ਉੱਤਰਾਖੰਡ ਦੇ ਕੈਬਨਿਟ ਮੰਤਰੀ ਉਨਿਆਲ ਅਤੇ ਗਾਇਕ ਦਲੇਰ ਮਹਿੰਦੀ ਵਿਚਾਲੇ ਹੋਏ ਵਿਵਾਦ ਨੇ ਲਿਆ ਨਵਾਂ ਮੋੜ
ਚੰਡੀਗੜ/ਏ.ਟੀ.ਨਿਊਜ਼: ਉੱਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਅਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਵਿਚਾਲੇ ਹੋਏ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਪਹਿਲਾਂ ਗਾਇਕ ਮੀਕਾ ਸਿੰਘ ਦੀ ਟੀਮ ਨੇ ਦਾਅਵਾ ਕੀਤਾ ਸੀ ਕਿ ਮੰਤਰੀ ਨੇ ਫ਼ੋਨ ’ਤੇ ਦਲੇਰ ਮਹਿੰਦੀ ਤੋਂ ਮੁਆਫ਼ੀ ਮੰਗ ਲਈ ਹੈ। ਹਾਲਾਂਕਿ, ਪਿਛਲੇ ਦਿਨੀਂ ਸਾਹਮਣੇ ਆਈ ਰਿਪੋਰਟ ਮੁਤਾਬਕ ਮੰਤਰੀ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਆਫ਼ੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਤਰ੍ਹਾਂ ਮੁਆਫ਼ੀ ਨੂੰ ਲੈ ਕੇ ਦੋ ਵੱਖ-ਵੱਖ ਦਾਅਵੇ ਸਾਹਮਣੇ ਆਏ ਹਨ।
ਇਸ ਤੋਂ ਪਹਿਲਾਂ ਮੀਕਾ ਸਿੰਘ ਦੀ ਟੀਮ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਸੁਬੋਧ ਉਨਿਆਲ ਨੇ ਫ਼ੋਨ ’ਤੇ ਗੱਲਬਾਤ ਦੌਰਾਨ ਦਲੇਰ ਮਹਿੰਦੀ ਤੋਂ ਮੁਆਫ਼ੀ ਮੰਗੀ ਹੈ। ਟੀਮ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਸੀ ਕਿ ਕਲਾਕਾਰਾਂ ਦੇ ਸਨਮਾਨ ਅਤੇ ਮਾਣ-ਮਰਿਆਦਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਟੀਮ ਨੇ ਉਮੀਦ ਜਤਾਈ ਸੀ ਕਿ ਹੁਣ ਇਸ ਵਿਵਾਦ ਨੂੰ ਪਿੱਛੇ ਛੱਡ ਕੇ ਸਾਰੇ ਆਪਸੀ ਸਤਿਕਾਰ ਨਾਲ ਅੱਗੇ ਵਧਣਗੇ।
ਇਹ ਵਿਵਾਦ 18 ਅਕਤੂਬਰ ਨੂੰ ਉੱਤਰਾਖੰਡ ਦੇ ਟੀਹਰੀ ਗੜ੍ਹਵਾਲ ਜ਼ਿਲ੍ਹੇ ਵਿੱਚ ਕੁੰਜਾਪੁਰੀ ਮੇਲੇ ਦੌਰਾਨ ਸ਼ੁਰੂ ਹੋਇਆ ਸੀ। ਦਲੇਰ ਮਹਿੰਦੀ ਪੇਸ਼ਕਾਰੀ ਦੇ ਰਹੇ ਸਨ, ਜਦੋਂ ਮੰਤਰੀ ਸੁਬੋਧ ਉਨਿਆਲ ਨੇ ਉਨ੍ਹਾਂ ਦੀ ਪੇਸ਼ਕਾਰੀ ਵਿਚਾਲੇ ਰੋਕ ਦਿੱਤੀ। ਮੰਤਰੀ ਨੇ ਗਾਇਕ ’ਤੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਅਤੇ ਗੀਤ ਗਾਉਣ ਦੀ ਬਜਾਏ ਸਿਰਫ਼ ਬੁੱਲ੍ਹ ਹਿਲਾਉਣ ਦੇ ਦੋਸ਼ ਲਾਏ ਸਨ।
ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਮੀਕਾ ਸਿੰਘ ਨੇ ਆਪਣੇ ਵੱਡੇ ਭਰਾ ਦੇ ਹੱਕ ਵਿੱਚ ਆਵਾਜ਼ ਉਠਾਈ ਅਤੇ ਮੰਤਰੀ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਦੋਵਾਂ ਗਾਇਕ ਭਰਾਵਾਂ ਨਾਲ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਆਉਣ ਦਾ ਸੱਦਾ ਦਿੱਤਾ ਸੀ।
ਜਦੋਂ ਉਨਿਆਲ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਦਲੇਰ ਮਹਿੰਦੀ ਤੋਂ ਮੁਆਫ਼ੀ ਮੰਗੀ ਹੈ ਤਾਂ ਉਨ੍ਹਾਂ ਕਿਹਾ, “ਮੇਰੇ ਮੁਆਫ਼ੀ ਮੰਗਣ ਦਾ ਸਵਾਲ ਹੀ ਨਹੀਂ ਹੈ।” ਉਨ੍ਹਾਂ ਅੱਗੇ ਸਵਾਲ ਕੀਤਾ, “ਇਹ ਦੱਸੋ, ਮੈਂ ਕੋਈ ਅਪਰਾਧ ਕੀਤਾ ਹੈ ਜੋ ਮੁਆਫ਼ੀ ਮੰਗਾਂ?”
ਗਾਇਕ ਦੀ ਸਿਹਤ ਬਾਰੇ ਪਹਿਲਾਂ ਦੱਸਣਾ ਚਾਹੀਦਾ ਸੀ: ਮੰਤਰੀ
ਉਨਿਆਲ ਨੇ ਉਨ੍ਹਾਂ ਰਿਪੋਰਟਾਂ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ, ਜਿਨ੍ਹਾਂ ਵਿੱਚ ਉਨ੍ਹਾਂ ਵੱਲੋਂ ਦਲੇਰ ਮਹਿੰਦੀ ਤੋਂ ਮੁਆਫ਼ੀ ਮੰਗੇ ਜਾਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਦਲੀਲ ਦਿੱਤੀ ਕਿ ਜੇ ਗਾਇਕ ਦੀ ਸਿਹਤ ਠੀਕ ਨਹੀਂ ਸੀ ਤਾਂ ਉਨ੍ਹਾਂ ਨੂੰ ਜਾਂ ਤਾਂ ਆਪਣੀ ਪੇਸ਼ਕਾਰੀ ਰੱਦ ਕਰ ਦੇਣੀ ਚਾਹੀਦੀ ਸੀ ਜਾਂ ਫਿਰ ਪਹਿਲਾਂ ਹੀ ਪ੍ਰਬੰਧਕਾਂ ਅਤੇ ਦਰਸ਼ਕਾਂ ਨੂੰ ਆਪਣੀ ਸਿਹਤ ਬਾਰੇ ਦੱਸ ਦੇਣਾ ਚਾਹੀਦਾ ਸੀ।











Comments (0)