ਭਾਰਤ ਵਿਚ ਚੀਨ ਵਾਲਾ ਨਵਾਂ ਵਾਇਰਸ ਐੱਚਐੱਮਪੀਵੀ ਦੇ ਤਿੰਨ ਕੇਸ ਸਾਹਮਣੇ ਆਏ,ਸਰਕਾਰ ਅਲਰਟ 'ਤੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ- ਚੀਨ ਵਿੱਚ ਫੈਲੇ ਐੱਚਐੱਮਪੀਵੀ ਵਾਇਰਸ ਦੇ ਮਾਮਲੇ ਹੁਣ ਭਾਰਤ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਅਹਿਮਦਾਬਾਦ ਦੇ ਔਰੇਂਜ ਹਸਪਤਾਲ ਵਿੱਚ 2 ਮਹੀਨੇ ਦੇ ਬੱਚੇ ਵਿੱਚ ਐੱਚਐੱਮਪੀਵੀ ਵਾਇਰਸ ਦੇ ਲੱਛਣ ਦੇਖੇ ਗਏ ਹਨ। ਅਹਿਮਦਾਬਾਦ ਸਿਵਲ ਹਸਪਤਾਲ ਦੀ ਟੀਮ ਟੈਸਟ ਕਰਨ ਜਾ ਰਹੀ ਹੈ।ਰਿਪੋਰਟਾਂ ਮੁਤਾਬਕ ਬੱਚੇ ਨੂੰ 15 ਦਿਨ ਪਹਿਲਾਂ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸ ਨੂੰ ਕੁਝ ਦਿਨਾਂ ਲਈ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ ਸੀ। ਹੁਣ ਜਾਂਚ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਐਚਐਮਪੀਵੀ ਵਾਇਰਸ ਦੀ ਲਾਗ ਪਾਈ ਗਈ ਹੈ।
ਬੱਚੇ ਦੀ ਹਾਲਤ ਅਜੇ ਸਥਿਰ
ਹਾਲਾਂਕਿ ਇਸ ਮੁੱਦੇ 'ਤੇ ਗੁਜਰਾਤ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਹ ਰਿਪੋਰਟ ਇਕ ਨਿੱਜੀ ਹਸਪਤਾਲ ਦੀ ਹੈ। ਸਾਡੀ ਲੈਬ ਵਿੱਚ ਇਸਦੀ ਜਾਂਚ ਨਹੀਂ ਕੀਤੀ ਗਈ ਹੈ। ਬੱਚੇ ਦੀ ਸਿਹਤ ਹੁਣ ਸਥਿਰ ਹੈ। ਗੁਜਰਾਤ ਦੇ ਸਿਹਤ ਵਿਭਾਗ ਨੇ ਐੱਚਐੱਮਪੀਵੀ ਵਾਇਰਸ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਹਾਲਾਂਕਿ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਕਾਫੀ ਪੁਰਾਣਾ ਹੈ ਅਤੇ ਇਹ ਕੋਰੋਨਾ ਜਿੰਨਾ ਖਤਰਨਾਕ ਨਹੀਂ ਹੈ। ਇਹ ਸਾਹ ਸਬੰਧੀ ਵਾਇਰਸ ਹੈ ਤੇ ਜ਼ੁਕਾਮ, ਖੰਘ ਅਤੇ ਬੁਖਾਰ ਇਸ ਦੇ ਆਮ ਲੱਛਣ ਹਨ।
ਮਾਹਿਰਾਂ ਦੀ ਟੀਮ ਕਰੇਗੀ ਜਾਂਚ
ਮੁੱਢਲੀ ਜਾਣਕਾਰੀ ਅਨੁਸਾਰ ਰਾਜਸਥਾਨ ਦਾ ਰਹਿਣ ਵਾਲਾ ਪਰਿਵਾਰ ਆਪਣੇ 2 ਮਹੀਨੇ ਦੇ ਬੱਚੇ ਨੂੰ ਲੈ ਕੇ ਅਹਿਮਦਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਇਆ ਹੋਇਆ ਸੀ। ਇਲਾਜ ਦੌਰਾਨ ਉਸ ਦੀ ਇੱਕ ਪ੍ਰਾਈਵੇਟ ਲੈਬ ਵਿੱਚ ਜਾਂਚ ਕੀਤੀ ਗਈ। ਹੁਣ ਇਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਐੱਚਐੱਮਪੀਵੀ (ਹਿਊਮਨ ਮੈਟਾਨਿਊਮੋਵਾਇਰਸ) ਦੇ ਬੰਗਲੁਰੂ ’ਚ ਦੋ ਅਤੇ ਗੁਜਰਾਤ ’ਚ ਇੱਕ ਕੇਸ ਸਾਹਮਣੇ ਆਉਣ ਨਾਲ ਸਾਹ ਪ੍ਰਣਾਲੀ ਨਾਲ ਜੁੜੇ ਇਸ ਵਾਇਰਸ ਬਾਰੇ ਜਾਗਰੂਕਤਾ ਦਾ ਪੱਧਰ ਵਧਿਆ ਹੈ। ਪਹਿਲੀ ਵਾਰ ਇਸ ਵਾਇਰਸ ਦੀ ਸ਼ਨਾਖ਼ਤ 2001 ਵਿੱਚ ਕੀਤੀ ਗਈ ਸੀ। ਇਹ ਭਾਵੇਂ ਨਵਾਂ ਨਹੀਂ, ਫਿਰ ਵੀ ਇਹ ਹੋਣ ’ਤੇ ਸਿਹਤ ਨਾਲ ਸਬੰਧਿਤ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਖ਼ਾਸ ਤੌਰ ’ਤੇ ਬੱਚਿਆਂ, ਬਜ਼ੁਰਗਾਂ ਤੇ ਉਨ੍ਹਾਂ ਨੂੰ ਇਹ ਜ਼ਿਆਦਾ ਪ੍ਰੇਸ਼ਾਨ ਕਰ ਸਕਦਾ ਹੈ ਜਿਨ੍ਹਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਰੀਰਕ ਸਮਰੱਥਾ ਘਟੀ ਹੋਈ ਹੈ। ਭਾਰਤ ’ਚ ਮਿਲੇ ਸਾਰੇ ਕੇਸ ਬੱਚਿਆਂ ਦੇ ਹਨ, ਤੇ ਹਾਲੀਆ ਸਫ਼ਰ ਦਾ ਉਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ। ਇਹ ਦਰਸਾਉਂਦਾ ਹੈ ਕਿ ਵਾਇਰਸ ਇੱਥੇ ਪਹਿਲਾਂ ਤੋਂ ਹੀ ਮੌਜੂਦ ਹੈ। ਆਲਮੀ ਪੱਧਰ ’ਤੇ ਐੱਚਐੱਮਪੀਵੀ ਨੂੰ ਸਾਹ ਨਾਲ ਸਬੰਧਿਤ ਗੰਭੀਰ ਰੋਗਾਂ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ, ਵਿਸ਼ੇਸ਼ ਤੌਰ ’ਤੇ ਸਰਦੀਆਂ ਜਾਂ ਚੜ੍ਹਦੀ ਬਸੰਤ ਰੁੱਤ ’ਚ। ਇਸ ਦੇ ਲੱਛਣ ਆਮ ਤੌਰ ’ਤੇ ਸਰਦੀ-ਜ਼ੁਕਾਮ ਵਰਗੇ ਹੀ ਹੁੰਦੇ ਹਨ ਪਰ ਕੁਝ ਸਮੇਂ ਬਾਅਦ ਨਿਮੋਨੀਆ ਵੀ ਹੋ ਸਕਦਾ ਹੈ। ਫੈਲਾਅ ਦੇ ਬਾਵਜੂਦ ਅਜੇ ਤੱਕ ਇਸ ਵਾਇਰਸ ਦਾ ਕੋਈ ਟੀਕਾ ਜਾਂ ਐਂਟੀਵਾਇਰਲ ਇਲਾਜ ਉਪਲਬਧ ਨਹੀਂ ਜਿਸ ਕਾਰਨ ਹੋਰ ਦੇਖਭਾਲ ਤੇ ਰੋਕਥਾਮ ਦੀ ਪ੍ਰਕਿਰਿਆ ਅਪਣਾਉਣੀ ਜ਼ਰੂਰੀ ਹੋ ਜਾਂਦੀ ਹੈ।
ਭਾਰਤ ਨੇ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਰਾਹੀਂ ਚੌਕਸੀ ਅਤੇ ਨਿਗਰਾਨੀ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ) ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ। ਲੈਬਾਰਟਰੀਆਂ ਹੁਣ ਐੱਚਐੱਮਪੀਵੀ ਟੈਸਟ ਕਰਨ ਲਈ ਚੰਗੀ ਤਰ੍ਹਾਂ ਲੈਸ ਹਨ। ਜਿਵੇਂ ਕੋਵਿਡ-19 ਮਹਾਮਾਰੀ ਦੌਰਾਨ ਦੇਖਿਆ ਗਿਆ ਸੀ, ਰੁਝਾਨਾਂ ਨੂੰ ਵਾਚਣ ਤੇ ਸਮੇਂ ਸਿਰ ਕਾਰਵਾਈ ਲਈ ਇਹ ਕਦਮ ਚੁੱਕਣੇ ਮਹੱਤਵਪੂਰਨ ਹੋ ਗਏ ਸਨ ਹਾਲਾਂਕਿ ਚੁਣੌਤੀਆਂ ਬਰਕਰਾਰ ਹਨ। ਘੱਟ ਖ਼ਰਚ ਤੇ ਸੌਖੇ ਹੋ ਸਕਣ ਵਾਲੇ ਟੈਸਟ ਅਜੇ ਵੀ ਉਪਲਬਧ ਨਹੀਂ ਹਨ ਜਿਸ ਕਾਰਨ ਕਮਜ਼ੋਰ ਤਬਕਿਆਂ ’ਚ ਰੋਗ ਦੀ ਜਲਦੀ ਸ਼ਨਾਖ਼ਤ ਕਰਨ ਵਿਚ ਰੁਕਾਵਟ ਪੈਦਾ ਹੁੰਦੀ ਹੈ।
ਭਾਰਤ ਨੇ ਐੱਚਐੱਮਪੀਵੀ ਲਾਗ ਬਾਰੇ ਸਾਵਧਾਨੀਪੂਰਬਕ ਪਹੁੰਚ ਅਪਣਾਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਸਬੰਧੀ ਬਿਨਾਂ ਕੋਈ ਸਹਿਮ ਪੈਦਾ ਕੀਤਿਆਂ ਇਸ ਦੀ ਰੋਕਥਾਮ ਕਿੰਝ ਕੀਤੀ ਜਾਵੇ। ਇਸ ਤੋਂ ਇਲਾਵਾ ਕੁਝ ਵਡੇਰੇ ਉਪਰਾਲਿਆਂ ਦੀ ਲੋੜ ਹੈ। ਇਨ੍ਹਾਂ ਵਿੱਚ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਅਤੇ ਰੈਪਿਡ ਡਾਇਗਨੌਸਟਿਕ ਪ੍ਰਵਾਨਗੀਆਂ ਲਈ ਰੈਗੂਲੇਟਰੀ ਚੌਖ਼ਟੇ ਦੀ ਸਥਾਪਨਾ ਜਿਹੇ ਕਾਰਜ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਸਾਫ਼ ਸਫ਼ਾਈ ਰੱਖ ਕੇ ਅਤੇ ਸਮੇਂ ਸਿਰ ਮੈਡੀਕਲ ਸਹਾਇਤਾ ਲੈ ਕੇ ਅਤੇ ਸਚੇਤ ਰਹਿ ਕੇ ਨਾਗਰਿਕ ਵੀ ਇਸ ਨੂੰ ਰੋਕਣ ਵਿੱਚ ਸਹਾਈ ਹੋ ਸਕਦੇ ਹਨ।
Comments (0)