ਮਨੀਲਾ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਪਹੁੰਚ ਕੇ ਬਹੁਤ ਸੁਭਾਗਾ ਮਹਿਸੂਸ ਕਰ ਰਿਹਾ ਹਾਂ”: ਮੋਦੀ
ਮਨੀਲਾ/ਏ.ਟੀ.ਨਿਊਜ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਲਾ ਸਥਿਤ 100 ਸਾਲ ਪੁਰਾਣੇ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਮੱਥਾ ਟੇਕਿਆ ਅਤੇ ਇਸ ਇਤਿਹਾਸਕ ਅਸਥਾਨ ਦੇ ਪੁਨਰ-ਵਿਕਾਸ ਕਾਰਜਾਂ ਦੀ ਸ਼ੁਰੂਆਤ ਸਬੰਧੀ ਸਮਾਰੋਹ ਵਿੱਚ ਸ਼ਿਰਕਤ ਕੀਤੀ। 23ਵੇਂ ਆਸੀਆਨ-ਭਾਰਤ ਸੰਮੇਲਨ ਅਤੇ 21ਵੇਂ ਪੂਰਬੀ ਏਸ਼ੀਆ ਸੰਮੇਲਨ ਵਿੱਚ ਹਿੱਸਾ ਲੈਣ ਲਈ ਫਿਲੀਪੀਨਜ਼ ਪਹੁੰਚੇ ਪ੍ਰਧਾਨ ਮੰਤਰੀ ਨੇ ਆਪਣੀ ਇਸ ਫੇਰੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਕਿ“ਮਨੀਲਾ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਪਹੁੰਚ ਕੇ ਬਹੁਤ ਸੁਭਾਗਾ ਮਹਿਸੂਸ ਕਰ ਰਿਹਾ ਹਾਂ।”
ਪ੍ਰਧਾਨ ਮੰਤਰੀ ਨੇ ਆਪਣੀ ‘ਵਿਕਾਸ ਭੀ ਵਿਰਾਸਤ ਭੀ’ ਨੀਤੀ ਤਹਿਤ ਵਿਦੇਸ਼ੀ ਦੌਰਿਆਂ ਦੌਰਾਨ ਅਕਸਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ ਹਨ। ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਇਸ ਫੇਰੀ ਨੂੰ ਪ੍ਰਤੀਕਾਤਮਕ ਤੌਰ ’ਤੇ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਹ ਦੌਰਾ ਫਿਲੀਪੀਨਜ਼ ਨਾਲ ਭਾਰਤ ਦੇ ਡੂੰਘੇ ਸੱਭਿਆਚਾਰਕ ਸਬੰਧਾਂ ਅਤੇ ਪਰਵਾਸੀ ਭਾਰਤੀਆਂ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਦਰਸਾਉਂਦਾ ਹੈ।
ਇਸ ਤੋਂ ਪਹਿਲਾਂ ਬੀਤੇ ਦਿਨ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਸਿੱਖ ਭਾਈਚਾਰੇ ਨੇ ਮਨੁੱਖਤਾ ਦੀ ਸੇਵਾ ਸਦਕਾ ਵਿਸ਼ਵ ਪੱਧਰ ’ਤੇ ਵਿਲੱਖਣ ਪਛਾਣ ਬਣਾਈ ਹੈ ਅਤੇ ਇਹ ਗੁਰਦੁਆਰਾ ਫਿਲੀਪੀਨਜ਼ ਵਿੱਚ ਸਿੱਖਾਂ ਦਾ ਅਹਿਮ ਕੇਂਦਰ ਹੈ।
ਸਾਲ 1929 ਵਿੱਚ ਮੋਢੀ ਪੰਜਾਬੀ ਪਰਵਾਸੀਆਂ ਵੱਲੋਂ ਸਥਾਪਤ ਕੀਤਾ ਗਿਆ ਗੁਰਦੁਆਰਾ ਖ਼ਾਲਸਾ ਦੀਵਾਨ ਫਿਲੀਪੀਨਜ਼ ਵਿੱਚ ਸਿੱਖ ਭਾਈਚਾਰੇ ਦੀ ਇਤਿਹਾਸਕ ਮੌਜੂਦਗੀ ਦਾ ਪ੍ਰਮੁੱਖ ਪ੍ਰਤੀਕ ਹੈ। ਦਹਾਕਿਆਂ ਤੋਂ ਇਹ ਅਸਥਾਨ ਪੰਜਾਬੀ ਰਵਾਇਤਾਂ ਨੂੰ ਸੰਭਾਲਣ, ਭਾਈਚਾਰਕ ਸਾਂਝ ਵਧਾਉਣ ਅਤੇ ਬਿਨਾਂ ਕਿਸੇ ਭੇਦਭਾਵ ਦੇ ਚੱਲਣ ਵਾਲੀ ‘ਲੰਗਰ ਪ੍ਰਥਾ’ ਰਾਹੀਂ ਸੇਵਾ ਭਾਵਨਾ ਦਾ ਸੰਦੇਸ਼ ਦੇ ਰਿਹਾ ਹੈ। ਪੁਨਰ-ਵਿਕਾਸ ਦੀ ਇਸ ਪਹਿਲਕਦਮੀ ਨਾਲ ਮਨੀਲਾ ਵਿੱਚ ਭਾਰਤੀ ਵਿਰਾਸਤ ਦੀ ਸੰਭਾਲ ਦੇ ਨਾਲ-ਨਾਲ ਇਸ ਸੰਸਥਾ ਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ। ਇਹ ਸ਼ਮੂਲੀਅਤ ਦੱਖਣ-ਪੂਰਬੀ ਏਸ਼ੀਆ ਨਾਲ ਭਾਰਤ ਦੇ ਆਪਸੀ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਯਤਨਾਂ ਦਾ ਅਹਿਮ ਹਿੱਸਾ ਹੈ।











Comments (0)