ਕੀਰਤਨ ਦੀ ਮਰਿਆਦਾ ਬਹਾਲ ਕਰਨ ਲਈ ਰਾਗੀ ਜੱਥਿਆਂ ਵੱਲੋਂ ਗੁਰਬਾਣੀ ਨਾਲ ਕੀਤੀ ਜਾ ਰਹੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਏਗੀ: ਜਸਪ੍ਰੀਤ ਸਿੰਘ ਕਰਮਸਰ
ਫਿਲਮੀ ਧੁਨਾਂ ਜਾਂ ਗੁਰਬਾਣੀ ਨਾਲ ਛੇੜਛਾੜ ਕਰਨ ਵਾਲੇ ਰਾਗੀ ਜੱਥਿਆਂ ਨੂੰ ਨਹੀਂ ਕਰਨ ਦਿੱਤਾ ਜਾਏਗਾ ਕੀਰਤਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 31 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਸੰਗਤਾਂ ਨੂੰ ਸੰਬੋਧਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਅਤੇ ਹੈਡ ਗ੍ਰੰਥੀ ਸਾਹਿਬਾਨ ਨਾਲ ਵਿਚਾਰ ਕਰਨ ਤੋਂ ਬਾਅਦ ਪ੍ਰਸਤਾਵ ਪਾਸ ਕੀਤਾ ਗਿਆ ਹੈ ਕਿ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਧਾਰਤ ਮਰਿਆਦਾ ਦੇ ਅਨੁਸਾਰ ਕੀਰਤਨ ਕਰਨ ਵਾਲੇ ਜੱਥਿਆਂ ਨੂੰ ਹੀ ਸਮਾਂ ਦਿੱਤਾ ਜਾਏਗਾ।
ਸ: ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਵੇਖਿਆ ਜਾ ਰਿਹਾ ਹੈ ਕਿ ਰਾਗੀ ਜੱਥਿਆਂ ਵੱਲੋਂ ਫ਼ਿਲਮੀ ਧੁਨਾਂ ਜਾਂ ਸੰਗੀਤ 'ਤੇ ਆਧਾਰਿਤ ਧੁਨ ਤਿਆਰ ਕਰਕੇ ਕੀਰਤਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਕੁਝ ਰਾਗੀ ਜੱਥੇ ਗੁਰਬਾਣੀ ਦੀ ਇੱਕ ਪੰਕਤੀ ਲੈ ਕੇ ਉਸਨੂੰ ਵਿਚਕਾਰ ਛੱਡ ਕੇ ਵਾਹਿਗੁਰੂ ਸਿਮਰਨ ਕਰਵਾਉਣ ਲਗਦੇ ਹਨ, ਫਿਰ ਦੂਜੀ ਪੰਕਤੀ ਲੈ ਕੇ ਕੀਰਤਨ ਸ਼ੁਰੂ ਕਰ ਦਿੰਦੇ ਹਨ ਜੋ ਕਿ ਮਰਿਆਦਾ ਦੇ ਉਲਟ ਹੈ। ਇਸ ਤੋਂ ਪਹਿਲਾਂ ਪੁਰਾਤਨ ਸਮੇਂ ਵਿੱਚ ਰਾਗਾਂ ਦੇ ਆਧਾਰ 'ਤੇ ਕੀਰਤਨ ਕੀਤਾ ਜਾਂਦਾ ਸੀ ਉਸੇ ਪੁਰਾਤਨ ਮਰਿਆਦਾ ਨੂੰ ਅਪਣਾਉਣ ਦੀ ਲੋੜ ਹੈ। ਜੇ ਸਮੇਂ ਸਿਰ ਇਹਨਾਂ ਨੂੰ ਰੋਕਿਆ ਨਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਜਿਵੇਂ ਸਿੱਖ ਇਤਿਹਾਸ ਨਾਲ ਛੇੜਛਾੜ ਹੋਈ ਹੈ ਉਸੇ ਤਰ੍ਹਾਂ ਗੁਰਬਾਣੀ ਨਾਲ ਵੀ ਛੇੜਛਾੜ ਹੁੰਦੀ ਚਲੀ ਜਾਏਗੀ।
ਸ: ਜਸਪ੍ਰੀਤ ਸਿੰਘ ਕਰਮਸਰ ਨੇ ਰਾਗੀ ਜੱਥਿਆਂ ਤੋਂ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਨਿਰਧਾਰਤ ਮਰਿਆਦਾ ਦੇ ਅਨੁਸਾਰ ਕੀਰਤਨ ਦੇ ਸਮੇਂ ਕੀਰਤਨ, ਕਥਾ ਦੇ ਸਮੇਂ ਕਥਾ ਕਰਨੀ ਚਾਹੀਦੀ ਹੈ ਅਤੇ ਨਾਮ ਸਿਮਰਨ ਲਈ ਅਲੱਗ ਤੋਂ ਸਮਾਂ ਦਿੱਤਾ ਜਾਏਗਾ। ਤਿੰਨੋਂ ਨੂੰ ਮਿਕਸ ਕਰਕੇ ਗੁਰਬਾਣੀ ਨਾਲ ਛੇੜਛਾੜ਼ ਨੂੰ ਜੋ ਕਲਚਰ ਰਾਗੀ ਜੱਥਿਆਂ ਨੇ ਸ਼ੁਰੂ ਕੀਤਾ ਹੈ ਉਸ ਨੂੰ ਤੁਰੰਤ ਪ੍ਰਭਾਵ ਨਾਲ ਰੋਕਣਾ ਹੋਵੇਗਾ। ਉਹਨਾਂ ਨੇ ਸੰਗਤ ਤੋਂ ਵੀ ਅਪੀਲ ਕੀਤੀ ਹੈ ਕਿ ਰਾਗੀ ਜੱਥਿਆਂ ਤੋਂ ਮਰਿਆਦਿਤ ਗੁਰਬਾਣੀ 'ਤੇ ਆਧਾਰਿਤ ਸ਼ਬਦ ਗਾਇਨ ਕਰਨ ਦੀ ਮੰਗ ਕੀਤੀ ਜਾਵੇ। ਉਹਨਾਂ ਕਿਹਾ ਕਿ ਅੱਜ ਵੀ ਬਹੁਤ ਸਾਰੇ ਰਾਗੀ ਜੱਥੇ ਅਜੇਹੇ ਹਨ ਜੋ ਰਾਗਾਂ 'ਤੇ ਆਧਾਰਿਤ ਕੀਰਤਨ ਕਰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਨਿਰਧਾਰਤ ਮਰਿਆਦਾ ਦੇ ਹਿਸਾਬ ਨਾਲ ਕੀਰਤਨ ਕਰਦੇ ਹਨ, ਸੰਗਤਾਂ ਨੂੰ ਉਹਨਾਂ ਨੂੰ ਕੀਰਤਨ ਸਮਾਗਮਾਂ ਦੌਰਾਨ ਸਮਾਂ ਦੇਣਾ ਚਾਹੀਦਾ ਹੈ।
Comments (0)