ਅਮਰੀਕਾ ਵਿਚ ਜਬਰਜਿਨਾਹ ਦੇ ਮਾਮਲੇ ਵਿਚ 29 ਸਾਲ ਜੇਲ ਕੱਟਣ ਉਪਰੰਤ ਇਕ ਵਿਅਕਤੀ ਨੂੰ ਨਿਰਦੋਸ਼ ਐਲਾਨਿਆ,ਹੋਈ ਰਿਹਾਈ

ਅਮਰੀਕਾ ਵਿਚ ਜਬਰਜਿਨਾਹ ਦੇ ਮਾਮਲੇ ਵਿਚ 29 ਸਾਲ ਜੇਲ ਕੱਟਣ ਉਪਰੰਤ ਇਕ ਵਿਅਕਤੀ ਨੂੰ ਨਿਰਦੋਸ਼ ਐਲਾਨਿਆ,ਹੋਈ ਰਿਹਾਈ
ਕੈਪਸ਼ਨ ਰਿਹਾਈ ਉਪਰੰਤ ਪੈਟਰਿਕ ਬਰਾਊਨ (ਵਿਚਕਾਰ) ਆਪਣੇ ਪਰਿਵਾਰਕ ਮੈਂਬਰਾਂ ਨਾਲ ਹੱਥ ਉਪਰ ਕਰਕੇ ਰੱਬ ਦਾ ਸ਼ੁੱਕਰ ਕਰਦਾ ਹੋਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਲੋਇਸੀਆਨਾ ਰਾਜ ਵਿਚ ਨਿਊ ਓਰਲੀਨਜ ਸ਼ਹਿਰ ਦੇ ਵਸਨੀਕ ਇਕ ਵਿਅਕਤੀ ਨੂੰ ਜਬਰਜਿਨਾਹ ਦੇ ਮਾਮਲੇ ਵਿਚ 29 ਸਾਲ ਕੈਦ ਕੱਟਣ ਉਪਰੰਤ ਨਿਰਦੋਸ਼ ਕਰਾਰ ਦੇ ਕੇ ਰਿਹਾਅ ਕਰਨ ਦੀ ਖਬਰ ਹੈ। ਪੈਟਰਿਕ ਬਰਾਊਨ ਨਾਮੀ ਵਿਅਕਤੀ ਨੂੰ 1994 ਵਿਚ ਮਤਰੇਈ ਧੀ ਨਾਲ ਜਬਰਜਿਨਾਹ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਦ ਕਿ ਪੈਟਰਿਕ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਸੀ ਤੇ ਕਿਹਾ ਸੀ ਕਿ ਉਸ ਨੂੰ ਫਸਾਇਆ ਗਿਆ ਹੈ। ਓਰਲੀਨਜ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ ਉਸ ਸਮੇ ਬੱਚੀ ਦੀ ਅਦਾਲਤ ਵਿਚ ਗਵਾਹੀ ਨਹੀਂ ਹੋਈ ਸੀ ਬਲਕਿ ਉਸ ਦੀ ਤਰਫੋਂ ਕੁਝ ਹੋਰ ਲੋਕਾਂ ਨੇ ਗਵਾਹੀ ਦਿੱਤੀ ਸੀ। 2002 ਤੋਂ ਬਾਅਦ ਬੱਚੀ ਨੇ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੂੰ ਵਾਰ-ਵਾਰ ਬੇਨਤੀ ਕੀਤੀ ਕਿ ਮਾਮਲੇ ਦੀ ਦੁਬਾਰਾ ਜਾਂਚ ਕੀਤੀ ਜਾਵੇ ਤੇ  ਅਸਲ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ। ਡਿਸਟ੍ਰਿਕਟ ਅਟਾਰਨੀ ਦੇ ਦਫਤਰ ਦੀ ਮਨੁੱਖੀ ਹੱਕਾਂ ਬਾਰੇ ਇਕਾਈ ਨੇ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਉਪਰੰਤ ਸਿੱਟਾ ਕੱਢਿਆ ਕਿ ਪੈਟਰਿਕ ਵਿਰੁੱਧ ਸਬੂਤ ਮੰਨਘੜਤ ਹਨ। ਉਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਫੈਸਲੇ ਨੂੰ ਸੋਧਿਆ ਜਾਵੇ। ਕ੍ਰਿਮੀਨਲ ਡਿਸਟ੍ਰਿਕਟ ਕੋਰਟ ਦੇ ਜੱਜ ਕੈਲਵਿਨ ਜੌਹਨਸਨ ਵੱਲੋਂ ਸਜ਼ਾ ਰੱਦ ਕਰਨ ਦਾ ਫੈਸਲਾ ਸੁਣਾਉਣ ਉਪਰੰਤ ਬਰਾਊਨ ਨੂੰ ਤੁਰੰਤ ਰਿਹਾਅ ਕਰ ਦਿੱਤਾ ਗਿਆ। ਬਿਆਨ ਅਨੁਸਾਰ ਅਦਾਲਤ ਵਿਚ ਪੀੜਤ ਬੱਚੀ ਮੌਜੂਦ ਸੀ ਤੇ ਉਸ ਨੇ ਆਪਣਾ ਬਿਆਨ ਦਰਜ ਕਰਵਾਇਆ ਹੈ।