ਜਥੇਦਾਰ ਸਾਹਿਬਾਨ ਵਲੋਂ ਅਕਾਲੀਆਂ ਨੂੰ ਤਨਖਾਹ ਲਗਾਣ ਦੇ ਨਾਲ ਅਜਾਦ ਸਿੱਖ ਰਾਜ ਲਈ ਕੌਮੀ ਨਿਸ਼ਾਨਾ ਵੀ ਸਪੱਸ਼ਟ ਕਰਨਾ ਚਾਹੀਦਾ ਸੀ : ਕੂਨਰ/ਮੰਗੂਵਾਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 5 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਬੀਤੇ 2 ਦਸੰਬਰ ਵਾਲੇ ਦਿਨ ਜਥੇਦਾਰ ਸਾਹਿਬਾਨ ਅਕਾਲੀਆਂ ਨੂੰ ਤਨਖਾਹ ਲਗਾਣ ਦੇ ਨਾਲ ਅਜਾਦ ਸਿੱਖ ਰਾਜ ਦਾ ਕੌਮੀ ਨਿਸ਼ਾਨਾ ਸਪੱਸ਼ਟ ਕਰਦੇ ਹੋਏ ਸਮੁੱਚੀ ਕੌਮ ਨੂੰ ਏਕਤਾ ਕਰਨ ਦਾ ਹੁਕਮ ਦਿੰਦੇ ਤਾਂ ਇਹ ਸਿੱਖ ਕੌਮ ਦੇ ਸੁਨਿਹਰੀ ਇਤਿਹਾਸ ਵਿੱਚ ਦਰਜ ਹੋ ਜਾਂਦਾ। ਬਹੁ ਗਿਣਤੀ ਕੌਮੀ ਭਾਵਨਾਵਾਂ ਇਹ ਹਨ ਕਿ ਬਹੁਤ ਨਰਮ ਫੈਸਲੇ ਕੀਤੇ ਗਏ ਹਨ ਪਰ ਲੰਬੇ ਅਰਸੇ ਤੋਂ ਅਕਾਲ ਤਖ਼ਤ ਸਾਹਿਬ ਤੋਂ ਆਉਂਦੇ ਰਹੇ ਹੁਕਮਨਾਮੇ ਅਤੇ ਸੰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਮਹਿਸੂਸ ਕਰਦੇ ਹਾਂ ਕੇ ਇਨ੍ਹਾ ਫੈਸਲਿਆਂ ਦੇ ਭਵਿੱਖ ਵਿੱਚ ਦੂਰ-ਰਸ ਸਿੱਟੇ ਨਿਕਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ ਨੇ ਕਿਹਾ ਕੇ ਕੌਮ ਨੂੰ ਇਸ ਤੋਂ ਸਬਕ ਸਿੱਖਦੇ ਹੋਏ ਐਸੇ ਲੀਡਰਾਂ ਨੂੰ ਨਕਾਰਨ ਦੀ ਜਰੂਰਤ ਹੈ। ਲੀਡਰਾਂ ਅਤੇ ਸੰਸਥਾਵਾਂ ਦੇ ਮੁਖੀਆਂ ਲਈ ਵੀ ਸਬਕ ਹੈ ਕੇ ਜੇ ਤਪੋਂ ਰਾਜ ਮਿਲਦਾ ਹੈ ਤਾਂ ਸੱਤਾ ਅਤੇ ਪਦਾਰਥਵਾਦ ਦੀ ਹਵਸ ਵਿੱਚ ਆਰ. ਐਸ. ਐਸ., ਬੀ. ਜੇ. ਪੀ., ਕਾਂਗਰਸ ਵਰਗੀਆਂ ਪੰਥ ਵਿਰੋਧੀ ਤਾਕਤਾਂ ਨਾਲ ਸਾਂਝ ਕਾਇਮ ਕਰਨ ਨਾਲ ਰਾਜੋਂ ਨਰਕ ਵਾਲੀ ਅਵਸਥਾ ਵੀ ਹੋ ਸਕਦੀ ਹੈ। ਸਮੇਂ ਦੀਆਂ ਸਰਕਾਰਾਂ ਲਈ ਵੀ ਸਬਕ ਹੈ ਕਿ 15 ਅਗਸਤ 1947 ਤੋਂ ਲੈ ਕੇ ਹੁਣ ਤੱਕ ਕੌਮ ਨਾਲ ਇਨਸਾਫ ਨਹੀਂ ਕੀਤਾ ਗਿਆ ਅਕਸਰ ਸਬੂਤਾਂ ਦੀ ਅਣਹੋਂਦ ਦਾ ਹੀ ਬਹਾਨਾ ਬਣਾ ਲਿਆ ਜਾਂਦਾ ਹੈ। ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋਏ ਕਬੂਲ-ਏ- ਜੁਰਮ ਹੁਣ ਤੁਹਾਡੇ ਲਈ ਪਰਖ ਦਾ ਵੇਲਾ ਹੈ ਤੇ ਹੁਣ ਕੀ ਕਾਰਵਾਈ ਕਰੋਗੇ ਇਹ ਵੇਖਣਾ ਬਾਕੀ ਹੈ।
Comments (0)