ਨਸ਼ਿਆਂ ਦੀ ਮਾਰੂ ਹਨੇਰੀ ਤੇ ਅੱਥਰੂਆਂ ਦੀ ਭਾਸ਼ਾ --

ਨਸ਼ਿਆਂ ਦੀ ਮਾਰੂ ਹਨੇਰੀ ਤੇ ਅੱਥਰੂਆਂ ਦੀ ਭਾਸ਼ਾ --

ਨਸ਼ਿਆਂ ਦੀ ਮਾਰੂ ਹਨੇਰੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਸੀਂ ਚਾਰ ਦੋਸਤਾਂ ਨੇ ਫੈਸਲਾ ਕੀਤਾ ਕਿ ਸਮਾਜ ਦੇ ਵਡੇਰੇ ਹਿਤ ਨੂੰ ਮੁੱਖ ਰੱਖਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਨਸ਼ਿਆਂ ਦੇ ਮਾਰੂ ਨੁਕਸਾਨਾਂ ਤੋਂ ਜਾਣੂ ਕਰਵਾਕੇ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਜਾਵੇ।

ਉਨ੍ਹਾਂ ਦੇ ਮਨਾਂ ’ਤੇ ਇਸ ਪ੍ਰਕੋਪ ਦਾ ਅਸਰ ਨਾ ਪਵੇ ਅਤੇ ਉਹ ਨਸ਼ਿਆਂ ਵੱਲ ਮੂੰਹ ਹੀ ਨਾ ਕਰਨ, ਇਸਦੇ ਲਈ ਜ਼ਿਲ੍ਹਾ ਸੰਗਰੂਰ ਦੇ ਸਕੂਲਾਂ ਵਿੱਚ ਪ੍ਰਾਰਥਨਾ ਸਭਾ ਸਮੇਂ ਵਿਦਿਆਰਥੀਆਂ ਨੂੰ ਸਬੋਧਨ ਕਰਨ ਅਤੇ ਉਨ੍ਹਾਂ ਨਾਲ ਇਸ ਸੰਬੰਧੀ ਵਿਚਾਰ ਵਟਾਂਦਰਾ ਕਰਨ ਦੀ ਵਿਉਂਤਬੰਦੀ ਬਣਾ ਲਈ ਗਈ। ਇਸ ਸੰਬੰਧੀ ਅਸੀਂ ਵਿੱਦਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਨੂੰ ਆਪਣੇ ਮੰਤਵ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਸਕੂਲਾਂ ਵਿੱਚ ਪ੍ਰਾਰਥਨਾ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਪ੍ਰਵਾਨਗੀ ਦੀ ਮੰਗ ਕੀਤੀ। ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਵਿੱਦਿਆ ਵਿਭਾਗ ਦੇ ਉੱਚ ਅਧਿਕਾਰੀ ਵੱਲੋਂ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਕਿ ਨਸ਼ਾ ਵਿਰੋਧੀ ਟੀਮ ਦੇ ਇਨ੍ਹਾਂ ਮੈਂਬਰਾਂ ਨੂੰ ਵਿਦਿਆਰਥੀਆਂ ਨਾਲ ਸੰਪਰਕ ਕਰਨ ਲਈ ਸਵੇਰ ਦੀ ਸਭਾ ਸਮੇਂ ਜਾਂ ਫਿਰ ਹੋਰ ਢੁਕਵਾਂ ਸਮਾਂ ਦੇ ਦਿੱਤਾ ਜਾਵੇ। ਅਸੀਂ ਇਸ ਸੰਬੰਧ ਵਿੱਚ ਦੋ ਦਿਨ ਰਾਖਵੇਂ ਰੱਖ ਲਏ। ਜਿਸ ਸਕੂਲ ਵਿੱਚ ਟੀਮ ਨੇ ਜਾਣਾ ਹੁੰਦਾ ਸੀ, ਉਸ ਨੂੰ 5-7 ਦਿਨ ਪਹਿਲਾਂ ਸੂਚਿਤ ਕਰਕੇ ਸਮਾਂ ਵੀ ਨਿਸ਼ਚਿਤ ਕਰ ਲਿਆ ਜਾਂਦਾ। ਨਿਸ਼ਚਿਤ ਸਮੇਂ ’ਤੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦੇ। ਉਨ੍ਹਾਂ ਨੂੰ ਨਸ਼ੇ ਦੇ ਸਰੀਰ ਉੱਤੇ ਪੈਂਦੇ ਮਾਰੂ ਪ੍ਰਭਾਵ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਅਤੇ ਉਨ੍ਹਾਂ ਤੋਂ ਨਸ਼ਾ ਨਾ ਕਰਨ ਲਈ ਪ੍ਰਣ ਵੀ ਕਰਵਾਇਆ ਜਾਂਦਾ। ਵੱਖ ਵੱਖ ਸਕੂਲਾਂ ਵਿੱਚ ਜਾਣ ’ਤੇ ਇਹ ਗੱਲ ਸਾਹਮਣੇ ਆਈ ਕਿ ਕੁਝ ਵਿਦਿਆਰਥੀ ਬੀੜੀ, ਜਰਦਾ ਅਤੇ ਸਿਗਰਟ ਪੀਣ ਦੀ ਆਦਤ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਵਿਦਿਆਰਥੀਆਂ ਦੀ ਸਾਡਾ ਇੱਕ ਸਾਥੀ ਅਲੱਗ ਕੌਂਸਲਿੰਗ ਕਰਦਾ ਸੀ। ਇੰਜ ਕਾਫੀ ਚੰਗੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਸਨ। ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਨੇ ਸਾਡੇ ਕੰਮ ਦੀ ਰੱਜ ਕੇ ਪ੍ਰਸ਼ੰਸਾ ਕੀਤੀ। ਮਨ ਨੂੰ ਸਕੂਨ ਮਿਲ ਰਿਹਾ ਸੀ ਕਿ ਅਸੀਂ ਬੱਚਿਆਂ ਨੂੰ ਨਸ਼ਾ ਰਹਿਤ ਕਰਨ ਦੀ ਪ੍ਰੇਰਨਾ ਦੇ ਕੇ ਨਸ਼ਾ ਰਹਿਤ ਸਮਾਜ ਸਿਰਜਣ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ। ਬਹੁਤ ਸਾਰੇ ਸਕੂਲ ਮੁਖੀਆਂ ਵੱਲੋਂ ਆਪਣੇ ਸਕੂਲ ਵਿੱਚ ਨਸ਼ਿਆਂ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਆਉਣ ਵਾਸਤੇ ਸੁਨੇਹੇ ਵੀ ਮਿਲਣੇ ਸ਼ੁਰੂ ਹੋ ਗਏ ਸਨ।

ਪਹਿਲਾਂ ਦਿੱਤੇ ਗਏ ਸਮੇਂ ਅਨੁਸਾਰ ਜ਼ਿਲ੍ਹੇ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਡੀ ਟੀਮ ਪਹੁੰਚੀ। ਘੰਟਾ ਕੁ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਸੁਚੇਤ ਕਰਨ ਲਈ ਇੰਜ ਦੇ ਸੁਨੇਹੇ ਦਿੱਤੇ ਗਏ, “ਇਸ ਉਮਰ ਵਿੱਚ ਗਲਤ ਆਦਤਾਂ ਦਾ ਸ਼ਿਕਾਰ ਹੋਕੇ ਜੇਕਰ ਥਿੜਕ ਗਏ ਤਾਂ ਸਾਰੀ ਉਮਰ ਤਾਬ ਨਹੀਂ ਆਉਂਗੇ। ਪਰ ਜੇਕਰ ਇਸ ਉਮਰ ਵਿੱਚ ਚੰਗੀਆਂ ਆਦਤਾਂ ਗ੍ਰਹਿਣ ਕਰਕੇ ਸਖਤ ਮਿਹਨਤ ਕਰੋਂਗੇ ਤਾਂ ਸਫਲਤਾ ਤੁਹਾਡੇ ਅੰਗ ਸੰਗ ਹੋਵੇਗੀ।” ਹੋਰਾਂ ਸਕੂਲਾਂ ਵਾਂਗ ਵਿਦਿਆਰਥੀਆਂ ਨੂੰ ਚੰਗੇ ਮੁਕਾਮ ’ਤੇ ਪਹੁੰਚੀਆਂ ਸ਼ਖਸੀਅਤਾਂ ਦੀ ਕੀਤੀ ਘਾਲਣਾ ਤੋਂ ਵੀ ਜਾਣੂ ਕਰਵਾਇਆ ਗਿਆ। ਪ੍ਰੋਗਰਾਮ ਦੀ ਸਮਾਪਤੀ ਉਪਰੰਤ ਸੰਸਥਾ ਦਾ ਮੁਖੀ ਟੀਮ ਨੂੰ ਚਾਹ-ਪਾਣੀ ਪਿਲਾਉਣ ਲਈ ਆਪਣੇ ਦਫਤਰ ਵਿੱਚ ਲੈ ਗਿਆ। ਇੱਕ ਦੋ ਅਧਿਆਪਕ ਹੋਰ ਵੀ ਦਫਤਰ ਵਿੱਚ ਆ ਗਏ। ਸੰਸਥਾ ਦੇ ਮੁਖੀ ਨੇ ਪੰਜਾਬ ਵਿੱਚ ਨਸ਼ਿਆਂ ਵਿੱਚ ਗਰਕ ਹੋ ਰਹੀ ਜਵਾਨੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ, “ਨਸਲਾਂ ਨੂੰ ਬਚਾਉਣ ਲਈ ਤੁਹਾਡਾ ਯਤਨ ਅਤਿਅੰਤ ਸ਼ਲਾਘਾਯੋਗ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਇਹ ਨੇਕ ਕਾਰਜ ਜਾਰੀ ਰੱਖਿਉ … …।” ਹਾਲਾਂ ਉਹ ਅਗਾਂਹ ਕੁਝ ਹੋਰ ਕਹਿਣਾ ਚਾਹੁੰਦਾ ਸੀ ਕਿ ਸੰਸਥਾ ਦੀ ਇੱਕ ਅਧਿਆਪਕਾ ਵਿਦਿਆਰਥਣ ਨੂੰ ਨਾਲ ਲੈ ਕੇ ਆ ਗਈ। ਆਉਂਦਿਆਂ ਹੀ ਚਿੰਤਾਤੁਰ ਲਹਿਜ਼ੇ ਵਿੱਚ ਕਿਹਾ, “ਸਾਡੀ ਇਸ ਵਿਦਿਆਰਥਣ ਦੇ ਦੁੱਖ ਤੋਂ ਤੁਹਾਨੂੰ ਜਾਣੂ ਕਰਵਾਉਂਦੀ ਹਾਂ ਜੀ। ਇਹ ਲੜਕੀ ਗਿਆਰ੍ਹਵੀਂ ਵਿੱਚ ਪੜ੍ਹਦੀ ਹੈ। ਦਸਵੀਂ ਵਿੱਚ ਜਮਾਤ ਵਿੱਚੋਂ ਹੀ ਫਸਟ ਨਹੀਂ ਆਈ ਸਗੋਂ ਮੈਰਿਟ ਲਿਸਟ ਵਿੱਚ ਆਕੇ ਵਜੀਫ਼ਾ ਵੀ ਪ੍ਰਾਪਤ ਕੀਤਾ ਹੈ। ਪਿਛਲੇ ਮਹੀਨੇ ਜਦੋਂ ਇਹਦਾ ਵਜੀਫ਼ਾ ਆਇਆ ਤਾਂ ਇਹ ਵਜੀਫੇ ਵਾਲੀ ਰਾਸ਼ੀ ਲੈਕੇ ਮੇਰੇ ਕੋਲ ਆ ਗਈ। ਮੈਨੂੰ ਵਜੀਫ਼ੇ ਵਾਲੀ ਰਕਮ ਦਿੰਦਿਆਂ ਗੱਚ ਭਰਕੇ ਕਹਿਣ ਲੱਗੀ, “ਮੈਡਮ ਜੀ, ਇਹ ਪੈਸੇ ਤੁਸੀਂ ਆਪਣੇ ਕੋਲ ਰੱਖ ਲਵੋ, ਲੋੜ ਪੈਣ ’ਤੇ ਮੈਂ ਥੋਡੇ ਕੋਲੋਂ ਲੈ ਲਵਾਂਗੀ। ਜੇ ਘਰ ਲੈ ਗਈ ਤਾਂ ਇਨ੍ਹਾਂ ਪੈਸਿਆਂ ਦੀ ਮੇਰਾ ਬਾਪੂ ਸ਼ਰਾਬ ਪੀ ਜਾਵੇਗਾ।”

ਕੁੜੀ ਨੇ ਵੀ ਡੁਸਕਦਿਆਂ ਹੋਇਆਂ ਦੱਸ ਦਿੱਤਾ, “ਮੇਰਾ ਬਾਪ ਸ਼ਰਾਬ ਪੀਕੇ ਬਹੁਤ ਖੌਰੂ ਪਾਉਂਦਾ ਹੈ। ਮੇਰੀ ਮਾਂ ਨੂੰ ਸ਼ਰਾਬ ਪੀਕੇ ਕੁੱਟਦਾ ਵੀ ਹੈ। ਘਰ ਰੋਜ਼ ਕਜੀਆ-ਕਲੇਸ਼ ਰਹਿੰਦੈ ...।”

ਵਿਦਿਆਰਥਣ ਦਾ ਦੁੱਖ ਸੁਣਕੇ ਟੀਮ ਨੇ ਕੁੜੀ ਦੇ ਬਾਪ ਨੂੰ ਮਿਲਣ ਦਾ ਨਿਰਣਾ ਕਰ ਲਿਆ। ਪਰ ਕੁੜੀ ਨੇ ਤਰਲੇ ਨਾਲ ਕਿਹਾ, “ਅੱਜ ਨਾ ਜਾਇਉ ਜੀ। ਇਸ ਵੇਲੇ ਉਹ ਦਾਰੂ ਨਾਲ ਰੱਜਿਆ ਹੋਣੈ। ਥੋਡੀ ਕੋਈ ਗੱਲ ਨਹੀਂ ਸੁਣਨੀ। ਨਾਲੇ ਜੇ ਉਹਨੂੰ ਪਤਾ ਲੱਗ ਗਿਆ ਬਈ ਮੈਂ ਥੋਨੂੰ ਦੱਸਿਐ, ਫਿਰ ਮੈਨੂੰ ਮਾਰੇਗਾ। ਕਿਸੇ ਦਿਨ ਸਵੇਰੇ ਦਸ ਕੁ ਵਜੇ ਤੋਂ ਪਹਿਲਾਂ ਉਹ ਸੋਫੀ ਹੁੰਦਾ ਹੈ। ਉਸ ਵੇਲੇ ਹੀ ਉਹਦੇ ਨਾਲ ਗੱਲ ਕਰਨ ਦਾ ਫਾਇਦੈ … …।”

ਕੁੜੀ ਦੀ ਗੱਲ ਮੰਨ ਕੇ ਅਸੀਂ ਵਾਪਸ ਆ ਗਏ। ਰਾਹ ਵਿੱਚ ਆਉਂਦਿਆਂ ਨਸ਼ਾ ਛੁਡਾਊ ਕੇਂਦਰ ਦਾ ਮੁਖੀ ਹੋਣ ਦੇ ਨਾਤੇ ਲੜਕੀ ਦੇ ਪਿਤਾ ਨੂੰ ਠੀਕ ਰਾਹ ’ਤੇ ਲਿਆਉਣ ਦੀ ਜ਼ਿੰਮੇਵਾਰੀ ਮੈਂ ਲੈ ਲਈ।

ਦੋ ਦਿਨ ਬਾਅਦ ਲੜਕੀ ਦੇ ਦੱਸੇ ਅਡਰੈੱਸ ਅਨੁਸਾਰ ਮੈਂ ਅਤੇ ਮੇਰਾ ਨਸ਼ਾ ਛੁਡਾਊ ਕੇਂਦਰ ਦਾ ਸਾਥੀ ਉਹਦੇ ਘਰ ਪੁੱਜ ਗਏ। ਉਹ ਆਪ ਅਤੇ ਉਸਦੀ ਪਤਨੀ ਘਰ ਹੀ ਸਨ। ਨਸ਼ੇ ਦੀ ਮਾਰੂ ਹਨੇਰੀ ਦੇ ਸੇਕ ਨੇ ਘਰ ਦੀ ਹਾਲਤ ਤਰਸਯੋਗ ਕਰ ਰੱਖੀ ਸੀ। ਠੰਢੇ ਚੁੱਲ੍ਹੇ ਵੱਲ ਨਜ਼ਰ ਮਾਰਦਿਆਂ ਅਤੇ ਪਤਨੀ ਦੇ ਝੁਰੜੀਆਂ ਭਰੇ ਚਿਹਰੇ ਨੂੰ ਵੇਖਕੇ ਮਨ ਭਰ ਆਇਆ। ਉਹਦੇ ਨਾਲ ਦੋਸਤਾਂ ਵਾਲਾ ਵਰਤਾਉ ਕਰਦਿਆਂ ਉਸ ਨੂੰ ਅਹਿਸਾਸ ਕਰਵਾਇਆ ਕਿ ਤੂੰ ਸ਼ਰਾਬ ਕਾਰਨ ਤਿਲ ਤਿਲ ਕਰਕੇ ਮਰ ਰਿਹਾ ਹੈਂ ਅਤੇ ਨਾਲ ਹੀ ਘਰ ਦੀ ਹਾਲਤ ਵੀ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਕਰ ਦਿੱਤੀ ਹੈ। ਔਰਤ ਦੇ ਹੰਝੂ ਰੁਕ ਨਹੀਂ ਸਨ ਰਹੇ। ਆਂਢ ਗੁਆਂਢ ਦੇ ਮਰਦ-ਔਰਤਾਂ ਵੀ ਆ ਗਈਆਂ। ਅਸੀਂ ਸਾਰਿਆਂ ਨੂੰ ਆਪਣੇ ਆਉਣ ਦਾ ਮਕਸਦ ਦੱਸਦਿਆਂ ਕਿਹਾ ਕਿ ਇਸਦੀ ਸ਼ਰਾਬ ਛੁਡਵਾ ਕੇ ਵਧੀਆ ਇਨਸਾਨ ਬਣਾਉਣ ਲਈ ਇਸ ਨੂੰ ਲੈਣ ਆਏ ਹਾਂ। ਪਤਨੀ ਅਤੇ ਦੂਜੇ ਲੋਕਾਂ ਦੇ ਜ਼ੋਰ ਪਾਉਣ ’ਤੇ ਉਹ ਸਾਡੇ ਨਾਲ ਦਵਾਈ ਲਿਆਉਣ ਲਈ ਤਿਆਰ ਹੋ ਗਿਆ। ਨਾਲ ਹੀ ਸ਼ਰਤ ਵੀ ਰੱਖ ਦਿੱਤੀ ਕਿ ਸ਼ਾਮ ਨੂੰ ਘਰ ਛੱਡਣ ਦੀ ਜ਼ਿੰਮੇਵਾਰੀ ਵੀ ਥੋਡੀ ਹੈ। ਅਸੀਂ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ। ਸਾਨੂੰ ਪਤਾ ਸੀ ਕਿ ਨਸ਼ਈ ਦੀ ਉਂਗਲ ਫੜਨ ਉਪਰੰਤ ਉਸਦਾ ਪੌਂਚ੍ਹਾ ਕਿੰਜ ਫੜਨਾ ਹੈ।

ਜਾਣ ਸਾਰ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰ ਲਿਆ। ਇੱਕ ਦੋ ਦਿਨ ਉਸਨੇ ਛੜਾਂ ਜਿਹੀਆਂ ਮਾਰੀਆਂ, ਫਿਰ ਦੂਜੇ ਦਾਖ਼ਲ ਨਸ਼ਈ ਮਰੀਜ਼ਾਂ ਨਾਲ ਰਚ-ਮਿੱਚ ਗਿਆ। ਦੁਆ ਅਤੇ ਦਵਾਈ ਦੇ ਸੁਮੇਲ ਨਾਲ ਉਹ ਦਿਨ ਬ ਦਿਨ ਠੀਕ ਹੁੰਦਾ ਗਿਆ। ਬਿਨਾਂ ਕਿਸੇ ਮਾਰ-ਕੁੱਟ ਤੋਂ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਦਾ ਪਾਠ ਪੜ੍ਹਾਉਣਾ ਸਾਡਾ ਰੋਜ਼ ਦਾ ਕੰਮ ਸੀ। ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜਾਉਂਦਿਆਂ ਚੰਗਾ ਪੁੱਤ, ਚੰਗਾ ਪਤੀ, ਚੰਗਾ ਬਾਪ ਅਤੇ ਚੰਗਾ ਨਾਗਰਿਕ ਕਿੰਜ ਬਣਨਾ ਹੈ, ਇਹ ਸਿੱਖਿਆ ’ਤੇ ਵੀ ਜ਼ੋਰ ਦਿੱਤਾ ਜਾਂਦਾ ਸੀ। ਇਕ ਦਿਨ ਸ਼ਾਮ ਨੂੰ ਯੋਗਾ ਕਰਵਾਉਣ ਵੇਲੇ ਉਹ ਮੈਨੂੰ ਕਹਿ ਰਿਹਾ ਸੀ, “ਹੁਣ ਤਕ ਤਾਂ ਨੇਰ੍ਹਾ ਈ ਢੋਇਐ ਜੀ, ਜੇ ਤੁਸੀਂ ਨਾ ਲਿਆਉਂਦੇ ਤਾਂ ਹੁਣ ਤਕ ਤਾਂ ਭਾਣਾ ਵਾਪਰ ਗਿਆ ਹੁੰਦਾ। ਬਹੁਤ ਸ਼ਰਮ ਆਉਂਦੀ ਐ ਮੈਨੂੰ ਆਪਣੇ ਕੀਤੇ ਕੰਮਾਂ ’ਤੇ।”

ਡੇਢ ਕੁ ਮਹੀਨੇ ਬਾਅਦ ਉਸਦੀ ਪਤਨੀ ਨੂੰ ਸੁਨੇਹਾ ਦਿੱਤਾ ਗਿਆ ਕਿ ਤੁਹਾਡਾ ਪਤੀ ਹੁਣ ਬਿਲਕੁਲ ਠੀਕ ਹੈ, ਇਹਨੂੰ ਆਕੇ ਲੈ ਜਾਵੋ।”

ਅਗਲੇ ਦਿਨ ਉਹਦੀ ਪਤਨੀ ਆ ਗਈ। ਬਹੁਤ ਹੀ ਸਲੀਕੇ ਨਾਲ ਉਹ ਆਪਣੀ ਪਤਨੀ ਨੂੰ ਮਿਲਿਆ। ਦੋਨਾਂ ਲਈ ਲਾਅਨ ਵਿੱਚ ਕੁਰਸੀਆਂ ਰੱਖਕੇ ਉਨ੍ਹਾਂ ਨੂੰ ਆਪਸ ਵਿੱਚ ਗੱਲਬਾਤ ਕਰਨ ਲਈ ਕਿਹਾ ਗਿਆ। ਉਨ੍ਹਾਂ ਨੂੰ ਆਪਸ ਵਿੱਚ ਗੱਲਬਾਤ ਕਰਦਿਆਂ ਵੇਖਕੇ ਸਕੂਨ ਜਿਹਾ ਆ ਰਿਹਾ ਸੀ। ਗੱਲਾਂ ਕਰਦੇ ਉਹ ਕਦੇ ਮੁਸਕਰਾ ਪੈਂਦੇ ਅਤੇ ਕਦੇ ਗੰਭੀਰ ਹੋ ਜਾਂਦੇ।

ਥੋੜ੍ਹੀ ਦੇਰ ਬਾਅਦ ਪਤੀ ਪਤਨੀ ਦਫਤਰ ਵਿੱਚ ਆ ਗਏ। ਪਤਨੀ ਦੇ ਚਿਹਰੇ ’ਤੇ ਮੁਸਕਰਾਹਟ ਤੈਰ ਰਹੀ ਸੀ। “ਇਹ ਤਾਂ ਜੀ ਸੱਚੀਉਂ ਬਦਲ ਗਏ। ਪਹਿਲਾ ਤਾਂ ਇਨ੍ਹਾਂ ਨੂੰ ਲਹੀ-ਤਹੀ ਦਾ ਕੋਈ ਪਤਾ ਨਹੀਂ ਸੀ। ਹੁਣ ਵੀ ਮੈਨੂੰ ਪੁੱਛ ਰਹੇ ਸੀ ਕਿ ਆਪਣੀ ਮੀਤੋ ਕਿਹੜੀ ਜਮਾਤ ਵਿੱਚ ਪੜ੍ਹਦੀ ਐ। ਸਿਹਤ ਵੀ ਵਧੀਆ ਬਣ ਗਈ ਇਨ੍ਹਾਂ ਦੀ। ਸੱਚੀਂ ਜੀ, ਥੋੜ੍ਹੇ ਜਿਹੇ ਸਮੇਂ ਵਿੱਚ ਅਸੀਂ ਜਿੰਨੀਆਂ ਗੱਲਾਂ ਕੀਤੀਆਂ ਨੇ, ਉੰਨੀਆਂ ਸਾਰੀ ਉਮਰ ਵਿੱਚ ਨਹੀਂ ਕੀਤੀਆਂ … …।”

ਸ਼ੁਭ ਕਾਮਨਾਵਾਂ ਦੇਕੇ ਉਨ੍ਹਾਂ ਨੂੰ ਵਿਦਾਅ ਕਰ ਦਿੱਤਾ ਗਿਆ। ਇੱਕ ਦਿਨ ਦਫਤਰ ਵਿੱਚ ਫੋਨ ਆਇਆ। ਫੋਨ ਲੜਕੀ ਦਾ ਸੀ। ਬੜੇ ਚਾਅ ਨਾਲ ਉਹ ਦੱਸ ਰਹੀ ਸੀ, “ਸਰ, ਥੋਡਾ ਬਹੁਤ ਬਹੁਤ ਸ਼ੁਕਰੀਆ। ਮੇਰਾ ਬਾਪੂ ਮੇਰੇ ਕੋਲ ਬੈਠਾ ਹੈ। ਅਸੀਂ ਇਕੱਠੇ ਰੋਟੀ ਖਾਕੇ ਹਟੇ ਹਾਂ। ਹੁਣ ਬਹੁਤ ਪਿਆਰ ਕਰਦਾ ਹੈ ਸਾਨੂੰ। ਅਸੀਂ ਰੋਜ਼ ਤੁਹਾਨੂੰ ਅਸੀਸਾਂ ਦਿੰਦੇ ਹਾਂ। ਸ਼ਰਾਬ ਵੱਲ ਤਾਂ ਹੁਣ ਝਾਕਦਾ ਵੀ ਨਹੀਂ।”

ਕੁੜੀ ਦੇ ਉਤਸ਼ਾਹ ਅਤੇ ਚਾਅ ਨਾਲ ਲਬਰੇਜ਼ ਬੋਲ ਸੁਣਕੇ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ। ਨਾਲ ਖੜ੍ਹਾ ਸਟਾਫ ਮੈਂਬਰ ਮੇਰੀਆਂ ਅੱਖਾਂ ਵਿੱਚ ਅੱਥਰੂ ਵੇਖਕੇ ਚਿੰਤਾਤੁਰ ਲਹਿਜ਼ੇ ਵਿੱਚ ਕਹਿਣ ਲੱਗਿਆ, “ਸਰ, ਸੁੱਖ ਐ। ਮੋਬਾਇਲ ਸੁਣਕੇ ਤੁਸੀਂ … …।”

ਮੈਂ ਮੁਸਕਰਾਕੇ ਜਵਾਬ ਦਿੱਤਾ, “ਸਿਰਫ਼ ਸੋਗੀ ਸੁਨੇਹੇ ਹੀ ਅੱਥਰੂ ਨਹੀਂ ਲਿਆਉਂਦੇ, ਖੁਸ਼ੀਆਂ ਭਰੇ ਸੁਨੇਹਿਆਂ ਨਾਲ ਵੀ ਨੈਣ ਛਲਕ ਪੈਂਦੇ ਨੇ।” ਫਿਰ ਮੈਂ ਮੁਸਕਰਾਕੇ ਅੱਥਰੂ ਪੂੰਝਣ ਲੱਗ ਪਿਆ।

 

- ਮੋਹਨ ਸ਼ਰਮਾ