ਜੁਰਮਾਂ ਦਾ ਮਿਊਜ਼ੀਅਮ ਯੂ.ਪੀ
ਸਾਡਾ ਸਮਾਜ
ਐਡਵੋਕੇਟ ਸਿੰਘ ਸ਼ੁਗਲੀ
ਅਸੀਂ ਪਿਛਲੇ ਸਾਲ ਸਤੰਬਰ ਵਿੱਚ ਹਾਥਰਸ ਇਲਾਕੇ ਵਿੱਚ ਇੱਕ ਅਤਿ ਭਿਆਨਕ, ਘਿਨਾਉਣੀ ਵਾਪਰੀ ਘਟਨਾ ਦਾ ਜ਼ਿਕਰ ਚਾਰ ਅਕਤੂਬਰ 2020 ਨੂੰ ‘ਜੁਰਮਾਂ ਦਾ ਮਿਊਜ਼ੀਅਮ ਯੂ ਪੀ’ ਸਿਰਲੇਖ ਹੇਠ ਆਪਣੇ ਕਾਲਮ ਵਿੱਚ ਕੀਤਾ ਸੀ, ਜਿਸ ਵਿੱਚ ਘਰਦਿਆਂ ਦੀ ਪ੍ਰਵਾਨਗੀ ਤੋਂ ਬਿਨਾਂ ਜਦ ਯੋਗੀ ਦੀ ਲਾਡਲੀ ਪੁਲਿਸ ਨੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਕ ਅੱਧੀ ਰਾਤ ਤੋਂ ਬਾਅਦ ਕੋਈ ਢਾਈ ਤਿੰਨ ਵਜੇ ਤੜਕੇ ਹਾਥਰਸ ਦੀ ਨਿਰਭੈਆ ਨੂੰ ਬਿਨਾਂ ਘਰਦਿਆਂ ਦੀ ਆਗਿਆ ਤੋਂ ਜਲਦੀ-ਜਲਦੀ ਅਗਨੀ ਭੇਂਟ ਕਰ ਦਿੱਤਾ ਗਿਆ ਸੀ, ਤਾਂ ਉਸ ਵਕਤ ਪੀੜਤਾ ਦੀ ਮਾਂ, ਭੈਣ, ਪਿਓ ਅਤੇ ਭਰਾ ’ਤੇ ਕੀ ਬੀਤੀ ਹੋਵੇਗੀ। ਇਸ ਬਾਰੇ ਤਾਂ ਕੋਈ ਔਲਾਦ ਵਾਲਾ ਹੀ ਅਨੁਭਵ ਕਰ ਸਕਦਾ ਹੈ ਨਾ ਕਿ ਕੋਈ ਬੇ-ਔਲਾਦ, ਭਾਵੇਂ ਕਿ ਉਹ ਸੂਬੇ ਦਾ ਬੇ-ਔਲਾਦ ਮੁਖੀ ਹੋਵੇ, ਜਿਸ ਵਿੱਚ ਪਰਿਵਾਰ ਤੋਂ ਉਹ ਅਧਿਕਾਰ ਵੀ ਖੋਹ ਲਏ ਸਨ, ਜੋ ਮੌਤ ਤੋਂ ਬਾਅਦ ਘਰਦਿਆਂ ਪਾਸ ਹੁੰਦੇ ਹਨ। ਯੂ ਪੀ ਸੂਬਾ, ਜਿੱਥੇ ਕੋਈ ਦਿਨ ਹੀ ਅਜਿਹਾ ਹੁੰਦਾ ਹੋਵੇਗਾ, ਜਿਸ ਦਿਨ ਬੇਟੀਆਂ ਨਾਲ ਅਜਿਹਾ ਨਾ ਬੀਤਦਾ ਹੋਵੇ। ਇਹ ਸੂਬਾ ਜਿਸ ਵਿੱਚ ਭਗਵਾਂਧਾਰੀ ਮੁਖੀ ਨੇ ‘ਮਿਸ਼ਨ ਸ਼ਕਤੀ’ ਚਲਾਇਆ, ਜਿਸ ਬਾਰੇ ਸਮੇਂ-ਸਮੇਂ ਸਿਰ ਡੀਂਗਾਂ ਮਾਰੀਆਂ, ਉਹ ਵੀ ਫੇਲ ਹੋਇਆ। ਇਸ ਕਰਕੇ ਇਸ ਸੂਬੇ ਬਾਰੇ ਆਖਿਆ ਜਾਂਦਾ ਹੈ ਕਿ ਇਹ ਉਹ ਸੂਬਾ ਹੈ, ਜਿੱਥੇ ਬੇਟੀ ਦੀ ਬਜਾਏ ਗਾਂ ਸੁਰੱਖਿਅਤ ਹੈ। ਯੂ ਪੀ ਵਿੱਚ ਇੱਥੇ ਹਾਥਰਸ ਇਲਾਕੇ ਵਿੱਚ ਇਸੇ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਅਜਿਹੀ ਅਣਸੁਖਾਵੀਂ, ਭਿਆਨਕ ਅਤੇ ਅਤੀ ਨਿੰਦਣਯੋਗ ਘਟਨਾ ਵਾਪਰੀ, ਜਿਸ ਦੀ ਸ਼ੁਰੂਆਤ 2018 ਵਿੱਚ ਹੋ ਚੁੱਕੀ ਸੀ। ਜੋ ਸਰਕਾਰ ਦੇ ਧਿਆਨ ਵਿੱਚ ਸੀ। ਜੇਕਰ ਗ੍ਰਹਿ ਵਿਭਾਗ ਧਿਆਨ ਦਿੰਦਾ ਤਾਂ ਇਸ ਮੰਦਭਾਗੀ ਘਟਨਾ ਤੋਂ ਬਚਿਆ ਜਾ ਸਕਦਾ ਸੀ। ਜ਼ਰਾ ਘਟਨਾ ਵੱਲ ਧਿਆਨ ਦਿਓ, ਲਖਨਊ ਜ਼ਿਲ੍ਹੇ ਦੇ ਸ਼ਾਸਨੀ ਇਲਾਕੇ ਵਿਖੇ ਇੱਕ ਕਿਸਾਨ ਦੀ ਬੇਟੀ ਨਾਲ ਉੱਚ ਜਾਤੀ ਦਾ ਵਿਆਹਿਆ ਹੋਇਆ ਲਫੰਗਾ, ਗੌਰਵ ਸ਼ਰਮਾ ਨਾਂਅ ਦਾ ਵਿਅਕਤੀ ਛੇੜਛਾੜ ਕਰਦਾ ਸੀ। ਉਹਦੀ ਪਿੰਡ ਲੈਵਲ ’ਤੇ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ, ਪਰ ਜੋਰਾਵਰ ਹੋਣ ਕਰਕੇ ਜਦ ਉਹ ਬਾਜ਼ ਨਾ ਆਇਆ ਤਾਂ ਲੜਕੀ ਅਤੇ ਉਸ ਦੇ ਘਰਦਿਆਂ ਵੱਲੋਂ ਇੱਕ ਸ਼ਿਕਾਇਤ ਦਰਜ ਕਰਾਈ ਗਈ, ਜਿਸਦੇ ਅਧਾਰ ’ਤੇ ਦੋਸ਼ੀ ਗੌਰਵ ਸ਼ਰਮਾ ਨੂੰ ਕੁਝ ਸਮਾਂ ਜੇਲ ਵੀ ਜਾਣਾ ਪਿਆ। ਜ਼ਮਾਨਤ ’ਤੇ ਬਾਹਰ ਆ ਕੇ ਉਹ ਫਿਰ ਆਪਣੀਆਂ ਕਮੀਨੀਆਂ ਹਰਕਤਾਂ ਤੋਂ ਬਾਜ਼ ਨਾ ਆਇਆ, ਜਿਸ ’ਤੇ ਲੜਕੀ ਦੇ ਬਾਪ ਨੇ ਫਿਰ ਸਮਝਾਉਣ ਦੀ ਕਵਾਇਤ ਸ਼ੁਰੂ ਕੀਤੀ। ਜਿਸ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਦੋਸ਼ੀ ਨੇ ਆਪਣੇ ਤਿੰਨ ਨੇੜਲੇ ਸਾਥੀਆਂ ਨੂੰ ਨਾਲ ਲੈ ਕੇ ਜੋ ਉਸਦੀ ਜਾਤੀ ਨਾਲ ਹੀ ਸੰਬੰਧ ਰੱਖਦੇ ਸਨ, ਕਿਸਾਨ ਦੀਆਂ ਪੈਲੀਆਂ ਵਿੱਚ ਜਾ ਕੇ ਜਿੱਥੇ ਕਿਸਾਨ ਮਜ਼ਦੂਰਾਂ ਕੋਲੋਂ ਆਪਣੇ ਆਲੂਆਂ ਦੀ ਫ਼ਸਲ ਪੁਟਾਅ ਰਿਹਾ ਸੀ, ਕਿਸਾਨ ਦੀ ਲੜਕੀ ਅਤੇ ਉਸ ਦੀ ਮਾਂ ਜੋ ਰੋਟੀ ਵਗੈਰਾ ਲੈ ਕੇ ਗਈਆਂ ਸਨ ਅਤੇ ਮੌਕੇ ’ਤੇ ਮੌਜੂਦ ਸਨ, ਉਹਨਾਂ ਦੀ ਹਾਜ਼ਰੀ ਵਿੱਚ ਚਾਰਾਂ ਦੋਸ਼ੀਆਂ ਨੇ ਗੋਲੀਆਂ ਮਾਰ ਕੇ ਉਸ ਪੀੜਤਾਂ ਦੇ ਕਿਸਾਨ ਬਾਪ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਚੌਹਾਂ ਦੋਸ਼ੀਆਂ ਵਿੱਚੋਂ ਤਿੰਨ ਦੋਸ਼ੀ ਕਾਬੂ ਕਰ ਲਏ ਗਏ ਹਨ। ਚੌਥਾ ਅਤੇ ਮੁੱਖ ਮੁਲਜ਼ਮ ਗੌਰਵ ਸ਼ਰਮਾ ਅਜੇ ਤਕ ਫਰਾਰ ਹੈ, ਜਿਸ ’ਤੇ ਪੁਲਿਸ ਮੁਖੀ ਰਾਜੀਵ ਕ੍ਰਿਸ਼ਨ ਨੇ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਜਿਸ ਬਾਰੇ ਮ੍ਰਿਤਕ ਦੀ ਪੀੜਤ ਬੇਟੀ ਨੇ ਕਿਹਾ ਹੈ ਕਿ ਪੁਲਿਸ ਮੁੱਖ ਮੁਲਜ਼ਮ ਨੂੰ ਨਹੀਂ ਫੜ ਰਹੀ। ਉਸ ਦਾ ਐਨਕਾਊਂਟਰ ਹੋਣਾ ਚਾਹੀਦਾ ਹੈ।
ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਭਗਵਾਂ ਫਹਿਰਾਅ ਦੇਣ ਨਾਲ ਸਭ ਕੁਝ ਠੀਕ ਨਹੀਂ ਹੋ ਜਾਂਦਾ। ਜੇਕਰ ਅਜਿਹਾ ਹੁੰਦਾ ਤਾਂ ਯੂ ਪੀ ਵਿੱਚ ਐਨੀ ਹਨੇਰਗਰਦੀ ਨਾ ਹੁੰਦੀ। ਹੁਣ ਯੋਗੀ ਜੀ ਪੱਛਮੀ ਬੰਗਾਲ ਵਿੱਚ ਜਾ ਕੇ ਮਿਸ਼ਨ ਸ਼ਕਤੀ ਬਾਰੇ ਹਿੱਕ ਠੋਕ-ਠੋਕ ਕੇ ਕਹਿ ਰਹੇ ਹਨ ਕਿ ਬੰਗਾਲੀਓ ਇੱਕ ਵਾਰ ਭਾਜਪਾ ਨੂੰ ਮੌਕਾ ਦਿਓ। ਇਸ ਨੂੰ ਸੁਨਾਰ ਬੰਗਲੇ ਦੇ ਨਾਲ-ਨਾਲ ਯੂ ਪੀ ਵਾਂਗ ‘ਮਿਸ਼ਨ ਸ਼ਕਤੀ’ ਰਾਹੀਂ ਲਾਅ ਐਂਡ ਆਰਡਰ ਕਾਇਮ ਕਰਾਂਗੇ। ਤੁਸੀਂ ਦੇਖੋਗੇ ਕਿ ਸਮਾਜ ਵਿਰੋਧੀ ਅਨਸਰ ਆਪਣੇ ਗਲਾਂ ਵਿੱਚ ਤਖਤੀਆਂ ਪਾ ਕੇ ਆਪਣੀ ਜਾਨ ਦੀ ਭੀਖ ਮੰਗਣਗੇ। ਪਰ ਯੂ ਪੀ ਵਿੱਚ ਮਿਸ਼ਨ ਸ਼ਕਤੀ ਇੱਥੋਂ ਤਕ ਫੇਲ ਹੋਇਆ ਹੈ ਕਿ ਰੋਜ਼ ਨਿੱਤ ਨਵੀਂਆਂ ਘਟਨਾਵਾਂ ਵਾਪਰ ਰਹੀਆਂ ਹਨ। ਕੋਈ ਬੇਟੀ ਕੰਮ ਕਰਦੀ-ਕਰਦੀ ਪਾਣੀ ਪੀਣ ਗਈ, ਮੁੜ ਨਹੀਂ ਪਰਤੀ। ਖੋਜ ਕੀਤੀ ਗਈ ਤਾਂ ਜਿੱਧਰ ਪਾਣੀ ਲਈ ਗਈ, ਅਚਾਨਕ ਪੈਰ ਥੱਲੇ ਨੂੰ ਗਿਆ। ਸ਼ੱਕ ਪੈਣ ’ਤੇ ਪੁੱਟਣ ’ਤੇ ਉਸ ਬੱਚੀ ਦੀ ਛੇ ਦਿਨਾਂ ਬਾਅਦ ਲਾਸ਼ ਮਿਲੀ। ਹੁਣ ਦੋਸ਼ੀ ਫੜਿਆ ਗਿਆ ਅਤੇ ਜੇਲ ਵਿੱਚ ਹੈ। ਇਸੇ ਤਰ੍ਹਾਂ ਕੋਈ ਇਕਤਰਫ਼ਾ ਪਿਆਰ ਕਰਨ ਵਾਲਾ ਪਾਣੀ ਵਿੱਚ ਜ਼ਹਿਰ ਪਾ ਕੇ ਪਿਲਾ ਦਿੰਦਾ ਹੈ। ਇੱਕ ਦੀ ਬਜਾਏ ਤਿੰਨ ਜਣੀਆਂ ਉਸ ਘਟਨਾ ਦਾ ਸ਼ਿਕਾਰ ਹੋ ਜਾਂਦੀਆਂ ਹਨ। ਅਜਿਹਾ ਇਸ ਲਈ ਹੋ ਰਿਹਾ ਹੈ ਕਿ ਅਪਰਾਧੀਆਂ ਨੂੰ ਸਿਆਸੀ ਪਨਾਹ ਮਿਲ ਰਹੀ ਹੈ। ਲਗਦਾ ਹੈ ਕਿ ਨਿਆਂ ਪਾਲਿਕਾ ’ਤੇ ਵੀ ਸਿਆਸੀ ਦਬਾਅ ਹੈ। ਰਾਜ ਕਰਦੀ ਪਾਰਟੀ ਆਪਣੇ ਸਿਆਸੀ ਕਾਰਕੁੰਨਾਂ ਨੂੰ ਹਰੇਕ ਤਰ੍ਹਾਂ ਦੀ ਮਦਦ ਮੁਹਈਆ ਕਰਵਾ ਰਹੀ ਹੈ। ਇਸੇ ਕਰਕੇ ਇੱਕ ਭਾਜਪਾ ਸੰਸਦ ਮੈਂਬਰ ਦੇ ਬੇਟੇ ਨੇ ਆਪਣੇ ਸਾਲੇ ਤੋਂ ਖੁਦ ’ਤੇ ਗੋਲੀ ਚਲਵਾ ਕੇ ਵਿਰੋਧੀਆਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਅਧੂਰਾ ਡਰਾਮਾ ਵੀ ਬੀਤੇ ਦਿਨ ਹੋ ਨਿੱਬੜਿਆ। ਪੁਲਿਸ ਦੇ ਦੱਸਣ ਮੁਤਾਬਕ ਹੁਣ ਤਕ ਦੀ ਤਹਿਕੀਕਾਤ ਵਿੱਚ ਪਤਾ ਲੱਗਾ ਹੈ ਕਿ ਸੰਸਦ ਮੈਂਬਰ ਦੇ ਬੇਟੇ ਦੇ ਕਹਿਣ ’ਤੇ ਉਸ ਦੇ ਸਾਲੇ ਨੇ ਗੋਲੀ ਚਲਾਈ ਸੀ। ਇਹ ਸਭ ਉਸ ਨੇ ਕਬੂਲ ਕਰ ਲਿਆ ਹੈ। ਮੁੱਖ ਦੋਸ਼ੀ ਭਗੌੜਾ ਹੈ। ਸਾਂਸਦ ਭਾਜਪਾ ਬਾਪ ਆਖ ਰਿਹਾ ਕਿ ਅਸੀਂ ਉਸ ਨਾਲੋਂ ਉਸ ਵਕਤ ਨਾਤਾ ਤੋੜ ਲਿਆ ਸੀ, ਜਦ ਉਸ ਨੇ ਲਵ ਮੈਰਿਜ ਕੀਤੀ ਸੀ। ਕਿੰਨੀ ਹਾਸੋਹੀਣੀ ਦਲੀਲ ਦੇ ਰਿਹਾ ਹੈ।ਲਾਅ ਐਂਡ ਆਰਡਰ ਤਕਰੀਬਨ ਸਾਰੇ ਸੂਬਿਆਂ ਦੀ ਘੱਟ-ਵੱਧ ਸਮੱਸਿਆ ਹੈ, ਪਰ ਯੂ ਪੀ ਸਰਕਾਰ ਜਿਸ ਤਰ੍ਹਾਂ ਇਸ ਮਸਲੇ ਵਿੱਚ ਆਪਣੀ ਪਿੱਠ ਆਪ ਥਾਪੜ ਰਹੀ ਹੈ, ਹੋ ਇਸਦੇ ਉਲਟ ਰਿਹਾ ਹੈ। ਔਰਤਾਂ ਖ਼ਿਲਾਫ਼ ਜੋ ਅਪਰਾਧ ਹੋ ਰਹੇ ਹਨ, ਉਨ੍ਹਾਂ ਵਿੱਚੋਂ 14.7% ਇਕੱਲੀ ਯੂ ਪੀ ਵਿੱਚ ਹੋ ਰਹੇ ਹਨ। ਯੂ ਪੀ ਵਿੱਚ ਕਿਤੇ ਆਪਣੇ ਪੇਸ਼ੇ ਤੋਂ ਡਾਂਸ ਕਰਕੇ ਡਾਂਸਰ] ਵਾਪਸ ਆ ਰਹੀਆਂ ਹੁੰਦੀਆਂ ਹਨ ਤਾਂ ਰਸਤੇ ਵਿੱਚ ਗੁੰਡਾ ਅਨਸਰ ਉਨ੍ਹਾਂ ਨੂੰ ਘੇਰ ਲੈਂਦਾ ਹੈ ਅਤੇ ਜਿਸਮਾਨੀ ਜ਼ਿਆਦਤੀ ਕਰਦਾ ਹੈ। ਪੁਲਿਸ ਪਾਸ ਫਰਿਆਦ ਕੀਤੀ ਜਾਂਦੀ ਹੈ। ਕੋਈ ਐੱਫ ਆਈ ਆਰ ਦਰਜ ਨਹੀਂ ਕੀਤੀ ਜਾਂਦੀ। ਜਦ ਬਾਅਦ ਵਿੱਚ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਫਿਰ ਜਾ ਕੇ ਪਰਚਾ ਦਰਜ ਕੀਤਾ ਜਾਂਦਾ ਹੈ। ਕੀ ਅਜਿਹੀ ਘਟਨਾ ਤੋਂ ਇਹ ਨਹੀਂ ਜਾਪਦਾ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਪੁਲਿਸ ਹਰਕਤਾਂ ਵਿੱਚ ਕਿੰਨੀ ਨੇੜਤਾ ਲਗਦੀ ਹੈ? ਜੇਕਰ ਉਪਰੋਕਤ ਖ਼ਬਰ ਵਾਇਰਲ ਨਾ ਹੁੰਦੀ ਤਾਂ ਐੱਫ ਆਈ ਆਰ ਵੀ ਦਰਜ ਨਹੀਂ ਸੀ ਹੋਣੀ।
ਮੁੱਕਦੀ ਗੱਲ, ਜੇਕਰ ਯੂ ਪੀ ਸੂਬੇ ਵਿੱਚ ਪਿਛਲੇ ਸਾਲ ਵਾਪਰੇ ਹਾਥਰਸ ਮਾਮਲੇ ਤੋਂ ਯੂ ਪੀ ਸਰਕਾਰ ਨੇ ਕੋਈ ਸਬਕ ਸਿੱਖਿਆ ਹੁੰਦਾ ਅਤੇ ਉਸ ਸਬਕ ਮੁਤਾਬਕ ਸੁਧਾਰ ਕੀਤਾ ਹੁੰਦਾ ਤਾਂ ਫਿਰ ਇਸ ਸਾਲ ਦੁਬਾਰਾ ਹਾਥਰਸ ਕਾਂਡ ਨਾ ਵਾਪਰਦਾ। ਅਜਿਹਾ ਇਸ ਲਈ ਹੋ ਰਿਹਾ ਹੈ, ਕਿਉਂਕਿ ਯੂ ਪੀ ਵਿੱਚ ਯੋਗੀ ਸਰਕਾਰ ਕਹਿ ਕੁਝ ਹੋਰ ਰਹੀ ਹੈ ਅਤੇ ਕਰ ਕੁਝ ਹੋਰ ਰਹੀ ਹੈ। ਜਦ ਤਕ ਕਹਿਣੀ ਅਤੇ ਕਰਨੀ ਵਿੱਚ ਫ਼ਰਕ ਰਹੇਗਾ, ਤਦ ਤਕ ਅਜਿਹਾ ਵਾਪਰਦਾ ਰਹੇਗਾ।
Comments (0)