ਸੁਪਰੀਮ ਕੋਰਟ ਦੇ ਹੇਟ ਸਪੀਚ ਬਾਰੇ ਸਖਤ ਹੁਕਮ ਤੇ ਸਿਖ ਕੌਮ ਉਪਰ ਜਾਰੀ ਭਗਵੇਂ ਨਸਲੀ ਹਮਲੇ
ਕੀ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਸਿਖਾਂ ਉਪਰ ਨਸਲੀ ਹਮਲਿਆਂ ਖਿਲਾਫ ਭਗਵਿਆਂ ਤੇ ਗੋਦੀ ਮੀਡੀਆ ਉਪਰ ਕਾਰਵਾਈ ਹੋਵੇਗੀ
ਬੀਤੇ ਦਿਨੀਂ ਸੁਪਰੀਮ ਕੋਰਟ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਫ਼ਰਤ ਭਰੇ ਭਾਸ਼ਣਾਂ 'ਤੇ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਆਪਣੇ 2022 ਦੇ ਹੁਕਮ ਦਾ ਦਾਇਰਾ ਵਧਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਵਿੱਚ ਬਿਨਾਂ ਕਿਸੇ ਸ਼ਿਕਾਇਤ ਦੇ ਵੀ ਐਫਆਈਆਰ ਦਰਜ ਕਰਨੀ ਪਵੇਗੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਵਿੱਚ ਦੇਰੀ ਹੁੰਦੀ ਹੈ ਤਾਂ ਇਸ ਨੂੰ ਅਦਾਲਤ ਦਾ ਅਪਮਾਨ ਮੰਨਿਆ ਜਾਵੇਗਾ।ਨਫ਼ਰਤ ਭਰੇ ਨਸਲਵਾਦੀ ਭਾਸ਼ਣਾਂ 'ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਸੁਪਰੀਮ ਕੋਰਟ ਨੇ ਧਰਮ ਦੀ ਪਰਵਾਹ ਕੀਤੇ ਬਿਨਾਂ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਹ ਹੁਕਮ ਸਿਰਫ਼ ਯੂਪੀ, ਦਿੱਲੀ ਅਤੇ ਉੱਤਰਾਖੰਡ ਸਰਕਾਰਾਂ ਨੂੰ ਦਿੱਤੇ ਸਨ ਪਰ ਹੁਣ ਇਹ ਹੁਕਮ ਸਾਰੇ ਰਾਜਾਂ ਨੂੰ ਦੇ ਦਿੱਤੇ ਗਏ ਹਨ।
ਪਰ ਸੁਆਲ ਇਹ ਹੈ ਕਿ ਭਗਵੇਂ ਗੋਦੀ ਮੀਡੀਆ ਤੇ ਭਗਵੀ ਟਰੋਲ ਆਰਮੀ ਤੇ ਭਗਵੀਆਂ ਜਥੇਬੰਦੀਆਂ ਜੋ ਮੁਸਲਮਾਨਾਂ ਬਾਅਦ ਸਿਖਾਂ ਨੂੰ ਨਿਸ਼ਾਨਾ ਬਣਾਕੇ ਸ਼ਬਦੀ ਨਸਲਵਾਦੀ ਤੇ ਨਫਰਤੀ ਹਮਲੇ ਕਰ ਰਹੀਆਂ ਹਨ,ਕੀ ਉਹਨਾਂ ਉਪਰ ਸਰਕਾਰਾਂ ਸਖਤ ਕਨੂੰਨੀ ਕਾਰਵਾਈ ਕਰਨਗੀਆਂ ਜਾਂ ਸੁਪਰੀਮ ਕੋਰਟ ਦੇ ਹੁਕਮ ਅੱਖੋਂ ਪਰੌਖੇ ਕਰ ਦਿਤੇ ਜਾਣਗੇ। ਹੁਣੇ ਜਿਹੇ ਭਾਈ ਅੰਮ੍ਰਿਤਪਾਲ ਸਿੰਘ ਵਾਲੀ ਘਟਨਾ ਦੌਰਾਨ ਗੋਦੀ ਮੀਡੀਆ ਰਾਹੀਂ ਭਗਵਿਆਂ ਵਲੋਂ ਸਿਖ ਕੌਮ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਨਫਰਤ ਫੈਲਾਈ ਗਈ।ਦਰਬਾਰ ਸਾਹਿਬ ਵਿਚ ਟੈਟੂ ਬਣਾਕੇ ਜਾਣ ਵਾਲੀ ਹਿੰਦੂ ਲੜਕੀ ਨੂੰ ਜਾਣ ਤੋਂ ਰੋਕਣ ਬਾਅਦ ਹਿੰਦੂ ਰਾਸ਼ਟਰਵਾਦੀਆਂ ਵਲੋਂ ਸਿਖਾਂ ਉਪਰ ਨਫਰਤੀ ਸ਼ਬਦੀ ਹਮਲੇ ਕੀਤੇ ਗਏ ।ਇਥੋਂ ਤਕ ਸ਼ੋਸ਼ਲ ਮੀਡੀਆ ਰਾਹੀਂ ਕਿਹਾ ਗਿਆ ਕਿ ਮਸਜਿਦਾਂ ਵਾਂਗ ਦਰਬਾਰ ਸਾਹਿਬ ਉਪਰ ਬੁਲਡੋਜਰੀ ਹਮਲੇ ਦੀ ਲੋੜ ਹੈ।
ਹੁਣ ਫਿਰਕੂ ਹਿੰਦੂ ਰਾਸ਼ਟਵਾਦੀ ਚਿਹਰਿਆਂ ਉਪਰ ਫਲੈਗ ਦੇ ਟੈਟੂ ਬਣਾਕੇ ਜਾਣ ਬੁਝਕੇ ਦਰਬਾਰ ਸਾਹਿਬ ਜਾਣ ਦੀ ਕੋਸ਼ਿਸ਼ ਕਰਦੇ ਹਨ ਤੇ ਸੇਵਾਦਾਰ ਵਲੋਂ ਰੋਕਣ ਉਪਰੰਤ ਦਰਬਾਰ ਸਾਹਿਬ ਵਿਰੁਧ ਸ਼ੋਸ਼ਲ ਮੀਡੀਆ ਉਪਰ ਦੁਸ਼ਟ ਪ੍ਰਚਾਰ ਕਰਦੇ ਹਨ।ਇਹ ਹਮਲੇ ਹੁਣ ਤਕ ਜਾਰੀ ਹਨ।ਪੰਥਕ ਮਾਹਿਰ ਮੰਨਦੇ ਹਨ ਕਿ ਇਹ ਹਮਲੇ 2024 ਤਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਸ਼ਲ ਮੀਡੀਆ ’ਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਦੋ ਇੰਸਟਾਗ੍ਰਾਮ ਖ਼ਾਤਿਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਕਿਹਾ ਗਿਆ ਸੀ। ਪੁਲਿਸ ਕਮਿਸ਼ਨਰ ਨੂੰ ਲਿਖੇ ਪੱਤਰ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਇੰਸਟਾਗ੍ਰਾਮ ਸਾਈਟ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਸਿੱਕਇਜ਼ਮ ਅਤੇ ਗੋਬਿੰਦ ਨਾਂ ਦੇ ਦੋ ਅਕਾਊਂਟ ਚਲਾਏ ਜਾ ਰਹੇ ਹਨ, ਜਿਨ੍ਹਾਂ ਉੱਪਰ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦੇ ਨਾਲ-ਨਾਲ ਭੱਦੀ ਸ਼ਬਦਵਾਲੀ ਵੀ ਵਰਤੀ ਜਾ ਰਹੀ ਹੈ। ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਸੱਟ ਵੱਜ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਪਾਸ ਇਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਸ਼ਿਕਾਇਤਾਂ ਵੀ ਪੁੱਜੀਆਂ ਹਨ। ਅਜਿਹੀਆਂ ਹਰਕਤਾਂ ਨਾਲ ਸਮਾਜਿਕ ਅਤੇ ਫ਼ਿਰਕੂ ਤਣਾਅ ਵਧਣ ਅਤੇ ਅਮਨ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਸਕਂਤਰ ਵੱਲੋਂ ਮੰਗ ਕੀਤੀ ਗਈ ਸੀ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਜਿਹੇ ਸ਼ਰਾਰਤੀ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਪਰ ਸਰਕਾਰ ਵਲੋਂ ਇਹਨਾਂ ਫਿਰਕੂਆਂ ਤੇ ਨਸਲਵਾਦੀ ਹਿੰਦੂ ਰਾਸ਼ਟਰਵਾਦੀਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।ਸ੍ਰੋਮਣੀ ਕਮੇਟੀ ਤੇ ਸਿਖ ਵਕੀਲਾਂ ਨੂੰ ਇਸ ਬਾਰੇ ਸੁਪਰੀਮ ਕੋਰਟ ਵਿਚ ਹਿੰਦੂ ਰਾਸ਼ਟਰਵਾਦੀਆਂ ਖਿਲਾਫ ਤੇ ਸਰਕਾਰ ਦੀ ਚੁਪੀ ਖਿਲਾਫ਼ ਮਸਲਾ ਉਠਾਉਣਾ ਚਾਹੀਦਾ ਹੈ।
Comments (0)