ਹਿਮਾਲਿਆ ਵਿੱਚ ਬਰਫ਼ ਦੀ ਕਮੀ ਕਾਰਨ   ਪਾਣੀ ਦਾ ਸੰਕਟ ਪੈਦਾ ਹੋਣ ਦੀ ਸੰਭਾਵਨਾ

ਹਿਮਾਲਿਆ ਵਿੱਚ ਬਰਫ਼ ਦੀ ਕਮੀ ਕਾਰਨ   ਪਾਣੀ ਦਾ ਸੰਕਟ ਪੈਦਾ ਹੋਣ ਦੀ ਸੰਭਾਵਨਾ

*ਵਿਗਿਆਨੀਆਂ ਨੇ  ਦਿੱਤੀ ਚਿਤਾਵਨੀ ਕਿ  ਹਿਮਾਲਿਆ ਦੀ  ਬਰਫ਼ ਪਿਘਲਣ ਕਾਰਣ ਪਾਣੀ ਦਾ ਸੰਕਟ ਡੂੰਘਾ ਹੋਵੇਗਾ

*ਗਰਮੀ ਕਾਰਨ ਪਿਘਲੇ ਗਲੇਸ਼ੀਅਰ  ਬਿਆਸ ਦਰਿਆ ਦਾ ਵੱਧ ਗਿਆ ਪਾਣੀ

 ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਪਾਣੀ ਲਈ ਹਿਮਾਲਿਆ ਦੀ  ਬਰਫ਼ ਪਿਘਲਣ ਉਪਰ  ਨਿਰਭਰ ਕਰੋੜਾਂ ਲੋਕਾਂ ਨੂੰ  ਇਸ ਸਾਲ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰਨ ਪੈ ਸਕਦਾ ਹੈ। ਮਾਹਿਰ ਇਸ ਲਈ ਜਲਵਾਯੂ ਤਬਦੀਲੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਇਸ ਲਈ ਪੈਦਾ ਹੋਈ ਹੈ ,ਕਿਉਂਕਿ ਇਸ  ਸਾਲ  ਇਤਿਹਾਸਕ ਤੌਰ 'ਤੇ ਇਸ ਸਾਲ ਬਹੁਤ ਘੱਟ ਬਰਫਬਾਰੀ ਹੋਈ ਹੈ। ਹੁਣੇ ਜਿਹੇ ਜਾਰੀ ਹੋਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਘਲਦੀ ਹੋਈ  ਬਰਫ ਉਨ੍ਹਾਂ 12 ਪ੍ਰਮੁੱਖ ਨਦੀ ਪ੍ਰਣਾਲੀਆਂ 'ਵਿਚੋਂ ਲਗਭਗ ਇਕ ਚੌਥਾਈ  ਪ੍ਰਣਾਲੀਆਂ ਦੇ ਪਾਣੀ ਦੇ ਕੁੱਲ ਵਹਾਅ ਦਾ ਸਰੋਤ ਹੈ,ਜਿਨ੍ਹਾਂ ਦਾ ਉਦੈ ਏਸ਼ੀਆ ਦੇ ਹਿਮਾਲਿਆ ਤੋਂ ਹੁੰਦਾ ਹੈ।

ਰਿਪੋਰਟ ਦੇ ਲੇਖਕ ਸ਼ੇਰ ਮੁਹੰਮਦ ਨੇ ਕਿਹਾ ਕਿ ਨਦੀਆਂ ਦੇ ਹੇਠਲੇ ਪਾਸੇ ਰਹਿਣ ਵਾਲੇ ਲੋਕਾਂ ਲਈ ਖ਼ਤਰੇ ਦੀ ਘੰਟੀ ਹੈ। ਸ਼ੇਰ ਮੁਹੰਮਦ ਨੇਪਾਲ ਸਥਿਤ ਇੰਟਰਨੈਸ਼ਨਲ ਸੈਂਟਰ ਫਾਰ ਇੰਟੀਗ੍ਰੇਟਿਡ ਮਾਊਂਟੇਨ ਡਿਵੈਲਪਮੈਂਟ  ਵਿੱਚ ਕੰਮ ਕਰਦਾ ਹੈ। ਉਸਨੇ  ਕਿਹਾ ਕਿ ਘੱਟ ਬਰਫ਼ ਜਮਾਂ ਹੋਣ ਅਤੇ ਬਰਫ਼ ਦੇ ਪੱਧਰ ਵਿੱਚ ਉਤਰਾਅ-ਚੜ੍ਹਾਅ ਕਾਰਨ ਪਾਣੀ ਦੀ ਕਮੀ ਦਾ ਬਹੁਤ ਗੰਭੀਰ ਖ਼ਤਰਾ ਹੈ, ਖਾਸ ਕਰਕੇ ਇਸ ਸਾਲ।"

ਇੰਟਰਨੈਸ਼ਨਲ ਸੈਂਟਰ ਫਾਰ ਇੰਟੀਗ੍ਰੇਟਿਡ ਮਾਊਂਟੇਨ ਡਿਵੈਲਪਮੈਂਟ ਦੇ ਅਨੁਸਾਰ,  ਮੌਸਮ ਵਿੱਚ ਤਬਦੀਲੀ ਕਾਰਨ ਬਾਰਸ਼ ਅਨਿਯਮਿਤ ਹੋ ਗਈ ਹੈ ਅਤੇ ਮੌਸਮ ਦਾ ਪੈਟਰਨ ਵੀ ਬਦਲ ਰਿਹਾ ਹੈ।

ਰਿਪੋਰਟ ਵਿੱਚ "ਬਰਫ਼ ਦੀ ਸਥਿਰਤਾ"ਅਰਥਾਤ ਬਰਫ ਦੇ  ਜ਼ਮੀਨ ਉਪਰ ਰਹਿਣ ਦੇ ਸਮੇਂ ਨੂੰ ਵੀ ਮਾਪਿਆ ਗਿਆ ਹੈ ਅਤੇ ਪਾਇਆ ਗਿਆ ਹੈ ਕਿ ਇਸ ਸਾਲ ਹਿੰਦੂ ਕੁਸ਼ ਅਤੇ ਹਿਮਾਲੀਅਨ ਖੇਤਰ ਵਿੱਚ ਇਸ ਦਾ ਪੱਧਰ ਆਮ ਤੋਂ ਲਗਭਗ ਪੰਜਵੇਂ ਹਿੱਸੇ ਤੱਕ ਡਿੱਗ ਗਿਆ ਹੈ। ਹਿੰਦੂ ਕੁਸ਼ ਹਿਮਾਲਿਆ ਵਿਚ ਇਸ ਸਾਲ ਬਰਫਬਾਰੀ ਵਿਚ ਰਿਕਾਰਡ ਗਿਰਾਵਟ ਕਾਰਨ ਨੀਵੇਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

  ਨੇਪਾਲ ਸਥਿਤ ਅੰਤਰ-ਸਰਕਾਰੀ ਸੰਸਥਾ ਇੰਟਰਨੈਸ਼ਨਲ ਸੈਂਟਰ ਫਾਰ ਇੰਟੈਗਰੇਟਿਡ ਮਾਊਂਟੇਨ ਡਿਵੈਲਪਮੈਂਟ ਦੇ ਪ੍ਰਮੁੱਖ ਮਾਹਿਰਾਂ ਨੇ ਜਲ ਪ੍ਰਬੰਧਨ ਅਥਾਰਟੀਆਂ ਨੂੰ ਸੋਕਾ ਪ੍ਰਬੰਧਨ ਰਣਨੀਤੀਆਂ ਅਤੇ ਸੰਕਟਕਾਲੀਨ ਜਲ ਸਪਲਾਈ ਉਪਾਅ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।

ਹਿੰਦੂ ਕੁਸ਼ ਹਿਮਾਲਿਆਈ ਖੇਤਰ ਧਰਤੀ ਦੀ ਸਤਹ 'ਤੇ ਜੰਮੇ ਹੋਏ ਪਾਣੀ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ, ਜਿਸ ਵਿਚ ਬਰਫ ਪਰਮਾਫ੍ਰੌਸਟ (ਇਕ ਸਤਹ ਜੋ ਪੂਰੀ ਤਰ੍ਹਾਂ ਜੰਮੀ ਹੋਈ ਹੈ), ਬਰਫ ਦੇ ਪਹਾੜ, ਝੀਲਾਂ ਅਤੇ ਨਦੀਆਂ ਸ਼ਾਮਲ ਹਨ। ਇਹ ਜੰਮਿਆ ਹੋਇਆ ਪਾਣੀ ਹਿੰਦੂ ਕੁਸ਼ ਹਿਮਾਲੀਅਨ ਖੇਤਰ ਵਿਚ ਰਹਿਣ ਵਾਲੇ ਲਗਭਗ 24 ਕਰੋੜ ਲੋਕਾਂ ਲਈ ਤਾਜ਼ੇ ਪਾਣੀ ਦਾ ਇਕ ਮਹੱਤਵਪੂਰਨ ਸਰੋਤ ਹੈ ਅਤੇ ਹੇਠਲੇ ਖੇਤਰਾਂ ਵਿਚ ਰਹਿਣ ਵਾਲੇ ਲਗਭਗ 165 ਕਰੋੜ ਲੋਕਾਂ ਨੂੰ ਇਸ ਜੰਮੇ ਹੋਏ ਪਾਣੀ ਤੋਂ ਦੂਰਗਾਮੀ ਲਾਭ ਮਿਲਦਾ ਹੈ।

ਹਿੰਦੂ ਕੁਸ਼ ਹਿਮਾਲਿਆ ਖੇਤਰ ਤੋਂ ਨਿਕਲਣ ਵਾਲੇ 12 ਪ੍ਰਮੁੱਖ ਨਦੀਆਂ ਦੇ ਬੇਸਿਨ ਵਿਚ ਕੁੱਲ ਪਾਣੀ ਦੇ ਵਹਾਅ ਦਾ ਲਗਭਗ 23 ਪ੍ਰਤੀਸ਼ਤ ਬਰਫ ਪਿਘਲ ਰਹੀ ਹੈ। ਹਾਲਾਂਕਿ, ਇਸ ਦਾ ਯੋਗਦਾਨ ਨਦੀ ਤੋਂ ਨਦੀ ਵਿਚ ਵੱਖਰਾ ਹੁੰਦਾ ਹੈ। ਅਮੂ ਦਰਿਆ 'ਚ ਪਾਣੀ ਦੇ ਵਹਾਅ 'ਚ 74 ਫ਼ੀ ਸਦੀ, ਹੇਲਮੰਦ ਦੇ ਵਹਾਅ ਵਿਚ 77 ਫ਼ੀ ਸਦੀ ਅਤੇ ਸਿੰਧੂ ਨਦੀ ਦੇ ਪਾਣੀ ਦੇ ਵਹਾਅ 'ਚ 40 ਫ਼ੀ ਸਦੀ ਬਰਫ ਪਿਘਲਣ ਦੀ ਹਿੱਸੇਦਾਰੀ ਹੈ।

ਰਿਪੋਰਟ ਮੁਤਾਬਕ ਇਸ ਸਾਲ ਪੂਰੇ ਖੇਤਰ ਵਿਚ ਬਰਫਬਾਰੀ ਦਾ ਪੱਧਰ ਆਮ ਨਾਲੋਂ ਪੰਜਵੇਂ ਹਿੱਸੇ ਤੋਂ ਵੀ ਘੱਟ ਹੈ। ਬਰਫ਼ਬਾਰੀ ਵਿਚ ਸਭ ਤੋਂ ਵੱਡੀ ਕਮੀ ਪੱਛਮ ਵਿਚ ਆਈ ਹੈ ਜਿੱਥੇ ਬਰਫ਼ ਪਿਘਲਣ ਤੋਂ ਪਾਣੀ ਦੀ ਸਪਲਾਈ ਸਭ ਤੋਂ ਵੱਧ ਹੈ। ਜਾਰੀ ਬਰਫ ਦੀ ਅਪਡੇਟ ਰਿਪੋਰਟ - 2024 ਦੇ ਅਨੁਸਾਰ, ਗੰਗਾ ਬੇਸਿਨ ਵਿਚ ਬਰਫ ਦਾ ਪੱਧਰ ਆਮ ਨਾਲੋਂ 17 ਪ੍ਰਤੀਸ਼ਤ ਘੱਟ ਅਤੇ ਬ੍ਰਹਮਪੁੱਤਰ ਬੇਸਿਨ ਵਿਚ ਆਮ ਨਾਲੋਂ 14.6 ਪ੍ਰਤੀਸ਼ਤ ਘੱਟ ਸੀ।

ਬਰਫ਼ ਦੇ ਪੱਧਰ ਵਿਚ ਸਭ ਤੋਂ ਵੱਧ ਗਿਰਾਵਟ ਹੇਲਮੰਡ ਨਦੀ ਬੇਸਿਨ ਵਿਚ ਦਰਜ ਕੀਤੀ ਗਈ ਜਿਥੇ ਇਹ ਆਮ ਨਾਲੋਂ 31.8 ਪ੍ਰਤੀਸ਼ਤ ਘੱਟ ਸੀ। ਇਸ ਤੋਂ ਪਹਿਲਾਂ, 2018 ਵਿਚ ਬਰਫ਼ ਦੀ ਮੌਜੂਦਗੀ ਦਾ ਸਭ ਤੋਂ ਘੱਟ ਪੱਧਰ ਸੀ ਜਦੋਂ ਇਸ ਵਿਚ 42 ਪ੍ਰਤੀਸ਼ਤ ਦੀ ਕਮੀ ਆਈ ਸੀ। ਸਿੰਧੂ ਬੇਸਿਨ ਵਿਚ ਬਰਫ਼ ਦੀ ਦੀ ਮੌਜੂਦਗੀ ਆਮ ਨਾਲੋਂ ਘੱਟ ਕੇ 23.3 ਫ਼ੀਸਦੀ ਰਹਿ ਗਈ ਹੈ, ਜੋ 22 ਸਾਲਾਂ ਵਿਚ ਸਭ ਤੋਂ ਘੱਟ ਹੈ। ਸਾਲ 2018 ਵਿਚ ਬਰਫ ਦੀ ਮੌਜੂਦਗੀ ਦਾ ਪੱਧਰ 9.4 ਫ਼ੀ ਸਦੀ ਤਕ ਪਹੁੰਚ ਗਿਆ।

ਪਿਛਲੇ ਕਾਫੀ ਸਾਲਾਂ ਤੋਂ ਮੌਸਮ ਵਿਚ ਵੀ ਬਹੁਤ ਬਦਲਾਓ ਹੋ ਰਿਹਾ ਹੈ। ਬੇਮੌਸਮੀ ਬਾਰਿਸ਼ ਇਸੇ ਦਾ ਸਿੱਟਾ ਹੈ। ਇਸ ਕਾਰਨ ਫਸਲੀ ਚੱਕਰ ਵਿਚ ਵੀ ਵਿਘਨ ਪੈ ਸਕਦਾ ਹੈ ।  ਸਾਇੰਸਦਾਨਾਂ ਅਨੁਸਾਰ ਹਵਾ ਵਿਚ ਕੁਝ ਖਾਸ ਨਮੀ ਸਾਲ ਦੇ ਅਲੱਗ ਅਲੱਗ ਸਮੇਂ ਦੌਰਾਨ ਮੌਸਮ ਵਿਚ ਹੋਣੀ ਚਾਹੀਦੀ ਹੈ ਜੋ ਫਸਲਾਂ ਲਈ ਜ਼ਰੂਰੀ ਹੈ। ਇਸ ਵਿਚ ਬਦਲਾਓ ਆਇਆ ਹੈ ਜੋ ਗਲੇਸ਼ੀਅਰਾਂ ਦੇ ਪਿਘਲਣ ਅਤੇ ਧਰਤੀ ਦੇ ਤਾਪਮਾਨ ਵਿਚ ਵਾਧੇ ਨਾਲ ਹੋਇਆ ਮੰਨਿਆ ਜਾਂਦਾ ਹੈ। ਗਲੇਸ਼ੀਅਰਾਂ ਪਿਘਲਣ ਕਰਕੇ ਸਾਰੀ ਦੁਨੀਆ ਦੀਆਂ ਮੁੱਖ ਨਦੀਆਂ ਅਤੇ ਸਹਾਇਕ ਨਦੀਆਂ ਵਿਚ ਸਾਰਾ ਸਾਲ ਪਾਣੀ ਰਹਿੰਦਾ ਹੈ। ਧਰਤੀ ਦਾ ਤਾਪਮਾਨ ਵਧਣ ਕਾਰਨ ਗਲੇਸ਼ੀਅਰਾਂ ਦੀ ਹਜ਼ਾਰਾਂ ਲੱਖਾਂ ਸਾਲ ਪੁਰਾਣੀ ਬਰਫ਼ ਪਿਘਲਣ ਕਰਕੇ ਸਮੁੰਦਰਾਂ ਵਿਚ ਪਾਣੀ ਦਾ ਪੱਧਰ ਵੱਧ ਜਾਵੇਗਾ ਜਿਸ ਨਾਲ ਛੋਟੇ ਛੋਟੇ ਟਾਪੂ ਡੁੱਬ ਜਾਣਗੇ, ਤਟੀ ਇਲਾਕਿਆਂ ਵਿਚ ਵੱਡੇ ਸਮੁੰਦਰੀ ਤੂਫਾਨ ਆਉਣਗੇ। 2005 ਵਿਚ ਭਾਰਤ ਵਿਚ ਸੁਨਾਮੀ ਆਈ ਸੀ। ਸ਼ੁਰੂ ਸ਼ੁਰੂ ਵਿਚ ਹੜ੍ਹ ਆਉਣਗੇ, ਬਾਅਦ ਵਿਚ ਜਦੋਂ ਗਲੇਸ਼ੀਅਰ ਖਤਮ ਹੋ ਜਾਣਗੇ ਤਾਂ ਦਰਿਆਵਾਂ ਵਿਚ ਪਾਣੀ ਨਹੀਂ ਹੋਵੇਗਾ ਅਤੇ ਸੋਕਾ ਪਵੇਗਾ।

 47 ਡਿਗਰੀ ਸੈਲਸੀਅਸ ਤੋਂ ਵੀ ਵੱਧ ਤਾਪਮਾਨ ਹੋਣ ਕਾਰਨ  ਦਰਿਆ ਬਿਆਸ ਵਿੱਚ ਆਮ ਦਿਨਾਂ ਨਾਲੋਂ ਪਾਣੀ ਦੀ ਆਮਦ ਵੱਧਦੀ ਹੋਈ ਨਜ਼ਰ ਆਈ ਹੈ। ਇਸ ਸਬੰਧੀ  ਇਰੀਗੇਸ਼ਨ ਵਿਭਾਗ ਦੇ ਮੁਲਾਜ਼ਮ ਵਿਜੈ ਕੁਮਾਰ ਨੇ ਦੱਸਿਆ ਕਿ ਪਹਾੜਾਂ ਵਿੱਚ ਬਰਫ ਪਿਘਲਣ ਕਾਰਨ ਬਿਆਸ ਦਰਿਆ ਵਿੱਚ ਪਾਣੀ ਦੀ ਆਮਦ ਕੁਝ ਵਧੀ ਹੈ।ਉਹਨਾਂ ਕਿਹਾ ਕਿ ਇਸ ਮੌਸਮ ਦੇ ਵਿੱਚ ਬਾਰਿਸ਼ ਨਹੀਂ ਹੋ ਰਹੀ ਹੈ, ਜਿਸ ਕਾਰਨ ਪਹਾੜੀ ਇਲਾਕਿਆਂ ਵਿੱਚ ਬਰਫ ਪਿਘਲਣ ਨਾਲ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ ।