ਸੁਖਬੀਰ ਸਿੰਘ ਬਾਦਲ ਦੇ ਸਪਸ਼ਟੀਕਰਨ ਤੋਂ ਸੰਤੁਸ਼ਟ ਨਹੀਂ ਸਿਖ ਪੰਥ
*ਜਥੇਦਾਰ ਅਕਾਲ ਤਖਤ ਸੁਖਬੀਰ ਬਾਦਲ ਕੋਲੋਂ ਸਪੱਸ਼ਟ ਪੁਛਣ ਜਾਣੇ ਤੇ ਅਨਜਾਣੇ ਵਿਚ ਕਿਹੜੀਆਂ ਭੁਲਾਂ ਕੀਤੀਆਂ?
*ਪੰਥ ਵਿਰੁਧ ਕਿਹੜੀਆਂ ਭੁਲਾਂ ਤੇ ਅਪਰਾਧ ਜਾਣ ਬੁਝਕੇ ਕੀਤੇ?
*ਅਕਾਲ ਤਖਤ ਤੇ ਪੰਥ ਨੂੰ ਗੁਮਰਾਹ ਕਰਨ ਵਾਲੇ ਦੋਸ਼ੀਆਂ ਦਾ ਜਥੇਦਾਰ ਪਰਦਾਫਾਸ਼ ਕਰਨ
ਪੰਥਕ ਹਲਚਲ
ਅਕਾਲ ਤਖਤ ਦੇ ਜਥੇਦਾਰ ਵਲੋਂ ਸਿਖ ਪੰਥ ਦੀ ਮੰਗ ਉਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ੍ਰੀ ਅਕਾਲ ਤਖ਼ਤ ਨੂੰ ਸੌਂਪੀ ਮੁਆਫ਼ੀਨਾਮੇ ਦੀ ਚਿੱਠੀ ਜਨਤਕ ਕਰ ਦਿਤੀ ਹੈ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਆਫ਼ੀਨਾਮੇ ਵਿੱਚ ਲਿਖਿਆ ਹੈ ਕਿ ਦਾਸ ਕੋਲੋਂ ਚੇਤ- ਅਚੇਤ ਵਿੱਚ ਹੋਈਆਂ ਸਾਰੀਆਂ ਭੁੱਲਾਂ -ਚੁੱਕਾਂ ਲਈ ਖਿਮਾ ਦਾ ਜਾਚਕ ਹੈ ।ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰਮਤਿ ਪ੍ਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਬਿਨਾਂ ਸ਼ਰਤ ਖਿੜੇ ਮੱਥੇ ਪ੍ਰਵਾਨ ਕਰਨਗੇ। ਕੀ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਦਸਣਗੇ ਕਿ ਕਿਹੜੀਆਂ ਜਾਣੇ ਅਨਜਾਣੇ ਵਿਚ ਭੁਲਾਂ ਹੋਈਆਂ, ਕਿਹੜੀਆਂ ਜਾਣ ਬੁਝਕੇ ਕੀਤੀਆਂ? ਇਹ ਵੇਰਵਾ ਸਿੰਘ ਸਾਹਿਬਾਨਾਂ ਨੂੰ ਸੁਖਬੀਰ ਸਿੰਘ ਬਾਦਲ ਕੋਲੋਂ ਪ੍ਰਾਪਤ ਕਰਕੇ ਗੁਰੂ ਪੰਥ ਦੀ ਕਚਹਿਰੀ ਵਿਚ ਰਖਣਾ ਚਾਹੀਦਾ ਹੈ।
# ਸੁਖਬੀਰ ਨੂੰ ਦੱਸਣਾ ਚਾਹੀਦਾ ਸੀ ਕਿ ਸੌਦਾ ਸਾਧ ਸੰਬੰਧੀ ਪੋਸ਼ਾਕ ਦਾ ਕੇਸ ਕਿਉਂ ਵਾਪਸ ਕਰਵਾਇਆ? ਕੀ ਇਹ ਜਾਨੇ ਅਨਜਾਣੇ ਵਿਚ ਭੁਲ ਸੀ?
# ਕੀ ਸੌਦਾ ਸਾਧ ਨਾਲ ਵੋਟਾਂ ਦੀ ਸੌਦੇਬਾਜ਼ੀ ਜਾਣੇ ਅਨਜਾਣੇ ਵਿਚ ਭੁਲ ਸੀ?
# ਸਭ ਤੋਂ ਬੱਜਰ ਗੁਨਾਹ ਜੋ ਅਕਾਲੀ ਸਰਕਾਰ ਵੇਲੇ ਹੋਇਆ ਉਹ ਸੀ ਸੌਦਾ ਸਾਧ ਨੂੰ ਮੁਆਫ਼ੀ। ਇਹ ਜਾਣਦੇ ਹੋਏ ਵੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵਾਲੇ ਸੌਦਾ ਸਾਧ ਖਿਲਾਫ਼ ਸਿੱਖ ਪੰਥ ਦੀ ਵੱਡੇ ਪੱਧਰ ’ਤੇ ਨਰਾਜ਼ਗੀ ਹੈ, ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਦਾ ਸਿਧਾਂਤ ਭੰਗ ਕਰਦਿਆਂ ਸੌਦਾ ਸਾਧ ਨੂੰ ਬਿਨਾਂ ਮੰਗਿਆਂ ਹੀ ਓਸ ਵਕਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਮੁਆਫ਼ੀ ਦੁਆ ਦਿੱਤੀ ਸੀ। ਇਸ ਮੁਆਫ਼ੀ ਨੂੰ ਸਹੀ ਸਾਬਤ ਕਰਨ ਲਈ ਅਖ਼ਬਾਰਾਂ ਵਿਚ ਫੁੱਲ ਪੇਜ ਦੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਵੀ ਛਪਵਾਏ ਗਏ।ਕੀ ਡੇਰੇ ਨੂੰ ਮੁਆਫ਼ੀ ਦਿਵਾਉਣ ਦੇ ਲਈ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਉਪਰ ਦਬਾਅ ਪਾਉਣਾ ਜਾਣੇ ਅਨਜਾਣੇ ਵਿਚ ਭੁਲ ਸੀ?
#ਬਾਦਲ ਸਰਕਾਰ ਵਲੋਂ ਕੋਟਕਪੂਰਾ ,ਬਹਿਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਜਵਾਬ ਇਹ ਦਿੱਤਾ ਗਿਆ ਕਿ ਗੋਲੀ ਚਲਾਉਣ ਵਾਲੀ ਪੁਲਿਸ ਅਣਪਛਾਤੀ ਸੀ।ਕੀ ਇਹ ਜਾਣੇ ਅਨਜਾਣੇ ਵਿਚ ਭੁਲ ਸੀ?
#ਪੰਜਾਬ ਸੰਤਾਪ ਦੌਰ ਦੌਰਾਨ ਬੇਕਸੂਰ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਪੁਲਿਸ ਅਫ਼ਸਰ ਸੁਮੇਧ ਸੈਣੀ ਨੂੰ ਅਕਾਲੀ ਸਰਕਾਰ ਵੇਲੇ ਪੰਜਾਬ ਦਾ ਡੀ.ਜੀ.ਪੀ. ਲਗਾਇਆ ਗਿਆ,ਕੀ ਇਹ ਜਾਣੇ ਅਨਜਾਣੇ ਵਿਚ ਭੁਲ ਸੀ?
#ਕੀ ਅਕਾਲੀ ਦਲ ਬਾਦਲ ਵਿੱਚ ਇਜ਼ਹਾਰ ਆਲਮ ਵਰਗੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਅਹੁਦੇਦਾਰੀਆ ਨਹੀ ਦਿਤੀਆਂ ਸਰਕਾਰੀ ਕੁਰਸੀਆ ਉਪਰ ਨਹੀਂ ਨਿਵਾਜਿਆ?ਕੀ ਇਹ ਜਾਨੇ ਅਨਜਾਣੇ ਵਿਚ ਭੁਲ ਸੀ? ਇਹ ਸਾਰੇ ਵੱਡੇ ਅਪਰਾਧ ਹਨ ਜੋ ਹੁਣ ਤਕ ਛੁਪਾਏ ਜਾ ਰਹੇ ਹਨ।
ਸੁਖਬੀਰ ਬਾਦਲ ਤੇ ਉਨ੍ਹਾਂ ਦਾ ਧੜਾ ਬਾਗੀ ਅਕਾਲੀਆਂ ਸਿਰ ਭਾਂਡਾ ਭੰਨ ਰਿਹਾ ਹੈ?
ਜਦਕਿ ਦੋਸ਼ੀ ਸੀਨੀਅਰ ਬਾਗੀ ਅਕਾਲੀ ਆਗੂਆਂ ਨੇ ਅਕਾਲ ਤਖਤ ਸਾਹਮਣੇ ਇਹ ਦੋਸ਼ ਸਿਧੇ ਤੌਰ ਉਪਰ ਸਵੀਕਾਰ ਕੀਤੇ ਹਨ ਕਿ ਸਾਡੇ ਕੋਲੋਂ ਇਹ ਗ਼ਲਤੀਆਂ ਹੋਈਆਂ ਹਨ, ਸਾਨੂੰ ਸਮੇਂ ਸਿਰ ਬੋਲਣਾ ਚਾਹੀਦਾ ਸੀ, ਰੋਕਣਾ ਚਾਹੀਦਾ ਸੀ, ਪਰ ਰੋਕ ਨਹੀਂ ਸਕੇ। ਜਦਕਿ ਸੁਖਬੀਰ ਸਿੰਘ ਬਾਦਲ ਨੇ ਬਿਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਹਿ ਰਹੇ ਹਨ ਕਿ ਅਸੀਂ ਚੇਤ-ਅਚੇਤ ਹੋਈਆਂ ਭੁੱਲਾਂ ਦੀ ਮੁਆਫ਼ੀ ਮੰਗਦੇ ਹਾਂ।
ਸੁਖਬੀਰ ਬਾਦਲ ਦੇ ਸਪੱਸ਼ਟੀਕਰਨ ਬਾਰੇ ਢੀਂਡਸਾ ਦੀ ਰਾਇ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਜਗ ਜ਼ਾਹਰ ਹੋਣ ’ਤੇ ਉਸ ਵਿਚੋਂ ਕੁਝ ਨਵਾਂ ਨਹੀਂ ਨਿਕਲਿਆ ਅਤੇ ਇਹ ਚਿੱਠੀ ਅਜੇ ਵੀ ਮੁਆਫੀ ਮੰਗਣ ਦੇ ਮਾਮਲੇ ਵਿਚ ਗੋਲਮੋਲ ਹੈ।
ਢੀਂਡਸਾ ਨੇ ਕਿਹਾ ਕਿ ਹੁਣ ਸਮੁੱਚੇ ਸਿੱਖ ਕੌਮ ਦੀਆਂ ਨਜ਼ਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਅਤੇ ਬਾਕੀ ਸਿੰਘ ਸਾਹਿਬਾਨਾਂ ’ਤੇ ਟਿਕੀਆਂ ਹੋਈਆਂ ਹਨ ਕਿ ਉਹ ਅਕਾਲੀ ਦਲ ਦੀ ਸਰਕਾਰ ਮੌਕੇ ਬਰਗਾੜੀ ਕਾਂਡ, ਬਹਿਬਲ ਕਾਂਡ, ਡੀ.ਜੀ.ਪੀ. ਸੈਣੀ, ਆਲਮ ਵਿਧਾਇਕ ਮਾਮਲਾ, ਡੇਰਾ ਸਾਧ ਨੂੰ ਮੁਆਫੀ ਸਮੇਤ ਹੋਰ ਵਾਪਰੀਆਂ ਘਟਨਾਵਾਂ ਵਿਚ ਕਿਸ ਤਰ੍ਹਾਂ ਦਾ ਫੈਸਲਾ ਸੁਣਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਦੇ ਅਕਾਲੀ ਦਲ ਦੇ ਹਾਲਾਤ ਸੁਖਬੀਰ ਸਿੰਘ ਬਾਦਲ ਨੇ ਕਰ ਦਿੱਤੇ ਹਨ, ਹੁਣ ਅਕਾਲੀ ਦਲ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਅਤੇ ਭਰੋਸਾ ਬਣਾਉਣ ਵਿਚ ਲੰਬਾ ਸਮਾਂ ਲੱਗੇਗਾ।
ਬਾਗ਼ੀਆਂ 'ਤੋਂ ਔਖੇ ਡਾਕਟਰ ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਲਜੀਤ ਸਿੰਘ ਚੀਮਾ ਨੇ ਬਾਗ਼ੀਆਂ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਬਾਗੀ ਅਕਾਲੀਆਂ ਨੂੰ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵੀ ਭਰੋਸਾ ਨਹੀਂ ਹੈ, ਕਿਉਂਕਿ ਜਦੋਂ ਸਪੱਸ਼ਟੀਕਰਨ ਦਿੱਤਾ ਗਿਆ ਤਾਂ ਉਨ੍ਹਾਂ ਵੱਲੋਂ ਪ੍ਰਚਾਰ ਕੀਤਾ ਗਿਆ ਕਿ ਇਸ ਨੂੰ ਜਥੇਦਾਰ ਸਾਹਿਬ ਜਨਤਕ ਕਰਨ। ਚੀਮਾ ਨੇ ਕਿਹਾ ਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਭਰੋਸਾ ਹੀ ਨਹੀਂ ਤਾਂ ਫਿਰ ਉਥੇ ਕੀ ਕਰਨ ਗਏ ਸੀ?
ਕੀ ਸਿਖ ਕੌਮ ਦੋਸ਼ੀ ਲੀਡਰਸ਼ਿਪ ਨੂੰ ਮਾਫ ਕਰੇਗੀ ?
ਪੰਥਕ ਹਲਕਿਆਂ ਅਨੁਸਾਰ ਬਾਦਲ ਧੜਾ ਬਾਗੀ ਅਕਾਲੀਆਂ ਨਾਲੋਂ ਜ਼ਿਆਦਾ ਸਿਖ ਪੰਥ ਦਾ ਵਡਾ ਦੋਸ਼ੀ ਹੈ।ਜੋ ਬਾਦਲ ਪਰਿਵਾਰ ਨੇ ਅਕਾਲੀ ਦਲ ,ਅਕਾਲ ਤਖਤ ਸਾਹਿਬ ,ਸ੍ਰੋਮਣੀ ਕਮੇਟੀ ਨੂੰ ਢਾਹ ਲਗਾਉਣ ਲਈ ਅਪਰਾਧ ਕੀਤੇ ਹਨ,ਉਹ ਸਿਖ ਪੰਥ ਨੇ ਕਦੇ ਮਾਫ ਨਹੀਂ ਕਰਨੇ। ਸਰਦਾਰ ਗੁਰਤੇਜ ਸਿੰਘ ਆਈਏਐਸ ਨੇ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਸਿਖ ਸਿਧਾਂਤ ਅਨੁਸਾਰ ਪਹਿਰੇਦਾਰੀ ਕਰਨੀ ਪੈਣੀ ਹੈ।ਫੈਸਲਾ ਉਨ੍ਹਾਂ ਦੇ ਹਥ ਵਿਚ ਹੈ ਕਿ ਉਨ੍ਹਾਂ ਨੇ ਬਾਦਲ ਪਰਿਵਾਰ ਦੇ ਦੋਸ਼ਾਂ ਨੂੰ ਗਿਆਨੀ ਗੁਰਬਚਨ ਸਿੰਘ ਵਾਂਗ ਢਕਣਾ ਹੈ ਜਾਂ ਉਨੀਵੀ ਸਦੀ ਦੇ ਅਕਾਲ ਤਖਤ ਦੇ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਵਾਂਗ ਸਿਖ ਪੰਥ ਦੀ ਸ਼ਾਨ ਤੇ ਅਕਸ ਵਿਚ ਇਤਿਹਾਸਕ ਵਾਧਾ ਕਰਨਾ ਹੈ ,ਜਿਹਨਾਂ ਨੂੰ ਕਿਸੇ ਸਤਾ ਦਾ ਭੈਅ ਨਹੀਂ ਸੀ?
ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਬਾਦਲ ਪਰਿਵਾਰ ਤੇ ਧੜੇ ਦੀ ਇੱਕ-ਇੱਕ ਗੁਨਾਹ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ ਕਿ ਇਹਨਾਂ ਦੋਸ਼ਾਂ ਵਿਚ ਕਿਹੜੀ ਜਾਣੇ ਅਨਜਾਣੇ ਵਿਚ ਗਲਤੀ ਹੋਈ ਤੇ ਕਿਹੜੀ ਜਾਣ ਬੁਝਕੇ ਪੰਥ ਵਿਰੋਧੀ ਗਲਤੀ ਕੀਤੀ?
ਜੇ ਕਿਸੇ ਵੀ ਦੋਸ਼ ਦਾ ਜ਼ਿਕਰ ਨਹੀਂ ਹੋਵੇਗਾ ਤਾਂ ਸੰਗਤ ਦੇ ਸਾਹਮਣੇ ਸਾਰਾ ਸੱਚ ਕਿਵੇਂ ਸਾਹਮਣੇ ਆਵੇਗਾ?
ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਤੋਂ ਰੱਬੀ ਸੱਚ ਪ੍ਰਗਟ ਹੋਣਾ ਚਾਹੀਦਾ ਹੈ।ਇਹ ਗੁਰੂ ਦਾ ਤਖਤ ਹੈ? ਗੁਰੂ ਤੋਂ ਬਾਅਦ ਤਖਤ ਦਾ ਮਾਲਕ ਬਾਦਲ ਪਰਿਵਾਰ ਨਹੀਂ ਗੁਰੂ ਪੰਥ ਹੈ।ਜਥੇਦਾਰ ਅਕਾਲ ਤਖਤ ਨੇ ਗੁਰੂਸਿਧਾਂਤ ਦੀ ਪਹਿਰੇਦਾਰੀ ਕਰਨੀ ਹੈ।ਸੁਖਬੀਰ ਬਾਦਲ ਦੀ ਚਿਠੀ ਤੋਂ ਖਾਲਸਾ ਪੰਥ ਸੰਤੁਸ਼ਟ ਨਹੀਂ।ਇਹ ਆਪਣੇ ਦੋਸ਼ ਤੇ ਅਪਰਾਧ ਲੁਕਾਉਣ ਦੀ ਕਾਰਵਾਈ ਹੈ। ਇਨ੍ਹਾਂ ਦੋਸ਼ੀਆਂ ਨੂੰ ਸਿਖ ਪੰਥ ਕਦੇ ਮਾਫ ਨਹੀਂ ਕਰ ਸਕਦਾ।
ਸ੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਨੇ ਕਿਹਾ ਕਿ ਸੁਖਬੀਰ ਦੀ ਚਿਠੀ ਦੋਸ਼ਾਂ ਬਾਰੇ ਸਪਸ਼ਟ ਨਹੀਂ।ਉਨ੍ਹਾਂ ਨੂੰ ਅਕਾਲ ਤਖਤ ਸਾਹਮਣੇ ਸਚ ਰਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੀ ਗੁਨਾਹ ਤੇ ਭੁਲਾਂ ਕੀਤੀਆਂ।ਗੁਰੂ ਗ੍ਰੰਥ ਤੇ ਗੁਰੂ ਪੰਥ ਅਗੇ ਸਪਸ਼ਟ ਹੋਕੇ ਹੀ ਗੁਨਾਹ ਬਖਸ਼ਾਏ ਜਾ ਸਕਦੇ ਹਨ।
ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਤੋਂ ਅਕਾਲੀ ਸੰਕਟ ਹਲ ਕਰਨ ਲਈ ਗਿਆਰਾਂ ਮੈਂਬਰੀ ਪੰਥਕ ਫੇਸ ਫੇਸ ਵਾਲੀ ਕਮੇਟੀ ਬਣਾਉਣੀ ਚਾਹੀਦੀ ਹੈ ਜੋ ਅਕਾਲੀ ਦਲ ਦਾ ਅਕਸ ਬਹਾਲ ਕਰੇ ਤੇ ਨਵੀਂ ਲੀਡਰਸ਼ਿਪ ਦੀ ਚੋਣ ਕਰੇ।ਦਾਗੀ ਲੀਡਰਸ਼ਿਪ ਨਾਲ ਅਕਾਲੀ ਦਲ ਨਹੀਂ ਬਚ ਸਕਦਾ।
ਪ੍ਰੋ ਬਲਵਿੰਦਰ ਪਾਲ ਸਿੰਘ
9815700916
Comments (0)