ਅਮਰੀਕਾ ਦੇ ਟੈਕਸਾਸ ਰਾਜ ਵਿਚ ਇਕ ਮਾਲ ਵਿੱਚ ਹੋਈ ਗੋਲੀਬਾਰੀ ਵਿਚ 8 ਮੌਤਾਂ, 7 ਜ਼ਖਮੀ * ਹਮਲਾਵਰ ਵੀ ਮਾਰਿਆ ਗਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਟੈਕਸਾਸ ਰਾਜ ਵਿਚ ਡਲਾਸ ਨੇੜੇ ਏਲਨ ਵਿਖੇ ਇਕ ਆਊਟਲੈਟ ਮਾਲ ਵਿਚ ਅਣਪਛਾਤੇ ਹਮਲਾਵਰ ਵੱਲੋਂ ਕੀਤੀ ਅੰਧਾਧੁੰਦ ਗੋਲੀਬਾਰੀ ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ ਤੇ 7 ਹੋਰ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਹਮਲਾਵਰ ਇਕੱਲਾ ਹੀ ਸੀ ਤੇ ਉਹ ਵੀ ਜਵਾਬੀ ਕਾਰਵਾਈ ਵਿਚ ਮਾਰਿਆ ਗਿਆ। ਏਲਨ,ਟੈਕਸਾਸ ਦੇ ਫਾਇਰ ਚੀਫ ਜੋਨਾਥਨ ਬਾਇਡ ਨੇ ਕਿਹਾ ਹੈ ਕਿ 9 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਨਾਂ ਵਿਚੋਂ 2 ਦਮ ਤੋੜ ਗਏ ਜਦ ਕਿ 3 ਦੀ ਹਾਲਤ ਗੰਭੀਰ ਹੈ ਤੇ 4 ਸਥਿੱਰ ਹਾਲਤ ਵਿਚ ਹਨ। 6 ਵਿਅਕਤੀਆਂ ਦੀ ਮੌਤ ਮੌਕੇ ਉਪਰ ਹੀ ਹੋ ਗਈ ਸੀ। ਡਲਾਸ ਖੇਤਰ ਦੇ ਇਕ ਮੈਡੀਕਲ ਗਰੁੱਪ ਅਨੁਸਾਰ ਹੋਰਨਾਂ ਤੋਂ ਇਲਾਵਾ ਉਨਾਂ ਦੇ ਇਲਾਜ਼ ਅਧੀਨ ਸਭ ਤੋਂ ਛੋਟੀ ਉਮਰ ਦਾ ਇਕ 5 ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਪੁਲਿਸ ਅਫਸਰ ਦੁਪਹਿਰ ਬਾਅਦ ਗੋਲੀਬਾਰੀ ਦੀ ਸੂਚਨਾ ਮਿਲਣ 'ਤੇ ਏਲਨ ਪ੍ਰੀਮੀਅਮ ਆਊਟਲੈਟਸ ਵਿਖੇ ਪੁੱਜੇ ਜਿਥੇ ਅਫਰਾਤਫਰੀ ਦਾ ਮਾਹੌਲ ਸੀ। ਗਾਹਕ ਤੇ ਮਾਲ ਦੇ ਵਰਕਰ ਆਪਣੀਆਂ ਜਾਨਾਂ ਬਚਾਉਣ ਲਈ ਇਧਰ ਉਧਰ ਭੱਜ ਰਹੇ ਸਨ। ਲੋਕਾਂ ਨੂੰ ਜਿਥੇ ਥਾਂ ਮਿਲੀ ਉਥੇ ਹੀ ਸਹਿਮੀ ਹਾਲਤ ਵਿਚ ਲੁਕ ਗਏ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਇਕੱਲਾ ਹੀ ਸੀ ਜਿਸ ਨੂੰ ਏਲਨ ਪੁੁਲਿਸ ਵਿਭਾਗ ਦੇ ਇਕ ਅਫਸਰ ਨੇ ਮਾਰ ਮੁਕਾਇਆ। ਮਾਲ ਨੂੰ ਖਾਲੀ ਕਰਵਾ ਲਿਆ ਗਿਆ ਹੈ ਤੇ ਫਿਲਹਾਲ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਨੇ ਅਜੇ ਤੱਕ ਮਾਰੇ ਗਏ ਲੋਕਾਂ ਦੇ ਨਾਂ ਜਨਤਿਕ ਨਹੀਂ ਕੀਤੇ ਹਨ ਤੇ ਨਾ ਹੀ ਅਜੇ ਤੱਕ ਸ਼ੱਕੀ ਹਮਲਾਵਰ ਦੀ ਪਛਾਣ ਹੋਈ ਹੈ।
Comments (0)