ਕੀ ਡੋਨਾਲਡ ਟਰੰਪ ਗਾਜ਼ਾ ਯੁੱਧ ਨੂੰ ਖਤਮ ਕਰ ਦੇਵੇਗਾ?

ਕੀ ਡੋਨਾਲਡ ਟਰੰਪ ਗਾਜ਼ਾ ਯੁੱਧ ਨੂੰ ਖਤਮ ਕਰ ਦੇਵੇਗਾ?

*ਡੋਨਾਲਡ ਟਰੰਪ ਨੇ ਖੁਦ ਮੁੱਖ ਭੂਮਿਕਾ ਨਿਭਾਉਣ ਦਾ ਕੀਤਾ ਦਾਅਵਾ 

*ਹੁਣ ਈਰਾਨ ਉਪਰ ਪਾਬੰਦੀਆਂ ਲੱਗਣ ਦੀਆਂ ਸੰਭਾਵਨਾਵਾਂ

 ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਗਾਜ਼ਾ ਵਿੱਚ ਬੰਧਕ ਬਣਾਏ ਗਏ ਇਜ਼ਰਾਈਲੀਆਂ ਦੇ ਪਰਿਵਾਰ ਉਨ੍ਹਾਂ ਦੀ ਰਿਹਾਈ ਲਈ ਆਸਵੰਦ ਹਨ। ਹਮਾਸ ਦੇ ਕਬਜ਼ੇ ਤੋਂ ਇ ਜ਼ਰਾਈਲੀ ਬੰਧਕਾਂ ਨੂੰ ਛੁਡਾਉਣ ਲਈ ਟਰੰਪ ਮੌਜੂਦਾ ਰਾਸ਼ਟਰਪਤੀ ਜੋ ਬਿਡੇਨ ਨਾਲੋਂ ਜ਼ਿਆਦਾ ਹਮਲਾਵਰ ਕਦਮ ਚੁੱਕ ਸਕਦੇ ਹਨ। ਡੋਨਾਲਡ ਟਰੰਪ ਦੇ ਪ੍ਰੈੱਸ ਸਕੱਤਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਟਰੰਪ ਗਾਜ਼ਾ ਬੰਧਕਾਂ ਲਈ ਮੁੱਖ ਵਾਰਤਾਕਾਰ ਦੀ ਭੂਮਿਕਾ ਨਿਭਾ ਸਕਦੇ ਹਨ।

ਐਕਸੀਓਸ ਦੀ ਰਿਪੋਰਟ ਮੁਤਾਬਕ ਵ੍ਹਾਈਟ ਹਾਊਸ ਵਿਚ ਟਰੰਪ ਦੀ ਨਵੀਂ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ ਹੈ ਕਿ ਨਵੇਂ ਅਮਰੀਕੀ ਰਾਸ਼ਟਰਪਤੀ ਈਰਾਨ 'ਤੇ ਸਖ਼ਤ ਪਾਬੰਦੀਆਂ ਨੂੰ ਬਹਾਲ ਕਰਨਗੇ ਅਤੇ ਇਜ਼ਰਾਈਲ ਦਾ ਜ਼ੋਰਦਾਰ ਸਮਰਥਨ ਕਰਨਗੇ। ਉਨ੍ਹਾਂ ਕਿਹਾ, 'ਡੋਨਾਲਡ ਟਰੰਪ ਅਮਰੀਕਾ ਦੇ ਮੁੱਖ ਭੂਮਿਕਾ ਨਿਭਾਉਣਗੇ ਅਤੇ ਬੇਕਸੂਰ ਨਾਗਰਿਕਾਂ ਨੂੰ ਬੰਧਕ ਬਣਾਏ ਜਾਣ ਦੇ ਮਾਮਲੇ ਵਿਚ ਉਨ੍ਹਾਂ ਨੂੰ ਘਰ ਵਾਪਸ ਲਿਆਉਣ ਲਈ ਕੰਮ ਕਰਨਗੇ।'

ਇਜ਼ਰਾਇਲੀ ਰਾਸ਼ਟਰਪਤੀ ਇਸਹਾਕ ਹਜੋਂਗ ਨਾਲ ਫੋਨ 'ਤੇ ਗੱਲਬਾਤ ਵਿਚ ਡੋਨਾਲਡ ਟਰੰਪ ਨੂੰ ਦੱਸਿਆ ਗਿਆ ਕਿ ਇਜ਼ਰਾਇਲੀ ਖੁਫੀਆ ਏਜੰਸੀ ਦਾ ਮੰਨਣਾ ਹੈ ਕਿ 7 ਅਮਰੀਕੀਆਂ ਸਮੇਤ 101 ਬੰਧਕਾਂ ਵਿਚੋਂ ਅੱਧੇ ਭਾਵ 50 ਤੋਂ 55 ਅਜੇ ਵੀ ਗਾਜ਼ਾ ਵਿਚ ਜ਼ਿੰਦਾ ਹਨ। ਹਜੋਂਗ ਨੇ ਟਰੰਪ ਨੂੰ ਜ਼ੋਰ ਦੇ ਕੇ ਕਿਹਾ ਕਿ ਤੁਹਾਨੂੰ ਬੰਧਕਾਂ ਨੂੰ ਬਚਾਉਣਾ ਹੋਵੇਗਾ। ਟਰੰਪ ਨੇ ਇਸ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜ਼ਿਆਦਾਤਰ ਬੰਧਕ ਮਰ ਚੁੱਕੇ ਹਨ।

ਡੋਨਾਲਡ ਟਰੰਪ ਨੇ ਗਾਜ਼ਾ ਜੰਗ ਨੂੰ ਜਲਦੀ ਖਤਮ ਕਰਨ ਦੀ ਮੰਗ ਕੀਤੀ ਹੈ। ਕੁਝ ਇਜ਼ਰਾਈਲ ਅਧਿਕਾਰੀ ਟਰੰਪ ਨੂੰ ਬਿਡੇਨ ਨਾਲੋਂ ਨੇਤਨਯਾਹੂ 'ਤੇ ਵਧੇਰੇ ਪ੍ਰਭਾਵ ਪਾਉਣ ਵਾਲੇ ਰਾਸ਼ਟਰਪਤੀ ਵਜੋਂ ਦੇਖਦੇ ਹਨ। ਫਾਊਂਡੇਸ਼ਨ ਫਾਰ ਡਿਫੈਂਸ ਆਫ ਡੈਮੋਕਰੇਸੀਜ਼ ਦੇ ਸੀਈਓ ਮਾਰਕ ਡੂਬੋਵਿਟਜ਼ ਨੇ ਕਿਹਾ ਕਿ ਟਰੰਪ ਨੂੰ ਤੁਰੰਤ ਬਿਆਨ ਜਾਰੀ ਕਰਕੇ ਸਾਰੇ ਬੰਧਕਾਂ ਦੀ ਰਿਹਾਈ ਦੀ ਸਪੱਸ਼ਟ ਮੰਗ ਕਰਨੀ ਚਾਹੀਦੀ ਹੈ।

ਗਾਜ਼ਾ ਵਿੱਚ ਇੱਕ ਸਾਲ ਤੋਂ ਵੱਧ ਦੀ ਲੜਾਈ ਦੇ ਬਾਵਜੂਦ, ਇਜ਼ਰਾਈਲ ਲਈ ਆਪਣੇ ਬੰਧਕਾਂ ਨੂੰ ਛੁਡਾਉਣਾ ਸੰਭਵ ਨਹੀਂ ਹੋ ਸਕਿਆ। ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਗੱਲਬਾਤ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਰੁਕੀ ਹੋਈ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੰਦੀ ਛੁਡਵਾਉਣ ਸੰਬੰਧੀ ਸੌਦੇ ਦੇ ਬਦਲੇ ਯੁੱਧ ਖਤਮ ਕਰਨ ਦਾ ਵਿਰੋਧ ਕੀਤਾ ਹੈ। ਉਹ ਇਸ ਨੂੰ ਇਜ਼ਰਾਈਲ ਦੀ ਹਾਰ ਦੀ ਨਿਸ਼ਾਨੀ ਵਜੋਂ ਦੇਖਦਾ ਹੈ। ਅਜਿਹੇ ਵਿਚ ਬੰਧਕਾਂ ਦੀ ਰਿਹਾਈ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ।