ਮਾਸਕ ਨਾ ਪਹਿਣਨਾ ਵੱਡੀ ਗਲਤੀ ਹੋਵੇਗੀ - ਜੋਅ ਬਾਇਡੇਨ
ਮਾਸਕ ਨਾ ਪਹਿਣਨਾ ਇਕ ਵੱਡੀ ਗਲਤੀ ਹੋਵੇਗੀ..
ਸੈਕਰਾਮੈਂਟੋ - (ਹੁਸਨ ਲੜੋਆ ਬੰਗਾ) , ਰਾਸ਼ਟਰਪਤੀ ਜੋਅ ਬਾਇਡੇਨ ਨੇ ਉਨਾਂ ਰਾਜਾਂ ਦੀ ਅਲੋਚਨਾ ਕੀਤੀ ਹੈ ਜੋ ਮਾਸਕ ਨਾ ਪਹਿਣਨ ਦੇ ਐਲਾਨ ਕਰ ਰਹੇ ਹਨ। ਉਨਾਂ ਕਿਹਾ ਹੈ ਕਿ ਇਸ ਵੇਲੇ ਮਾਸਕ ਨਾ ਪਹਿਣਨਾ ਇਕ ਵੱਡੀ ਗਲਤੀ ਹੋਵੇਗੀ ਜਿਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਟੈਕਸਾਸ ਤੇ ਮਿਸੀਸਿਪੀ ਦੇ ਗਵਰਨਰਾਂ ਨੇ ਕਿਹਾ ਹੈ ਕਿ ਉਹ ਮਾਸਕ ਲਾਜਮੀ ਪਹਿਣਨ ਦੀ ਪਾਬੰਦੀ ਹਟਾ ਰਹੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਇਹ ਗਲਤੀ ਸਾਡੇ ਉਪਰ ਭਾਰੀ ਪੈ ਸਕਦੀ ਹੈ। ਉਨਾਂ ਕਿਹਾ ਕਿ ਅਜੇ ਦੇਸ਼ ਦੀ ਕੇਵਲ 8% ਆਬਾਦੀ ਨੂੰ ਹੀ ਕੋਵਿਡ-19 ਟੀਕੇ ਲਗਾਏ ਗਏ ਹਨ। ਰਾਸ਼ਟਰਪਤੀ ਨੇ ਕਿਹਾ ਕਿ ''ਇਹ ਕਹਿਣਾ ਕਿ ਸਭ ਕੁਝ ਠੀਕ ਠਾਕ ਹੈ, ਮਾਸਕ ਉਤਾਰ ਦਿਓ ਪੁਰਾਤਨ ਸਮਾਜ ਦੀ ਸੋਚ ਹੈ। ਮਾਸਕ ਦੀ ਅਜੇ ਵੀ ਸਾਨੂੰ ਲੋੜ ਹੈ।'' ਬੀਤੇ ਦਿਨ ਬਾਇਡੇਨ ਨੇ ਇਹ ਵੀ ਐਲਾਨ ਕੀਤਾ ਸੀ ਕਿ ਮਈ ਦੇ ਅੰਤ ਤੱਕ ਸਾਰੇ ਅਮਰੀਕੀ ਬਾਲਗਾਂ ਲਈ ਵੈਕਸੀਨ ਉਪਲਬੱਧ ਹੋ ਜਾਵੇਗੀ।
'ਨੋ ਮਾਸਕ ਨੋ ਸਰਵਿਸ'- ਹਾਲਾਂ ਕਿ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਨੇ 10 ਮਾਰਚ ਤੋਂ ਮਾਸਕ ਪਹਿਣਨ ਦੀ ਪਾਬੰਦੀ ਹਟਾਉਣ ਤੇ ਟੈਕਸਾਸ ਦੇ ਬਜਾਰਾਂ ਨੂੰ 100% ਪੂਰੀ ਸਮਰੱਥਾ ਨਾਲ ਖੋਲਣ ਦਾ ਐਲਾਨ ਕੀਤਾ ਹੈ ਪਰੰਤੂ ਰੋਜਰ , ਸਟਾਰਬਕਸ ਤੇ ਟਾਰਗੈਟ ਵਰਗੇ ਅਦਾਰਿਆਂ ਨੇ ਐਲਾਨ ਕੀਤਾ ਹੈ ਕਿ ਉਹ ਮਾਸਕ ਦੀ ਪਾਬੰਦੀ ਨਹੀਂ ਹਟਾਉਣਗੇ। ਰੋਜਰ ਜਿਸ ਦੀ ਸੁਪਰਮਾਰਕੀਟ ਲੜੀ ਹੈ, ਨੇ ਕਿਹਾ ਹੈ ਕਿ ਜਦੋਂ ਤੱਕ ਫਰੰਟ ਲਾਈਨ ਗਰੌਸਰੀ ਵਰਕਰਾਂ ਨੂੰ ਕੋਵਿਡ ਵੈਕਸੀਨ ਨਹੀਂ ਲੱਗ ਜਾਂਦੀ, ਉਹ ਮਾਸਕ ਦੀ ਪਾਬੰਦੀ ਨਹੀਂ ਹਟਾਉਣਗੇ ਤੇ ਹਰ ਗਾਹਕ ਲਈ ਮਾਸਕ ਪਹਿਣਨਾ ਜਰੂਰੀ ਹੋਵੇਗਾ। ਬੈਸਟ ਬਾਇ ਨੇ ਵੀ ਮਾਸਕ ਪਹਿਣਨ ਦੀ ਨੀਤੀ ਵਿਚ ਕਿਸੇ ਕਿਸਮ ਦੀ ਤਬਦੀਲੀ ਕਰਨ ਤੋਂ ਇਨਕਾਰ ਕੀਤਾ ਹੈ।
Comments (0)