ਵਿਦੇਸ਼ਾਂ ਵਿਚ ਬੇਰੁਜ਼ਗਾਰੀ ਤੇ ਮਹਿੰਗਾਈ ਵਡਾ ਮੱਸਲਾ

ਵਿਦੇਸ਼ਾਂ ਵਿਚ ਬੇਰੁਜ਼ਗਾਰੀ ਤੇ ਮਹਿੰਗਾਈ ਵਡਾ ਮੱਸਲਾ

ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ......

 ਜੇ ਪਰਵਾਸ ਨੂੰ ਠੱਲ੍ਹ ਪਾਉਣੀ ਹੈ ਤਾਂ ਆਰਥਿਕ ਵਸੀਲਿਆਂ ਨੂੰ ਉਪਜਾਉਣ ਦੇ ਨਾਲ ਨਾਲ ਲੋਕਾਂ ਨੂੰ ਆਪਣੀ ਧਰਤੀ ਨਾਲ ਜੁੜੇ ਰੱਖਣ ਹਿੱਤ, ਪੰਜਾਬ ਦੀ ਆਰਥਿਕਤਾ ਮਜਬੂਤ ਕਰਨ ਤੇ ਆਦਰਸ਼ ਰਾਜਨੀਤੀ ਪ੍ਰਤੀ ਅਨੇਕਾਂ ਉਪਰਾਲਿਆਂ ਬਾਰੇ ਗੰਭੀਰਤਾ ਨਾਲ ਸੋਚਣ ਤੇ ਅਮਲ ਕਰਨ ਦੀ ਜ਼ਰੂਰਤ ਹੈ।ਵਿਦੇਸ਼ਾਂ ਵਿਚ ਪੜ੍ਹਾਈ ਕਰਨਾ ਮਹਿੰਗਾ  ਹੈ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਬਾਹਰਲੇ ਦੇਸ਼ ਵਿਚ ਰਹਿਣ ਦਾ ਖ਼ਰਚਾ ਚੁੱਕਣਾ ਮੁਸ਼ਕਲ ਲੱਗਦਾ ਹੈ। ਵਿਦੇਸ਼ਾਂ ਵਿਚ ਬੇਰੁਜ਼ਗਾਰੀ ਕਾਰਣ ਪੰਜਾਬੀ ਵਿਦਿਆਰਥੀਆਂ ਨੂੰ ਆਪਣਾ ਗੁਜ਼ਾਰਾ ਕਰਨ ਲਈ ਕੋਈ ਅੰਸ਼ਕ-ਸਮੇਂ ਦੀ ਨੌਕਰੀ ਲੱਭਣਾ ਵੀ ਮੁਸ਼ਕਿਲ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਵਾਸਤੇ ਆਪਣੀਆਂ ਟਿਊਸ਼ਨ ਫ਼ੀਸਾਂ ਅਤੇ ਹੋਰ ਖ਼ਰਚਿਆਂ ਨੂੰ ਸਹਿਣ ਕਰਨਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਇਸ ਕਾਰਣ ਵਿਦੇਸ਼ਾਂ ਵਿਚ ਯੂਥ ਦੇ ਪ੍ਰਵਾਸ ਨੂੰ ਠਲ ਪੈ ਰਹੀ ਹੈ।

ਯੂਕੇ ਨੇ ਨਿਯਮ  ਸਖ਼ਤ

ਬ੍ਰਿਟੇਨ ਨੇ ਵੀ ਸਪਾਊਸ ਵੀਜ਼ਾ ਦੇ ਨਿਯਮਾਂ ਵਿੱਚ ਕਈ ਬਦਲਾਅ ਕੀਤੇ ਹਨ।  ਅਪ੍ਰੈਲ 2024 ਤੋਂ ਜਿਹੜੇ ਲੋਕ ਆਪਣੇ ਪਤੀ ਜਾਂ ਪਤਨੀ ਨੂੰ ਸਪਾਊਸ ਵੀਜ਼ਾ ’ਤੇ ਯੂਕੇ ਬੁਲਾਉਣਾ ਚਾਹੁੰਦੇ ਹਨ, ਉਨ੍ਹਾਂ ਦੀ ਤਨਖ਼ਾਹ ਦੇ ਨਿਯਮਾਂ ਵਿੱਚ ’ਚ ਕੁਝ ਬਦਲਾਅ ਕੀਤੇ ਗਏ ਹਨ।ਹੁਣ ਇਹ ਕੀਮਤ ਵਧਾ ਕੇ 38,700 ਪਾਊਂਡ ਕਰ ਦਿੱਤੀ ਗਈ ਹੈ ਜੋ ਕਿ ਪਹਿਲਾਂ 18,600 ਪਾਊਂਡ ਸੀ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਪਰਵਾਸ ਵਿਚ ਕਟੌਤੀ ਹੋ ਸਕਦੀ ਹੈ।

ਅਮਰੀਕਾ ਵਿਚ ਰੁਜ਼ਗਾਰ ਮਿਲਣਾ ਔਖਾ

ਇਸ ਸਾਲ ਅਮਰੀਕਾ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਵੀ ਨਹੀਂ ਮਿਲ ਰਹੀ ਹੈ। ਅਮਰੀਕਾ ਵਿਚ ਬੇਰੋਜ਼ਗਾਰੀ ਵਧਣ, ਆਲਮੀ ਆਰਥਿਕ ਮੰਦੀ ਕਾਰਨ ਐਂਟਰੀ ਲੈਵਲ ਦੀਆਂ ਨੌਕਰੀਆਂ ਦੀ ਘਾਟ ਅਤੇ ਅਮਰੀਕਾ ਵਿਚ ਇਸ ਸਾਲ ਚੋਣਾਂ ਹੋਣ ਨਾਲ ਨੌਕਰੀਆਂ ਵਿਚ ਅਮਰੀਕੀ ਵਿਦਿਆਰਥੀਆਂ ਨੂੰ ਤਰਜੀਹ ਮਿਲ ਰਹੀ ਹੈ, ਉੱਥੇ ਹੀ ਆਈ.ਵੀ. ਲੀਗ ਵਰਗੀਆਂ ਵੱਕਾਰੀ ਸੰਸਥਾਵਾਂ ਵਿਚ ਪੜ੍ਹਨ ਵਾਲੇ ਹੁਸ਼ਿਆਰ ਭਾਰਤੀ ਵਿਦਿਆਰਥੀ ਵੀ ਇੰਟਰਨਸ਼ਿਪ ਪਾਉਣ ਲਈ ਸੰਘਰਸ਼ ਕਰ ਰਹੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧਣ ਕਾਰਨ ਅਮਰੀਕਾ ਵਿਚ ਰਹਿਣ ਦਾ ਖ਼ਰਚ ਕਾਫ਼ੀ ਵੱਧ ਗਿਆ ਹੈ, ਨੌਕਰੀਆਂ ਵਿਚ ਸਥਾਨਕ ਲੋਕਾਂ ਨੂੰ ਤਰਜੀਹ ਅਤੇ ਸਪਾਂਸਰਸ਼ਿਪ ਦੀ ਕਮੀ ਨੇ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਸਿੱਖਿਆ ਸਲਾਹਕਾਰ ਕਾਲਜਿਫਾਈ ਦੇ ਆਦਰਸ਼ ਖੰਡੇਲਵਾਲ ਨੇ ਕਿਹਾ ਹਾਰਵਰਡ ਅਤੇ ਯੇਲ ਯੂਨੀਵਰਸਿਟੀ ਵਰਗੇ 8 ਆਈ.ਵੀ. ਲੀਗ ਕਾਲਜਾਂ ਸਮੇਤ ਅਮਰੀਕਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਨੌਕਰੀਆਂ ਦੇ ਮੌਕਿਆਂ ਵਿਚ ਗਿਰਾਵਟ ਆਈ ਹੈ।

ਇੰਟਰਨਸ਼ਿਪ ਅਤੇ ਨੌਕਰੀ ਦੇ ਸੰਕਟ ਨੂੰ ਇਸ ਤੱਥ ਤੋਂ ਸਮਝਿਆ ਜਾ ਸਕਦਾ ਹੈ ਕਿ ਐੱਸ.ਟੀ.ਈ.ਐੱਮ. (ਸਾਇੰਸ, ਟੈਕ, ਇੰਜੀਨੀਅਰਿੰਗ, ਮੈਥਸ) ਵਿਚ ਗ੍ਰੈਜੂਏਸ਼ਨ ਕਰਨ ਵਾਲੇ ਭਾਰਤੀ ਵਿਦਿਆਰਥੀ ਵੀ ਇੰਟਰਨਸ਼ਿਪ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ। ਸਿਰਫ਼ ਏ.ਆਈ. ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਹੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਅਮਰੀਕਾ-ਬ੍ਰਿਟੇਨ ਸਮੇਤ ਵਿਦੇਸ਼ਾਂ ਵਿਚ ਨੌਕਰੀਆਂ ਦੀ ਤਲਾਸ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਸਾਲ 2023 ਵਿਚ ਵੱਡੀ ਗਿਰਾਵਟ ਆਈ ਹੈ।

ਬੋਸਟਨ ਕੰਸਲਟਿੰਗ ਗਰੁੱਪ (ਬੀ.ਸੀ.ਜੀ.) ਨੇ ਆਪਣੇ ਅਧਿਐਨ ਵਿਚ ਦਾਅਵਾ ਕੀਤਾ ਕਿ ਵਿਦੇਸ਼ਾਂ ਵਿਚ ਕੰਮ ਕਰਨ ਦੇ ਇੱਛੁਕ ਭਾਰਤੀਆਂ ਦੀ ਗਿਣਤੀ 2020 ਵਿਚ 78 ਫ਼ੀਸਦੀ ਤੋਂ ਘੱਟ ਕੇ 2023 ਵਿਚ 54 ਫ਼ੀਸਦੀ ਹੀ ਰਹਿ ਗਈ ਹੈ। 

ਕੈਨੇਡਾ ਵਿਚ ਸਪਾਊਸ ਵੀਜ਼ਾ ਵਿਚ ਤਬਦੀਲੀ

ਕੈਨੇਡਾ ਸਰਕਾਰ ਨੇ ਫੈਸਲਾ ਲਿਆ ਕਿ  ਸਿਰਫ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ ਨੂੰ ਹੀ ਵੀਜ਼ਾ ਮਿਲਣਗੇ ਜੋ ਉੱਥੇ ਮਾਸਟਰਜ਼ ਜਾਂ ਡਾਕਟਰੇਟ ਪੱਧਰ ਦੀ ਪੜ੍ਹਾਈ ਕਰ ਰਹੇ ਹਨ।ਹੇਠਲੇ ਪੱਧਰ ਦੇ ਕੋਰਸ ਕਰ ਰਹੇ ਵਿਦਿਆਰਥੀ ਸਪਾਊਸ ਵੀਜ਼ੇ ਉੱਪਰ ਆਪਣੇ ਪਤੀ ਜਾਂ ਪਤਨੀ ਨੂੰ ਕੈਨੇਡਾ ਨਹੀਂ ਬੁਲਾ ਸਕਣਗੇ।

ਹੁਣ ਆਸਟ੍ਰੇਲੀਆ ਜਾਣਾ ਵੀ ਹੋਇਆ ਔਖਾ, ਸਟੂਡੈਂਟ ਵੀਜ਼ਾ ਦੇ ਨਿਯਮ  ਸਖ਼ਤ...

 ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਦੇ ਨਿਯਮਾਂ ਵਿਚ ਸਖ਼ਤੀ ਹੋਰ ਵਧਾ ਦਿੱਤੀ ਹੈ। ਆਸਟ੍ਰੇਲੀਆ ਨੇ ਦੇਸ਼ ਵਿਚ ਵਧਦੇ ਪ੍ਰਵਾਸ ਤੇ ਵਿਦਿਆਰਥੀਆਂ ਨਾਲ ਧੋਖਾਧੜੀ ਦੇ ਮੱਦੇਨਜ਼ਰ ਵਿਦਿਆਰਥੀ ਵੀਜ਼ਾ ਲਈ ਵਿੱਤੀ ਲੋੜਾਂ ਵਧਾਉਣ ਦਾ ਫੈਸਲਾ ਕੀਤਾ ਹੈ।

ਨਵੇਂ ਵਿਦਿਆਰਥੀ ਵੀਜ਼ਾ ਨਿਯਮਾਂ ਮੁਤਾਬਕ ਹੁਣ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਲੈਣ ਲਈ ਘੱਟੋ-ਘੱਟ 16 ਲੱਖ 29 ਹਜ਼ਾਰ ਬਚਤ ਦਿਖਾਉਣੀ ਲਾਜ਼ਮੀ ਹੋਵੇਗੀ।  ਆਸਟ੍ਰੇਲੀਆ ਨੇ ਬੱਚਤ ਦੀ ਸ਼ਰਤ ਵਿਚ 41% ਦਾ ਵਾਧਾ ਕੀਤਾ ਹੈ।