼ੂਨ ਦੇ ਪਿਆਸੇ ਸਨ। ਉਸ ਖ਼ਤਰਨਾਕ ਸਮੇਂ ਆਪਣੀ ਜਾਨ ਮਾਲ ਦੀ ਪ੍ਰਵਾਹ ਕੀਤੇ ਬਗ਼ੈਰ ਮੁਸਲਮਾਨ ਹੋਣ ਦੇ ਬਾਵਜੂਦ ਦਸਮੇਸ਼ ਪਿਤਾ ਜੀ ਦਾ ਸਾਥ ਨਿਭਾਇਆ। ਗੁਰੂ ਸਾਹਿਬ ਜੀ ਨੂੰ ਰਿਹਾਇਸ਼ ਲਈ ਆਪਣੀ ਹਵੇਲੀ ਤੇ ਸੁਰੱਖਿਆ ਛਤਰੀ ਮੁਹੱਈਆ ਕਰਵਾਈ। ਗੁਰੂ ਸਾਹਿਬ ਦੀ ਟਹਿਲ ਸੇਵਾ 'ਚ ਆਪ ਹਰ ਪਲ ਹਾਜ਼ਰ ਰਹੇ। ਗੁਰੂ ਜੀ ਵਲੋਂ ਦਿੱਤੀਆਂ ਬਖ਼ਸ਼ਿਸ਼ਾਂ ਸਦਕਾ ਗੁਰਦੁਆਰਾ ਟਾਹਲੀਆਣਾ ਸਾਹਿਬ ਇਸੇ ਅਟੁੱਟ ਸਾਂਝ ਦੀ ਗਵਾਹੀ ਦਿੰਦਾ ਹੈ। ਰਾਏ ਕੱਲ੍ਹਾ ਦਾ ਇਕਲੌਤਾ ਸਪੁੱਤਰ ਰਾਏ ਮੁਹੰਮਦ ਰਿਆਸਤ ਦਾ ਮੁਖੀ ਬਣਿਆ। ਰਾਏ ਮੁਹੰਮਦ ਦਾ ਸਪੁੱਤਰ ਰਾਏ ਅਲਿਆਸ ਅਗਲਾ ਵਾਰਿਸ ਸੀ ਜੋ 1802 'ਚ ਜਗਰਾਉਂ ਨੇੜੇ ਸ਼ਿਕਾਰ ਖੇਡਦਾ ਜਾਨ ਗੁਆ ਬੈਠਾ। ਰਾਏ ਅਲਿਆਸ ਦੀ ਮਾਤਾ ਨੂਰ-ਉਨ-ਨਿਸਾ ਅਤੇ ਬੇਗ਼ਮ ਰਾਣੀ ਭਾਗਭਰੀ ਵਲੋਂ ਇਸ ਵੇਲੇ ਰਿਆਸਤ ਦੀ ਵਾਗਡੋਰ ਸੰਭਾਲੀ ਗਈ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ 1806 'ਚ ਰਾਏਕੋਟ ਰਿਆਸਤ ਨੂੰ ਖ਼ਾਲਸਾ ਰਾਜ ਵਿਚ ਸ਼ਾਮਿਲ ਕਰ ਲਿਆ ਗਿਆ। ਰਾਣੀ ਭਾਗਭਰੀ ਨੂੰ ਰਿਆਸਤ ਦਾ ਕੁਝ ਇਲਾਕਾ ਜਾਗੀਰ ਵਜੋਂ ਦੇ ਦਿੱਤਾ ਗਿਆ।

ਰਾਏ ਇਮਾਮ ਬਖ਼ਸ਼ : ਰਾਣੀ ਭਾਗਭਰੀ ਦਾ ਮੁਤਬੰਨਾ ਪੁੱਤਰ ਰਾਏ ਇਮਾਮ ਬਖ਼ਸ਼ ਸੀ ਜੋ ਰਾਏਕੋਟ ਦੇ ਬਾਨੀਆਂ 'ਚੋਂ ਇਕ ਰਾਏ ਫ਼ਤਹਿ ਖ਼ਾਨ ਦਾ ਪੜਦੋਹਤਾ ਸੀ। ਰਾਣੀ ਭਾਗਭਰੀ ਨੇ ਸੰਨ 1854 ਵਿਚ ਇਮਾਮ ਬਖ਼ਸ਼ ਨੂੰ ਆਪਣਾ ਉੱਤਰਾਅਧਿਕਾਰੀ ਐਲਾਨਿਆ। ਇਤਿਹਾਸਕਾਰ ਲੈਪਲ ਹੈਨਰੀ ਗ੍ਰਿਫਨ ਦੀ ਪੁਸਤਕ ਰਾਜਾਜ਼ ਆਫ਼ ਪੰਜਾਬ (1870) ਦੇ ਪੰਨਾ 60 'ਤੇ ਇਹ ਹਵਾਲਾ ਮਿਲਦਾ ਹੈ। ਰਾਏ ਇਮਾਮ ਬਖ਼ਸ਼ ਦੀ 1886 ਵਿਚ ਮੌਤ ਮਗਰੋਂ ਉਨ੍ਹਾਂ ਦੇ 1846 'ਚ ਜਨਮੇ ਪੁੱਤਰ ਰਾਏ ਫ਼ੈਜ਼ ਤਾਲਿਬ ਖ਼ਾਨ ਰਿਆਸਤ ਦੇ ਮੁਖੀ ਬਣੇ।

ਬ੍ਰਿਟਿਸ਼ ਹਕੂਮਤ ਅਧੀਨ ਉਹ ਮਿਊਂਸੀਪਲ ਕਮੇਟੀ ਦੇ ਪ੍ਰਧਾਨ, ਮੈਜਿਸਟਰੇਟ ਤੇ ਸਿਵਲ ਜੱਜ ਵਜੋਂ ਵੀ ਕਾਰਜਸ਼ੀਲ ਰਹੇ। ਲੈਪਲ ਗ੍ਰਿਫਨ ਮੁਤਾਬਿਕ ਆਪ ਦੀ ਮੌਤ ਸੰਨ 1900 'ਚ ਹੋਈ ਜਿਸ ਉਪਰੰਤ ਰਿਆਸਤ ਦੀ ਵਾਗਡੋਰ ਉਨ੍ਹਾਂ ਦੇ 1877 'ਚ ਜਨਮੇ ਸਪੁੱਤਰ ਰਾਏ ਇਨਾਇਤ ਖ਼ਾਨ ਸਾਹਿਬ ਨੇ ਸੰਭਾਲੀ। ਆਪ ਨੇ ਮਿਊਂਸੀਪਲ ਕਮੇਟੀ ਜਗਰਾਉਂ ਦੇ ਪ੍ਰਧਾਨ ਦੀ ਸੇਵਾ ਵੀ ਸੰਭਾਲੀ। ਮੈਜਿਸਟਰੇਟ ਹੋਣ ਤੋਂ ਇਲਾਵਾ ਆਪ ਨੂੰ 1935 ਵਿਚ ਜਗਰਾਉਂ ਤਹਿਸੀਲ ਦਾ ਸਿਵਲ ਜੱਜ ਨਿਯੁਕਤ ਕੀਤਾ ਗਿਆ। 1947 'ਚ ਆਪ ਦੇਸ਼ ਵੰਡ ਕਾਰਨ ਪਾਕਿਸਤਾਨ ਚਲੇ ਗਏ। ਆਪ 1953 'ਚ ਅੱਲ੍ਹਾ ਨੂੰ ਪਿਆਰੇ ਹੋ ਗਏ। ਪਾਕਿਸਤਾਨ ਜਾਣ ਲੱਗਿਆਂ ਵੀ ਉਨ੍ਹਾਂ ਸਿੱਖ ਸੰਗਤਾਂ ਨੂੰ ਦਸਮੇਸ਼ ਪਿਤਾ ਜੀ ਦੀ ਛੋਹ ਪ੍ਰਾਪਤ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਕਰਵਾਏ ਸਨ।

ਰਾਏ ਫ਼ਕੀਰ ਉਲਾ ਖ਼ਾਨ : ਰਾਏ ਇਨਾਇਤ ਖ਼ਾਨ ਦੇ 1930 'ਚ ਜਨਮੇ ਇਕਲੌਤੇ ਸਪੁੱਤਰ ਰਾਏ ਫ਼ਕੀਰ ਉਲਾ ਖ਼ਾਨ ਨੇ ਦੇਸ਼ ਵੰਡ ਤੋਂ ਪਹਿਲਾਂ ਲਾਹੌਰ ਦੇ ਐਚੀਸਨ ਕਾਲਜ ਤੋਂ ਪੜ੍ਹਾਈ ਕੀਤੀ ਅਤੇ ਵੰਡ ਮਗਰੋਂ ਬਾਪ ਨਾਲ ਪਾਕਿਸਤਾਨ ਚਲੇ ਗਏ। ਸਿਰਫ਼ 28 ਸਾਲ ਦੀ ਉਮਰ ਵੇਲੇ ਆਪ ਗੁਜ਼ਰ ਗਏ। ਉਨ੍ਹਾਂ ਦੇ ਇਕਲੌਤੇ ਸਪੁੱਤਰ ਰਾਏ ਅਜ਼ੀਜ਼-ਉਲਾ-ਖ਼ਾਨ ਸਾਹਿਬ ਦੀ ਉਸ ਵੇਲੇ ਉਮਰ ਮਸਾਂ ਛੇ ਸਾਲ ਸੀ।

ਰਾਏ ਅਜ਼ੀਜ਼ ਉਲਾ ਖ਼ਾਨ ਜੀ ਚਾਰ ਸਾਲ ਦੇ ਸਨ ਜਦ ਮਾਤਾ ਜੀ ਫੌਤ ਹੋ ਗਏ। ਦਾਦੀ ਜੀ ਦੀ ਦੇਖ ਰੇਖ ਹੇਠ ਪ੍ਰਵਾਨ ਚੜ੍ਹੇ ਰਾਏ ਅਜ਼ੀਜ਼ ਉਲਾ ਖ਼ਾਨ ਨੇ ਐਚੀਸਨ ਕਾਲਜ ਲਾਹੌਰ ਅਤੇ ਗੌਰਮਿੰਟ ਕਾਲਜ ਲਾਹੌਰ ਤੋਂ ਉਚੇਰੀ ਸਿੱਖਿਆ ਗ੍ਰਹਿਣ ਕੀਤੀ। ਲੁਧਿਆਣਾ ਤੋਂ 1945 'ਚ ਐੱਮ. ਐੱਲ. ਏ. ਬਣੇ ਰਾਏ ਮੁਹੰਮਦ ਇਕਬਾਲ ਦੀ ਬੇਟੀ ਬੇਗ਼ਮ ਤਬੱਸੁਮ ਆਪ ਦੀ ਜੀਵਨ ਸਾਥਣ ਹੈ। ਰਾਏ ਅਜ਼ੀਜ਼ ਉਲਾ ਖ਼ਾਨ ਸਾਹਿਬ ਪਾਕਿਸਤਾਨ ਦੀ ਪਾਰਲੀਮੈਂਟ ਦੇ ਚੀਚਾਵਤਨੀ ਤੋਂ ਮੈਂਬਰ ਨੈਸ਼ਨਲ ਅਸੈਂਬਲੀ ਤੇ ਪਾਰਲੀਮਾਨੀ ਸਕੱਤਰ ਵੀ ਰਹੇ ਹਨ। ਦਾਦੀ ਮਾਤਾ ਜੀ ਨੇ ਆਪ ਨੂੰ ਬਾਲਗ ਹੋਣ ਉਪਰੰਤ ਗੰਗਾ ਸਾਗਰ ਤੇ ਹੋਰ ਪਵਿੱਤਰ ਵਿਰਾਸਤ ਸੌਂਪੀ। ਇਸ ਵਡਮੁੱਲੀ ਵਿਰਾਸਤ ਦੇ ਕਸਟੋਡੀਅਨ ਹੋਣ ਕਾਰਨ ਸਿੱਖ ਸੰਗਤਾਂ ਨੂੰ ਆਪ ਨੇ ਦੇਸ਼ ਵੰਡ ਉਪਰੰਤ ਦਸਮੇਸ਼ ਪਿਤਾ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤ੍ਰੈ ਸ਼ਤਾਬਦੀ ਸਮਾਰੋਹਾਂ ਮੌਕੇ ਦਰਸ਼ਨ ਕਰਵਾਏ। ਰਾਏਕੋਟ ਸਮੇਤ ਸਾਰੇ ਪੰਜਾਬ ਵਿਚ ਸਿੱਖ ਸੰਗਤਾਂ ਨੇ ਗੰਗਾ ਸਾਗਰ ਦੇ ਦਰਸ਼ਨ ਕੀਤੇ। ਦੇਸ਼-ਵਿਦੇਸ਼ ਵਿਚ ਸਿੱਖ ਸੰਗਤਾਂ ਰਾਏ ਅਜ਼ੀਜ਼ ਉਲਾ ਖ਼ਾਨ ਸਾਹਿਬ ਨੂੰ ਦਸਮੇਸ਼ ਪਿਤਾ ਜੀ ਦੇ ਸਨੇਹ ਅਭਿਲਾਸ਼ੀ ਹੋਣ ਕਾਰਨ ਬਹੁਤ ਸਤਿਕਾਰ ਭੇਟ ਕਰਦੀਆਂ ਹਨ।

 

ਗੁਰਭਜਨ ਗਿੱਲ