ਜੀਵਨ ਵਿਚ ਸਾਹਿਤ ਤੇ ਪੁਸਤਕਾਂ ਦਾ ਮਹੱਤਵ

ਜੀਵਨ ਵਿਚ ਸਾਹਿਤ ਤੇ ਪੁਸਤਕਾਂ ਦਾ ਮਹੱਤਵ

ਰੁਝੇਵਿਆਂ ਭਰੀ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਅਜਿਹੇ ਸਾਥੀ ਦੀ ਲੋੜ ਪੈਂਦੀ ਹੈ, ਜੋ ਉਸ ਨੂੰ ਮੁਸ਼ਕਿਲਾਂ ਵਿੱਚ ਸਹੀ ਰਾਸਤਾ ਦਿਖਾ ਸਕੇ, ਉਸ ਦਾ ਮਾਰਗਦਰਸ਼ਨ ਕਰ ਸਕੇ।

 

ਮੈਨੂੰ ਲੱਗਦਾ ਹੈ ਪੁਸਤਕਾਂ ਤੋਂ ਵੱਧ ਕੋਈ ਵੀ ਅਜਿਹਾ ਸੰਗੀ ਸਾਥੀ ਨਹੀਂ ਹੋ ਸਕਦਾ। ਪੁਸਤਕਾਂ ਇੱਕ ਅਜਿਹਾ ਜੀਵਨ ਸਾਥੀ ਹੁੰਦੀਆਂ ਹਨ ਜੋ ਮਨੁੱਖੀ ਸੋਚ ਦਾ ਦਾਇਰਾ ਵਧਾ ਦਿੰਦੀਆਂ ਹਨ। ਮੈਨੂੰ ਕਿਸੇ ਲੇਖਕ ਦੀਆਂ ਲਿਖੀਆਂ ਕੁਝ ਸਤਰਾਂ ਯਾਦ ਆ ਰਹੀਆਂ ਹਨ ਜਿਸ ਵਿੱਚ ਲਿਖਿਆ ਹੈ, ਜੇ ਪੂਰਾ ਕਰਨਾ ਖੁਆਬਾਂ ਨੂੰ ਤਾਂ, ਰੱਖਿਓ ਨਾਲ ਕਿਤਾਬਾਂ ਨੂੰ। ਕਿਤਾਬਾਂ ਸਾਡਾ ਮਾਰਗਦਰਸ਼ਨ ਹੀ ਨਹੀਂ ਸਗੋਂ ਸਾਨੂੰ ਆਪਣੇ ਜੀਵਨ ਉਦੇਸ਼ ਨੂੰ ਪੂਰਾ ਕਰਨ ਵਿੱਚ ਵੀ ਸਹਾਈ ਹੁੰਦੀਆਂ ਹਨ। ਅਸੀਂ ਇਹ ਸੁਣਿਆ ਹੈ, ਕਿ ਦੱਖਣ ਭਾਰਤ ਦੇ ਵਿਦਿਆਰਥੀ ਬਹੁਤ ਸਮਾਂ ਕਿਤਾਬਾਂ ਪੜ੍ਹਨ ਨੂੰ ਦਿੰਦੇ ਹਨ। ਜੇਕਰ ਅਸੀਂ ਸਾਖ਼ਰਤਾ ਦਰ ਦੀ ਗੱਲ ਕਰੀਏ ਤਾਂ ਪੂਰੇ ਭਾਰਤ ਵਿੱਚ ਦੱਖਣੀ ਭਾਰਤ ਦਾ ਰਾਜ ਕੇਰਲਾ ਸਭ ਤੋਂ ਅੱਗੇ ਹੈ। ਇਸ ਦੇ ਦੋ ਕਾਰਨ ਹਨ ਇਕ ਉਹ ਲੋਕ ਆਪਣੀ ਮਾਂ ਬੋਲੀ ਨੂੰ ਬਹੁਤ ਮਹੱਤਵ ਦਿੰਦੇ ਹਨ ਦੂਜਾ ਉਹਨਾਂ ਦੀ ਮੁੱਢਲੀ ਪੜ੍ਹਾਈ ਤੋਂ ਲੈ ਕੇ ਉਚੇਰੀ ਵਿਦਿਆ ਤੱਕ ਦੀ ਪੜ੍ਹਾਈ ਆਪਣੀ ਮਾਂ ਬੋਲੀ ਵਿੱਚ ਹੀ ਸਿੱਖਿਆ ਪ੍ਰਾਪਤ ਕਰਦੇ ਹਨ। ਜਿਸ ਕਾਰਨ ਉਹਨਾਂ ਦੀ ਸਮਝ ਦਾ ਦਾਇਰਾ ਵਿਸ਼ਾਲ ਹੋ ਜਾਂਦਾ ਹੈ। ਉਹ ਕਿਤਾਬਾਂ ਪੜ੍ਹਨ ਦੇ ਬਹੁਤ ਸ਼ੌਕੀਨ ਹਨ। ਲਗਭਗ ਹਰ ਇੱਕ ਘਰ ਵਿੱਚ, ਹਰ ਇੱਕ ਮੈਂਬਰ ਦੀ ਆਪਣੀ ਨਿੱਜੀ ਲਾਈਬ੍ਰੇਰੀ ਹੈ। ਜੇਕਰ ਲਾਈਬ੍ਰੇਰੀ ਨਹੀਂ ਵੀ ਹੈ ਤਾਂ ਉਹਨਾਂ ਨੇ ਆਪਣੇ ਜੀਵਨ ਵਿੱਚ ਕੁਝ ਕੁ ਕਿਤਾਬਾਂ ਦੀ ਪੂੰਜੀ ਜ਼ਰੂਰ ਬਣਾਈ ਹੁੰਦੀ ਹੈ।
ਕਿਤਾਬਾਂ ਵਿਅਕਤੀ ਦੇ ਵਿਚਾਰ ਬਦਲ ਦਿੰਦੀਆਂ ਹਨ। ਚੰਗੀਆਂ ਕਿਤਾਬਾਂ ਪੜ੍ਹਨ ਨਾਲ ਵਿਅਕਤੀ ਦੇ ਵਿਚਾਰ ਚੰਗੇ ਹੋ ਜਾਂਦੇ ਹਨ, ਚੰਗੀ ਕਿਤਾਬ ਪੜ੍ਹਨ ਨਾਲ ਸਾਨੂੰ ਜੀਵਨ ਜਿਉਣ ਦੀ ਸੇਧ ਮਿਲਦੀ ਹੈ।ਕਿਸੇ ਚੰਗੀ ਕਿਤਾਬ ਦੀ ਕੀਤੀ ਹੋਈ ਚੋਣ ਇੱਕ ਚੰਗੇ ਅਧਿਆਪਕ ਦੀ ਤਰ੍ਹਾਂ ਹੁੰਦੀ ਹੈ, ਜੋ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਕਿਤਾਬਾਂ ਪੜ੍ਹਨ ਵਾਲਾ ਵਿਅਕਤੀ ਕਦੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਪ੍ਰਸਿੱਧ ਕਵੀ ਤੇ ਲੇਖਕ ਰਸੂਲ ਹਮਜ਼ਾਤੋਵ ਨੇ ਪੁਸਤਕਾਂ ਸਬੰਧੀ ਕਿਹਾ ਸੀ ਕਿ “ਖੁਦ ਨੂੰ ਸਮਝਣ ਵਾਸਤੇ ਕਿਤਾਬਾਂ ਦੀ ਲੋੜ ਹੁੰਦੀ ਹੈ, ਦੂਜਿਆਂ ਨੂੰ ਸਮਝਣ ਵਾਸਤੇ ਵੀ ਕਿਤਾਬਾਂ ਦੀ ਲੋੜ ਹੁੰਦੀ ਹੈ।” ਕਿਤਾਬਾਂ ਦਾ ਅਧਿਐਨ ਆਤਮਿਕ ਗੁਣਾਂ ਨੂੰ ਉੱਚਾ ਚੁੱਕ ਕੇ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਰਾਜਨੀਤਕ, ਆਰਥਿਕ ਅਤੇ ਸਮਾਜਿਕ ਰਹੁ ਰੀਤਾਂ ਵਿੱਚ ਆਈ ਗਿਰਾਵਟ ਨੂੰ ਦੂਰ ਕਰਨ ਵਿੱਚ ਸਭ ਤੋਂ ਵੱਧ ਸਹਾਇਤਾ ਕਰਦਾ ਹੈ। ਜਦੋਂ ਜ਼ਿੰਦਗੀ ਫਿੱਕੀ ਤੇ ਨੀਰਸ ਲੱਗਦੀ ਹੋਵੇ ਚਾਰੇ ਪਾਸੇ ਹਨੇਰਾ ਹੀ ਹਨੇਰਾ ਛਾਇਆ ਪ੍ਰਤੀਤ ਹੁੰਦਾ ਹੋਵੇ, ਚਾਰੇ ਪਾਸੇ ਮੁਸੀਬਤਾਂ ਦੇ ਬੱਦਲ ਮੰਡਰਾ ਰਹੇ ਹੋਣ, ਤਣਾਅ ਵਧਦਾ ਜਾ ਰਿਹਾ ਹੋਵੇ, ਤਾਂ ਅਜਿਹੇ ਸਮੇਂ ਪੁਸਤਕਾਂ ਅਹਿਮ ਰੋਲ ਅਦਾ ਕਰਦੀਆਂ ਹਨ। ਮਾਨਸਿਕ ਤਣਾਅ ਦੂਰ ਕਰ ਸਕਦੀਆਂ ਹਨ।

ਅੱਜ ਕੱਲ ਲੋਕਾਂ ਨੇ ਮੋਬਾਈਲ ਫ਼ੋਨ ਨੂੰ ਹੀ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਹੈ, ਜੇਕਰ ਕੁਝ ਲੱਭਣਾ ਵੀ ਹੁੰਦਾ ਹੈ ਚਾਹੇ ਉਹ ਸਿਹਤ ਨਾਲ ਸੰਬੰਧਿਤ ਹੋਵੇ,ਜੀਵਨ ਨਾਲ ਸੰਬੰਧਿਤ ਹੋਵੇ ,ਸਮਾਜ ਨਾਲ ਸੰਬੰਧਿਤ ਹੋਵੇ, ਪੜ੍ਹਾਈ ਨਾਲ ਸੰਬੰਧਿਤ ਹੋਵੇ ਜਾਂ ਰਿਸ਼ਤਿਆਂ ਬਾਰੇ ਕੋਈ ਵੀ ਵਿਸ਼ਾ ਹੋਵੇ ਅਸੀਂ ਗੂਗਲ ਦੀ ਵਰਤੋਂ ਕਰਦੇ ਹਾਂ। ਇਹ ਇੱਕ ਸਹੂਲਤ ਦਾ ਜ਼ਰੀਆ ਹੈ।ਪਰ ਅਸੀਂ ਆਧੁਨਿਕ ਸਮੇਂ ਵਿੱਚ ਪੂਰੀ ਤਰ੍ਹਾਂ ਇਸ ਉੱਪਰ ਨਿਰਭਰ ਹੋ ਗਏ ਹਾਂ। ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ ਜਿਨਾਂ ਦਾ ਗੂਗਲ ਨੂੰ ਕੋਈ ਤਜਰਬਾ ਨਹੀਂ ਹੁੰਦਾ। ਅਸੀਂ ਕਿਸੇ ਮਹਾਨ ਲੇਖਕ ਦੇ ਜੀਵਨ ਤਜਰਬਿਆਂ ਵਿੱਚੋਂ, ਜੋ ਉਸਨੇ ਆਪਣੀਆਂ ਰਚਨਾਵਾਂ ਵਿੱਚ ਸਿਰਜਿਆ ਹੁੰਦਾ ਹੈ, ਉਹਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਕਿਤਾਬਾਂ ਕਿਸੇ ਕੌਮ ਦਾ ਸਰਮਾਇਆ ਹੁੰਦੀਆਂ ਹਨ।
    ਨਵੀਂ ਪੀੜ੍ਹੀ ਦੀ ਗੱਲ ਕਰੀਏ ਤਾਂ ਅਜਿਹੀ ਸਥਿਤੀ ਬਣ ਗਈ ਹੈ, ਕਿ ਵਿਦਿਆਰਥੀ ਆਪਣੇ ਜੀਵਨ ਵਿੱਚ ਵੀ ਕਿਤਾਬਾਂ ਨਾਲ ਮੋਹ ਨਹੀਂ ਕਰ ਰਹੇ। ਕਰੋਨਾ ਮਹਾਂਮਾਰੀ ਕਾਲ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਹਰ ਇੱਕ ਸਕੂਲ ਜਾਂ ਸਿੱਖਿਅਕ ਸੰਸਥਾਵਾਂ ਦਾ ਕਾਰਜ ਆਨਲਾਈਨ ਹੋਣ ਲੱਗ ਪਿਆ ਹੈ। ਹੈਰਾਨਗੀ ਦੀ ਗੱਲ ਇਹ ਹੈ ਕਿ ਬੱਚੇ ਅੱਜ ਕੱਲ ਕਿਤਾਬਾਂ ਤੋਂ ਦੂਰ ਹੋ ਕੇ ਫ਼ੋਨ ਨਾਲ ਪੜ੍ਹਾਈ ਕਰ ਰਹੇ ਹਨ। ਮੈਂ ਕਿਸੇ ਪਰਿਵਾਰ ਵਿੱਚ ਕਿਸੇ ਬੱਚੇ ਨੂੰ ਫ਼ੋਨ ਚਲਾਉਂਦੇ ਹੋਏ ਦੇਖਿਆ ਜਦੋਂ ਕਿ ਉਸਦੀ ਮਾਂ ਉਸ ਨੂੰ ਫ਼ੋਨ ਨਾ ਚਲਾਉਣ ਬਾਰੇ ਕਹਿ ਰਹੀ ਸੀ, ਬੱਚੇ ਦਾ ਉੱਤਰ ਸੀ ਕਿ ਉਹ ਫੋਨ ਉੱਤੇ ਆਪਣੇ ਕਿਸੇ ਵਿਸ਼ੇ ਦਾ ਵਿਸਥਾਰ ਪੜ੍ਹ ਰਿਹਾ ਹੈ, ਜੋ ਕਿ ਸਕੂਲ ਅਧਿਆਪਕਾ ਦੁਆਰਾ ਭੇਜਿਆ ਗਿਆ ਹੈ। ਜਦੋਂ ਕਿ ਇਹ ਸਾਰਾ ਕੰਮ ਸਾਡੀਆਂ ਪਾਠ ਪੁਸਤਕਾਂ ਦਾ ਹੈ ਜੋ ਅਸੀਂ ਬੱਚਿਆਂ ਨੂੰ ਫ਼ੋਨ ਹੱਥਾਂ ਵਿੱਚ ਫੜਾ ਕੇ ਕਰਵਾ ਰਹੇ ਹਾਂ। ਇਸ ਸਭ ਦਾ ਨਤੀਜਾ ਇਹ ਹੈ ਕਿ ਇਨਾਂ ਬੱਚਿਆਂ ਦਾ ਕਿਤਾਬਾਂ ਨਾਲ ਮੋਹ ਘਟ ਗਿਆ ਹੈ, ਬੱਚੇ ਕਿਤਾਬਾਂ ਤੋਂ ਦੂਰ ਹੋ ਗਏ ਹਨ, ਇਹ ਸਭ ਕੁਝ ਆਨਲਾਈਨ ਪੜ੍ਹਾਈ ਦਾ ਨਤੀਜਾ ਹੈ। ਜਦੋਂ ਵਿਦਿਆਰਥੀ ਕਿਤਾਬਾਂ ਪੜੇਗਾ ਤਾਂ ਉਸ ਨੂੰ ਉਸ ਵਿਸ਼ੇ ਬਾਰੇ ਕੁਝ ਹੋਰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਕਿਤਾਬਾਂ ਪੜ੍ਹਨ ਨਾਲ ਅਸੀਂ ਦੇਸ਼ ਵਿਦੇਸ਼ ਦੀ ਜਾਣਕਾਰੀ, ਸੱਭਿਆਚਾਰ, ਇਤਿਹਾਸ, ਸਾਹਿਤ ਆਦਿ ਤੋਂ ਜਾਣੂ ਹੁੰਦੇ ਹਾਂ। ਕਿਤਾਬਾਂ ਪੜ੍ਹਨ ਵਾਲਾ ਪਾਠਕ ਇੱਕ ਚੰਗਾ ਲੇਖਕ ਬਣ ਸਕਦਾ ਹੈ, ਕਿਉਂਕਿ ਉਸ ਦੀ ਭਾਸ਼ਾ ਦਾ ਮਿਆਰ ਅਤੇ ਉਸ ਦੇ ਸੋਚਣ ਦਾ ਦਾਇਰਾ ਬਹੁਤ ਵੱਧ ਜਾਂਦਾ ਹੈ। ਜੋ ਕਿ ਉਸ ਦੀ ਸਿਰਜਣ ਸ਼ਕਤੀ ਲਈ ਇੱਕ ਮੀਲ ਪੱਥਰ ਹੁੰਦਾ ਹੈ। ਕਿਤਾਬਾਂ ਪੜ੍ਹਨ ਦੀ ਰੁਚੀ ਅੱਜ ਕੱਲ ਬਿਲਕੁਲ ਖਤਮ ਹੋ ਚੁੱਕੀ ਹੈ। ਵਿਹਲ ਦਾ ਸਮਾਂ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਬਤੀਤ ਕੀਤਾ ਜਾ ਰਿਹਾ ਹੈ। ਸੋਚਾਂ ਵਿਚਾਰਾਂ ਵਿਚਲੀ ਨਵੀਨਤਾ, ਗਹਿਰਾਈ, ਸੰਜਮਤਾ, ਸਭ ਖ਼ਤਮ ਹੋ ਚੁੱਕੀ ਹੈ। ਵਿਚਾਰਾਂ ਵਿੱਚ ਚੰਚਲਤਾ, ਉਦਾਸੀਨਤਾ, ਲੱਚਰ ਦਾ, ਗਿਰਾਵਟ, ਮਾਨਸਿਕ ਤਨਾਵ ਵਿੱਚ ਵਾਧਾ ਹੋ ਰਿਹਾ।
  ਅੱਜ ਕੱਲ ਇੰਨੇ ਸਾਧਨ ਹੋਣ ਦੇ ਬਾਵਜ਼ੂਦ ਵੀ ਅੱਜ ਕੱਲ ਦੇ ਵਿਦਿਆਰਥੀ ਕਿਤਾਬੀ ਗਿਆਨ ਤੋਂ ਸੱਖਣੇ ਹਨ। ਹਰੇਕ ਸਕੂਲ, ਹਰ ਕਾਲਜ ਵਿੱਚ ਲਾਈਬ੍ਰੇਰੀਆਂ ਹੋਣ ਦੇ ਬਾਵਜ਼ੂਦ ਉਹ ਖਾਲੀ ਪਈਆਂ ਹਨ,ਕੋਈ ਵੀ ਵਿਦਿਆਰਥੀ ਇਹਨਾਂ ਵਿੱਚ ਨਜ਼ਰ ਨਹੀਂ ਆਉਂਦਾ। ਕਿਤਾਬੀ ਗਿਆਨ ਅਜਿਹਾ ਗਿਆਨ ਹੈ ਜਿਸ ਨੂੰ ਕੋਈ ਚੋਰੀ ਨਹੀਂ ਕਰ ਸਕਦਾ, ਜੋ ਹਮੇਸ਼ਾ ਤੁਹਾਡੇ ਵਿਚਾਰਾਂ ਵਿੱਚੋਂ ਝਲਕਦਾ ਰਹਿੰਦਾ ਹੈ। ਜਿਸ ਨਾਲ ਸ਼ਖਸ਼ੀਅਤ ਵਿੱਚ ਨਿਖਾਰ ਆਉਂਦਾ ਹੈ। ਜੇਕਰ ਅਸੀਂ ਆਪਣੀ ਅਗਲੀ ਪੀੜੀ ਨੂੰ ਕਿਤਾਬਾਂ ਨਾਲ ਜੋੜਨਾ ਚਾਹੁੰਦੇ ਹਾਂ ਤਾਂ ਘਰਾਂ ਵਿੱਚ ਸਭ ਤੋਂ ਪਹਿਲਾਂ ਮਾਂ ਬਾਪ ਨੂੰ ਅਜਿਹੀਆਂ ਆਦਤਾਂ ਪਾਉਣੀਆਂ ਚਾਹੀਦੀਆਂ ਹਨ। ਜੇਕਰ ਬੱਚੇ ਆਪਣੇ ਮਾਤਾ ਪਿਤਾ ਦੇ ਹੱਥਾਂ ਵਿੱਚ ਕਿਤਾਬਾਂ ਦੇਖਣਗੇ ਤਾਂ ਹੀ ਉਹਨਾਂ ਦਾ ਰੁਝਾਨ ਕਿਤਾਬਾਂ ਵੱਲ ਹੋਵੇਗਾ। ਮਾਂ ਬਾਪ ਨੂੰ ਚਾਹੀਦਾ ਹੈ ਕਿ ਜਿੱਥੇ ਕਿਤੇ ਵੀ ਪੁਸਤਕ ਮੇਲਾ ਹੋਵੇ, ਉਥੇ ਉਹ ਆਪਣੇ ਬੱਚਿਆਂ ਨੂੰ ਜਰੂਰ ਨਾਲ ਲੈ ਕੇ ਜਾਣ ਅਤੇ ਉਨਾਂ ਦੇ ਜਨਮ ਦਿਨ ਜਾਂ ਹੋਰ ਮੌਕਿਆਂ ਉੱਤੇ ਉਹਨਾਂ ਨੂੰ ਕਿਤਾਬਾਂ ਤੋਹਫ਼ਿਆਂ ਦੇ ਰੂਪ ਵਿੱਚ ਦੇਣ। ਘਰਾਂ ਵਿੱਚ ਜਰੂਰ ਕਿਤਾਬਾਂ ਖਰੀਦ ਕੇ ਰੱਖੋ। ਜਦੋਂ ਘਰ ਵਿੱਚ ਕਿਤਾਬਾਂ ਸੈਲਫਾਂ ਤੇ ਸਜੀਆਂ ਹੋਣਗੀਆਂ,ਕਦੇ ਨਾ ਕਦੇ ਉਹਨਾਂ ਨੂੰ ਚੁੱਕ ਕੇ ਵੀ ਪੜ੍ਹਿਆ ਜਾਵੇਗਾ। ਹਰ ਕਿਤਾਬ ਦੀ ਆਪਣੀ ਤਾਕਤ ਹੁੰਦੀ ਹੈ, ਇਸ ਦਾ ਪਤਾ ਸਿਰਫ਼ ਉਸਨੂੰ ਹੀ ਹੋ ਸਕਦਾ ਹੈ, ਜੋ ਇਸ ਵਿੱਚੋਂ ਦੀ ਲੰਘਿਆ ਹੋਵੇ।
ਅਲੈਗਜਾਂਡਰ ਐਸ ਨੇ ਕਿਹਾ ਹੈ, “ਪੁਸਤਕਾਂ ਕਿਸੇ ਕੌਮ ਦੀਆਂ ਅਮਰ ਯਾਦਾਂ ਹਨ।”
ਲਾਰਡ ਮੈਂਕਾਲੇ ਨੇ ਕਿਹਾ ਹੈ, “ਮੈਂ ਇੱਕ ਗਰੀਬ ਆਦਮੀ ਵਾਂਗ ਕਿਸੇ ਛੋਟੀ ਜਿਹੀ ਕੋਠੜੀ ਵਿੱਚ ਰਹਿ ਲਵਾਂਗਾ, ਜਿੱਥੇ ਕਿਤਾਬਾਂ ਹੋਣ, ਬਜਾਏ ਐਸਾ ਬਾਦਸ਼ਾਹ ਬਣਨ ਦੇ, ਜਿਸ ਨੂੰ ਕਿਤਾਬਾਂ ਨਾਲ ਉੱਕਾ ਪਿਆਰ ਨਾ ਹੋਵੇ।”
ਅੰਤ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਉੱਤਮ ਪੁਸਤਕਾਂ ਉਹ ਦਰਸ਼ਨ ਹਨ, ਜਿਨਾਂ ਵਿੱਚ ਸੰਤਾਂ, ਮਹਾਂਪੁਰਖਾਂ, ਮਹਾਨ ਵਿਦਵਾਨਾਂ ਦੇ ਪ੍ਰਤੀਬਿੰਬ ਦੇ ਦਰਸ਼ਨ ਹੋਣ। ਕਿਤਾਬਾਂ ਜਾਣਕਾਰੀ ਤੇ ਗਿਆਨ ਦਾ ਸਮੁੰਦਰ ਹਨ, ਜਿਸ ਵਿੱਚ ਚੁੱਬੀ ਲਾਉਣ ਨਾਲ ਜਿੰਦਗੀ ਜਿਉਣ ਦੀ ਜਾਂਚ ਆਉਂਦੀ ਹੈ।

 

ਰਜਿੰਦਰ ਕੌਰ ਜੀਤ ✍???? 
                9914711191