ਅਮਰੀਕਾ ਨੇ ਭਾਰਤ ਕੋਲੋਂ ਪੰਨੂ ਮਾਮਲੇ ਦੀ ਜਾਂਚ ਨਾਲ ਜੁੜੀ ਜਾਣਕਾਰੀ ਮੰਗੀ, ਕਿਹਾ ਅਸੀ ਭਾਰਤ ਕੋਲੋਂ ਜਵਾਬਦੇਹੀ ਚਾਹੁੰਦੇ ਹਾਂ

ਅਮਰੀਕਾ ਨੇ ਭਾਰਤ ਕੋਲੋਂ ਪੰਨੂ ਮਾਮਲੇ ਦੀ ਜਾਂਚ ਨਾਲ ਜੁੜੀ ਜਾਣਕਾਰੀ ਮੰਗੀ, ਕਿਹਾ ਅਸੀ ਭਾਰਤ ਕੋਲੋਂ ਜਵਾਬਦੇਹੀ ਚਾਹੁੰਦੇ ਹਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 27 ਜੂਨ (ਮਨਪ੍ਰੀਤ ਸਿੰਘ ਖਾਲਸਾ):-ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਬੀਤੇ ਦਿਨੀਂ ਕਿਹਾ ਕਿ ਉਨ੍ਹਾਂ ਦਾ ਦੇਸ਼ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਨਾਕਾਮ ਸਾਜ਼ਿਸ਼ ਦੀ ਭਾਰਤ ਦੀ ਜਾਂਚ ਨਾਲ ਜੁੜੀ ਜਾਣਕਾਰੀ ਪ੍ਰਦਾਨ ਕਰਨ 'ਤੇ ਲਗਾਤਾਰ ਜ਼ੋਰ ਦੇ ਰਿਹਾ ਹੈ ਅਤੇ ਇਹ ਸਪੱਸ਼ਟ ਕੀਤਾ ਹੈ ਕਿ ਵਾਸ਼ਿੰਗਟਨ ਇਸ ਮਾਮਲੇ ਵਿਚ ਭਾਰਤ ਕੋਲੋਂ ਪੂਰੀ ਤਰ੍ਹਾਂ ਜਵਾਬਦੇਹੀ ਚਾਹੁੰਦਾ ਹੈ ਇਸ ਮਾਮਲੇ 'ਚ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਪਬੈਲ ਨੇ ਕਿਹਾ ਕਿ ਅਮਰੀਕਾ ਨੇ ਇਹ ਮੁੱਦਾ ਸਿੱਧੇ ਭਾਰਤ ਸਰਕਾਰ ਕੋਲ ਉੱਚ ਪੱਧਰ 'ਤੇ ਉਠਾਇਆ ਹੈ।

ਕੈਂਪਬੈੱਲ ਨੇ ਇਹ ਟਿੱਪਣੀਆਂ ਪਿਛਲੇ ਹਫਤੇ ਆਪਣੇ ਅਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਜੇਕ ਸੁਲੀਵਨ ਦੀ ਭਾਰਤ ਫੇਰੀ 'ਤੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤੀਆਂ। ਉਨ੍ਹਾਂ ਕਿਹਾ, 'ਅਸੀਂ ਇਸ ਵਿਸ਼ੇ 'ਤੇ ਭਾਰਤ ਨਾਲ ਉਸਾਰੂ ਗੱਲਬਾਤ ਕੀਤੀ ਹੈ ਅਤੇ ਮੈਂ ਕਹਾਂਗਾ ਕਿ ਉਨ੍ਹਾਂ ਨੇ ਸਾਡੀਆਂ ਚਿੰਤਾਵਾਂ ਨੂੰ ਧਿਆਨ ਵਿਚ ਰੱਖਿਆ ਹੈ।' ਉਪ ਵਿਦੇਸ਼ ਮੰਤਰੀ ਨੇ ਕਿਹਾ, 'ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਭਾਰਤ ਸਰਕਾਰ ਤੋਂ ਜਵਾਬਦੇਹੀ ਚਾਹੁੰਦੇ ਹਾਂ ਅਤੇ ਅਸੀਂ ਲਗਾਤਾਰ ਭਾਰਤੀ ਜਾਂਚ ਕਮੇਟੀ ਤੋਂ ਜਾਂਚ ਬਾਰੇ ਜਾਣਕਾਰੀ ਮੰਗੀ ਹੈ।'