ਹੱਤਿਆ ਤੇ ਜਬਰਜਨਾਹ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਪ੍ਰਾਪਤ ਕੈਦੀ ਨੇ ਜਾਨ ਬਖਸ਼ ਦੇਣ ਦੀ ਕੀਤੀ ਅਪੀਲ
ਕਿਹਾ ਉਸ ਨਾਲ ਇਕ ਸੁਧਾਰ ਸਕੂਲ ਵਿਚ ਕੀਤੀ ਗਈ ਸੀ ਬਦਫੈਲੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਫਲੋਰਿਡਾ ਰਾਜ ਦੇ ਇਕ ਕੈਦੀ ਜਿਸ ਨੂੰ 1994 ਵਿਚ ਇਕ ਕਾਲਜ ਦੇ ਵਿਦਿਆਰਥੀ ਦੀ ਹੱਤਿਆ ਤੇ ਉਸ ਦੀ ਭੈਣ ਨਾਲ ਜਬਰਜਨਾਹ ਕਰਨ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਨੇ ਆਪਣੇ ਆਪ ਨੂੰ ਨਿਰਦੋਸ਼ ਦਸਦਿਆਂ ਉਸ ਦੀ ਜਾਨ ਬਖਸ਼ ਦੇਣ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਉਸ ਨਾਲ ਇਕ ਪ੍ਰਸਿੱਧ ਸੁਧਾਰ ਸਕੂਲ ਵਿਚ ਬਦਫੈਲੀ ਕੀਤੀ ਗਈ ਸੀ। ਲੋਰਾਨ ਕੈਨਸਟਲੇ ਕੌਲ (57) ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੀ ਸਜ਼ਾ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਕੌਲ ਨੂੰ 18 ਸਾਲਾ ਜੌਹਨ ਐਡਵਰਡਜ ਦੀ ਹੱਤਿਆ ਤੇ ਉਸ ਦੀ ਭੈਣ ਨਾਲ ਜਬਰਜਨਾਹ ਕਰਨ ਦੇ ਦੋਸ਼ਾਂ ਤਹਿਤ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਘਟਨਾ ਉੱਤਰੀ ਕੇਂਦਰੀ ਫਲੋਰਿਡਾ ਵਿਚ ਵਾਪਰੀ ਸੀ। 18 ਫਰਵਰੀ ,1994 ਨੂੰ ਐਡਵਰਡਜ ਭੈਣ-ਭਰਾ ਇਕ ਟੂਰ ਪ੍ਰੋਗਰਾਮ ਤਹਿਤ ਕੈਂਪ ਤਿਆਰ ਕਰ ਰਹੇ ਸਨ ਜਦੋਂ ਉਹ ਕੌਲ ਜੋ ਉਸ ਵੇਲੇ 27 ਸਾਲਾਂ ਦਾ ਸੀ ਤੇ ਇਕ ਹੋਰ ਵਿਅਕਤੀ ਵਿਲੀਅਮ ਪੌਲ ਜੋ ਉਸ ਵੇਲੇ 20 ਸਾਲਾਂ ਦਾ ਸੀ, ਨੂੰ ਮਿਲੇ। ਕੌਲ ਨੇ ਆਪਣੀ ਪਛਾਣ ਕੈਵਿਨ ਦੇ ਨਾਂ 'ਤੇ ਅਤੇ ਪੌਲ ਦੀ ਪਛਾਣ ਆਪਣੇ ਭਰਾ ਦੇ ਤੌਰ 'ਤੇ ਐਡਵਰਡਜ ਭੈਣ-ਭਰਾ ਨਾਲ ਕਰਵਾਈ ਤੇ ਕੈਂਪ ਬਣਾਉਣ ਵਿਚ ਐਡਵਰਡਜ ਭੈਣ-ਭਰਾ ਦੀ ਮਦਦ ਕੀਤੀ।
ਅਦਾਲਤੀ ਰਿਕਾਰਡ ਅਨੁਸਾਰ ਰਾਤ ਵੇਲੇ ਕੌਲ ਨੇ ਐਡਵਰਡਜ ਦੀ ਭੈਣ ਦੇ ਹੱਥਾਂ ਨੂੰ ਬੰਨ ਲਿਆ। ਐਡਵਰਡਜ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ। ਬਾਅਦ ਵਿਚ ਐਡਵਰਡਜ ਦੀ ਭੈਣ ਨਾਲ ਜਬਰਜਨਾਹ ਕਰਨ ਉਪਰੰਤ ਉਸ ਨੂੰ ਦੋ ਦਰੱਖਤਾਂ ਵਿਚਾਲੇ ਬੰਨ ਦਿੱਤਾ ਗਿਆ। ਅਗਲੀ ਸਵੇਰ ਨੂੰ ਇਕ ਡਰਾਈਵਰ ਦੀ ਨਜਰ ਪੈਣ 'ਤੇ ਉਸ ਨੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੇ ਐਡਵਰਡਜ ਦੀ ਭੈਣ ਨੂੰ ਖੋਲਿਆ ਜਦ ਕਿ ਨੇੜੇ ਹੀ ਐਡਵਰਡਜ ਦੀ ਲਾਸ਼ ਬਰਾਮਦ ਕੀਤੀ। 3 ਦਿਨ ਬਾਅਦ ਪੁਲਿਸ ਨੇ ਕੌਲ ਤੇ ਪੌਲ ਨੂੰ ਗ੍ਰਿਫਤਾਰ ਕਰ ਲਿਆ ਸੀ। 1995 ਵਿੱਚ ਕੌਲ ਤੇ ਪੌਲ ਨੂੰ ਪਹਿਲਾ ਦਰਜਾ ਹੱਤਿਆ ਤੇ ਅਗਵਾ ਤੇ ਹੋਰ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ। ਕੌਲ ਨੂੰ ਜਬਰਜਨਾਹ ਦੇ ਦੋਸ਼ਾਂ ਤਹਿਤ ਵੀ ਦੋਸ਼ੀ ਕਰਾਰ ਦੇ ਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ ਜਦ ਕਿ ਪੌਲ ਨੇ ਆਪਣੇ ਉਪਰ ਲੱਗੇ ਅਪਰਾਧਕ ਦੋਸ਼ਾਂ ਨੂੰ ਮੰਨ ਲਿਆ ਸੀ ਤੇ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਜੋ ਕਿ ਫਲੋਰਿਡਾ ਦੀ ਇਕ ਜੇਲ ਵਿਚ ਬਾਕੀ ਬੱਚੀ ਜਿੰਦਗੀ ਬਿਤਾ ਰਿਹਾ ਹੈ
Comments (0)