ਨਬਾਲਗ ਵੱਲੋਂ ਸਕੂਲ ਵਿਚ 4 ਸਾਥੀ ਵਿਦਿਆਰਥੀਆਂ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੇ ਮਾਮਲੇ ਵਿਚ ਮਾਂ ਦੋਸ਼ੀ ਕਰਾਰ

ਨਬਾਲਗ ਵੱਲੋਂ ਸਕੂਲ ਵਿਚ 4 ਸਾਥੀ ਵਿਦਿਆਰਥੀਆਂ ਨੂੰ ਗੋਲੀਆਂ ਮਾਰ  ਕੇ ਮਾਰ ਦੇਣ ਦੇ ਮਾਮਲੇ ਵਿਚ ਮਾਂ ਦੋਸ਼ੀ ਕਰਾਰ
ਕੈਪਸ਼ਨ ਅਦਾਲਤ ਦੇ ਫੈਸਲੇ ਉਪਰੰਤ ਹੱਥ ਕੜੀਆਂ ਵਿਚ ਜਕੜੀ ਜੈਨੀਫਰ ਕਰੂੰਬਲੇ ਨੂੰ ਲੈ ਕੇ ਜਾਂਦੇ ਹੋਏ ਪੁਲਿਸ ਅਫਸਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਜੈਨੀਫਰ ਕਰੂੰਬਲੇ ਜੋ ਉਸ ਨਬਾਲਗ ਦੀ ਮਾਂ ਹੈ ਜਿਸ ਨੇ 2021 ਵਿਚ ਮਿਸ਼ੀਗਨ ਦੇ ਆਕਸਫੋਰਡ ਹਾਈ ਸਕੂਲ ਵਿਚ ਘਰੋਂ ਲਿਆਂਦੀ ਗੰਨ ਨਾਲ ਗੋਲੀਆਂ ਮਾਰ ਕੇ 4 ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਸੀ, ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਪਾਇਆ ਕਿ ਸਕੂਲ ਵਿਚ ਹੋਈ ਗੋਲੀਬਾਰੀ ਲਈ ਮਾਂ ਵੀ ਜਿੰਮੇਵਾਰ ਹੈ ਜਿਸ ਨੇ ਘਰ ਵਿਚ ਰਖੀ ਬੰਦੂਕ ਦੀ ਸੰਭਾਲ ਨਹੀਂ ਕੀਤੀ। 12 ਮੈਂਬਰੀ ਜਿਊਰੀ ਨੇ ਜੈਨੀਫਰ ਕਰੂੰਬਲੇ ਨੂੰ ਉਸ ਵਿਰੁੱਧ ਲੱਗੇ ਸਾਰੇ ਗੈਰ ਇਰਾਦਾ ਹੱਤਿਆਵਾਂ ਦੇ 4 ਦੋਸ਼ਾਂ ਲਈ ਦੋਸ਼ੀ ਕਰਾਰ ਦਿੱਤਾ। ਜਿਊਰੀ ਨੇ 10 ਘੰਟੇ ਤੋਂ ਵਧ ਸਮਾਂ ਸੁਣਵਾਈ ਉਪਰੰਤ ਜਦੋਂ ਫੈਸਲਾ ਪੜਿਆ ਤਾਂ ਕਰੂੰਬਲੇ (45) ਨੇ ਹੇਠਾਂ ਵੱਲ ਤਕਿਆ ਤੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ। 30 ਨਵੰਬਰ 2021 ਨੂੰ ਕਰੂੰਬਲੇ ਨੇ ਆਪਣੇ ਵਿਰੁੱਧ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਨਬਾਲਗ ਵੱਲੋਂ ਕੀਤੀ ਗੋਲੀਬਾਰੀ ਵਿਚ 4 ਵਿਦਿਆਰਥੀ ਮਾਰੇ ਗਏ ਸਨ ਤੇ 6 ਹੋਰ ਵਿਦਿਆਰਥੀ ਤੇ ਇਕ ਅਧਿਆਪਕ ਜਖਮੀ ਹੋ ਗਿਆ ਸੀ। ਉਸ ਨੂੰ 9 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ।