47 ਦੇ ਪੰਜਾਬ ਤੋਂ ਮੌਜੂਦਾ ਪੰਜਾਬ ਤੱਕ-ਪੰਜਾਬੀ ਫ਼ਿਲਮਾਂ ਦਾ ਸਫ਼ਰ
ਪੰਜਾਬੀ ਫ਼ਿਲਮਾਂ ਦਾ 94 ਸਾਲ ਲੰਮਾ ਇਤਿਹਾਸ ਹੈ ਅਤੇ ਇਸ ਦੌਰਾਨ ਵਾਪਰੀਆਂ ਸਿਆਸੀ ਅਤੇ ਸਮਾਜਿਕ ਘਟਨਾਵਾਂ ਦਾ ਸਾਡੀਆਂ ਪੰਜਾਬੀ ਫ਼ਿਲਮਾਂ 'ਤੇ ਸਿੱਧਾ ਅਸਰ ਪਿਆ ਹੈ।
ਜੀ.ਕੇ. ਮਹਿਤਾ ਵਲੋਂ ਬਣਾਈ ਗਈ 'ਧੀਆਂ ਪੰਜਾਬ ਦੀਆਂ' ਪੰਜਾਬੀ ਭਾਸ਼ਾ ਵਿਚ ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਸੀ ਜੋ 1929 ਵਿਚ ਰਿਲੀਜ਼ ਹੋਈ ਸੀ। ਦਰਅਸਲ ਇਹ ਫ਼ਿਲਮ ਦੋ ਭਾਸ਼ਾਵਾਂ 'ਚ ਬਣੀ ਸੀ। ਅੰਗਰੇਜ਼ੀ 'ਚ ਇਸ ਦਾ ਨਾਂਅ 'ਡਾਟਰ ਓਫ ਟੁਡੇ' ਸੀ ਤੇ ਇਹ ਉਨ੍ਹਾਂ ਦਿਨਾਂ ਵਿਚ ਬਣਨ ਵਾਲੀਆਂ ਹੋਰਨਾਂ ਫ਼ਿਲਮਾਂ ਵਾਂਗ ਇਕ ਬਿਨਾਂ ਆਵਾਜ਼ ਵਾਲੀ ਫ਼ਿਲਮ ਸੀ। ਫ਼ਿਲਮ ਵਿਖਾਉਣ ਵੇਲੇ ਫ਼ਿਲਮਕਾਰ ਪਰਦੇ 'ਤੇ ਤਸਵੀਰਾਂ ਵਿਖਾਉਂਦੇ ਸਨ ਅਤੇ ਅਦਾਕਾਰ ਫ਼ਿਲਮ ਹਾਲ ਵਿਚ ਖੜ੍ਹ ਕੇ ਹੀ ਸੰਵਾਦ ਬੋਲਦੇ ਸਨ।
ਪੰਜਾਬੀ ਵਿਚ ਪਹਿਲੀ ਆਵਾਜ਼ ਵਾਲੀ ਫ਼ਿਲਮ (ਟਾਕੀ) 'ਹੀਰ-ਰਾਂਝਾ' ਸੀ ਜੋ 1932 ਵਿਚ ਹਕੀਮ ਰਾਮ ਪ੍ਰਸਾਦ ਨੇ ਬਣਾਈ ਸੀ ਅਤੇ ਕੁਝ ਥਾਵਾਂ 'ਤੇ ਇਸ ਫ਼ਿਲਮ ਨੂੰ 'ਹੂਰ ਪੰਜਾਬ' ਦੇ ਨਾਂਅ ਹੇਠ ਵੀ ਰਿਲੀਜ਼ ਕੀਤਾ ਗਿਆ ਸੀ। ਇਸ ਫ਼ਿਲਮ ਦੇ ਨਿਰਦੇਸ਼ਕ ਅਬਦੁਲ ਰਾਸ਼ਿਦ ਕਰਦਾਰ ਸਨ ਅਤੇ ਇਸ ਫ਼ਿਲਮ ਵਿਚ ਅਨਵਰੀ ਬੇਗ਼ਮ, ਰਫ਼ੀਕ ਗ਼ਜ਼ਨਵੀ ਤੇ ਮੁਹੰਮਦ ਇਸਮਾਈਲ ਵਰਗੇ ਕਲਾਕਾਰਾਂ ਨੇ ਅਦਾਕਾਰੀ ਕੀਤੀ ਸੀ। ਉਸ ਜ਼ਮਾਨੇ ਵਿਚ ਇਸ ਫ਼ਿਲਮ 'ਤੇ ਕਾਫੀ ਪੈਸੇ ਲੱਗੇ ਸਨ, ਕਿਉਂਕਿ ਫ਼ਿਲਮ ਲਾਹੌਰ ਵਿਚ ਸ਼ੂਟ ਹੋਈ ਸੀ ਅਤੇ ਇਸ ਦਾ ਸੰਪਾਦਨ ਕਲਕੱਤੇ ਹੋਇਆ ਸੀ। ਇਸ ਫ਼ਿਲਮ ਨੂੰ ਰਿਲੀਜ਼ ਕਰਨ 'ਚ ਕਾਫ਼ੀ ਮੁਸ਼ੱਕਤ ਕਰਨੀ ਪਈ ਸੀ, ਕਿਉਂਕਿ ਉਸ ਸਮੇਂ ਅੱਜ ਜਿੰਨੇ ਸਾਧਨ ਨਹੀਂ ਸਨ। ਇਸੇ ਕਰਕੇ ਵੱਖ-ਵੱਖ ਸ਼ਹਿਰਾਂ 'ਚ ਫ਼ਿਲਮ ਦੋ ਵੱਖਰੇ ਨਾਵਾਂ ਨਾਲ ਰਿਲੀਜ਼ ਹੋਈ ਸੀ।
ਇਸ ਤੋਂ ਬਾਅਦ 'ਪਿੰਡ ਦੀ ਕੁੜੀ' ਰਿਲੀਜ਼ ਹੋਈ ਜੋ ਇਕ ਵੱਡੀ ਤੇ ਪੰਜਾਬੀ ਦੀ ਪਹਿਲੀ ਹਿੱਟ ਫ਼ਿਲਮ ਸੀ। ਇਹ ਫ਼ਿਲਮ ਕ੍ਰਿਸ਼ਨ ਦੇਵ ਮਹਿਰਾ ਨੇ ਬਣਾਈ ਸੀ। ਅਸਲ 'ਚ ਕ੍ਰਿਸ਼ਨ ਦੇਵ ਮਹਿਰਾ ਪੰਜਾਬੀ ਫ਼ਿਲਮਾਂ ਦੇ ਪਹਿਲੇ ਵੱਡੇ ਨਿਰਮਾਤਾ - ਨਿਰਦੇਸ਼ਕ ਸਨ, ਜਿਨ੍ਹਾਂ ਨੇ ਇੰਦਰਾ ਮੂਵੀਟੋਨ ਨਾਂਅ ਤੋਂ ਇਕ ਕੰਪਨੀ ਬਣਾਈ ਅਤੇ ਲਾਹੌਰ ਦੇ ਭੱਟੀ ਗੇਟ ਇਲਾਕੇ 'ਚ ਦਫ਼ਤਰ ਖੋਲ੍ਹਿਆ ਜਿਸ ਨੇ ਇਕ ਤੋਂ ਬਾਅਦ ਇਕ ਕਈ ਪੰਜਾਬੀ ਫ਼ਿਲਮਾਂ ਸਾਲ-ਦਰ-ਸਾਲ ਬਣਾਈਆਂ ਅਤੇ ਰਿਲੀਜ਼ ਕੀਤੀਆਂ।
ਫ਼ਿਲਮ ਸਨਅਤ ਦੇ ਕਈ ਵੱਡੇ ਨਾਂਅ ਜਿਵੇਂ ਗੀਤਕਾਰ ਗੁਲਜ਼ਾਰ (ਸੰਪੂਰਨ ਸਿੰਘ ਕਾਲੜਾ), ਫ਼ਿਲਮ ਨਿਰਮਾਤਾ ਬੀ.ਆਰ. ਚੋਪੜਾ (ਬਲਦੇਵ ਰਾਜ ਚੋਪੜਾ), ਰਾਮਾਨੰਦ ਸਾਗਰ, ਅਦਾਕਾਰ ਪ੍ਰਾਣ, ਕੁੰਦਨ ਲਾਲ ਸਹਿਗਲ, ਗਾਇਕ ਮੁਹੰਮਦ ਰਫ਼ੀ, ਮਸ਼ਹੂਰ ਗਾਇਕਾ ਨੂਰ ਜਹਾਂ, ਸ਼ਮਸ਼ਾਦ ਬੇਗ਼ਮ ਇਨ੍ਹਾਂ ਸਭ ਨੂੰ ਕ੍ਰਿਸ਼ਨ ਦੇਵ ਮਹਿਰਾ ਨੇ ਹੀ ਕੰਮ ਕਰਨ ਦਾ ਮੌਕਾ ਦਿੱਤਾ ਤੇ ਇਹ ਲੋਕ ਵੱਡੇ ਕਲਾਕਾਰ ਬਣੇ ਅਤੇ ਨਾਂਅ ਕਮਾਇਆ। ਬੀ.ਆਰ. ਚੋਪੜਾ ਕਾਫ਼ੀ ਛੋਟੀ ਉਮਰ (ਤਕਰੀਬਨ 17-18 ਸਾਲ) ਵਿਚ ਕ੍ਰਿਸ਼ਨ ਦੇਵ ਮਹਿਰਾ ਦੀ ਇੰਦਰਾ ਮੂਵੀਟੋਨ ਕੰਪਨੀ ਨਾਲ ਜੁੜੇ ਸਨ। ਉਹ ਮਹਿਰਾ ਦੇ ਫ਼ਿਲਮੀ ਰਸਾਲੇ ਸਿਨੇ-ਹੈਰਾਲਡ ਨਾਲ ਬਤੌਰ ਉਪ-ਸੰਪਾਦਕ ਕੰਮ ਕਰਦੇ ਰਹੇ ਤੇ ਬਾਅਦ ਵਿਚ ਫ਼ਿਲਮ ਬਣਾਉਣ ਦੇ ਗੁਰ ਵੀ ਸਿੱਖਦੇ ਗਏ। ਫਿਰ 1939 ਵਿਚ ਪੰਜਾਬੀ ਦੀ ਪਹਿਲੀ ਵੱਡੇ ਪਰਦੇ ਵਾਲੀ ਫ਼ਿਲਮ ਆਈ, ਜਿਸ ਦਾ ਨਾਂਅ ਸੀ ਮਿਰਜ਼ਾ-ਸਾਹਿਬਾਂ ਜੋ ਡੀ.ਐਨ. ਮਧੋਕ ਨੇ ਬਣਾਈ ਸੀ।
ਫਿਰ 1942 ਵਿਚ ਸਿਨੇਮਾ ਘਰਾਂ ਵਿਚ 25 ਹਫ਼ਤੇ ਪੂਰੇ ਕਰਨ ਵਾਲੀ ਪੰਜਾਬੀ ਦੀ ਪਹਿਲੀ ਸੁਪਰ-ਹਿੱਟ ਫ਼ਿਲਮ ਮੰਗਤੀ ਰਿਲੀਜ਼ ਹੋਈ, ਜਿਸ ਦੇ ਗੀਤ ਪ੍ਰਸਿੱਧ ਪੰਜਾਬੀ ਗੀਤਕਾਰ ਨੰਦਲਾਲ ਨੂਰਪੁਰੀ ਨੇ ਲਿਖੇ ਸਨ ਜੋ ਸੁਪਰਹਿੱਟ ਹੋਏ। ਇਸ ਫ਼ਿਲਮ ਵਿਚ ਸੰਗੀਤ ਪੰਡਿਤ ਗੋਵਿੰਦ ਰਾਮ ਨੇ ਦਿੱਤਾ ਸੀ, ਜਦਕਿ ਫ਼ਿਲਮ ਦਾ ਨਿਰਦੇਸ਼ਨ ਰੂਪ ਲਾਲ ਸ਼ੋਰੀ ਨੇ ਕੀਤਾ ਸੀ। ਇਸ ਫ਼ਿਲਮ ਵਿਚ ਸ਼ਮਸ਼ਾਦ ਬੇਗਮ ਤੇ ਉਨ੍ਹਾਂ ਦੀ ਭੈਣ ਜ਼ੀਨਤ ਬੇਗ਼ਮ ਨੇ ਗੀਤ ਗਾਏ ਸਨ।
ਇਸ ਦੌਰ ਦੀਆਂ ਜ਼ਿਆਦਾਤਰ ਫ਼ਿਲਮਾਂ ਪੰਜਾਬੀ ਸਾਹਿਤ ਦੇ ਮਕਬੂਲ ਕਿੱਸੇ-ਕਹਾਣੀਆਂ 'ਤੇ ਬਣ ਰਹੀਆਂ ਸਨ, ਜੋ ਲੋਕ ਆਮ ਤੌਰ 'ਤੇ ਪਿੰਡਾਂ-ਸ਼ਹਿਰਾਂ ਵਿਚ ਸੁਣਦੇ ਸਨ ਅਤੇ ਵੱਡੇ ਪਰਦੇ 'ਤੇ ਬੋਲਦੇ ਕਿਰਦਾਰਾਂ ਨੂੰ ਵੇਖ ਕੇ ਇਨ੍ਹਾਂ ਕਹਾਣੀਆਂ ਨਾਲ ਲਗਾਓ ਵੀ ਮਹਿਸੂਸ ਕਰਦੇ ਸਨ।
ਇਕ ਰਿਕਾਰਡ ਮੁਤਾਬਿਕ 1940 ਤੋਂ 1947 ਤੱਕ ਪੰਜਾਬੀ 'ਚ 22 ਫ਼ਿਲਮਾਂ ਬਣੀਆਂ, ਜਿਨ੍ਹਾਂ ਵਿਚੋਂ 18 ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ। ਇਨ੍ਹਾਂ ਵਿਚ ਮੰਗਤੀ, ਲੱਛੀ, ਮੁੰਦਰੀ, ਫੇਰੇ, ਯਮਲਾ ਜੱਟ ਤੇ ਖ਼ਜ਼ਾਨਚੀ ਪ੍ਰਮੁੱਖ ਸਨ। ਇਸੇ ਦੌਰਾਨ ਕ੍ਰਿਸ਼ਨ ਦੇਵ ਮਹਿਰਾ ਨੇ ਅਦਾਕਾਰ ਪ੍ਰਾਣ ਨੂੰ ਫ਼ਿਲਮ 'ਯਮਲਾ ਜੱਟ' ਰਾਹੀਂ ਲੋਕਾਂ ਦੇ ਰੂਬਰੂ ਕੀਤਾ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਦੀਆਂ ਦੋ ਹੋਰ ਵੱਡੀਆਂ ਪੰਜਾਬੀ ਫ਼ਿਲਮਾਂ 'ਖ਼ਜ਼ਾਨਚੀ' ਤੇ 'ਖਾਨਾਬਦੋਸ਼' ਆਈਆਂ। 'ਖਾਨਾਬਦੋਸ਼' 1947 ਵਿਚ ਆਈ ਅਤੇ ਲਾਹੌਰ ਸ਼ਹਿਰ ਵਿਚ ਹੋਏ ਦੰਗਿਆਂ ਵਿਚ ਇਸ ਫ਼ਿਲਮ ਦੇ ਜ਼ਿਆਦਾਤਰ ਰਿਕਾਰਡ ਸਾੜ ਦਿੱਤੇ ਗਏ, ਜਿਸ ਕਰਕੇ ਇਹ ਫ਼ਿਲਮ ਸਿਰਫ਼ ਪਾਕਿਸਤਾਨ 'ਚ ਹੀ ਰਿਲੀਜ਼ ਹੋ ਸਕੀ।
1940 ਦੇ ਦਹਾਕੇ 'ਚ ਪੰਜਾਬੀ ਫ਼ਿਲਮ ਸਨਅਤ ਪੈਰਾਂ ਸਿਰ ਹੋ ਚੁੱਕੀ ਸੀ ਤੇ ਲਗਾਤਾਰ ਵੱਧ ਰਹੀ ਸੀ। ਉਨ੍ਹਾਂ ਸਮਿਆਂ ਵਿਚ ਪੰਜਾਬ 'ਚ 50 ਤੋਂ ਵੱਧ ਸਿਨੇਮਾ ਘਰ ਖੁੱਲ੍ਹ ਚੁੱਕੇ ਸਨ, ਜਿਨ੍ਹਾਂ ਵਿਚ ਲਾਹੌਰ ਸ਼ਹਿਰ ਵਾਲੇ ਪ੍ਰਭਾਤ ਤੇ ਤਰੰਨੁਮ, ਅੰਮ੍ਰਿਤਸਰ ਵਿਚ ਨੋਵੈਲਟੀ ਤੇ ਰਿਆਲਟੋ, ਮੁਲਤਾਨ ਦਾ ਸਿਤਾਰਾ ਸਿਨੇਮਾ, ਰਾਵਲਪਿੰਡੀ ਦੇ ਮੋਤੀ-ਮਹਿਲ ਤੇ ਖੁਰਸ਼ੀਦ ਸਿਨੇਮਾ, ਲੁਧਿਆਣਾ ਦੇ ਨੌਲੱਖਾ ਤੇ ਰੇਖੀ ਸਿਨੇਮਾ, ਸਿਆਲਕੋਟ ਦਾ ਪਰਲ ਸਿਨੇਮਾ ਮਸ਼ਹੂਰ ਸਨ, ਜੋ ਪੰਜਾਬੀ ਫ਼ਿਲਮਾਂ ਨੂੰ ਕਾਫ਼ੀ ਸ਼ੋਅ ਦੇਣ ਲੱਗ ਗਏ ਸਨ। ਪੰਜਾਬੀ ਫ਼ਿਲਮਾਂ ਵਿਚ ਹਿੰਦੂ-ਮੁਸਲਿਮ ਭਾਈਚਾਰੇ ਦੇ ਹੋਣਹਾਰ ਕਲਾਕਾਰ ਕੰਮ ਕਰ ਰਹੇ ਸਨ ਤੇ ਕਲਾ ਦੇ ਮਿਆਰ ਨੂੰ ਉੱਚਾ ਚੁੱਕ ਰਹੇ ਸਨ। 1947 ਵਿਚ ਹੋਈ ਵੰਡ ਨੇ ਸਮਾਜ ਦੇ ਨਾਲ-ਨਾਲ ਪੰਜਾਬੀ ਫ਼ਿਲਮ ਸਨਅਤ ਨੂੰ ਵੀ ਲੀਹ ਤੋਂ ਉਤਾਰ ਦਿੱਤਾ। ਆਮ ਲੋਕਾਂ ਵਾਂਗ ਕਲਾਕਾਰਾਂ ਦੀ ਵੀ ਹਿਜ਼ਰਤ ਹੋਈ, ਜੋ ਜ਼ਿਆਦਾਤਰ ਫ਼ਨਕਾਰਾਂ ਨੂੰ ਮੁੰਬਈ ਵੱਲ ਲੈ ਗਈ। ਹਾਲਾਂਕਿ 1947 ਦੀ ਵੰਡ ਤੋਂ ਬਾਅਦ ਰਜਿੰਦਰ ਸ਼ਰਮਾ ਦੀ ਫ਼ਿਲਮ 'ਲੱਛੀ' ਚੜ੍ਹਦੇ ਪੰਜਾਬ ਵਿਚ 1949 ਵਿਚ ਰਿਲੀਜ਼ ਕੀਤੀ ਗਈ ਅਤੇ ਇਸ ਫ਼ਿਲਮ ਤੋਂ ਮੁਹੰਮਦ ਰਫ਼ੀ ਅਤੇ ਸ਼ਮਸ਼ਾਦ ਬੇਗ਼ਮ ਦੋਵਾਂ ਨੂੰ ਬਹੁਤ ਮਕਬੂਲੀਅਤ ਵੀ ਮਿਲੀ ਪਰ ਪੰਜਾਬ 'ਚ ਫ਼ਿਲਮ ਸਨਅਤ ਲਈ ਕੋਈ ਵੱਡੀ ਸਹੂਲਤ ਨਾ ਹੋਣ ਕਰਕੇ ਜ਼ਿਆਦਾਤਰ ਲੋਕ ਮੁੰਬਈ ਹੀ ਜਾ ਵਸੇ।
1950-60 ਦੇ ਦਹਾਕੇ ਵਿਚ ਵੀ ਪੰਜਾਬੀ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ਵਿਚ ਕ੍ਰਿਸ਼ਨ ਦੇਵ ਮਹਿਰਾ ਦੀ ਪੋਸਤੀ, ਬੈਸਾਖੀ, ਮਦਾਰੀ, ਜੁਗਨੀ, ਮੁਕਲਾਵਾ ਤੇ ਮੁਲਖ ਰਾਜ ਭਾ ਦੀ ਫ਼ਿਲਮ 'ਦੋ ਲੱਛੀਆਂ' ਤੇ ਜੁਗਲ ਕਿਸ਼ੋਰ ਸ਼ਰਮਾ ਦੀ ਫ਼ਿਲਮ 'ਭੰਗੜਾ', ਸ਼ਾਂਤੀ ਪ੍ਰਕਾਸ਼ ਬਖ਼ਸ਼ੀ ਦੀਆਂ ਫ਼ਿਲਮਾਂ ਕੌਡੇ ਸ਼ਾਹ, ਪਰਦੇਸੀ ਢੋਲਾ, ਮੰਜੀਤ ਸਿੰਘ ਦਾਰ ਦੀ ਫ਼ਿਲਮ ਲਾਰਾ ਲੱਪਾ (1953), ਦੁੱਲਾ ਭੱਟੀ, ਨਿਰਮਾਤਾ-ਨਿਰਦੇਸ਼ਕ ਡੋਡ ਚੰਦ ਦੀ ਫ਼ਿਲਮ ਬੁਲਬੁਲ, ਓਮ ਪ੍ਰਕਾਸ਼ ਦੀ ਫ਼ਿਲਮ ਹੁਲਾਰੇ ਤੇ ਬੀਨਾ ਖੋਸਲਾ ਦੀ ਫ਼ਿਲਮ ਨਿੱਕੀ ਪ੍ਰਮੁੱਖ ਸਨ।
ਇਸ ਦੌਰ ਵਿਚ ਜ਼ਿਆਦਾਤਰ ਫ਼ਿਲਮਾਂ ਨਵੀਆਂ ਕਹਾਣੀਆਂ ਅਤੇ ਨਾਟਕਾਂ 'ਤੇ ਬਣ ਰਹੀਆਂ ਸਨ ਅਤੇ ਜਿਨ੍ਹਾਂ 'ਚ ਸ਼ਹਿਰੀ ਕਿਰਦਾਰ ਭਾਰੂ ਸਨ, ਜੋ ਉਸ ਸਮੇਂ ਦੇ ਲਿਖਾਰੀ ਤੇ ਕਲਾਕਾਰ ਆਪਣੀ ਕਲਪਨਾ ਅਤੇ ਤਜ਼ਰਬਿਆਂ 'ਚੋਂ ਲਿਆ ਰਹੇ ਸਨ। ਇਸ ਦੌਰ ਦੇ ਜ਼ਿਆਦਾਤਰ ਕਲਾਕਾਰ ਲਾਹੌਰ, ਰਾਵਲਪਿੰਡੀ, ਮੁਲਤਾਨ, ਲਾਇਲਪੁਰ, ਕੋਹਾਟ ਵਰਗੇ ਸ਼ਹਿਰਾਂ ਤੋਂ ਉੱਜੜ ਕੇ ਆਏ ਹਿੰਦੂ ਹੀ ਸਨ ਅਤੇ ਉਨ੍ਹਾਂ ਕੋਲ ਸੁਨਾਉਣ ਨੂੰ ਓਹੀ ਕਹਾਣੀਆਂ ਸਨ, ਜੋ ਉਨ੍ਹਾਂ ਦੇ ਆਸੇ-ਪਾਸੇ ਵਾਪਰ ਰਿਹਾ ਸੀ ਜਾਂ ਜੋ ਉਨ੍ਹਾਂ ਨੇ ਹੰਢਾਇਆ ਸੀ। ਇਸੇ ਕਰਕੇ ਇਨ੍ਹਾਂ ਫ਼ਿਲਮਾਂ ਦੇ ਸੰਵਾਦਾਂ ਅਤੇ ਗੀਤਾਂ ਵਿਚ ਉਨ੍ਹਾਂ ਇਲਾਕਿਆਂ ਦੀਆਂ ਬੋਲੀਆਂ ਤੇ ਫ਼ਿਕਰੇ, ਜੁਮਲੇ ਭਾਰੂ ਸਨ।
ਇਹ ਉਹ ਦੌਰ ਸੀ, ਜਦੋਂ ਭਾਰਤ ਦੇ ਖੇਤਰੀ ਸਿਨੇਮਾ 'ਚ ਪੰਜਾਬੀ ਦਾ ਪਰਚਮ ਬੁਲੰਦ ਸੀ ਅਤੇ 1964 'ਚ ਬਣੀ ਬਲਰਾਜ ਸਾਹਨੀ ਦੀ ਪੰਜਾਬੀ ਫ਼ਿਲਮ 'ਸਤਲੁਜ ਦੇ ਕੰਢੇ' ਨੂੰ ਪਹਿਲਾ ਰਾਸ਼ਟਰੀ ਫ਼ਿਲਮ ਐਵਾਰਡ ਮਿਲਿਆ। 'ਸਤਲੁਜ ਦੇ ਕੰਢੇ' ਉਸ ਸਾਲ ਦੁਨੀਆ ਦੇ ਮਸ਼ਹੂਰ ਤੇ ਵੱਕਾਰੀ 'ਗੋਲਡਨ ਬੀਅਰ ਅਵਾਰਡ ਤੇ ਫੈਸਟੀਵਲ' (ਜਿਸ ਨੂੰ ਅੱਜ ਦੇ ਦੌਰ 'ਚ 'ਕਾਨਜ਼ ਫ਼ਿਲਮ ਫੈਸਟੀਵਲ' ਵੀ ਕਹਿੰਦੇ ਹਨ) ਵਿਚ ਵੀ ਵਿਖਾਈ ਗਈ।
ਫਿਰ 1966 ਵਿਚ ਪੰਜਾਬ ਦੀ ਦੋਬਾਰਾ ਵੰਡ ਹੁੰਦੀ ਹੈ। ਇਸ ਨਾਲ ਪੰਜਾਬੀ ਫ਼ਿਲਮਾਂ ਦਾ ਇਕ ਨਵਾਂ ਦੌਰ ਵੀ ਸ਼ੁਰੂ ਹੁੰਦਾ ਹੈ, ਜਿਸ ਵਿਚ ਸਿੱਖ ਕਿਰਦਾਰ ਅਤੇ ਭਗਤੀ ਦੀਆਂ ਫ਼ਿਲਮਾਂ ਬਣਦੀਆਂ ਤੇ ਰਿਲੀਜ਼ ਹੁੰਦੀਆਂ ਹਨ। ਇਨ੍ਹਾਂ ਵਿਚ ਸਭ ਤੋਂ ਸ਼੍ਰੋਮਣੀ ਫ਼ਿਲਮ ਹੈ 1969 'ਚ ਆਈ ਪ੍ਰਿਥਵੀਰਾਜ ਕਪੂਰ ਦੀ 'ਨਾਨਕ ਨਾਮ ਜਹਾਜ਼ ਹੈ'। ਇਸ ਦੇ ਨਿਰਮਾਤਾ ਪੰਨਾਂ ਲਾਲ ਮਹੇਸ਼ਵਰੀ ਸਨ ਜਦ ਕਿ ਨਿਰਦੇਸ਼ਕ ਰਾਮ ਲਾਲ ਮਹੇਸ਼ਵਰੀ ਸਨ। ਇਸ ਫ਼ਿਲਮ ਦੇ ਹਿੱਟ ਹੋਣ ਤੋਂ ਬਾਅਦ ਦਾਰਾ ਸਿੰਘ ਤੇ ਬਲਰਾਜ ਸਾਹਨੀ ਦੀ 'ਨਾਨਕ ਦੁਖੀਆ ਸਭ ਸੰਸਾਰ' (1970) ਵਿਚ ਆਈ ਤੇ ਉਸ ਤੋਂ ਬਾਅਦ ਸੁਨੀਲ ਦੱਤ ਤੇ ਰਜਿੰਦਰ ਕੁਮਾਰ ਦੀ 'ਮਨ ਜੀਤੇ ਜਗ ਜੀਤ' ਆਈ, ਜਿਸ ਤੋਂ ਬਾਅਦ ਦਾਰਾ ਸਿੰਘ ਦੀ ਭਗਤ ਧੰਨਾ ਜੱਟ, ਸ਼ਮਿੰਦਰ ਸਿੰਘ ਦੀ 'ਦੁੱਖ ਭੰਜਨ ਤੇਰਾ ਨਾਮ' 'ਮਾਤਾ ਸ਼ੇਰਾਂਵਾਲੀ', 'ਧਿਆਨੂੰ ਭਗਤ' ਸਮੇਤ ਕਈ ਫ਼ਿਲਮਾਂ ਆਈਆਂ। ਇਹ ਉਹ ਦੌਰ ਸੀ, ਜਦੋਂ ਹਿੰਦੀ ਫ਼ਿਲਮਾਂ ਦੀ ਦੁਨੀਆ ਵਿਚ ਆਪਣਾ ਨਾਂਅ ਬਣਾ ਚੁੱਕੇ ਕਈ ਵੱਡੇ 'ਹਿੰਦੂ' ਕਲਾਕਾਰ ਆਪਣੀ ਮਾਦਰੀ ਜ਼ਬਾਨ ਪੰਜਾਬੀ ਨਾਲ ਵਫ਼ਾ ਕਰ ਰਹੇ ਸਨ ਅਤੇ ਮੁੱਲ ਮੋੜ ਰਹੇ ਸਨ। ਇਨ੍ਹਾਂ ਵਿਚ ਸੁਨੀਲ ਦੱਤ ਤੇ ਰਜਿੰਦਰ ਕੁਮਾਰ ਪ੍ਰਮੁੱਖ ਸਨ, ਜਿਨ੍ਹਾਂ 6 ਪੰਜਾਬੀ ਫ਼ਿਲਮਾਂ ਕੀਤੀਆਂ।
1970-80 ਦੇ ਦਹਾਕੇ 'ਵਿਚ ਕੋਈ 100 -125 ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ਕਰਕੇ ਪੰਜਾਬ ਦੇ ਛੋਟੇ-ਛੋਟੇ ਕਸਬਿਆਂ ਤੇ ਮੰਡੀਆਂ ਵਿਚ ਵੀ ਸਿਨੇਮਾ ਘਰ ਖੁੱਲ੍ਹਣ ਲੱਗੇ ਅਤੇ ਫ਼ਿਲਮਾਂ ਵੇਖਣਾ ਇਕ ਆਮ ਵਰਤਾਰਾ ਬਣ ਗਿਆ। 1975 ਵਿਚ ਨਿਰਮਾਤਾ-ਨਿਰਦੇਸ਼ਕ ਵਰਿੰਦਰ ਦੇ ਆਉਣ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਇਕ ਨਵਾਂ ਦੌਰ ਸ਼ੁਰੂ ਹੁੰਦਾ ਹੈ। ਦਰਅਸਲ ਮਸ਼ਹੂਰ ਅਦਾਕਾਰ ਅਤੇ ਉਸ ਸਮੇਂ ਦੇ ਸੁਪਰ-ਸਟਾਰ ਧਰਮਿੰਦਰ ਨੇ ਆਪਣੇ ਛੋਟੇ ਭਰਾ ਵਰਿੰਦਰ ਦੇ ਪੈਰ ਲਵਾਉਣ ਲਈ ਪੰਜਾਬੀ-ਫ਼ਿਲਮ 'ਤੇਰੀ-ਮੇਰੀ ਇਕ ਜਿੰਦੜੀ' ਬਣਾਈ। ਉਸ ਤੋਂ ਬਾਅਦ ਵਰਿੰਦਰ ਨੇ ਦੇਸੀ ਪੰਜਾਬੀ ਫ਼ਿਲਮਾਂ ਦੀ ਲਾਈਨ ਲਗਾ ਦਿੱਤੀ ਜਿਸ ਵਿਚ 'ਲੰਬੜਦਾਰਨੀ', 'ਸੰਤੋ-ਬੰਤੋ', 'ਟਾਕਰਾ', 'ਜਿੰਦੜੀ ਯਾਰ ਦੀ', 'ਸੈਦਾਂ ਜੋਗਨ', 'ਸਰਦਾਰਾ - ਕਰਤਾਰਾ' ਆਦਿ ਪ੍ਰਮੁੱਖ ਸਨ।
ਫਿਰ 1981 ਵਿਚ ਆਈ ਪੰਜਾਬੀ ਦੀ ਸਭ ਤੋਂ ਸ਼ਾਹਕਾਰ ਫ਼ਿਲਮ 'ਚੰਨ ਪਰਦੇਸੀ'। ਇਸ ਫ਼ਿਲਮ ਦੇ ਨਿਰਮਾਤਾ ਸਨ ਸਵਰਨ ਸੇਢਾਂ ਅਤੇ ਯੋਗਰਾਜ ਸੇਢਾਂ ਜਦ ਕਿ ਫ਼ਿਲਮ ਦਾ ਨਿਰਦੇਸ਼ਨ ਚਿਤਰਥਾ ਸਿੰਘ ਨੇ ਕੀਤਾ ਸੀ। ਫ਼ਿਲਮ 'ਚੰਨ ਪਰਦੇਸੀ' ਪੰਜਾਬੀ ਫ਼ਿਲਮ ਸਨਅਤ ਨੂੰ ਨਵੀਂਆਂ ਬੁਲੰਦੀਆਂ 'ਤੇ ਲੈ ਗਈ। ਇਸ ਫ਼ਿਲਮ 'ਚ ਰਾਜ ਬੱਬਰ, ਅਮਰੀਸ਼ ਪੁਰੀ, ਕੁਲਭੂਸ਼ਣ ਖਰਬੰਦਾ, ਰਮਾ ਵਿੱਜ ਤੇ ਓਮ ਪੁਰੀ ਮੁੱਖ ਕਿਰਦਾਰ ਨਿਭਾਅ ਰਹੇ ਸਨ ਅਤੇ ਫ਼ਿਲਮ ਦੀ ਸਾਰੀ ਕਹਾਣੀ ਪਿੰਡ ਦੇ ਇਕ ਜਗੀਰਦਾਰ ਤੇ ਉਸ ਵਲੋਂ ਕੀਤੇ ਜਬਰ-ਜਨਾਹ ਦੇ ਆਲੇ-ਦੁਆਲੇ ਘੁੰਮਦੀ ਸੀ। ਇਸ ਫ਼ਿਲਮ ਨੂੰ ਵੀ ਕਈ ਕੌਮੀ ਫ਼ਿਲਮ ਪੁਰਸਕਾਰ ਮਿਲੇ ਅਤੇ ਇਸ ਨੂੰ ਤੇਲਗੂ ਤੇ ਹਿੰਦੀ 'ਚ ਵੀ ਵੱਖਰੇ ਨਾਵਾਂ ਤੇ ਅਦਾਕਾਰਾਂ ਨਾਲ ਬਣਾਇਆ ਗਿਆ। 1982-83 ਤੋਂ ਬਾਅਦ ਪੰਜਾਬੀ ਫ਼ਿਲਮ ਸਨਅਤ ਨੇ ਇਕ ਹੋਰ ਮੋੜ ਲਿਆ ਤੇ ਫ਼ਿਲਮਾਂ ਵਿਚ ਜੱਟਵਾਦ ਭਾਰੂ ਰਹਿਣ ਲੱਗਿਆ। ਇਸ ਦੌਰ 'ਚ ਬਣੀ 'ਪੁੱਤ ਜੱਟਾਂ ਦੇ' ਇਕ ਬਾਕਮਾਲ ਫ਼ਿਲਮ ਸੀ ਪਰ ਉਸ ਤੋਂ ਬਾਅਦ 'ਜੱਟ' ਸ਼ਬਦ ਨੇ ਪੰਜਾਬੀ ਫ਼ਿਲਮਾਂ 'ਚ ਅੱਤ ਕਰਵਾ ਦਿੱਤੀ ਅਤੇ ਇਕ ਤੋਂ ਬਾਅਦ ਇਕ ਦਰਜਨਾਂ ਫ਼ਿਲਮਾਂ 'ਜੱਟ' 'ਤੇ ਬਣਨ ਲੱਗੀਆਂ, ਜਿਨ੍ਹਾਂ 'ਚ ਜ਼ੋਰ ਜੱਟ ਦਾ, ਅਣਖ ਜੱਟ ਦੀ, ਲਲਕਾਰਾ ਜੱਟੀ ਦਾ, ਜਿਗਰਾ ਜੱਟ ਦਾ, ਕੁਰਬਾਨੀ ਜੱਟ ਦੀ, ਗਵਾਹੀ ਜੱਟ ਦੀ, ਜੱਟ ਦਾ ਗੰਡਾਸਾ, ਬਦਲਾ ਜੱਟੀ ਦਾ ਵਰਗੀਆਂ ਫ਼ਿਲਮਾਂ ਪ੍ਰਮੁੱਖ ਸਨ, ਜਿਨ੍ਹਾਂ ਦੀਆਂ ਕਹਾਣੀਆਂ ਤੇ ਸੰਵਾਦ ਪਾਕਿਸਤਾਨ ਵਿਚ ਬਣਨ ਵਾਲੀਆਂ ਸੁਲਤਾਨ ਰਾਹੀ ਤੇ ਮੁਸਤਫਾ ਕੁਰੈਸ਼ੀ ਦੀਆਂ ਪੰਜਾਬੀ ਫ਼ਿਲਮਾਂ ਦੀਆਂ ਨਕਲ ਹੁੰਦੇ ਸਨ ਤੇ ਅਦਾਕਾਰੀ 'ਚ ਚੀਕ-ਚਿਹਾੜੇ ਤੋਂ ਇਲਾਵਾ ਇਨ੍ਹਾਂ ਵਿਚ ਕੁਝ ਨਹੀਂ ਸੀ ਹੁੰਦਾ। ਹਾਲਾਂਕਿ ਇਸ ਦੌਰਾਨ ਮਾਮਲਾ ਗੜਬੜ ਹੈ, ਲੌਂਗ ਦਾ ਲਿਸ਼ਕਾਰਾ, ਤਬਾਹੀ, ਬਾਗ਼ੀ ਸੂਰਮੇ ਵਰਗੀਆਂ ਹਟਵੀਆਂ ਫ਼ਿਲਮਾਂ ਵੀ ਆਈਆਂ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਸੀ।
ਇਸੇ ਦੌਰਾਨ 'ਮੜ੍ਹੀ ਦਾ ਦੀਵਾ' ਵਰਗੀ ਮਾਰਕੇ ਦੀ ਫ਼ਿਲਮ ਵੀ ਆਈ, ਜਿਸ ਵਿਚ ਰਾਜ ਬੱਬਰ, ਪੰਕਜ ਕਪੂਰ ਤੇ ਦੀਪਤੀ ਨਵਲ ਦੀ ਬਿਹਤਰੀਨ ਅਦਾਕਾਰੀ ਸੀ। ਇਨ੍ਹਾਂ ਤੋਂ ਬਾਅਦ ਕੁਝ ਸਾਲ ਪੰਜਾਬ ਦਾ ਮਾਹੌਲ ਵੀ ਖ਼ਰਾਬ ਰਿਹਾ ਤੇ ਅਗਲੇ ਕਈ ਸਾਲ ਬਿਲਕੁਲ ਹੀ ਸੁੱਕੇ ਲੰਘ ਗਏ। ਨਤੀਜੇ ਵਜੋਂ ਕਈ ਛੋਟੇ ਕਸਬਿਆਂ ਤੇ ਮੰਡੀਆਂ 'ਚ ਬਣੇ ਸਿਨੇਮੇ ਬੰਦ ਹੋਣੇ ਸ਼ੁਰੂ ਹੋ ਗਏ।
ਫਿਰ ਸੰਨ 2000 ਵਿਚ ਆਈ ਨਿਰਮਾਤਾ ਇਕਬਾਲ ਸਿੰਘ ਢਿੱਲੋਂ ਦੀ ਫ਼ਿਲਮ ਸ਼ਹੀਦ ਊਧਮ ਸਿੰਘ ਜਿਸ ਦਾ ਨਿਰਦੇਸ਼ਨ ਚਿਤ੍ਰਾਰਥ ਨੇ ਕੀਤਾ ਅਤੇ ਅਦਾਕਾਰ ਰਾਜ ਬੱਬਰ ਨੇ ਇਸ ਵਿਚ ਪ੍ਰਮੁੱਖ ਕਿਰਦਾਰ ਨਿਭਾਇਆ ਸੀ। ਜਸਪਾਲ ਭੱਟੀ ਦੀ ਫ਼ਿਲਮ 'ਮਾਹੌਲ ਠੀਕ ਹੈ' ਵੀ ਪੰਜਾਬੀ ਸਨਅਤ ਲਈ ਠੰਡੀ ਹਵਾ ਦੇ ਬੁੱਲ੍ਹੇ ਵਾਂਗ ਸੀ। ਉਸ ਤੋਂ ਬਾਅਦ 2002 'ਚ ਗੁਲਸ਼ਨ ਕੁਮਾਰ ਦੇ ਪੁੱਤਰ ਭੂਸ਼ਣ ਕੁਮਾਰ ਤੇ ਮਨਮੋਹਨ ਸਿੰਘ ਵਲੋਂ ਨਿਰਦੇਸ਼ਤ ਫ਼ਿਲਮ 'ਜੀ ਆਇਆ ਨੂੰ' ਆਈ ਜੋ ਪੰਜਾਬੀਆਂ ਨੂੰ ਦੁਬਾਰਾ ਸਿਨੇਮਾ ਘਰਾਂ ਵੱਲ ਮੋੜ ਲਿਆਈ। ਇਸ ਤੋਂ ਇਲਾਵਾ ਮਨੋਜ ਪੁੰਜ ਦੀਆਂ ਫ਼ਿਲਮਾਂ 'ਸ਼ਹੀਦ-ਏ-ਮੁਹੱਬਤ' ਤੇ 'ਵਾਰਿਸ ਸ਼ਾਹ' ਵੀ ਬਿਹਤਰੀਨ ਫ਼ਿਲਮਾਂ ਸਨ, ਜੋ ਪੰਜਾਬੀ ਸਨਅਤ ਨੂੰ ਨਵੀਆਂ ਮੰਜ਼ਿਲਾਂ ਵੱਲ ਲੈ ਗਈਆਂ।
ਫਿਰ ਅੱਜ ਦਾ ਮੌਜੂਦਾ ਦੌਰ ਆਉਂਦਾ ਹੈ, ਜਿੱਥੇ ਜਤਿੰਦਰ ਮੋਹਰ ਵਰਗੇ ਨਿਰਦੇਸ਼ਕ ਮਿੱਟੀ, ਸਿਕੰਦਰ, ਕਿੱਸਾ ਪੰਜਾਬ, ਸਾਡੇ ਵਾਲੇ ਅਤੇ ਮੌੜ੍ਹ ਵਰਗੀਆਂ ਸੰਜੀਦਾ ਫ਼ਿਲਮਾਂ ਬਣ ਰਹੀਆਂ ਹਨ ਤੇ ਨਾਲ ਹੀ ਜੱਟ ਐਂਡ ਜੁਲੀਅਟ, ਕੈਰੀ ਆਨ ਜੱਟਾ, ਨਿੱਕਾ ਜ਼ੈਲਦਾਰ, ਚੱਲ ਮੇਰਾ ਪੁੱਤ ਵਰਗੀਆਂ ਕਾਮੇਡੀ ਫ਼ਿਲਮਾਂ ਵੀ ਬਣ ਰਹੀਆਂ ਹਨ, ਜੋ ਪੰਜਾਬੀ ਫ਼ਿਲਮ ਸਨਅਤ ਵੱਲ ਨਵਾਂ ਟੈਲੇਂਟ (ਹੁਨਰ) ਖਿੱਚ ਰਹੀਆਂ ਹਨ ਅਤੇ ਫ਼ਿਲਮਾਂ ਦੀ ਕਮਾਈ 50-100 ਕਰੋੜ ਵੱਲ ਲਿਜਾ ਰਹੀਆਂ ਹਨ। ਇਸ ਦੌਰਾਨ ਅੰਗਰੇਜ਼, ਲਵ ਪੰਜਾਬ, ਬੰਬੂਕਾਟ, ਕਲੀ-ਜੋਟਾ ਵਰਗੀਆਂ ਲੀਕ ਤੋਂ ਹਟਵੀਆਂ ਫ਼ਿਲਮਾਂ ਬਣ ਰਹੀਆਂ ਹਨ ਜਦ ਕਿ 'ਗੋਲਕ ਬੁਗਨੀ ਤੇ ਬਟੂਆ' ਅਤੇ '15 ਲੱਖ ਕਦੋਂ ਆਊਗਾ' ਵਰਗੀਆਂ ਸਿਆਸਤ 'ਤੇ ਤੰਨਜ਼ ਕੱਸਣ ਵਾਲੀਆਂ ਫ਼ਿਲਮਾਂ ਵੀ ਬਣ ਰਹੀਆਂ ਹਨ।
ਫਿਰ ਪਿਛਲੇ ਦਿਨੀਂ ਹੀ ਰਿਲੀਜ਼ ਹੋਈ ਤਰਸੇਮ ਜੱਸੜ ਦੀ ਫ਼ਿਲਮ 'ਮਸਤਾਨੇ' ਵੀ ਆਉਂਦੀ ਹੈ, ਜੋ ਪੰਜਾਬੀ ਫ਼ਿਲਮਾਂ ਦੇ ਕੈਨਵਸ ਨੂੰ ਬੇਹੱਦ ਬੁਲੰਦੀ 'ਤੇ ਲੈ ਜਾਂਦੀ ਹੈ ਤਾਂ ਕਿ ਇਤਿਹਾਸ ਬਾਰੇ ਗੱਲ ਹੋ ਸਕੇ ਅਤੇ ਕੁਝ ਸੰਜੀਦਾ ਕੰਮ ਵੇਖਿਆ ਜਾ ਸਕੇ। ਇਨ੍ਹਾਂ ਸਭ ਦੇ ਨਾਲ ਗੁਰਵਿੰਦਰ ਸਿੰਘ ਦੀਆਂ 'ਅੰਨ੍ਹੇ ਘੋੜੇ ਦਾ ਦਾਨ', ਚੌਥੀ ਕੂਟ ਤੇ ਰਾਜੀਵ ਸ਼ਰਮਾ ਦੀਆਂ ਚੰਮ, ਨਾਬਰ ਵਰਗੀਆਂ ਸੰਜੀਦਾ ਤੇ ਲੀਕ ਤੋਂ ਹਟਵੀਆਂ ਫ਼ਿਲਮਾਂ ਵੀ ਬਣ ਰਹੀਆਂ ਹਨ, ਜੋ ਦਰਜਨਾਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੁਰਸਕਾਰ ਜਿੱਤ ਰਹੀਆਂ ਹਨ।
ਵਿਨਾਇਕ ਦੱਤ
Comments (0)