ਤਜ਼ੁਰਬੇ !

ਤਜ਼ੁਰਬੇ !

ਓਦਾਂ ਭਾਵੇਂ ਗੱਲਾਂ ਨਾਲ ਮੋਇਆਂ ਨੂੰ ਜਿਉਂਦੇ ਕਰਵਾ ਲਵੋ।

ਆਪਣੇ ਇਕ ਛੋਟਾ ਜਿਹਾ ਮਕਾਨ ਉਸਾਰੀ ਦਾ ਕੰਮ ਚੱਲ ਰਿਹਾ, ਤਾਂ ਇਸ ਲਈ ਆਪਾ ਨੂੰ ਕੁੱਝ ਰੇਤੇ ਦੀ ਲੋੜ ਸੀ। ਰਾਜ ਮਿਸਤਰੀ ਕੁਲਦੀਪ ਸਿੰਘ ਦੇ ਕਹਿਣ ਅਨੁਸਾਰ ਫਿਲਹਾਲ  ਤਕਰੀਬਨ ਢਾਈ, ਤਿੰਨ ਸੋਂ ਫੁੱਟ ਰੇਤਾ ਚਾਹੀਦਾ ਸੀ, ਰੇਤ ਦਾ ਆਰਡਰ ਦੇਣ ਤੇ ਕੱਲ ਆਪਣੇ  ਇਕ ਡਰਾਈਵਰ ਰੇਤਾ ਸੁੱਟਣ ਆਇਆ, ਜੋ ਵੇਖਣ ਨੂੰ ਤਕਰੀਬਨ 60-65 ਸਾਲ ਦਾ ਲੱਗਦਾ ਸੀ, ਸਿਰ ਤੇ ਡੱਬੀਆਂ ਵਾਲਾ ਪਰਨਾ, ਘਸਮੈਲਾ ਜਿਹਾ ਅਣਗਿਣਤ ਵਟਾ ਵਾਲਾ ਕੁਰਤਾ ਤੇ ਗੋਡਿਆਂ ਤੱਕ ਟੰਗਿਆ ਹੋਇਆ ਪਜਾਮਾਂ ਪਾਇਆ ਹੋਇਆ ਸੀ। ਉਸ ਦੇ ਪਹਿਰਾਵੇ ਤੋਂ ਸਵੇਰ ਤੋਂ ਸ਼ਾਮ ਤੱਕ ਕੀਤੀ ਮਿਹਨਤ-ਮੁਸ਼ੱਕਤ ਸਾਫ ਝਲਕਦੀ ਸੀ। ਚਿੱਟੀ ਕਟਵੀ ਖਿੱਲਰੀ ਦਾੜੀ, ਸੁਰਮਈ ਅੱਖਾਂ,ਪਤਲਾ ਸ਼ਰੀਰ, ਤੇ ਦਰਮਿਆਨਾ ਕੱਦ, ਮੈਂ ਉਸ ਨੂੰ ਫਤਹਿ ਬੁਲਾਈ ਤੇ ਉਨ੍ਹਾਂ ਵੀ ਫਤਹਿ ਬੁਲਾ ਅੱਗੋਂ ਆਖਣ ਲੱਗੇ, ਅੱਜ ਕੱਲ ਪਹਿਲਾਂ ਵਾਂਗ ਕੋਈ ਕਿਸੇ ਦੀ ਇੱਜਤ ਨਹੀਂ ਕਰਦਾ ਫੇਰ ਮੈਂ ਉਹਨਾਂ ਦੀ ਗੱਲ ਨੂੰ ਲੰਬੀ ਨਾ ਖਿੱਚਦੇ ਹੋਏ ਉਹਨਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਹਾਂ ਜੀ, ਪਹਿਲਾਂ ਸ਼ੁੱਧ ਖਾਂਦੇ ਸੀ, ਅੰਦਰੋਂ ਪਿਆਰ ਨਿਕਲਦਾ ਸੀ, ਹੁਣ ਜ਼ਹਿਰ ਖਾਂਦੇ ਹਾਂ ਅੰਦਰੋਂ ਜ਼ਹਿਰ ਨਿਕਲਦਾ ! ਡਰਾਈਵਰ ਜੀ ਨੂੰ ਉਹਨਾਂ ਦੀ ਉਮਰ ਬਾਰੇ ਪੁੱਛਿਆ ਤੇ ਉਹਨਾਂ ਦੱਸਿਆ ਕਿ ਉਹ ਤਕਰੀਬਨ 45-46 ਸਾਲ ਦੇ ਨੇ, ਫਿਰ ਮੇਰੀ ਨਜ਼ਰ ਉਨ੍ਹਾਂ ਦੀ ਰੇਤੇ ਵਾਲੀ  ਗੱਡੀ ਤੇ ਗਈ ਉਸ ਦੀ ਹਾਲਤ ਬੜੀ ਖਸਤਾ ਸੀ। ਉਹਨਾਂ ਨੇ ਦੱਸਿਆ ਕਿ ਮਾਲਕ ਗੱਡੀ ਤੇ ਇਕ ਰੁਪਈਆ ਖਰਚ ਕੇ ਰਾਜੀ ਨਹੀਂ ਹਨ, ਓਦਾਂ ਭਾਵੇਂ ਗੱਲਾਂ ਨਾਲ ਮੋਇਆਂ ਨੂੰ ਜਿਉਂਦੇ ਕਰਵਾ ਲਵੋ।

ਡਰਾਈਵਰ ਜੀ ਆਪ ਹੀ ਗੱਡੀ ਲੈ ਕੇ ਆਏ ਸਨ ਤੇ ਆਪ ਹੀ ਖਾਲੀ ਕਰਨ ਲਈ ਤਿਆਰੀ ਖਿੱਚਣ ਲੱਗੇ ਏਨੇ ਨੂੰ ਉਹਨਾਂ ਨੂੰ ਇਕ ਫੋਨ ਆਇਆ ਜਿਸ ਤੇ ਉਹਨਾਂ ਨੇ ਕਿਹਾ ਕਿ ਤੂੰ ਆਪਣੀ ਬੀਬੀ ਨੂੰ ਨਾਲ ਲੈ ਜਾ ਉਸ ਦਾ ਜ਼ਿਆਦਾ ਪ੍ਰਭਾਵ ਪਵੇਗਾ। ਮੈਂ ਤਾਂ ਉਸ ਦਾ ਫੁੱਫੜ ਲੱਗਦਾ ਤੇਰੀ ਬੀਬੀ ਉਸ ਦੀ ਭੂਆ ਇਸ ਕਰਕੇ ਤੇਰੀ ਬੀਬੀ ਦੀ ਜ਼ਿਆਦਾ ਸੁਣਵਾਈ ਹੋਵੇਗੀ ਕਹਿ ਕੇ ਫੋਨ ਕੱਟ ਦਿੱਤਾ। ਫੇਰ ਮੈਨੂੰ ਦੱਸਣ ਲੱਗੇ ਕਿ ਮੇਰਾ ਬੇਟਾ ਸੀ। ਇਸ ਤੇ ਕੋਈ ਛੋਟਾ ਮੋਟਾ ਪਰਚਾ ਦਰਜ ਹੋਇਆ ਸੀ। ਓਸ ਵੇਲੇ ਜਦੋਂ ਮੈਂ ਆਪਣੇ ਮਾਲਕਾਂ ਨੂੰ ਮਦਦ ਲਈ ਫੋਨ ਕਰਿਆ ਸੀ ਤਾਂ ਕਹਿੰਦੇ ਗੱਲ ਹੀ ਕੋਈ ਨੀ ਪੁਲਿਸ ਤਾਂ ਸਾਡੀ ਜੇਬ ਚ ਐ, ਪੁਲਿਸ ਦੇ ਅਫਸਰ ਸਾਡਾ ਪਾਣੀ ਭਰਦੇ ਨੇ, ਮੈਂ ਪੁੱਛਿਆ ਫੇਰ ਕੀ ਬਣਿਆਂ ਕਹਿੰਦਾ ਬਣਨਾ ਕੀ ਸੀ। ਪਰਚਾ ਦਰਜ ਹੋ ਗਿਆ ਅਸਲ ਚ ਮੈਨੂੰ ਉਸ ਦਿਨ ਪਤਾ ਲੱਗਿਆ ਕਿ ਇਹ ਉਹ ਲੋਕ ਨੇ ਜੋ ਗੱਲਾਂ ਜੋਗੇ ਹੀ ਨੇ ਗੱਲਾਂ ਨਾਲ ਹੀ ਮੋਇਆਂ ਨੂੰ ਜਿਉਂਦੇ ਕਰਦੇ ਨੇ ਅਤੇ ਨਾਲ-ਨਾਲ ਡਰਾਈਵਰ ਜੀ ਆਪਣੇ ਕੰਮ ਨੂੰ ਅੰਜਾਮ ਤੱਕ ਪੁੱਜਦਾ ਕਰ ਰਹੇ ਸਨ।

ਫੇਰ ਇੰਨੇ ਨੂੰ ਡਰਾਇਵਰ ਲਈ ਆਪਣੇ ਮਕਾਨ ਉਸਾਰੀ ਤੇ ਨਾਲ ਕੰਮ ਤੇ ਲੱਗੇ ਜਾਬੇਦ ਹੁਸੈਨ (ਜੈਬਾ) ਚਾਹ ਲੈਕੇ ਆ ਗਏ, ਚਾਹ ਪੀਂਦੇ-ਪੀਂਦੇ ਡਰਾਈਵਰ ਨੂੰ ਫੇਰ ਫੋਨ ਆ ਗਿਆ ਇਸ ਵਾਰ ਡਰਾਈਵਰ ਨੇ ਕਿਹਾ ਕਿ ਪਹਿਲਾਂ ਤਾਂ ਤੂੰ ਮੈਨੂੰ ਮੇਰੇ ਸਾਰਿਆ ਸਾਕ-ਸਬੰਦੀਆਂ ਨਾਲੋਂ ਤੋੜ ਦਿੱਤਾ। ਉਦੋਂ ਕਹਿੰਦੀ ਸੀ , ਆਪਣੀਆਂ ਦੇ ਜਾਂਦਾ, ਆਪਣੀਆਂ ਦੇ ਜਾਂਦਾ! ਹੁਣ ਮੈਂ ਕਿਹੜੇ ਮੂੰਹ ਨਾਲ ਜਾਵਾ ਕਹਿ ਕੇ ਫੋਨ ਕੱਟ ਦਿੱਤਾ। ਫੇਰ ਮੈਨੂੰ ਦੱਸਣ ਲੱਗੇ ਕਿ ਮੇਰੇ ਰਿਸ਼ਤੇਦਾਰ ਚੰਗੇ ਅਫਸਰ ਲੱਗੇ ਹਨ ਪਰ ਹੁਣ ਮੇਰਾ ਕਿਸੇ ਦੇ ਆਉਣਾ ਜਾਣਾ ਨਹੀਂ । ਫੇਰ ਡਰਾਈਵਰ  ਕੁੱਝ ਬੀਤੇ ਵੇਲੇ ਦੀਆਂ ਗੱਲਾਂ ਦੱਸਣ ਲੱਗਾ, ਜਦੋਂ ਉਹ ਜਵਾਨ ਸੀ। ਸਾਰੇ ਨੇੜੇ ਸੀ ਕਿਸੇ ਨੂੰ ਖੰਗਣ ਨਹੀਂ ਸੀ ਦਿੰਦਾ, ਰੇਤਾ ਉਤਾਰਨ ਦਾ ਕੰਮ ਵੀ ਮੁਕੱਦਾ ਜਾਅ ਰਿਹਾ ਸੀ ਤੇ ਆਖਰ 'ਚ ਡਰਾਈਵਰ ਨੂੰ ਮੈਂ ਉਹ ਪੈਸੇ ਦਿੱਤੇ ਜਿਸ ਬਾਰੇ ਮੇਰੀ ਇਹਨਾਂ ਦੇ ਮਾਲਕਾਂ ਨਾਲ ਗੱਲ ਹੋਈ ਸੀ ਕੰਮ ਪੂਰਾ ਕਰ ਕੇ ਡਰਾਈਵਰ ਮੁੜ ਡੱਬੀਆਂ ਵਾਲਾ ਪ੍ਰਣਾ ਸਵਾਰਦਾ, ਚਲਾ ਗਿਆ, ਤੇ ਜਿਨ੍ਹਾਂ ਤਜ਼ਰਬਿਆਂ ਨੇ ਡਰਾਈਵਰ ਜੀ ਨੂੰ 46 ਦੀ ਉਮਰ ਚ 60-65 ਸਾਲ ਦਾ ਬਣਾ ਦਿੱਤਾ ਸੀ ਉਹ ਆਪਣੇ ਜਿੰਦਗੀ ਦੇ ਕੁਝ ਤਜੁਰਬੇ ਮੇਰੇ ਕੋਲ ਛੱਡ ਗਿਆ। 

 

ਅਜੈ ਸਭਰਵਾਲ, 

ਏ.ਐਸ.ਆਈ. ਪੰਜਾਬ ਪੁਲਿਸ।