ਸੰਘ ਪਰਿਵਾਰ ਵਲੋਂ ਅਪੀਲ ਕਿ ਉਦਘਾਟਨ ਵਾਲੇ ਦਿਨ ਦੀਵਾਲੀ ਮਨਾਈ ਜਾਵੇ
6 ਦਸੰਬਰ 1992 ਨੂੰ ਭਾਰਤ ਵਿੱਚ ਮੁਸਲਮਾਨਾਂ ਦੇ ਵਿਰਾਸਤੀ ਸਥਾਨ ਬਾਬਰੀ ਮਸਜਿਦ ਉੱਤੇ ਪੁਲੀਸ ਦੀ ਹਾਜ਼ਰੀ ਵਿਚ ਸਭ ਤੋਂ ਵੱਡਾ ਸੰਗਠਿਤ ਹਿੰਦੂਤਵੀ ਹਮਲਾ ਹੋਇਆ ਸੀ।
ਰਾਮਲਿਲਾ ਦੀਆਂ ਮੂਰਤੀਆਂ ਅਸਥਾਈ ਮੰਦਰ ਵਿੱਚ ਰੱਖੀਆਂ ਗਈਆਂ ਸਨ। ਹੁਣ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਮੰਦਰ ਦੇ ਉਦਘਾਟਨ ਦੇ ਨਾਂ 'ਤੇ ਭਾਰਤ ਦੇ ਨਾਲ-ਨਾਲ ਦੁਨੀਆ ਦੇ 50 ਦੇ ਕਰੀਬ ਦੇਸ਼ਾਂ ਵਿਚ ਵੀ ਜਨੂੰਨ ਪੈਦਾ ਕੀਤਾ ਜਾ ਰਿਹਾ ਹੈ। ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਦੇ ਉਦਘਾਟਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ ਰਾਮ ਨਗਰੀ ਸਜਾਈ ਜਾ ਰਹੀ ਹੈ। ਰਾਮ ਮੰਦਰ ਦੇ ਅਭੀਸ਼ੇਕ ਸਮਾਰੋਹ ਨੂੰ ਲੈ ਕੇ ਦੇਸ਼ ਹੀ ਨਹੀਂ ,ਸਗੋਂ ਦੁਨੀਆ ਭਰ ਵਿਚ ਉਤਸ਼ਾਹ ਹੈ। ਇਸ ਦੇ ਸਬੰਧ ਵਿਚ ਮੋਦੀ ਸਮਰਥਕਾਂ ਨੇ 'ਜੈ ਸ਼੍ਰੀ ਰਾਮ' ਦੇ ਨਾਅਰਿਆਂ ਵਿਚਕਾਰ ਮੈਰੀਲੈਂਡ ਵਿਚ ਟੇਸਲਾ ਮਿਊਜ਼ੀਕਲ ਲਾਈਟ ਸ਼ੋਅ ਦਾ ਆਯੋਜਨ ਕੀਤਾ।
ਅਮਰੀਕਾ ਸਥਿਤ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਆਯੋਜਿਤ ਲਾਈਟ ਸ਼ੋਅ ਵਿੱਚ ਲੋਕਾਂ ਨੂੰ ਭਗਵਾਨ ਰਾਮ ਦੀਆਂ ਤਸਵੀਰਾਂ ਵਾਲੇ ਝੰਡੇ ਫੜੇ ਅਤੇ 'ਜੈ ਸ਼੍ਰੀ ਰਾਮ', 'ਰਾਮ ਲਕਸ਼ਮਣ ਜਾਨਕੀ' ਅਤੇ 'ਜੈ ਸ਼੍ਰੀ ਹਨੂੰਮਾਨ ਕੀ' ਦੇ ਨਾਅਰੇ ਲਗਾਉਂਦੇ ਸੁਣੇ ਗਏ। ਲਾਈਟ ਸ਼ੋਅ ਵਿੱਚ 350 ਤੋਂ ਵੱਧ ਕਾਰਾਂ ਨੇ ਭਾਗ ਲਿਆ। ਵਾਸ਼ਿੰਗਟਨ, ਵਰਜੀਨੀਆ ਅਤੇ ਮੈਰੀਲੈਂਡ ਵਿੱਚ ਭਾਰਤੀ ਅਮਰੀਕੀਆਂ ਨੇ ਇੱਕੋ ਸਮੇਂ ਕਾਰ ਦੀਆਂ ਲਾਈਟਾਂ ਬੰਦ ਕਰਕੇ ਅਤੇ ਲਾਈਟਾਂ ਦਾ ਪ੍ਰਦਰਸ਼ਨ ਕੀਤਾ।
ਅਮਰੀਕਾ ਦੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਮਹਿੰਦਰ ਸਾਪਾ ਨੇ ਕਿਹਾ, 'ਭਗਵਾਨ ਰਾਮ ਮੰਦਰ ਦਾ ਉਦਘਾਟਨ ਹੋਣ ਵਾਲਾ ਹੈ। ਹਿੰਦੂਆਂ ਦੀ ਪਛਾਣ ਨੂੰ ਕਾਇਮ ਰੱਖਿਆ ਗਿਆ ਹੈ। ਅੱਜ ਇੱਕ ਮਾਣ ਵਾਲਾ ਪਲ ਹੈ। ਮਾਣ ਨਾਲ ਆਪਣੇ ਆਪ ਨੂੰ ਹਿੰਦੂ-ਅਮਰੀਕੀ ਕਹਿੰਦੇ ਹਨ।
22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ ਵਿਖੇ 'ਪ੍ਰਾਣ ਪ੍ਰਤੀਸਥਾ' ਸਮਾਰੋਹ ਤੋਂ ਪਹਿਲਾਂ ਦੁਨੀਆ ਭਰ ਵਿੱਚ ਚੱਲ ਰਹੇ ਸਮਾਗਮਾਂ ਅਤੇ ਜਸ਼ਨਾਂ ਦੇ ਵਿਚਕਾਰ, ਵਿਸ਼ਵ ਹਿੰਦੂ ਪ੍ਰੀਸ਼ਦ , ਯੂ.ਐਸ ਚੈਪਟਰ ਨੇ ਅਮਰੀਕਾ ਭਰ ਦੇ ਹਿੰਦੂਆਂ ਦੇ ਸਹਿਯੋਗ ਨਾਲ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਆਯੋਜਨ ਕੀਤਾ। 10 ਰਾਜਾਂ ਅਤੇ ਹੋਰਾਂ ਵਿੱਚ 40 ਤੋਂ ਵੱਧ ਹੋਰਡਿੰਗ ਲਗਾਏ ਗਏ ਹਨ। ਟੈਕਸਾਸ, ਇਲੀਨੋਇਸ, ਨਿਊਯਾਰਕ, ਨਿਊਜਰਸੀ ਅਤੇ ਜਾਰਜੀਆ ਸਮੇਤ ਹੋਰ ਰਾਜਾਂ ਵਿੱਚ ਬਿਲਬੋਰਡ ਵਧ ਗਏ ਹਨ।
ਅਯੁੱਧਿਆ ਵਿੱਚ ਰਾਮ ਮੰਦਰ ਅਯੁੱਧਿਆ ਵਿੱਚ ‘ਪ੍ਰਾਣ ਪ੍ਰਤਿਸ਼ਠਾ’ ਲਈ ਅਮਰੀਕਾ ਭਰ ਵਿੱਚ ਹਿੰਦੂ ਅਮਰੀਕੀ ਭਾਈਚਾਰੇ ਨੇ ਕਈ ਕਾਰ ਰੈਲੀਆਂ ਦਾ ਆਯੋਜਨ ਕੀਤਾ ਹੈ ਅਤੇ ਕਈ ਹੋਰ ਸਮਾਗਮਾਂ ਦੀ ਯੋਜਨਾ ਬਣਾਈ ਹੈ। ਇਸ ਦੌਰਾਨ ਮਾਰੀਸ਼ਸ ਸਨਾਤਨ ਧਰਮ ਮੰਦਰ ਮਹਾਸੰਘ ਦੇ ਪ੍ਰਧਾਨ ਭੋਜਰਾਜ ਘੁਰਬਿਨ ਨੇ ਦੱਸਿਆ ਕਿ 22 ਜਨਵਰੀ ਨੂੰ ਮਾਰੀਸ਼ਸ ਦੇ ਸਾਰੇ ਮੰਦਰ ਰਾਮਾਇਣ ਜਾਪ ਦਾ ਆਯੋਜਨ ਕਰਨਗੇ ਅਤੇ ਅਯੁੱਧਿਆ ਵਿੱਚ ਭਗਵਾਨ ਰਾਮ ਦਾ ਪਵਿੱਤਰ ਪ੍ਰਕਾਸ਼ ਪੁਰਬ ਮਨਾਉਣਗੇ।
ਸੰਘ ਪਰਿਵਾਰ ਦੇ ਸਾਰੇ ਮੈਂਬਰ ਹਿੰਦੂ ਭਾਈਚਾਰੇ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਵਾਲੇ ਦਿਨ ਦੀਵਾਲੀ ਮਨਾਉਣ ਅਤੇ ਆਪਣੇ ਸ਼ਹਿਰ ਜਾਂ ਪਿੰਡ ਦੇ ਮੰਦਰਾਂ ਵਿੱਚ ਪ੍ਰੋਗਰਾਮ ਆਯੋਜਿਤ ਕਰਨ ਦਾ ਸੱਦਾ ਦੇ ਰਹੇ ਹਨ। ਹਿੰਦੂ ਰਾਸ਼ਟਰ ਦੇ ਏਜੰਡੇ ਦੀ ਪੈਰਵੀ ਕਰਨ ਵਾਲੇ ਸੰਘ-ਭਾਜਪਾ ਲਈ ਰਾਮ ਮੰਦਿਰ ਬਹੁਤ ਲਾਹੇਵੰਦ ਸੌਦਾ ਰਿਹਾ ਹੈ। ਬਾਬਰੀ ਮਸਜਿਦ ਢਾਹੁਣ ਤੋਂ ਲੈ ਕੇ ਮੰਦਿਰ ਦੇ ਉਦਘਾਟਨ ਤੱਕ ਹਰ ਪੜਾਅ 'ਤੇ ਭਾਜਪਾ ਨੂੰ ਚੋਣ ਲਾਭ ਹੋਇਆ ਹੈ। ਹੁਣ ਵੀ ਭਾਜਪਾ ਰਾਮ ਮੰਦਰ ਦੇ ਨਾਮ 400 ਲੋਕ ਸਭਾ ਸੀਟਾਂ ਜਿਤਣ ਦਾ ਦਾਅਵਾ ਕਰ ਰਹੀ ਹੈ।ਇਸ ਸਾਰੀ ਮੁਹਿੰਮ ਦੌਰਾਨ ਹਿੰਦੂਤਵੀ ਮੁਹਿੰਮ ਨਾਲ ਸਮਾਜ ਦਾ ਧਰੁਵੀਕਰਨ ਮਜ਼ਬੂਤ ਹੋਇਆ ਹੈ ਤੇ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨ ਦਹਿਸ਼ਤ ਵਿਚ ਹਨ।
ਇਸ ਤਰ੍ਹਾਂ ਦੇ ਫਿਰਕੂ ਤਜਰਬੇ ਹੋਰ ਥਾਵਾਂ 'ਤੇ ਵੀ ਕੀਤੇ ਗਏ ਹਨ। ਕਰਨਾਟਕ ਵਿੱਚ ਬਾਬਾ ਬੁੱਢਣਗਿਰੀ ਦੀ ਸਮਾਧ ਨੂੰ ਮੁੱਦਾ ਬਣਾਇਆ ਗਿਆ ਸੀ। 1990 ਵਿੱਚ ਹਿੰਦੂਤਵੀ ਤਾਕਤਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇਹ ਅਸਥਾਨ ਅਸਲ ਵਿੱਚ ਇੱਕ ਹਿੰਦੂ ਪਵਿੱਤਰ ਸਥਾਨ ਸੀ ਜਿਸ ਉੱਤੇ ਮੁਸਲਮਾਨਾਂ ਨੇ ਕਬਜ਼ਾ ਕਰ ਲਿਆ ਸੀ।ਸਰਕਾਰੀ ਰਿਕਾਰਡ ਵਿੱਚ ਇਸ ਸਥਾਨ ਨੂੰ ਸ਼੍ਰੀ ਗੁਰੂ ਦੱਤਾਤ੍ਰੇਯ ਬਾਬਾ ਬੁੱਢਣ ਸਵਾਮੀ ਦਰਗਾਹ ਕਿਹਾ ਜਾਂਦਾ ਹੈ…ਇਸ ਨੂੰ ਬਾਬਾ ਬੁੱਢਣਗਿਰੀ ਅਤੇ ਦੱਤਾਤ੍ਰੇਯ ਪੀਠ ਵੀ ਕਿਹਾ ਜਾਂਦਾ ਹੈ। 1964 ਤੋਂ ਪਹਿਲਾਂ, ਹਿੰਦੂ ਅਤੇ ਮੁਸਲਮਾਨ ਦੋਵਾਂ ਦੀ ਇਸ ਤੀਰਥ ਸਥਾਨ 'ਤੇ ਆਸਥਾ ਸੀ। ਉਹ ਸੂਫੀ ਸੱਭਿਆਚਾਰ ਅਤੇ ਹਿੰਦੂ ਅਤੇ ਇਸਲਾਮੀ ਸੱਭਿਆਚਾਰਕ ਏਕਤਾ ਦਾ ਪ੍ਰਤੀਕ ਸੀ। ਦੋ ਧਰਮਾਂ ਦਾ ਇਹ ਤੀਰਥ ਸਥਾਨ ਹੁਣ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵਿਵਾਦ ਦਾ ਵਿਸ਼ਾ ਬਣ ਗਿਆ ਹੈ। ਮਾਮਲਾ ਹੁਣ ਅਦਾਲਤ ਵਿੱਚ ਹੈ ਪਰ ਇਸ ਦੌਰਾਨ ਭਾਜਪਾ ਦੱਖਣੀ ਭਾਰਤ ਵਿੱਚ ਪਹਿਲੀ ਵਾਰ ਕਰਨਾਟਕ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਵਿੱਚ ਕਾਮਯਾਬ ਹੋਈ ਹੈ। ਇਹ ਮੁੱਦਾ ਕਰਨਾਟਕ ਵਿੱਚ ਧਰੁਵੀਕਰਨ ਦਾ ਸਥਾਈ ਕਾਰਨ ਬਣ ਗਿਆ ਹੈ।
ਇਸੇ ਤਰਜ਼ 'ਤੇ ਹੈਦਰਾਬਾਦ 'ਚ ਚਾਰਮੀਨਾਰ ਦੀ ਕੰਧ ਨਾਲ ਲੱਗਦੇ ਭਾਗਲਕਸ਼ਮੀ ਮੰਦਰ ਨੂੰ ਹੌਲੀ-ਹੌਲੀ ਵਿਸਤਾਰ ਕੀਤਾ ਜਾ ਰਿਹਾ ਹੈ ਤਾਂ ਜੋ ਵਿਵਾਦ ਅਤੇ ਤਣਾਅ ਦੇ ਬੀਜ ਬੀਜੇ ਜਾ ਸਕਣ। ਮੰਦਰ ਦੇ ਵਿਸਤਾਰ ਕਾਰਨ ਚਾਰਮੀਨਾਰ ਨੂੰ ਨੁਕਸਾਨ ਹੋ ਰਿਹਾ ਹੈ ਜੋ ਕਿ ਇਤਿਹਾਸਕ ਇਮਾਰਤ ਹੈ। ਇਹ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਦੇ ਨਿਯਮਾਂ ਦੀ ਵੀ ਉਲੰਘਣਾ ਹੈ। ਏਐਸਆਈ ਲਗਾਤਾਰ ਕਹਿ ਰਿਹਾ ਹੈ ਕਿ ਮੰਦਰ ਦੀ ਮੁਰੰਮਤ ਅਤੇ ਸੁਧਾਰ ਨਾਲ ਚਾਰਮੀਨਾਰ ਨੂੰ ਨੁਕਸਾਨ ਹੋ ਸਕਦਾ ਹੈ। ਪਰ ਏਐਸਆਈ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ। ਸਰਕਾਰ ਹਿੰਦੂਤਵੀ ਤਾਕਤਾਂ ਨੂੰ ਉਤਸ਼ਾਹਿਤ ਕਰਕੇ ਚਾਰਮੀਨਾਰ ਨੂੰ ਨੁਕਸਾਨ ਪਹੁੰਚਾਉਣ ਦੇ ਰਹੀ ਹੈ। ਇਸ ਕਾਰਨ ਇਤਿਹਾਸਕ ਚਾਰਮੀਨਾਰ ਇਲਾਕੇ ਅਤੇ ਪੁਰਾਣੇ ਹੈਦਰਾਬਾਦ ਵਿੱਚ ਰਹਿਣ ਵਾਲੇ ਮੁਸਲਮਾਨਾਂ ਵਿੱਚ ਭਾਰੀ ਰੋਸ ਹੈ। ਇਸ ਮੁੱਦੇ ਨੂੰ ਲੈ ਕੇ ਕੁਝ ਝੜਪਾਂ ਵੀ ਹੋਈਆਂ ਸਨ।
ਮਹਾਰਾਸ਼ਟਰ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹੈ। ਮੁੰਬਈ ਨੇੜੇ ਹਾਜੀ ਮਲੰਗ ਦਰਗਾਹ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ ਅਤੇ ਹੁਣ ਮੁੱਖ ਮੰਤਰੀ ਏਕਨਾਥ ਸ਼ਿੰਦੇ ਇਸ ਦਰਗਾਹ ਨੂੰ ਹਿੰਦੂ ਪੂਜਾ ਸਥਾਨ ਐਲਾਨਣ ਲਈ ਅੰਦੋਲਨ ਮੁੜ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਲਹਿਰ ਦੀ ਸ਼ੁਰੂਆਤ ਸ਼ਿੰਦੇ ਦੇ ਸਿਆਸੀ ਗੁਰੂ ਆਨੰਦ ਦੀਘੇ ਨੇ 1982 ਵਿੱਚ ਕੀਤੀ ਸੀ। ਮਹਾਰਾਸ਼ਟਰ ਦੇ ਮਿਸ਼ਰਤ ਸੱਭਿਆਚਾਰ ਦਾ ਪ੍ਰਤੀਕ ਇਸ ਸਥਾਨ ਨੂੰ ਲੈਕੇ, ਪਹਿਲੀ ਵਾਰ 1980 ਦੇ ਦਹਾਕੇ ਵਿੱਚ ਫਿਰਕੂ ਤਣਾਅ ਭੜਕਿਆ ਜਦੋਂ ਸ਼ਿਵ ਸੈਨਾ ਦੇ ਨੇਤਾ ਦਿਘੇ ਨੇ ਇਹ ਦਾਅਵਾ ਕਰਦੇ ਹੋਏ ਇੱਕ ਅੰਦੋਲਨ ਸ਼ੁਰੂ ਕੀਤਾ ਕਿ ਦਰਗਾਹ ਉਸ ਜਗ੍ਹਾ 'ਤੇ ਬਣਾਈ ਗਈ ਸੀ ਜਿੱਥੇ ਪਹਿਲਾਂ ਨਾਥ ਪੰਥ ਦਾ ਪਵਿੱਤਰ ਸਥਾਨ ਖੜ੍ਹਾ ਸੀ।ਦਿ ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਦਿਘੇ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਮੰਦਰ ਦੀ ਜ਼ਮੀਨ ਹਿੰਦੂਆਂ ਦੀ ਹੈ ਕਿਉਂਕਿ ਇੱਥੇ 700 ਸਾਲ ਪਹਿਲਾਂ ਮਛੇਂਦਰਨਾਥ ਮੰਦਰ ਖੜ੍ਹਾ ਸੀ। ਇਹ ਮਾਮਲਾ ਅਦਾਲਤ ਵਿੱਚ ਵੀ ਹੈ।
ਮੁਸਲਮਾਨਾਂ ਦੇ ਵਿਰਾਸਤੀ ਸਥਾਨਾਂ ਨੂੰ ਲੈ ਕੇ ਫਿਰਕੂ ਵਿਵਾਦ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਹਿੰਦੂ ਸਥਾਨ ਦਸਣਾ, ਹਿੰਦੂ ਭਾਈਚਾਰੇ ਨੂੰ ਭੜਕਾਉਣਾ , ਫਿਰਕੂ ਭਗਵੀਆਂ ਤਾਕਤਾਂ ਦੀ ਪੁਰਾਣੀ ਤਕਨੀਕ ਹੈ।ਭਾਰਤ ਵਿੱਚ ਬਹੁਤ ਸਾਰੇ ਪਵਿੱਤਰ ਸਥਾਨ ਹਨ, ਜਿੱਥੇ ਹਰ ਧਰਮ ਦੇ ਲੋਕ ਜਾਂਦੇ ਹਨ। ਇਹ ਭਾਰਤ ਦਾ ਸਾਂਝਾ ਸੱਭਿਆਚਾਰ ਹੈ। ਇਹ ਸੱਭਿਆਚਾਰ ਭਾਰਤ ਵਿੱਚ ਸਦੀਆਂ ਤੋਂ ਵਧਦਾ-ਫੁੱਲਦਾ ਆ ਰਿਹਾ ਹੈ।ਪਰ ਹੁਣ ਮੋਦੀ ਰਾਜ ਦੌਰਾਨ ਭਗਵੀਆਂ ਤਾਕਤਾਂ ਨੇ ਫਿਰਕੂ ਰਾਜਨੀਤੀ ਦੇ ਵਧਣ ਨਾਲ ਮੁਸਲਮਾਨਾਂ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।ਰਾਮ ਮੰਦਰ ਵੀ ਭਾਜਪਾ ਦਾ ਸਿਆਸੀ ਮੁਦਾ ਹੈ ਤਾਂ ਜੋ ਭਾਰਤੀ ਸੱਤਾ ਦਾ ਭਗਵਾਂ ਕਰਨ ਕੀਤਾ ਜਾ ਸਕੇ।
Comments (0)