ਅਮਰੀਕਾ ਨੇ 2015 ਦੇ ਪਰਮਾਣੂ ਸਮਝੌਤੇ 'ਤੇ ਵਾਪਸ ਪਰਤਣ ਲਈ ਈਰਾਨ ਲਈ ਗੱਲਬਾਤ ਦੇ ਖੁੱਲ੍ਹੇ ਦਰਵਾਜ਼ੇ
ਈਰਾਨ ਨੇ ਯੂਰਪੀ ਸੰਘ ਦੇ ਬੈਠਕ ਕਰਨ ਦੇ ਸੱਦੇ ਨੂੰ ਠੁਕਰਾਇਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ : ਅਮਰੀਕੀ ਪ੍ਰਸ਼ਾਸਨ ਨੇ ਇਕ ਵਾਰ ਫਿਰ ਕਿਹਾ ਹੈ ਕਿ ਉਸ ਨੇ 2015 ਦੇ ਪਰਮਾਣੂ ਸਮਝੌਤੇ 'ਤੇ ਵਾਪਸ ਪਰਤਣ ਲਈ ਈਰਾਨ ਲਈ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਹਨ। ਤਾਜ਼ਾ ਘਟਨਾਕ੍ਰਮ ਵਿਚ ਇਸ ਮੁੱਦੇ 'ਤੇ ਈਰਾਨ ਨੇ ਯੂਰਪੀ ਸੰਘ ਦੇ ਬੈਠਕ ਕਰਨ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਬੈਠਕ ਵਿਚ ਅਮਰੀਕਾ ਸਮੇਤ ਸਾਰੇ ਪੱਖ ਸ਼ਾਮਲ ਹੋ ਰਹੇ ਸਨ।
ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੈਠਕ ਦੇ ਪ੍ਰਸਤਾਵ ਨੂੰ ਸਵੀਕਾਰ ਨਾ ਕਰਨਾ ਵਾਕਈ ਅਫ਼ਸੋਸ ਜਨਕ ਹੈ। ਵਾਰਤਾ ਦੀ ਸ਼ੁਰੂਆਤ ਦਾ ਇਹ ਪ੍ਰਸਤਾਵ ਕੂਟਨੀਤਕ ਪ੍ਰਕਿਰਿਆ ਦੇ ਲਿਹਾਜ਼ ਨਾਲ ਸਮੇਂ ਅਤੇ ਖਰੜੇ ਨੂੰ ਲੈ ਕੇ ਕਾਫ਼ੀ ਲਚਕੀਲਾ ਸੀ। ਅਮਰੀਕਾ ਹੁਣ ਸਮਝੌਤੇ ਨਾਲ ਸਬੰਧਿਤ ਦੇਸ਼ਾਂ ਬਿ੍ਟੇਨ, ਚੀਨ, ਫਰਾਂਸ, ਰੂਸ ਅਤੇ ਜਰਮਨੀ ਨਾਲ ਗੱਲ ਕਰੇਗਾ। ਦੱਸਣਯੋਗ ਹੈ ਕਿ ਐਤਵਾਰ ਨੂੰ ਈਰਾਨ ਨੇ 2015 ਦੇ ਪਰਮਾਣੂ ਸਮਝੌਤੇ 'ਤੇ ਵਾਰਤਾ ਦੇ ਪ੍ਰਸਤਾਵ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਅਜੇ ਸਮਾਂ ਨਹੀਂ ਆਇਆ ਹੈ। ਇਸ ਬੈਠਕ ਵਿਚ ਅਮਰੀਕਾ ਦਰਸ਼ਕ ਦੀ ਭੂਮਿਕਾ ਵਿਚ ਹਿੱਸਾ ਲੈਣ ਵਾਲਾ ਸੀ। ਈਰਾਨ ਇਸ ਗੱਲ 'ਤੇ ਅੜਿਆ ਹੋਇਆ ਹੈ ਕਿ ਪਹਿਲੇ ਅਮਰੀਕਾ ਟਰੰਪ ਪ੍ਰਸ਼ਾਸਨ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਖ਼ਤਮ ਕਰੇ ਜਾਂ ਫਿਰ ਉਸ ਵਿਚ ਰਾਹਤ ਦੇਵੇ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਈਰਾਨ ਨਾਲ 2015 ਵਿਚ ਹੋਏ ਪਰਮਾਣੂ ਸਮਝੌਤੇ 'ਤੇ ਪਰਤਣਗੇ। 2018 ਵਿਚ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਇਸ ਸਮਝੌਤੇ ਤੋਂ ਦੇਸ਼ ਨੂੰ ਅਲੱਗ ਕਰਦੇ ਹੋਏ ਈਰਾਨ 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ। ਬਾਇਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਵਿਚ ਪਾਬੰਦੀਆਂ ਵਿਚ ਲਚੀਲਾਪਣ ਦਿਖਾਉਣਾ ਇਸ ਗੱਲ ਨੂੰ ਜ਼ਾਹਿਰ ਕਰਦਾ ਹੈ ਕਿ ਉਹ ਸਮਝੌਤੇ ਪ੍ਰਤੀ ਈਮਾਨਦਾਰ ਹਨ।
Comments (0)