ਕੈਲੀਫੋਰਨੀਆ ਵਿਚ ਭਾਰੀ ਮੀਂਹ ਤੇ ਤੂਫਾਨ ਕਾਰਨ ਜਨ ਜੀਵਨ ਉਪਰ ਵਿਆਪਕ ਅਸਰ, ਹੜਾਂ ਕਾਰਣ ਆਵਾਜਾਈ ਰੁਕੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਮੌਸਮ ਬਾਰੇ ਕੀਤੀ ਭਵਿੱਖਬਾਣੀ ਅਨੁਸਾਰ ਬਰਫੀਲੇ ਤੂਫਾਨ ਤੇ ਭਾਰੀ ਬਾਰਿਸ਼ ਕਾਰਨ ਦਰਿਆਵਾਂ ਵਿਚ ਵਧੇ ਪਾਣੀ ਦੇ ਮੱਦੇਨਜਰ ਪ੍ਰਮੁੱਖ ਸ਼ਹਿਰੀ ਖੇਤਰਾਂ ਸਮੇਤ ਹੋਰ ਥਾਵਾਂ ਵਿਚ ਖਤਰਨਾਕ ਹੜ ਦਾ ਖਤਰਾ ਪੈਦਾ ਹੋ ਗਿਆ ਹੈ। ਕਈ ਥਾਵਾਂ 'ਤੇ ਬਿਜਲੀ ਦੀ ਸਪਲਾਈ ਵਿਚ ਵੀ ਵਿਘਣ ਪਿਆ ਹੈ। ਐਕੂਵੈਦਰ ਮੌਸਮ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ 3.7 ਕਰੋੜ ਲੋਕ ਜੋ ਕੈਲੀਫੋਰਨੀਆ ਦੀ ਕੁਲ ਆਬਾਦੀ ਦਾ 94% ਹਿੱਸਾ ਹਨ, ਨੂੰ ਖਤਰਨਾਕ ਹੜ ਤੇ ਤੂਫਾਨ ਦਾ ਸਾਹਮਣਾ ਕਰਨਾ ਪਵੇਗਾ। ਇਹ ਹੜ ਤੇ ਤੂਫਾਨ ਮਨੁੱਖੀ ਜੀਵਨ ਲਈ ਖਤਰਾ ਪੈਦਾ ਕਰ ਸਕਦਾ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਖਾਸ ਕਰਕੇ ਦੱਖਣੀ ਕੈਲੀਫੋਰਨੀਆ ਵਿਚ ਸੀਜਨ ਦਾ ਸਭ ਤੋਂ ਵਧ ਖਤਰਨਾਕ ਤੂਫਾਨ ਆਉਣ ਦੀ ਸੰਭਾਵਨਾ ਹੈ ਜਿਸ ਨਾਲ ਵੱਡੀ ਪੱਧਰ 'ਤੇ ਲੋਕ ਪ੍ਰਭਾਵਿਤ ਹੋਣਗੇ। ਨੈਸ਼ਨਲ ਵੈਦਰ ਸਰਵਿਸ ਨੇ ਵਿਸ਼ੇਸ਼ ਤੌਰ 'ਤੇ ਕੇਂਦਰੀ ਤੱਟ 'ਤੇ ਭਿਆਨਕ ਤੂਫਾਨ ਦੀ ਚਿਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿ ਮੋਂਟੇਰੀ ਪੈਨਿਨਸੂਲਾ ਤੋਂ ਸੈਨ ਲੂਇਸ ਓਬਿਸਪੋ ਕਾਊਂਟੀ ਦੇ ਉੱਤਰੀ ਹਿੱਸੇ ਤੱਕ ਸੰਭਾਵੀ 92 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਵਗਣਗੀਆਂ। ਸਨ ਫਰਾਂਸਿਸਕੋ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਹੜ , ਸੜਕਾਂ ਉਪਰ ਦਰੱਖਤ ਡਿੱਗਣ ਤੇ ਪਹਾੜੀ ਖੇਤਰ ਵਿਚ ਢਿੱਗਾਂ ਡਿੱਗਣ ਬਾਰੇ ਚੌਕਸ ਕੀਤਾ ਹੈ। ਅੱਜ ਭਾਰੀ ਤੁਫਾਨ ਤੇ ਮੀਹ ਕਾਰਣ ਸਾਰਾ ਜਨ ਜੀਵਨ ਠੱਪ ਰਿਹਾ ਤੇ ਦਰੱਖਤ ਡਿਗਣ ਕਾਰਣ ਕਾਫੀ ਮਾਲੀ ਨੁਕਆਨ ਵੀ ਹੋਇਆ।
Comments (0)