ਅਦਾਲਤ ਵਲੋਂ ਕੰਗਨਾ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਦਾ ਰਸਤਾ ਹੋਇਆ ਸਾਫ

ਅਦਾਲਤ ਵਲੋਂ ਕੰਗਨਾ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਦਾ ਰਸਤਾ ਹੋਇਆ ਸਾਫ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 26 ਸੰਤਬਰ (ਮਨਪ੍ਰੀਤ ਸਿੰਘ ਖਾਲਸਾ): ਕੰਗਨਾ ਰਣੌਤ ਦੀ ਬਹੁਚਰਚਿਤ ਫਿਲਮ ਐਮਰਜੈਂਸੀ ਦੀ ਰਿਲੀਜ਼ 'ਤੇ ਰੋਕ ਨੂੰ ਲੈ ਕੇ ਵੀਰਵਾਰ ਨੂੰ ਬੰਬੇ ਹਾਈ ਕੋਰਟ 'ਚ ਮੁੜ ਸੁਣਵਾਈ ਹੋਈ। ਇਸ ਦੌਰਾਨ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਕਿਹਾ ਕਿ ਕੰਗਨਾ ਰਣੌਤ ਦੀ ਇਹ ਫਿਲਮ ਰਿਲੀਜ਼ ਹੋ ਸਕਦੀ ਹੈ। ਇਸ ਤੋਂ ਪਹਿਲਾਂ ਫਿਲਮ 'ਚ ਕੁਝ ਕਟੌਤੀਆਂ ਕਰਨੀਆਂ ਪੈਣਗੀਆਂ, ਜਿਨ੍ਹਾਂ ਦਾ ਸੁਝਾਅ ਸੈਂਸਰ ਬੋਰਡ ਦੀ ਸਮੀਖਿਆ ਕਮੇਟੀ ਨੇ ਦਿੱਤਾ ਸੀ। ਬੋਰਡ ਨੇ ਇਹ ਗੱਲ ਜਸਟਿਸ ਬੀਪੀ ਕੋਲਾਬਾਵਾਲਾ ਅਤੇ ਜਸਟਿਸ ਫਿਰਦੌਸ ਪੋਨੀਵਾਲਾ ਦੀ ਬੈਂਚ ਦੇ ਸਾਹਮਣੇ ਕਹੀ। ਇਸ ਸਬੰਧੀ ਫਿਲਮ ਨਿਰਮਾਤਾ ਕੰਪਨੀ ਜ਼ੀ ਸਟੂਡੀਓ ਦਾ ਕਹਿਣਾ ਹੈ ਕਿ ਉਹ ਸੋਮਵਾਰ ਤੱਕ ਇਸ ਮਾਮਲੇ 'ਤੇ ਵਿਚਾਰ ਕਰੇਗੀ ਅਤੇ ਕਿਹਾ ਕਿ ਅਸੀਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਕਿਹੜੀਆਂ ਕਟੌਤੀਆਂ ਕੀਤੀਆਂ ਜਾ ਸਕਦੀਆਂ ਹਨ।

ਅਦਾਲਤ ਅਗਲੇ ਹਫ਼ਤੇ ਇਸ ਮਾਮਲੇ ਦੀ ਸੁਣਵਾਈ ਕਰੇਗੀ। ਜ਼ੀ ਸਟੂਡੀਓਜ਼ ਨੇ ਖੁਦ ਅਦਾਲਤ 'ਚ ਅਰਜ਼ੀ ਦਾਇਰ ਕਰਕੇ ਸੈਂਸਰ ਬੋਰਡ ਵੱਲੋਂ ਇਸ ਨੂੰ ਸਰਟੀਫਿਕੇਟ ਜਾਰੀ ਕਰਨ ਦਾ ਹੁਕਮ ਦੇਣ ਦੀ ਮੰਗ ਕੀਤੀ ਸੀ। ਇਸ ਫਿਲਮ ਨੂੰ ਲੈ ਕੇ ਦੋਸ਼ ਲੱਗੇ ਸਨ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੇ ਕਿਰਦਾਰ ਨਾਲ ਛੇੜਖਾਣੀ ਕੀਤੀ ਗਈ ਸੀ ਤੇ ਸਿੱਖ ਕੌਮ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਵਿਵਾਦ ਵਧ ਗਿਆ ਅਤੇ ਸੈਂਸਰ ਬੋਰਡ ਨੇ ਰਿਲੀਜ਼ ਨੂੰ ਰੋਕ ਦਿੱਤਾ। ਜ਼ੀ ਸਟੂਡੀਓਜ਼ ਨੇ ਅਦਾਲਤ 'ਚ ਕਿਹਾ ਸੀ ਕਿ ਅਸੀਂ 29 ਅਗਸਤ ਨੂੰ ਹੀ ਫਿਲਮ ਸਰਟੀਫਿਕੇਸ਼ਨ ਬੋਰਡ ਦੇ ਸਾਹਮਣੇ ਆਪਣੀ ਅਰਜ਼ੀ ਦਾਖਲ ਕੀਤੀ ਸੀ। ਪਰ ਹੁਣ ਤੱਕ ਸਾਨੂੰ ਬੋਰਡ ਤੋਂ ਸੈਂਸਰ ਸਰਟੀਫਿਕੇਟ ਨਹੀਂ ਮਿਲਿਆ ਹੈ।