ਬਰਫ਼ੀਲੇ ਤੂਫਾਨ ਕਾਰਨ ਨਿਊਯਾਰਕ ਵਿਚ ਐਮਰਜੈਂਸੀ ਲੱਗੀ
ਬਾਇਡਨ ਨੇ ਸਹਾਇਤਾ ਉਪਲਬਧ ਕਰਾਉਣ ਦਾ ਦਿੱਤਾ ਆਦੇਸ਼
*ਅਮਰੀਕਾ ਵਿੱਚ ਤੂਫ਼ਾਨ ਨੇ ਕ੍ਰਿਸਮਿਸ ਦੀ ਯਾਤਰਾ ਦੌਰਾਨ ਹਫੜਾ ਦਫੜੀ ਮਚਾਈ ,ਬਫੈਲੋ ਹਵਾਈ ਅੱਡੇ ’ਤੇ 50 ਇੰਚ ਬਰਫ਼ ,ਬਿਜਲੀ ਗੁੱਲ ਤੇ 15 ਹਜ਼ਾਰ ਤੋਂ ਵੱਧ ਉਡਾਨਾਂ ਰੱਦ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬਰਫ਼ੀਲੇ ਤੂਫ਼ਾਨ ਤੋਂ ਬਹੁਤ ਪ੍ਰਭਾਵਿਤ ਨਿਊਯਾਰਕ ’ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਏਜੰਸੀਆਂ ਹੋਮਲੈਂਡ ਸਕਿਓਰਿਟੀ ਵਿਭਾਗ ਤੇ ਸੰਘੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਐੱਫਈਐੱਮਏ ਨੂੰ ਆਫ਼ਤ ਪ੍ਰਭਾਵਿਤ ਸੂਬੇ ਨੂੰ ਸੰਘੀ ਸਹਾਇਤਾ ਉਪਲਬਧ ਕਰਾਉਣ ਦਾ ਆਦੇਸ਼ ਦਿੱਤਾ ਹੈ।23 ਦਸੰਬਰ ਤੋਂ ਨਿਊਯਾਰਕ ਸੂਬੇ ’ਵਿਚ ਜਾਰੀ ਭਿਅੰਕਰ ਬਰਫ਼ਬਾਰੀ ਦੇ ਮੱਦੇਨਜ਼ਰ ਰਾਸ਼ਟਰਪਤੀ ਬਾਇਡਨ ਨੇ ਐਮਰਜੈਂਸੀ ਐਲਾਨ ਦਿੱਤੀ ਸੀ। ਸੂਬੇ ’ਚ ਸਥਿਤੀਆਂ ਜੰਗੀ ਖੇਤਰ ਵਰਗੀਆਂ ਹੋ ਗਈਆਂ ਹਨ। ਸੜਕਾਂ ਦੇ ਕਿਨਾਰੇ ਸੈਂਕੜੇ ਵਾਹਨ ਖੜ੍ਹੇ ਹਨ। ਲੋਕਾਂ ਨੂੰ ਜਾਨ ਦੀ ਚਿੰਤਾ ਸਤਾਉਣ ਲੱਗੀ ਹੈ। ਨਿਊਯਾਰਕ ਦੇ ਕਈ ਸਟੇਟ ਹਾਈਵੇ ਬੰਦ ਕਰ ਦਿੱਤੇ ਗਏ ਹਨ। ਭਾਰੀ ਬਰਫ਼ਬਾਰੀ ਦਾ ਸਾਹਮਣਾ ਕਰ ਰਹੇ ਲੇਕ ਓਂਟਾਰੀਓ ਤੇ ਲੇਕ ਏਰੀ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ’ਚ ਵੀ ਰਾਹਤ ਦੀ ਉਮੀਦ ਨਹੀਂ ਹੈ। ਨਿਊਯਾਰਕ ਤੇ ਉੱਤਰੀ ਖੇਤਰ ’ਚ ਬਰਫ਼ੀਲੇ ਤੂਫ਼ਾਨ ਦੀ ਰਫ਼ਤਾਰ 95 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਹੈ।
ਇਸ ਬਰਫ਼ੀਲੇ ਤੂਫ਼ਾਨ ਨੂੰ ਬੰਬ ਸਾਈਕਲੋਨ ਵੀ ਕਿਹਾ ਜਾਂਦਾ ਹੈ। ਅਜਿਹਾ ਤਦੋਂ ਹੁੰਦਾ ਹੈ ਜਦੋਂ ਵਾਯੂਮੰਡਲ ਦਬਾਅ ਘੱਟ ਹੋ ਜਾਂਦਾ ਹੈ। ਬਰਫ਼ੀਲੇ ਤੂਫ਼ਾਨ ਦੇ ਕਾਰਨ ਦੋ ਦਿਨ ਪਹਿਲਾਂ ਮੋਂਟਾਨਾ ਤੇ ਨਿਊਯਾਰਕ ਦੇ ਕੁਝ ਹਿੱਸਿਆਂ ’ਚ ਪਾਰਾ ਮਨਫ਼ੀ 45 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ।
ਰਾਇਟਰ ਨਿਊਜ ਏਜੰਸੀ ਦੇ ਮੁਤਾਬਕ ਕੈਨੇਡਾ ਸਰਹੱਦ ’ਤੇ ਏਰੀ ਲੇਕ ਦੇ ਕਿਨਾਰੇ ਸਥਿਤ ਬਫੈਲੋ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ’ਚ ਸ਼ਾਮਲ ਹੈ। ਐਂਬੂਲੈਂਸ ਦੀ ਆਵਾਜਾਈ ਸੰਭਵ ਨਹੀਂ ਹੋਣ ਕਾਰਨ ਲੋਕਾਂ ਨੂੰ ਹਸਪਤਾਲ ਤਕ ਪਹੁੰਚਾਉਣ ਲਈ ਵਿਸ਼ੇਸ਼ ਉਪਾਅ ਕੀਤੇ ਜਾ ਰਹੇ ਹਨ। ਨਿਊ ਯਾਰਕ ਵਿੱਚ ਅਧਿਕਾਰੀਆਂ ਮੁਤਾਬਕ ਬਫਲੋ ਵਿੱਚ ਘੰਟਿਆਂ ਬੱਧੀ ਬਰਫ਼ਬਾਰੀ ਕਾਰਨ ਕਈ ਇੰਚ ਮੋਟੀ ਬਰਫ਼ ਦੀ ਚਾਦਰ ਬਣ ਗਈ ਹੈ ਅਤੇ ਵਿਜ਼ੀਬਿਲਟੀ ਬੇਹੱਦ ਹੀ ਘੱਟ ਹੈ।ਵਾਹਨਾਂ ਵਿੱਚੋਂ ਅਤੇ ਬਰਫ਼ ਦੇ ਹੇਠੋਂ ਲਾਸ਼ਾਂ ਮਿਲ ਰਹੀਆਂ ਹਨ। ਐਮਰਜੈਂਸੀ ਅਮਲੇ ਦੇ ਲੋਕ ਇੱਕ-ਇੱਕ ਕਾਰ ਨੂੰ ਚੈੱਕ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਇਸ ਮਾੜੇ ਹਾਲ ਤੋਂ ਬਚਾਇਆ ਜਾ ਸਕੇ।
ਅਮਰੀਕਾ ਵਿੱਚ ਇਸ ਤੂਫ਼ਾਨ ਨੇ ਕ੍ਰਿਸਮਿਸ ਦਿਨਾਂ ਦੌਰਾਨ ਹਫੜਾ ਦਫੜੀ ਮਚਾਈ ਰੱਖੀ ਹੈ।ਉੱਤਰ-ਪੂਰਬ ਅਮਰੀਕਾ ਦੇ ਕਈ ਹਿੱਸਿਆਂ ਅਤੇ ਕੈਨੇਡਾ ਦੇ ਕਿਊਬਕ ਤੇ ਓਨਟੈਰੀਓ ਵਿੱਚ ਬਰਫ਼ੀਲਾ ਤੂਫ਼ਾਨ ਜਾਰੀ ਹੈ।ਬਰਫ਼ੀਲੇ ਤੂਫ਼ਾਨ, ਤੇਜ਼ ਹਵਾਵਾਂ ਅਤੇ ਡਿੱਗਦੇ ਤਾਪਮਾਨ ਕਾਰਨ ਲੰਘੇ ਦਿਨਾਂ ਵਿੱਚ ਅਮਰੀਕਾ ਦੀਆਂ 15 ਹਜ਼ਾਰ ਤੋਂ ਵੱਧ ਉਡਾਨਾਂ ਰੱਦ ਹੋਈਆਂ ਹਨ। ਇਸ ਤੋਂ ਇਲਾਵਾ ਜਿਨ੍ਹਾਂ ਘਰਾਂ ਵਿੱਚ ਬਿਜਲੀ ਗੁੱਲ ਹੈ ਉੱਥੋਂ ਵੀ ਲੋਕਾਂ ਨੂੰ ਕੱਢਿਆ ਗਿਆ ਪਰ ਅਧਿਕਾਰੀਆਂ ਮੁਤਾਬਕ ਲੋਕ ਹਾਲੇ ਵੀ ਫਸੇ ਹੋਏ ਹਨ। ਬਰਫ਼ੀਲੇ ਤੂਫ਼ਾਨ ਨਾਲ ਸਬੰਧਤ ਘਟਨਾਵਾਂ ਦੇ ਨਤੀਜੇ ਵਜੋਂ ਕੋਲੋਰਾਡੋ, ਇਲੀਨੋਇਸ, ਕੰਸਾਸ, ਕੈਂਟਕੀ, ਮਿਸ਼ੀਗਨ, ਮਿਸੂਰੀ, ਨੇਬਰਾਸਕਾ, ਨਿਊਯਾਰਕ, ਓਹੀਓ, ਓਕਲਾਹੋਮਾ, ਟੈਨੇਸੀ ਅਤੇ ਵਿਸਕਾਨਸਿਨ ਸਮੇਤ ਘੱਟੋ-ਘੱਟ 12 ਰਾਜਾਂ ਵਿੱਚ ਕੁੱਲ 50 ਮੌਤਾਂ ਹੋ ਚੁਕੀਆਂ ਹਨ। ਬਰਫੀਲਾ ਤੂਫ਼ਾਨ ਅਮਰੀਕਾ-ਕੈਨੇਡਾ ਸਰਹੱਦ ਦੇ ਨੇੜੇ ਮਹਾਨ ਝੀਲਾਂ ਤੋਂ ਲੈ ਕੇ ਮੈਕਸੀਕੋ ਦੇ ਨਾਲ ਅਮਰੀਕੀ ਸਰਹੱਦ 'ਤੇ ਰੀਓ ਗ੍ਰਾਂਡੇ ਨਦੀ ਤੱਕ ਸਰਗਰਮ ਹੈ।
ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਕੁਦਰਤੀ ਆਫ਼ਤ ਨੂੰ "ਬਫੇਲੋ ਦੀ ਲੰਬੀ ਕਹਾਣੀ ਦੇ ਇਤਿਹਾਸ ਵਿੱਚ ਸਭ ਤੋਂ ਵਿਨਾਸ਼ਕਾਰੀ ਤੂਫ਼ਾਨ" ਦੱਸਿਆ ਹੈ। ਹੋਚੁਲ ਦੇ ਅਨੁਸਾਰ, ਸ਼ਹਿਰ ਅਤੇ ਉਸ ਦੇ ਆਲੇ-ਦੁਆਲੇ ਦੇ 15,000 ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ।
Comments (0)