ਅਕਾਲੀ ਲੀਡਰਸ਼ਿਪ ਦਾ ਭਵਿੱਖ ਕੀ ਹੋਵੇਗਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ : ਤੇਰਾਂ ਸਾਲਾਂ ਬਾਅਦ, ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਗੁਨਾਹ (ਅਪਰਾਧਾਂ) ਨੂੰ ਸਵੀਕਾਰ ਕੀਤਾ ਜਦੋਂ ਉਸਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਤੇ ਪੰਜਾਬ ਸਰਕਾਰ ਦੀ ਕਮਾਂਡ ਸੀ। ਹੁਣ ਤਕ ਸੁਖਬੀਰ ਸਿੰਘ ਬਾਦਲ ਐਲਾਨੀਆ ਕਹਿੰਦਾ ਰਿਹਾ ਸੀ ਕਿ ਉਸ ਉਪਰ ਲਗੇ ਦੋਸ਼ ਅਕਾਲੀ ਦਲ ਤੇ ਖਾਲਸਾ ਪੰਥ ਵਿਰੁਧ ਸਾਜਿਸ਼ ਹੈ।ਇਹ ਸਾਜਿਸ਼ੀ ਲੋਕ ਅਕਾਲੀ ਦਲ ਖਤਮ ਕਰਨਾ ਚਾਹੁੰਦੇ ਹਨ।
ਅਸਲ ਵਿੱਚ, ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਵਜੋਂ ਪੰਜਵਾਂ ਕਾਰਜਕਾਲ ਹੀ ਨਹੀਂ, ਸਗੋਂ ਬਾਦਲ ਦਾ ਤੀਜਾ ਕਾਰਜਕਾਲ (1997-2002) ਤੋਂ ਬਾਅਦ ਲਗਭਗ ਪੂਰਾ ਕਾਰਜਕਾਲ ਨੁਕਸਦਾਰ ਸੀ ,ਜਿਸ ਕਾਰਣ ਸਿਖ ਪੰਥ ਦਾ ਭਰੋਸਾ ਅਕਾਲੀ ਦਲ ਤੋਂ ਹੋਲੀ ਹੋਲੀ ਉਠ ਗਿਆ ਸੀ। ਹੁਣ ਸਥਿਤੀ ਇਹ ਹੈ ਕਿ ਬਾਦਲ ਪਰਿਵਾਰ ਅਤੇ ਉਸ ਦੇ ਸਰਪ੍ਰਸਤਾਂ ਲਈ ਆਪਣੀ ਪਰਿਵਾਰਕ ਵਿਰਾਸਤ ਦੇ ਗੀਤ ਗਾਉਣੇ ਵੀ ਔਖੇ ਹੋ ਜਾਣਗੇ।ਜੇਕਰ ਪੂਰੀ ਹਲੀਮੀ ਨਾਲ ਅਕਾਲੀ ਲੀਡਰਸ਼ਿਪ ਸਿੰਘ ਸਾਹਿਬਾਨ ਦੇ ਆਦੇਸ਼ਾਂ 'ਤੇ ਅਮਲ ਕਰਦੀ ਹੈ ਅਤੇ ਭਵਿੱਖ ਵਿਚ ਇਕਮੁੱਠ ਹੋ ਕੇ ਤੁਰਦੀ ਹੈ, ਤਾਂ ਉਹ ਇਕ ਵਾਰ ਫਿਰ ਪਾਰਟੀ ਦੀ ਪੁਨਰ ਸੁਰਜੀਤੀ ਵਿਚ ਕਾਮਯਾਬ ਹੋ ਸਕੇਗੀ। ਬੀਬੀ ਕਿਰਨਜੋਤ ਕੌਰ ਨੇ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਕੁਝ ਹੱਦ ਤਕ ਤਸਲੀਬਖਸ਼ ਕਿਹਾ ਹੈ।
ਸਿੱਖ ਵਿਦਵਾਨ ਗੁਰਤੇਜ ਸਿੰਘ ਆਈਏਐਸ ਨੇ ਕਿਹਾ ਕਿ ਸਿੰਘ ਸਾਹਿਬਾਨ ਵਲੋਂ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੋਮਣੀ ਕਮੇਟੀ ਦੀ ਅਗਵਾਈ ਵਿਚ ਅਕਾਲੀ ਦਲ ਦੀ ਪੁਨਰ ਸਿਰਜਣਾ ਤੇ ਭਰਤੀ ਲਈ ਟੀਮ ਬਣਾਉਣੀ ਠੀਕ ਨਹੀਂ ,ਕਿਉਂਕਿ ਧਾਮੀ ਦਾ ਵਰਤਾਰਾ ਸਿਖ ਪੰਥ ਦੇ ਹੱਕ ਵਿਚ ਖੜਨ ਦੀ ਥਾਂ ਬਾਦਲ ਪਰਿਵਾਰ ਤੇ ਸੁਖਬੀਰ ਦੀ ਪ੍ਰਧਾਨਗੀ ਬਚਾਉਣ ਦੇ ਹੱਕ ਵਿਚ ਰਿਹਾ।ਇਸ ਕਮੇਟੀ ਵਿਚ ਭਾਈ ਅੰਮ੍ਰਿਤ ਪਾਲ ਸਿੰਘ ਧੜਾ ,ਬਾਬਾ ਸਰਬਜੋਤ ਸਿੰਘ ਬੇਦੀ ਤੇ ਹੋਰ ਪੰਥਕ ਸੰਸਥਾਵਾਂ ਦੇ ਆਗੂ ਲਏ ਜਾਣੇ ਚਾਹੀਦੇ ਸਨ ਜੋ ਅਕਾਲੀ ਦਲ ਦਾ ਪੰਥਕ ਸਰੂਪ ਘੜ ਸਕਦੇ ਤੇ ਸਿਖ ਜਜਬਾ ਜਗਾ ਸਕਦੇ।ਅਯੋਗ ਬੰਦੇ ਕਦੇ ਵੀ ਅਕਾਲੀ ਵਿਰਾਸਤ ਖੜੀ ਨਹੀਂ ਕਰ ਸਕਦੇ।ਉਨ੍ਹਾਂ ਇਹ ਵੀ ਕਿਹਾ ਕਿ ਸੁਖਬੀਰ ਨੂੰ ਸਿਆਸੀ ਸਜ਼ਾ ਲਗਾਉਣੀ ਚਾਹੀਦੀ ਸੀ।ਇਸ ਦੇ ਦੋਸ਼ ਸਭ ਤੋਂ ਵਡੇ ਹਨ।ਜੇ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਤੋਂ ਕਢਿਆ ਜਾ ਸਕਦਾ ਹੈ ਤਾਂ ਸੁਖਬੀਰ ਦੀ ਸਜ਼ਾ ਏਨੀ ਘੱਟ ਕਿਉਂ?
ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਅਕਾਲ ਤਖ਼ਤ ਦੇ ਫ਼ੈਸਲੇ ਨੂੰ ‘ਇਤਿਹਾਸਕ, ਸੁਚੱਜਾ ਅਤੇ ਸਮੇਂ ਮੁਤਾਬਕ ਲਿਆ ਗਿਆ ਫ਼ੈਸਲਾ’ ਮੰਨਦੇ ਹੋਏ ਕਹਿੰਦੇ ਹਨ, "ਮੈਂ ਇਸ ਫ਼ੈਸਲੇ ਦੀ ਦਾਦ ਦਿੰਦਾ ਹਾਂ, ਸਾਰੇ ਹੀ ਫ਼ੈਸਲੇ ਬਹੁਤ ਦੀ ਸਿਆਣਪ ਤੇ ਸੂਝਬੂਝ ਨਾਲ ਲਏ ਗਏ ਹਨ। ਇਸ ਫੈਸਲੇ ਨੇ ਅਕਾਲੀ ਦਲ ਦੀ ਸਥਾਪਿਤ ਧਿਰ ਦੀਆਂ ਗ਼ਲਤੀਆਂ ਦਾ ਪਰਦਾਸ਼ਫਾਸ਼ ਕਰਨ ਦੇ ਨਾਲ-ਨਾਲ ਕੌਮ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਹੈ।ਡਾਕਟਰ ਢਿੱਲੋਂ ਕਹਿੰਦੇ ਹਨ, "ਇਸ ਫ਼ੈਸਲੇ ਦਾ ਦੂਰਗਾਮੀ ਅਸਰ ਪਵੇਗਾ, ਇਸ ਨੇ ਨਾ ਸਿਰਫ਼ ਮੌਜੂਦਾ ਲੀਡਰਸ਼ਿਪ ਬਲਕਿ ਭਵਿੱਖ ਦੀ ਲੀਡਰਸ਼ਿਪ ਲਈ ਵੀ ਮਿਸਾਲ ਕਾਇਮ ਕਰ ਦਿੱਤੀ ਹੈ, ਕਿ ਜੇਕਰ ਉਹ ਆਪਹੁਦਰੇਪਣ ਕਰਨਗੇ ਤਾਂ ਉਨ੍ਹਾਂ ਦਾ ਵੀ ਹਾਲ਼ ਇਹੀ ਹੋਵੇਗਾ ਅਤੇ ਇਸ ਲਈ ਉਹ ਘੱਟੋ-ਘੱਟ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨ ਤੋਂ ਪਹਿਲਾਂ ਜ਼ਰੂਰ ਸੋਚਣਗੇ।"
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਦਾ ਕਹਿਣਾ ਹੈ, "ਜੇਕਰ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਸਾਰਿਆਂ ਦੀ ਕੋਸ਼ਿਸ਼ ਸੀ ਇਸ ਨੂੰ ਮੁੜ ਸੁਰਜੀਤ ਕਰੀਏ, ਪਰ ਹੋਇਆ ਇਸ ਦੇ ਉਲਟ ਕਿਉਂਕਿ ਹੁਣ 6 ਮਹੀਨਿਆਂ ਦੇ ਅੰਦਰ ਨਵੇਂ ਅਕਾਲੀ ਦਲ ਦੀ ਉਸਾਰੀ ਲਈ ਆਖ ਦਿੱਤਾ ਗਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਕੋਲੋਂ ਦੋ ਕਬੂਲਨਾਮੇ ਲਏ ਗਏ ਹਨ। ਇਸ ਦਾ ਮਤਲਬ ਹੈ ਕਿ ਉਸ ਵੇਲੇ ਦੀ ਸਿਆਸਤ ਨੂੰ ਰੱਦ ਕੀਤਾ ਗਿਆ ਹੈ ਜਿਸ ਦਾ ਇਸ ਅਸਰ ਬਹੁਤ ਅੱਗੇ ਤੱਕ ਜਾਵੇਗਾ।
Comments (0)