'''ਐਨੀਮਲ'' ਫ਼ਿਲਮ  ਹੁਣ ਤੱਕ ਦੀ ਸਭ ਤੋਂ ਵਧ ਹਿੰਸਕ ਫ਼ਿਲਮ 

'''ਐਨੀਮਲ'' ਫ਼ਿਲਮ  ਹੁਣ ਤੱਕ ਦੀ ਸਭ ਤੋਂ ਵਧ ਹਿੰਸਕ ਫ਼ਿਲਮ 

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਮੋਸਟ ਅਵੇਟਿਡ ਫ਼ਿਲਮ ‘ਐਨੀਮਲ’ ਫ਼ਿਲਮ ਬੀਤੇ ਦਿਨੀਂ ਸਿਨੇਮਾਘਰਾਂ ਵਿਚ ਦਸਤਕ ਦੇ ਚੁੱਕੀ ਹੈ।

ਇਸ ਫ਼ਿਲਮ ਨਾਲ ਰਣਬੀਰ ਕਪੂਰ ਪਹਿਲੀ ਵਾਰ ਰਸ਼ਮਿਕਾ ਮੰਦਾਨਾ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ਵਿਚ ਅਨਿਲ ਕਪੂਰ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਵੀ ਅਹਿਮ ਭੂਮਿਕਾਵਾਂ ਵਿਚ ਹਨ। ਫ਼ਿਲਮ ਦੇ ਟਰੇਲਰ, ਟੀਜ਼ਰ ਤੋਂ ਲੈ ਕੇ ਇਸ ਦੇ ਗਾਣਿਆਂ ਤੱਕ ਨੂੰ ਵੀ ਖੂਬ ਪਿਆਰ ਮਿਲਿਆ। ਜਦੋਂ ਤੋਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਫੈਨਜ਼ ਆਖ ਰਹੇ ਹਨ ਕਿ ਇਹ ਫ਼ਿਲਮ  ਹੁਣ ਤੱਕ ਦੀ ਸਭ ਤੋਂ ਵਧ ਹਿੰਸਕ ਫ਼ਿਲਮ  ਹੈ। ਫ਼ਿਲਮ ਵਿਚ ਬਾਪ-ਬੇਟੇ ਦਾ ਰਿਸ਼ਤਾ ਬਾਕੀ ਰਿਸ਼ਤਿਆਂ ਨਾਲੋਂ ਕਾਫੀ ਵੱਖਰਾ ਤੇ ਗੂੜ੍ਹਾ ਹੁੰਦਾ ਹੈ। ਇੰਨਾ ਗੂੜ੍ਹਾ ਕਿ ਰਣਬੀਰ ਆਪਣੇ ਪਿਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਬਦਲੇ ਦੀ ਅੱਗ ਵਿਚ ਉਹ ਅਜਿਹੀ ਖੂਨੀ ਖੇਡ ਵਿਚ ਉਤਰਦੇ ਹਨ, ਜਿੱਥੇ ਹਰ ਪਾਸੇ ਸਿਰਫ ਤੇ ਸਿਰਫ ਮਾਰ-ਧਾੜ ਅਤੇ ਡਰ ਹੁੰਦਾ ਹੈ। 

ਕਹਾਣੀ

ਫ਼ਿਲਮ ਕਹਾਣੀ ਰਣਬੀਰ ਕਪੂਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੇ ਪਿਤਾ ਅਨਿਲ ਕਪੂਰ ਨੂੰ ਬਹੁਤ ਪਿਆਰ ਕਰਦਾ ਹੈ ਪਰ ਪਿਤਾ ਪੁੱਤ ਦੀ ਕੋਈ ਪਰਵਾਹ ਨਹੀਂ ਕਰਦਾ। ਇਸੇ ਦੌਰਾਨ ਪਿਤਾ (ਅਨਿਲ ਕਪੂਰ) 'ਤੇ ਹਮਲਾ ਹੋ ਜਾਂਦਾ ਹੈ ਅਤੇ ਫਿਰ ਰਣਬੀਰ ਦੀ ਜ਼ਿੰਦਗੀ ਦਾ ਪਾਸਾ ਹੀ ਪਲਟ ਜਾਂਦਾ ਹੈ। ਉਸ ਦਾ ਉਦੇਸ਼ ਸਿਰਫ਼ ਕਾਤਲ ਨੂੰ ਲੱਭਣਾ ਬਣ ਜਾਂਦਾ ਹੈ। ਕਹਾਣੀ ਭਾਵੇਂ ਆਮ ਲੱਗ ਰਹੀ ਹੈ ਪਰ ਇਸ ਵਿਚ ਕਈ ਮੋੜ ਆਉਂਦੇ ਹਨ। ਇਸ ਤੋਂ ਅੱਗੇ ਫ਼ਿਲਮ 'ਚ ਕੀ-ਕੀ ਹੁੰਦਾ ਹੈ ਇਹ ਜਾਣਨ ਲਈ ਤੁਹਾਨੂੰ ਨੇੜੇ ਦੇ ਸਿਨੇਮਾਘਰਾਂ 'ਚ ਜਾਣਾ ਪਵੇਗਾ। 

ਅਦਾਕਾਰੀ

ਫ਼ਿਲਮ 'ਚ ਰਣਬੀਰ ਨੇ ਕਮਾਲ ਦਾ ਕੰਮ ਕੀਤਾ ਹੈ। ਉਸ ਦਾ ਲੁੱਕ ਸੰਜੇ ਦੱਤ ਵਰਗਾ ਦਿਖਾਈ ਦੇ ਰਿਹਾ ਹੈ ਪਰ ਜਿਸ ਤਰ੍ਹਾਂ ਉਹ ਐਕਸ਼ਨ ਕਰਦਾ ਹੈ, ਭਾਵਨਾਤਮਕ ਸੀਨ ਕਰਦਾ ਹੈ, ਉਹ ਤੁਹਾਨੂੰ ਹਰ ਫਰੇਮ 'ਚ ਪ੍ਰਭਾਵਿਤ ਕਰੇਗਾ। ਇਹ ਫ਼ਿਲਮ ਰਣਬੀਰ ਦੇ ਕਰੀਅਰ 'ਚ ਗੇਮ ਚੇਂਜਰ ਸਾਬਤ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਫ਼ਿਲਮ ਰਣਬੀਰ ਨੂੰ ਲਵਰ ਬੁਆਏ ਦੀ ਇਮੇਜ ਤੋਂ ਵੀ ਬਾਹਰ ਕੱਢਦੀ ਹੈ। ਫ਼ਿਲਮ 'ਚ ਬੌਬੀ ਦਿਓਲ ਨੇ ਵੀ ਵਧੀਆ ਕੰਮ ਕੀਤਾ ਹੈ ਪਰ ਉਸ ਦੇ ਸੀਨ ਬਹੁਤ ਘੱਟ ਹਨ। ਇਸ ਤੋਂ ਇਲਾਵਾ ਰਸ਼ਮੀਕਾ ਮੰਡਾਨਾ ਦਾ ਕਿਰਦਾਰ ਬਹੁਤ ਵਧੀਆ ਤਰੀਕੇ ਨਾਲ ਡਿਵੈਲਪ ਕੀਤਾ ਗਿਆ ਹੈ। ਉਸ ਦੀ ਐਕਟਿੰਗ ਵੀ ਜ਼ਬਰਦਸਤ ਹੈ। ਅਨਿਲ ਕਪੂਰ ਨੇ ਵੀ ਪਿਤਾ ਹੋਣ ਦਾ ਵਧੀਆ ਕਿਰਦਾਰ ਨਿਭਾਇਆ ਹੈ। ਕੁੱਲ ਮਿਲਾ ਕੇ ਫ਼ਿਲਮ ਵਿਚ ਤਕਰੀਬਨ ਸਾਰੇ ਕਲਾਕਾਰਾਂ ਦੀ ਐਕਟਿੰਗ ਦਮਦਾਰ ਹੈ, ਜਿਨ੍ਹਾਂ ਨੇ ਫ਼ਿਲਮ ਨਾਲ ਪ੍ਰਸ਼ੰਸ਼ਕਾਂ ਨੂੰ ਜੋੜ ਕੇ ਰੱਖਣ ਦਾ ਕੰਮ ਕੀਤਾ ਹੈ।

ਡਾਇਰੈਕਸ਼ਨ

ਸੰਦੀਪ ਵੰਗਾ ਰੈੱਡੀ ਨੇ ਫ਼ਿਲਮ ਦਾ ਨਿਰਦੇਸ਼ਨ ਵਧੀਆ ਢੰਗ ਨਾਲ ਕੀਤਾ ਹੈ। 3 ਘੰਟੇ 21 ਮਿੰਟਾਂ ਦੀ ਫ਼ਿਲਮ ਨੂੰ ਮਨੋਰੰਜਕ ਬਣਾਉਣਾ ਕੋਈ ਆਸਾਨ ਕੰਮ ਨਹੀਂ ਹੈ ਅਤੇ ਸੰਦੀਪ ਨੇ ਇਹ ਕੰਮ ਬਾਖੂਬੀ ਕੀਤਾ ਹੈ।