ਪੰਥਕ ਤੇ ਦਲਿਤ ਵੋਟ ਬੈਂਕ ਨੂੰ ਇੱਕ ਮੰਚ ’ਤੇ ਲਿਆਉਣ ਦੀ ਕਵਾਇਦ

ਪੰਥਕ ਤੇ ਦਲਿਤ ਵੋਟ ਬੈਂਕ ਨੂੰ ਇੱਕ ਮੰਚ ’ਤੇ ਲਿਆਉਣ ਦੀ ਕਵਾਇਦ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਜਥੇਬੰਦੀ ‘ਵਾਰਿਸ ਪੰਜਾਬ ਦੇ’, ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਵਿਚਾਲੇ ਚੋਣ ਗੱਠਜੋੜ ਦੀਆਂ ਚਰਚਾਵਾਂ ਨੇ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ  ਬੀਤੇ ਦਿਨੀਂ ਫਰੀਦਕੋਟ ਵਿਖੇ ‘ਵਾਰਿਸ ਪੰਜਾਬ ਦੇ’ ਦੇ ਆਗੂਆਂ, ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਬਸਪਾ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵਿਚਾਲੇ ਅਹਿਮ ਬੈਠਕ ਹੋਈ ਸੀ। ‘ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਵੀ ਬਸਪਾ ਨਾਲ ਗੱਲਬਾਤ ਜਾਰੀ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਅਗਲੇ ਦੋ ਹਫ਼ਤਿਆਂ ਵਿੱਚ ਕਿਸੇ ਠੋਸ ਸਮਝੌਤੇ ’ਤੇ ਪਹੁੰਚਣ ਦੀ ਉਮੀਦ ਹੈ। ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ 26 ਨਵੰਬਰ ਨੂੰ ਫਿਲੌਰ ਵਿਖੇ ਹੋਣ ਵਾਲੀ ਬਸਪਾ ਦੀ ਰੈਲੀ ਦੌਰਾਨ ਇਸ ਗੱਠਜੋੜ ਬਾਰੇ ਕੋਈ ਰਸਮੀ ਐਲਾਨ ਕੀਤਾ ਜਾ ਸਕਦਾ ਹੈ।
ਪੰਜਾਬ ਦੀ ਸਿਆਸਤ ’ਤੇ ਕੀ ਪਵੇਗਾ ਪ੍ਰਭਾਵ?
ਸਿਆਸੀ ਮਾਹਿਰਾਂ ਅਤੇ ਨਿਰੀਖਕਾਂ ਅਨੁਸਾਰ, ਜੇਕਰ ਇਹ ਗੱਠਜੋੜ ਸਿਰੇ ਚੜ੍ਹਦਾ ਹੈ ਤਾਂ ਇਹ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ—ਆਮ ਆਦਮੀ ਪਾਰਟੀ (ਆਪ), ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ—ਲਈ ਵੱਡੀ ਚੁਣੌਤੀ ਖੜ੍ਹੀ ਕਰ ਸਕਦਾ ਹੈ। ਪੰਜਾਬ ਦੀ ਸਿਆਸਤ ਵਿੱਚ ਦਲਿਤ ਭਾਈਚਾਰੇ ਦੀ ਆਬਾਦੀ ਲਗਪਗ 32 ਫ਼ੀਸਦੀ ਹੈ, ਜਿਸ ਦਾ ਵੱਡਾ ਹਿੱਸਾ ਦੁਆਬਾ ਅਤੇ ਮਾਲਵਾ ਖੇਤਰ ਵਿੱਚ ਵੱਸਦਾ ਹੈ। ਦੂਜੇ ਪਾਸੇ, ਅੰਮ੍ਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਸੀਟ ਤੋਂ 4.04 ਲੱਖ ਵੋਟਾਂ ਲੈ ਕੇ ਅਤੇ 1.97 ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਕੇ ਆਪਣੀ ਸਿਆਸੀ ਤਾਕਤ ਦਾ ਸਬੂਤ ਦਿੱਤਾ ਸੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪੰਥਕ ਵੋਟ (ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਪੁਨਰ ਸੁਰਜੀਤ) ਅਤੇ ਬਸਪਾ ਦਾ ਰਵਾਇਤੀ ਦਲਿਤ ਵੋਟ ਬੈਂਕ ਇੱਕ ਮੰਚ ’ਤੇ ਇਕੱਠਾ ਹੁੰਦਾ ਹੈ, ਤਾਂ ਇਹ ਸੂਬੇ ਦੀਆਂ ਕਈ ਰਾਖਵੀਆਂ ਅਤੇ ਜਨਰਲ ਸੀਟਾਂ ’ਤੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਅਕਾਲੀ ਦਲ (ਪੁਨਰ ਸੁਰਜੀਤ) ਪਹਿਲਾਂ ਹੀ ਪੰਥਕ ਮੁੱਦਿਆਂ ਅਤੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ‘ਸਾਂਝਾ ਪੰਜਾਬ ਮੋਰਚਾ’ ਬਣਾਉਣ ਵਿੱਚ ਸਰਗਰਮ ਰਿਹਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਮਿਲ ਕੇ ਚੋਣ ਲੜੀ ਸੀ। ਹੁਣ ਬਸਪਾ ਦਾ ਬਾਦਲ ਦਲ ਤੋਂ ਵੱਖ ਹੋ ਕੇ ‘ਵਾਰਿਸ ਪੰਜਾਬ ਦੇ’ ਅਤੇ ‘ਪੁਨਰ ਸੁਰਜੀਤ’ ਧੜੇ ਨਾਲ ਹੱਥ ਮਿਲਾਉਣਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਰਵਾਇਤੀ ਵੋਟ ਆਧਾਰ ਨੂੰ ਹੋਰ ਖੋਰਾ ਲਾ ਸਕਦਾ ਹੈ।
 2022 ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਪਿੱਛੇ ਦਲਿਤ ਅਤੇ ਪੇਂਡੂ ਵੋਟਰਾਂ ਦਾ ਵੱਡਾ ਸਮਰਥਨ ਸੀ। ਇਸੇ ਤਰ੍ਹਾਂ ਕਾਂਗਰਸ ਵੀ ਦੁਆਬਾ ਖੇਤਰ ਵਿੱਚ ਦਲਿਤ ਵੋਟ ਬੈਂਕ ’ਤੇ ਨਿਰਭਰ ਕਰਦੀ ਹੈ। ਇਸ ਨਵੇਂ ਤਿਕੋਣੇ ਗੱਠਜੋੜ ਦੇ ਹੋਂਦ ਵਿੱਚ ਆਉਣ ਨਾਲ ਇਨ੍ਹਾਂ ਦੋਵਾਂ ਪਾਰਟੀਆਂ ਦੇ ਵੋਟ ਬੈਂਕ ਵਿੱਚ ਸੰਨ੍ਹ ਲੱਗਣ ਦਾ ਖ਼ਤਰਾ ਬਣ ਸਕਦਾ ਹੈ, ਜਿਸ ਨਾਲ ਕਈ ਹਲਕਿਆਂ ਵਿੱਚ ਚੋਣ ਮੁਕਾਬਲਾ ਬਹੁ-ਕੋਣਾ ਹੋ ਜਾਵੇਗਾ।
ਕੀ ਕਹਿੰਦੇ ਹਨ ਸਿਆਸੀ ਮਾਹਿਰ?
ਸਿਆਸੀ ਨਿਰੀਖਕਾਂ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਅੰਮ੍ਰਿਤਪਾਲ ਸਿੰਘ ਦਾ ਸਿਆਸੀ ਪ੍ਰਭਾਵ ਘਟਿਆ ਨਹੀਂ ਹੈ ਅਤੇ ਪੰਜਾਬ ਵਿੱਚ ਉਨ੍ਹਾਂ ਦੀ ਥੋੜ੍ਹੇ ਸਮੇਂ ਦੀ ਫੇਰੀ ਨੇ ਸਮਰਥਕਾਂ ਵਿੱਚ ਭਾਵਨਾਤਮਕ ਉਤਸ਼ਾਹ ਭਰਿਆ ਹੈ। ਪੰਥਕ ਸਿਆਸਤ ਅਤੇ ਬਹੁਜਨ ਸਮਾਜ ਪਾਰਟੀ ਦੀ ਅੰਬੇਡਕਰਵਾਦੀ ਵਿਚਾਰਧਾਰਾ ਵਿਚਾਲੇ ਤਾਲਮੇਲ ਬਿਠਾਉਣਾ ਇਸ ਗੱਠਜੋੜ ਦੀ ਸਫ਼ਲਤਾ ਲਈ ਅਹਿਮ ਹੋਵੇਗਾ। ਜ਼ਮੀਨੀ ਪੱਧਰ ’ਤੇ ਦੋਵਾਂ ਧਿਰਾਂ ਦੇ ਵਰਕਰਾਂ ਦਾ ਵੋਟ ਟ੍ਰਾਂਸਫਰ ਕਿੰਨਾ ਕੁ ਹੁੰਦਾ ਹੈ? ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਵਾਰਿਸ ਪੰਜਾਬ ਦੇ ਸੀਨੀਅਰ ਲੀਡਰ ਮਨਪ੍ਰੀਤ ਸਿੰਘ ਇਯਾਲੀ ਨੇ ਖੁਦ ਸਵੀਕਾਰ ਕੀਤਾ ਹੈ ਕਿ ਸੀਟਾਂ ਦੀ ਵੰਡ ਅਜੇ ਵੀ ਇੱਕ ਅਹਿਮ ਮੁੱਦਾ ਹੈ, ਜਿਸ ’ਤੇ ਸਹਿਮਤੀ ਬਣਨੀ ਬਾਕੀ ਹੈ। ਤਿੰਨ ਧਿਰਾਂ ਹੋਣ ਕਾਰਨ ਹਰ ਪਾਰਟੀ ਵੱਧ ਤੋਂ ਵੱਧ ਸੀਟਾਂ ’ਤੇ ਚੋਣ ਲੜਨ ਦੀ ਇੱਛਾ ਰੱਖਦੀ ਹੈ। ਜਨਵਰੀ 2025 ਵਿੱਚ ਗਠਿਤ ਕੀਤੀ ਗਈ ‘ਵਾਰਿਸ ਪੰਜਾਬ ਦੇ’ ਸਿਆਸੀ ਜਥੇਬੰਦੀ ਦੀ ਭਾਰਤੀ ਚੋਣ ਕਮਿਸ਼ਨ ਕੋਲ ਰਜਿਸਟ੍ਰੇਸ਼ਨ ਦੀ ਅਰਜ਼ੀ ਅਜੇ ਲਟਕ ਰਹੀ ਹੈ। ਤਕਨੀਕੀ ਤੌਰ ’ਤੇ ਚੋਣ ਨਿਸ਼ਾਨ ਅਤੇ ਰਜਿਸਟ੍ਰੇਸ਼ਨ ਦਾ ਮਸਲਾ ਹੱਲ ਹੋਣਾ ਵੀ ਜ਼ਰੂਰੀ ਹੈ।
ਪੰਜਾਬ ਦੀ ਸਿਆਸਤ ਇਸ ਵੇਲੇ ਇੱਕ ਵੱਡੇ ਬਦਲਾਅ ਦੇ ਦੌਰ ਵਿੱਚੋਂ ਲੰਘ ਰਹੀ ਹੈ। ਜੇਕਰ ‘ਵਾਰਿਸ ਪੰਜਾਬ ਦੇ’, ਅਕਾਲੀ ਦਲ (ਪੁਨਰ ਸੁਰਜੀਤ) ਅਤੇ ਬਸਪਾ ਵਿਚਾਲੇ ਸੀਟਾਂ ਦੀ ਵੰਡ ਅਤੇ ਮਾਇਆਵਤੀ ਦੀ ਮਨਜ਼ੂਰੀ ਵਰਗੇ ਮਸਲੇ ਹੱਲ ਹੋ ਜਾਂਦੇ ਹਨ, ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਤੀਜਾ ਮੋਰਚਾ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖ ਸਕਦਾ ਹੈ। ਹੁਣ ਸਭ ਦੀਆਂ ਨਜ਼ਰਾਂ 26 ਨਵੰਬਰ ਨੂੰ ਫਿਲੌਰ ਵਿਖੇ ਹੋਣ ਵਾਲੀ ਰੈਲੀ ਅਤੇ ਅਗਲੇ ਦੋ ਹਫ਼ਤਿਆਂ ਵਿੱਚ ਹੋਣ ਵਾਲੇ ਸਿਆਸੀ ਐਲਾਨਾਂ ’ਤੇ ਟਿਕੀਆਂ ਹੋਈਆਂ ਹਨ।