ਕੀ ਚੀਨ ਦੀ ਆਰਥਿਕਤਾ ਕਦੇ ਵੀ ਅਮਰੀਕਾ ਨੂੰ ਪਛਾੜ ਦੇਵੇਗੀ?
ਚੀਨ ਦੀ ਆਰਥਿਕਤਾ ਡਕਣ ਲਈ ਅਮਰੀਕਾ ਸਰਗਰਮ
*ਤਾਇਵਾਨ ਨਾਲ ਤਕਰਾਰ ਕਾਰਣ ਪਛੜ ਸਕਦਾ ਹੈ ਚੀਨ
ਕਈ ਦਹਾਕਿਆਂ ਤੋਂ ਨੀਤੀ ਨਿਰਮਾਤਾ ਅਤੇ ਅਰਥ ਸ਼ਾਸਤਰੀ ਵਾਂਗ ਵੇਨ ਭਵਿੱਖਬਾਣੀ ਕਰਰਿਹਾ ਹੈ ਕਿ ਕਿ ਚੀਨ ਅਮਰੀਕਾ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣ ਸਕਦਾ ਹੈ। ਦਰਅਸਲ, ਚੀਨ ਵਿੱਚ 75 ਕਰੋੜ ਤੋਂ ਵੱਧ ਕਰਮਚਾਰੀ ਹਨ।
2008-09 ਦੇ ਵਿੱਤੀ ਸੰਕਟ ਤੋਂ ਬਾਅਦ, ਅਮਰੀਕਾ ਅਤੇ ਯੂਰਪ ਵਿੱਚ ਵਿਕਾਸ ਦਰ ਕਈ ਸਾਲਾਂ ਤੱਕ ਘੱਟ ਰਹੀ। ਇਸ ਸੰਕਟ ਤੋਂ ਬਾਅਦ ਇਹ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਚੀਨ ਅਮਰੀਕਾ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਮਹਾਂ ਉਦਾਸੀ ਵਜੋਂ ਜਾਣੇ ਜਾਂਦੇ ਸੰਕਟ ਕਰੋਨਾ ਤੋਂ ਪਹਿਲਾਂ, ਚੀਨ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿਚ ਘੱਟੋ-ਘੱਟ ਪੰਜ ਸਾਲਾਂ ਲਈ ਦੋ ਅੰਕਾਂ ਦਾ ਵਾਧਾ ਦੇਖਿਆ ਗਿਆ ਸੀ। ਇਸ ਸੰਕਟ ਤੋਂ ਬਾਅਦ ਵੀ ਚੀਨ ਦੀ ਅਰਥਵਿਵਸਥਾ 6 ਤੋਂ 9 ਫੀਸਦੀ ਸਾਲਾਨਾ ਦੀ ਦਰ ਨਾਲ ਵਧਦੀ ਰਹੀ ਸੀ। ਹਾਲਾਂਕਿ, ਇਹ ਕੋਰੋਨਾ ਮਹਾਂਮਾਰੀ ਦੇ ਆਉਣ ਨਾਲ ਇਹ ਵਾਧਾ ਰੁਕ ਗਿਆ ਸੀ।
ਕਰੋਨਾ ਮਹਾਂਮਾਰੀ ਦੇ ਕਾਰਨ, ਇੱਕ ਸਖ਼ਤ ਤਾਲਾਬੰਦੀ ਲਾਗੂ ਕੀਤੀ ਗਈ ਸੀ ਅਤੇ ਆਰਥਿਕਤਾ ਢਹਿ ਗਈ ਸੀ। ਚੀਨ ਲਈ ਸੰਕਟ ਦਾ ਦੌਰ ਇੱਥੇ ਹੀ ਖਤਮ ਨਹੀਂ ਹੋਇਆ ਸੀ। ਇਸ ਦਾ ਰੀਅਲ ਅਸਟੇਟ ਸੈਕਟਰ ਵੀ ਵੱਡੀ ਮੁਸੀਬਤ ਵਿੱਚ ਫਸ ਗਿਆ ਸੀ। ਇਸ ਸੈਕਟਰ ਨੇ ਚੀਨ ਦੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਰੀਅਲ ਅਸਟੇਟ ਦਾ ਚੀਨ ਦੀ ਆਰਥਿਕਤਾ ਵਿਚ ਇੱਕ ਤਿਹਾਈ ਯੋਗਦਾਨ ਸੀ। 2020 ਵਿੱਚ, ਚੀਨ ਨੇ ਇੱਕ ਸੀਮਾ ਤੈਅ ਕਰ ਦਿਤੀ ਸੀ ਕਿ ਪ੍ਰਾਪਰਟੀ ਡਿਵੈਲਪਰ ਕਿੰਨਾ ਲੋਨ ਲੈ ਸਕਦੇ ਹਨ। ਇਸ ਕਾਰਨ ਕਈ ਕੰਪਨੀਆਂ ਦੀਵਾਲੀਆ ਹੋ ਗਈਆਂ ਸਨ। ਇੱਕ ਅੰਦਾਜ਼ੇ ਮੁਤਾਬਕ 2 ਕਰੋੜ ਤੋਂ ਵੱਧ ਅਧੂਰੇ ਜਾਂ ਦੇਰੀ ਨਾਲ ਪਏ ਮਕਾਨ ਨਹੀਂ ਵੇਚੇ ਜਾ ਸਕੇ। ਨਤੀਜਾ ਇਹ ਹੋਇਆ ਕਿ ਅੱਜ ਚੀਨ ਵਿਚ ਕਈ ਥਾਵਾਂ 'ਤੇ ਘਰ ਦੂਰ-ਦੂਰ ਤੋਂ ਦਿਸਦੇ ਹਨ ਪਰ ਉਨ੍ਹਾਂ ਵਿਚ ਕੋਈ ਨਹੀਂ ਰਹਿੰਦਾ। ਇਹ ਭੂਤੀਆ ਖੇਤਰ ਚੀਨ ਦੇ ਰੀਅਲ ਅਸਟੇਟ ਸੈਕਟਰ ਦੀ ਦੁਰਦਸ਼ਾ ਨੂੰ ਦਰਸਾਉਂਦੇ ਹਨ।
ਲਗਭਗ ਉਸੇ ਸਮੇਂ, ਪੱਛਮ ਨਾਲ ਵਪਾਰਕ ਸਬੰਧਾਂ ਵਿੱਚ ਗਿਰਾਵਟ ਨੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਵਿੱਚ ਵਿਕਾਸ ਨੂੰ ਹੌਲੀ ਕਰ ਦਿੱਤਾ। ਦਹਾਕਿਆਂ ਤੱਕ ਚੀਨ ਦੀ ਸਰਦਾਰੀ ਨੂੰ ਅੱਗੇ ਵਧਾਉਣ ਦੇ ਬਾਅਦ, 2010 ਦੇ ਅਖੀਰ ਤੱਕ, ਅਮਰੀਕਾ ਨੇ ਚੀਨ ਦੀਆਂ ਆਰਥਿਕ ਅਤੇ ਫੌਜੀ ਇੱਛਾਵਾਂ ਨੂੰ ਕਾਬੂ ਕਰਨ ਲਈ ਆਪਣੀ ਨੀਤੀ ਬਦਲ ਦਿੱਤੀ ਹੈ।
ਚੀਨ ਦੀ ਆਰਥਿਕਤਾ ਇੰਨੀ ਤੇਜ਼ੀ ਨਾਲ ਬਦਲ ਗਈ ਕਿ ਲਗਭਗ ਇੱਕ ਸਾਲ ਪਹਿਲਾਂ ਇੱਕ ਨਵਾਂ ਸ਼ਬਦ ਉਭਰਿਆ: 'ਪੀਕ ਚਾਈਨਾ'। ਇਸ ਥਿਊਰੀ ਮੁਤਾਬਕ ਚੀਨ ਦੀ ਅਰਥਵਿਵਸਥਾ ਹੁਣ ਕਈ ਢਾਂਚਾਗਤ ਸਮੱਸਿਆਵਾਂ ਨਾਲ ਜੂਝ ਰਹੀ ਹੈ। ਜਿਵੇਂ ਕਿ, ਭਾਰੀ ਕਰਜ਼ਾ, ਘਟਦੀ ਉਤਪਾਦਕਤਾ, ਘੱਟ ਖਪਤ ਅਤੇ ਵਧਦੀ ਬਜ਼ੁਰਗ ਆਬਾਦੀ। ਇਹ ਕਮਜ਼ੋਰੀਆਂ, ਤਾਈਵਾਨ ਬਾਰੇ ਭੂ-ਰਾਜਨੀਤਿਕ ਤਣਾਅ ਅਤੇ ਪੱਛਮ ਨਾਲ ਇਸ ਦੇ ਵਪਾਰ ਦੇ ਅਲਗ ਹੋਣ ਦੇ ਨਾਲ, ਇਹ ਸੰਭਾਵਨਾਵਾਂ ਨੂੰ ਜਨਮ ਦਿੰਦੀਆਂ ਹਨ ਕਿ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀਆਂ ਚੀਨ ਦੀਆਂ ਇੱਛਾਵਾਂ ਵਿੱਚ ਦੇਰੀ ਹੋ ਸਕਦੀ ਹੈ ਜਾਂ ਸ਼ਾਇਦ ਇਹ ਕਦੇ ਵੀ ਪੂਰੀ ਨਾ ਹੋਵੇ।
ਹਾਲਾਂਕਿ ਇਸ ਪੂਰੇ ਮੁੱਦੇ 'ਤੇ ਚੀਨ ਦੀ ਰੇਨਮਿਨ ਯੂਨੀਵਰਸਿਟੀ ਦੇ ਚੋਂਗਯਾਂਗ ਇੰਸਟੀਚਿਊਟ ਫਾਰ ਫਾਈਨੈਂਸ਼ੀਅਲ ਸਟੱਡੀਜ਼ ਦੇ ਵਾਂਗ ਵੇਨ ਨੇ ਦੱਸਿਆ ਕਿ ਪੀਕ ਚਾਈਨਾ ਇਕ 'ਮਿੱਥ' ਹੈ। ਚੀਨ ਦਾ ਕੁੱਲ ਆਰਥਿਕ ਉਤਪਾਦਨ 2021 ਵਿੱਚ ਅਮਰੀਕਾ ਦੇ ਉਤਪਾਦਨ ਦੇ ਲਗਭਗ 80 ਪ੍ਰਤੀਸ਼ਤ ਤੱਕ ਪਹੁੰਚ ਗਿਆ ਸੀ।
ਵਾਂਗ ਨੇ ਕਿਹਾ ਕਿ ਜੇਕਰ ਚੀਨ 'ਅੰਦਰੂਨੀ ਸਥਿਰਤਾ ਅਤੇ ਬਾਹਰੀ ਸ਼ਾਂਤੀ' ਬਣਾਈ ਰੱਖਦਾ ਹੈ ਤਾਂ ਚੀਨੀ ਅਰਥਵਿਵਸਥਾ ਜਲਦੀ ਹੀ ਅਮਰੀਕਾ ਨੂੰ ਪਛਾੜ ਦੇਵੇਗੀ। ਉਸ ਨੇ ਕਿਹਾ, "ਚੀਨ ਦੇ ਪਿੰਡਾਂ ਵਿੱਚ ਰਹਿਣ ਵਾਲੇ ਲੱਖਾਂ ਲੋਕ ਹੁਣ ਸ਼ਹਿਰੀ ਖੇਤਰਾਂ ਵਿੱਚ ਰਹਿਣਾ ਚਾਹੁੰਦੇ ਹਨ, ਜਿੱਥੇ ਆਮਦਨ ਅਤੇ ਜੀਵਨ ਪੱਧਰ ਬਹੁਤ ਵਧੀਆ ਹੈ। ਚੀਨ ਵਿੱਚ ਸ਼ਹਿਰੀਕਰਨ ਦੀ ਦਰ ਸਿਰਫ 65 ਪ੍ਰਤੀਸ਼ਤ ਹੈ। ਜੇਕਰ ਇਹ ਭਵਿੱਖ ਵਿੱਚ 80 ਪ੍ਰਤੀਸ਼ਤ ਤੱਕ ਪਹੁੰਚ ਜਾਂਦੀ ਹੈ, ਤਾਂ ਇਸਦਾ ਮਤਲਬ ਹੈ। ਕਿ 20 ਤੋਂ 30 ਕਰੋੜ ਲੋਕ ਸ਼ਹਿਰੀ ਖੇਤਰਾਂ ਵਿੱਚ ਰਹਿਣ ਲਈ ਚਲੇ ਜਾਣਗੇ ਇਸ ਨਾਲ ਆਰਥਿਕਤਾ ਵਿੱਚ ਬਹੁਤ ਵਾਧਾ ਹੋਵੇਗਾ।
ਕਈ ਹੋਰ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਜਿਹੜੀਆਂ ਸਮੱਸਿਆਵਾਂ ਨੇ 'ਪੀਕ ਚਾਈਨਾ' ਦੀ ਕਹਾਣੀ ਨੂੰ ਜਨਮ ਦਿੱਤਾ, ਉਹ ਸਾਲਾਂ ਤੋਂ ਬਣ ਰਹੀਆਂ ਸਨ। ਟੋਰਾਂਟੋ ਯੂਨੀਵਰਸਿਟੀ ਦੀ ਅਰਥ ਸ਼ਾਸਤਰ ਦੀ ਪ੍ਰੋਫੈਸਰ ਲੌਰੇਨ ਬ੍ਰਾਂਟ ਨੇ ਦੱਸਿਆ, "ਚੀਨ ਦੀ ਆਰਥਿਕਤਾ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਬਹੁਤ ਜ਼ਿਆਦਾ ਉਤਪਾਦਨ ਸਮਰੱਥਾ ਦੇ ਕਾਰਨ ਤੇਜ਼ੀ ਨਾਲ ਵਧੀ ਸੀ।" 1978 ਵਿੱਚ ਉਸ ਸਮੇਂ ਦੇ ਚੀਨੀ ਰਾਸ਼ਟਰਪਤੀ ਡੇਂਗ ਜ਼ਿਆਓਪਿੰਗ ਦੇ ਅਧੀਨ ਸੁਧਾਰ ਅਤੇ ਖੁੱਲੇਪਣ ਦੀਆਂ ਨੀਤੀਆਂ ਪੇਸ਼ ਕੀਤੀਆਂ ਗਈਆਂ ਸਨ। ਅਗਲੇ ਤਿੰਨ ਦਹਾਕਿਆਂ ਵਿੱਚ, ਉਤਪਾਦਕਤਾ ਦਾ ਕੁੱਲ ਘਰੇਲੂ ਉਤਪਾਦਨ ਵਿੱਚ ਲਗਭਗ 70 ਪ੍ਰਤੀਸ਼ਤ ਹਿੱਸਾ ਰਿਹਾ।
ਚੀਨੀ ਅਰਥਵਿਵਸਥਾ ਦੇ ਮਾਹਿਰ ਬ੍ਰੈਂਡਟ ਦਾ ਕਹਿੰਦੀ ਹੈ ਕਿ ਵਿੱਤੀ ਸੰਕਟ ਤੋਂ ਬਾਅਦ ਉਤਪਾਦਨ ਸਮਰੱਥਾ ਵਿੱਚ ਗਿਰਾਵਟ ਆਈ ਹੈ। ਹੁਣ ਇਹ 2008 ਤੋਂ ਪਹਿਲਾਂ ਦੇ ਮੁਕਾਬਲੇ ਇੱਕ ਚੌਥਾਈ ਰਹਿ ਗਈ ਹੈ।"
ਚੀਨ ਉਪਰ ਨਿਗਰਾਨੀ ਰਖਣ ਵਾਲੇ ਆਸਵੰਦ ਸਨ ਕਿ ਅਗਲੇ ਹਫਤੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਵਿੱਚ, ਅਲਪਕਾਲਿਕ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਵੱਡੇ ਪ੍ਰੇਰਕ ਉਪਾਅ ਦੇ ਮੁਦੇ ਰਖੇ ਜਾਣਗੇ। ਹਾਲਾਂਕਿ, ਹੁਣ ਉਹ ਮਹਿਸੂਸ ਕਰਦੇ ਹਨ ਕਿ ਚੀਨ ਇਸ ਦੀ ਬਜਾਏ ਉੱਨਤ ਅਤੇ ਹਰੀ ਤਕਨਾਲੋਜੀ ਵਰਗੇ ਕੁਝ ਖੇਤਰਾਂ ਵਿੱਚ ਅੱਗੇ ਵਧਣ ਬਾਰੇ ਧਿਆਨ ਦੇਵੇਗਾ। ਇਸ ਤੋਂ ਇਲਾਵਾ ਇਹ ਪੈਨਸ਼ਨ ਅਤੇ ਪ੍ਰਾਈਵੇਟ ਸੈਕਟਰ ਨੂੰ ਵੀ ਉਤਸ਼ਾਹਿਤ ਕਰੇਗਾ।
ਚੀਨ ਦਾ ਕੁੱਲ ਕਰਜ਼ਾ ਉਸ ਦੇ ਜੀਡੀਪੀ ਦੇ 300 ਪ੍ਰਤੀਸ਼ਤ ਤੋਂ ਵੱਧ ਗਿਆ ਹੈ, ਯਾਨੀ ਇਹ ਤਿੰਨ ਗੁਣਾ ਹੋ ਗਿਆ ਹੈ। ਇਸ ਦਾ ਵੱਡਾ ਹਿੱਸਾ ਸਥਾਨਕ ਸਰਕਾਰਾਂ ਸਿਰ ਹੈ। ਵਿਦੇਸ਼ੀ ਪ੍ਰਤੱਖ ਨਿਵੇਸ਼ ਲਗਾਤਾਰ 12 ਮਹੀਨਿਆਂ ਤੋਂ ਘਟ ਰਿਹਾ ਹੈ। ਸਿਰਫ 2024 ਦੇ ਪਹਿਲੇ ਪੰਜ ਮਹੀਨਿਆਂ ਵਿਚ 28.2 ਫੀਸਦੀ ਦੀ ਗਿਰਾਵਟ ਆਈ ਹੈ। ਨਵੀਆਂ ਤਕਨੀਕਾਂ ਦਾ ਉਤਪਾਦਨ ਵਧਾਉਣ ਲਈ ਵੱਡੇ ਨਿਵੇਸ਼ ਦੇ ਬਾਵਜੂਦ, ਚੀਨ ਦੇ ਕੁਝ ਵਪਾਰਕ ਭਾਈਵਾਲ ਚੀਨੀ ਦਰਾਮਦਾਂ 'ਤੇ ਪਾਬੰਦੀਆਂ ਲਗਾ ਰਹੇ ਹਨ।
ਬਰਾਂਟ ਨੇ ਦਸਿਆ ਕਿ ਇਹ ਇੱਕ ਅਰਥਵਿਵਸਥਾ ਹੈ ਜਿਸ ਨੇ ਖੋਜ ਅਤੇ ਵਿਕਾਸ ਦੇ ਨਾਲ-ਨਾਲ ਲੋਕਾਂ ਅਤੇ ਉੱਚ-ਪੱਧਰ ਦੇ ਬੁਨਿਆਦੀ ਢਾਂਚੇ ਵਿੱਚ ਬਹੁਤ ਜ਼ਿਆਦਾ ਨਿਵੇਸ਼ ਕੀਤਾ ਹੈ। ਹਾਲਾਂਕਿ, ਇਸਦਾ ਲਾਭ ਇਸ ਤਰੀਕੇ ਨਾਲ ਨਹੀਂ ਲਿਆ ਜਾ ਰਿਹਾ ਹੈ ਜੋ ਆਰਥਿਕਤਾ ਵਿੱਚ ਵਿਕਾਸ ਨੂੰ ਕਾਇਮ ਰੱਖਣ ਵਿੱਚ ਮਦਦ ਕਰ ਸਕਦਾ ਹੈ।"
ਸ਼ੀ ਜਿਨਪਿੰਗ ਦੇ ਸੱਤਾ ਵਿੱਚ ਬਣੇ ਰਹਿਣ ਕਾਰਣ ਉਮੀਦ ਨਾਲੋਂ ਉਲਟ ਨਤੀਜੇ ਸਾਹਮਣੇ ਆਏ ਹਨ।ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਧੀਨ, ਚੀਨ ਉਦਯੋਗਾਂ ਦੀ ਸਰਕਾਰੀ ਮਾਲਕੀ ਦੇ ਰਾਹੀਂ ਅਰਥ ਵਿਵਸਥਾ ਦੇ ਵਧੇਰੇ ਕੇਂਦਰੀਕਰਨ ਵੱਲ ਵਧਿਆ ਹੈ। ਚੀਨ ਦੇ ਨੇਤਾਵਾਂ ਨੇ ਫੈਸਲਾ ਕੀਤਾ ਕਿ ਵਿਕਾਸ ਦੀ ਅਗਲੀ ਲਹਿਰ ਘਰੇਲੂ ਖਪਤ 'ਤੇ ਅਧਾਰਿਤ ਹੋਵੇਗੀ, ਜਿਸ ਨਾਲ ਦੇਸ਼ ਨੂੰ ਵਿਦੇਸ਼ੀ ਨਿਰਯਾਤ 'ਤੇ ਘੱਟ ਨਿਰਭਰ ਰਹਿਣਾ ਪਵੇਗਾ।
ਹਾਲਾਂਕਿ ਚੀਨ ਦੀ ਅਰਥਵਿਵਸਥਾ ਬਹੁਤ ਤੇਜ਼ੀ ਨਾਲ ਵਧੀ ਹੈ, ਪਰ ਬਹੁਤ ਸਾਰੀਆਂ ਸਮਾਜਿਕ ਯੋਜਨਾਵਾਂ ਇੰਨੀ ਤੇਜ਼ੀ ਨਾਲ ਨਹੀਂ ਵਧੀਆਂ । ਬ੍ਰਾਂਟ ਕਹਿੰਦੀ ਹੈ, "ਉਹ ਖਪਤਕਾਰ ਜੋ ਹੁਣ ਘੱਟ ਲਾਗਤ ਵਾਲੀ ਸਿਹਤ ਦੇਖਭਾਲ, ਸਿੱਖਿਆ, ਅਤੇ ਸਰਕਾਰੀ ਪੈਨਸ਼ਨਾਂ 'ਤੇ ਭਰੋਸਾ ਨਹੀਂ ਕਰ ਸਕਦੇ ਹਨ, ਉਹ ਆਪਣੀ ਬਚਤ ਦਾ ਬਹੁਤਾ ਹਿੱਸਾ ਖਰਚ ਕਰਨ ਤੋਂ ਝਿਜਕਦੇ ਹਨ। ਸੰਪੱਤੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਨਾਲ, ਉਨ੍ਹਾਂ ਦੀ ਘਰੇਲੂ ਸੰਪਤੀ ਵਿੱਚ 30 ਪ੍ਰਤੀਸ਼ਤ ਤੱਕ ਦੀ ਕਮੀ ਆਈ ਹੈ। "
ਉਹ ਅੱਗੇ ਕਹਿੰਦੀ ਹੈ, "ਸੁਧਾਰ ਦੀ ਸ਼ੁਰੂਆਤ ਤੋਂ ਪਹਿਲਾਂ ਦੋ ਜਾਂ ਤਿੰਨ ਤਿੰਨ ਦਹਾਕਿਆਂ ਦੌਰਾਨ, ਸਥਾਨਕ ਸਰਕਾਰਾਂ ਨੂੰ ਕਈ ਤਰ੍ਹਾਂ ਦੇ ਫੈਸਲੇ ਲੈਣ ਵਿੱਚ ਬਹੁਤ ਗੁੰਜਾਇਸ਼ ਹੁੰਦੀ ਸੀ। ਚੀਨ ਨੂੰ ਖੁਦਮੁਖਤਿਆਰੀ, ਆਜ਼ਾਦੀ ਅਤੇ ਉਤਸ਼ਾਹ ਨਾਲ ਬਹੁਤ ਫਾਇਦਾ ਹੋਇਆ। ਇਸ ਦੇ ਨਾਲ ਹੀ, ਨਿੱਜੀ ਖੇਤਰ ਨੂੰ ਮਿਲੇ ਉਤਸ਼ਾਹ ਨਾਲ ਅਰਥ ਵਿਵਸਥਾ ਵਿਚ ਲਾਭ ਪ੍ਰਾਪਤ ਹੋਇਆ ਸੀ। ਮੌਜੂਦਾ ਲੀਡਰਸ਼ਿਪ ਕਾਰਨ ਹੁਣ ਸਾਰੇ ਫੈਸਲੇ ਇਕ ਥਾਂ ਤੋਂ ਲਏ ਜਾ ਰਹੇ ਹਨ। ਅਜਿਹੇ ਵਿਚ ਪਹਿਲਾਂ ਵਾਲਾ ਮਾਹੌਲ ਵਾਪਸ ਆਉਣਾ ਮੁਸ਼ਕਿਲ ਜਾਪਦਾ ਹੈ।
2000 ਦੇ ਦਹਾਕੇ ਦੇ ਅਖੀਰ ਵਿੱਚ, ਚੀਨੀ ਅਰਥਚਾਰੇ ਦਾ ਲਗਭਗ ਦੋ ਤਿਹਾਈ ਹਿੱਸਾ ਨਿੱਜੀ ਖੇਤਰ ਦਾ ਸੀ, ਪਰ ਪਿਛਲੇ ਸਾਲ ਦੇ ਪਹਿਲੇ ਅੱਧ ਤੱਕ ਇਹ ਹਿੱਸਾ ਘਟ ਕੇ 40 ਪ੍ਰਤੀਸ਼ਤ ਰਹਿ ਗਿਆ ਸੀ। ਸਰਕਾਰ ਦੁਆਰਾ ਚਲਾਏ ਜਾਣ ਵਾਲੇ ਅਤੇ ਮਿਸ਼ਰਤ-ਮਾਲਕੀਅਤ ਦੇ ਖੇਤਰ ਦਾ ਦਾਇਰਾ ਕਾਫ਼ੀ ਵਧਿਆ ਹੈ। ਫਾਰਚੂਨ ਮੈਗਜ਼ੀਨ ਦੀ ਪ੍ਰਮੁੱਖ ਗਲੋਬਲ ਕੰਪਨੀਆਂ ਦੀ ਰੈਂਕਿੰਗ ਦੀ ਸੂਚੀ ਵਿੱਚ ਜ਼ਿਆਦਾਤਰ ਚੀਨੀ ਕੰਪਨੀਆਂ ਸ਼ਾਮਲ ਹਨ, ਪਰ ਇਹ ਕੰਪਨੀਆਂ ਅਮਰੀਕੀ ਕੰਪਨੀਆਂ ਦੇ ਮੁਕਾਬਲੇ ਬਹੁਤ ਘੱਟ ਮੁਨਾਫਾ ਹਾਸਲ ਕਰਨ ਦੇ ਯੋਗ ਹਨ। ਉਨ੍ਹਾਂ ਦਾ ਔਸਤ ਮੁਨਾਫ਼ਾ 4.4 ਫ਼ੀਸਦੀ ਹੈ। ਜਦੋਂ ਕਿ ਅਮਰੀਕੀ ਬਹੁਕੌਮੀ ਕੰਪਨੀਆਂ ਦਾ ਔਸਤ ਮੁਨਾਫਾ 11.3 ਫੀਸਦੀ ਹੈ।
ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਕਾਰਨਾਂ ਨਾਲ ਚੀਨ ਦੀ ਅਰਥਵਿਵਸਥਾ ਜਾਪਾਨ ਦੇ ਰਾਹ 'ਤੇ ਜਾ ਸਕਦੀ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਜਾਪਾਨ ਦੀ ਆਰਥਿਕਤਾ ਤੇਜ਼ੀ ਨਾਲ ਵਧੀ। ਇਹ ਵਾਧਾ ਦਹਾਕਿਆਂ ਤੱਕ ਜਾਰੀ ਰਿਹਾ। ਸ਼ੇਅਰ ਬਾਜ਼ਾਰ ਅਤੇ ਰੀਅਲ ਅਸਟੇਟ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ। ਉਸ ਦੌਰਾਨ ਕੁਝ ਅਰਥ ਸ਼ਾਸਤਰੀਆਂ ਨੇ ਭਵਿੱਖਬਾਣੀ ਕੀਤੀ ਸੀ ਕਿ ਜਾਪਾਨ ਅਮਰੀਕਾ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਹਾਲਾਂਕਿ, ਇਹ ਬੁਲਬੁਲਾ 1992 ਵਿੱਚ ਫਟ ਗਿਆ ਅਤੇ ਜਾਪਾਨ ਦੀ ਆਰਥਿਕਤਾ ਪੂਰੀ ਤਰ੍ਹਾਂ ਨਾਲ ਢਹਿ ਗਈ। ਉਦੋਂ ਤੋਂ, ਜਾਪਾਨ ਆਪਣੀ ਆਰਥਿਕਤਾ ਨੂੰ ਆਪਣੇ ਪੁਰਾਣੇ ਯੁੱਗ ਵਿੱਚ ਵਾਪਸ ਲਿਆਉਣ ਵਿੱਚ ਸਫਲ ਨਹੀਂ ਹੋਇਆ ।ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਦੇ ਤਾਇਵਾਨ ਨਾਲ ਟਕਰਾਅ ਕਾਰਣ ਚੀਨੀ ਅਰਥ ਵਿਵਸਥਾ ਨੂੰ ਵਡੀ ਢਾਹ ਲਗ ਸਕਦੀ ਹੈ।ਅਮਰੀਕਾ ਤਾਇਵਾਨ ਦੀ ਮਦਦ ਕਰ ਰਿਹਾ ਹੈ।
Comments (0)