ਭਾਰਤ ਦੇ ਸਾਰੇ ਸੂਬਿਆਂ ਦੇ ਲਗਭਗ 44 ਫੀਸਦੀ ਕਰੋੜਪਤੀ ਵਿਧਾਇਕ ਫੌਜਦਾਰੀ ਮਾਮਲਿਆਂ ਵਿਚ ਉਲਝੇ
ਐਸੋਸੀਏਸ਼ਨ ਆਫ ਡੈਮੋਕਰੇਟਿਵ ਰੀਫਾਰਮਜ਼(ਏ.ਡੀ.ਆਰ) ਵਲੋਂ ਕੀਤੇ ਸਰਵੇ ਅਨੁਸਾਰ ਇੱਕ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ ਸਾਰੇ ਸੂਬਿਆਂ ਦੇ ਲਗਭਗ 44 ਫੀਸਦੀ ਵਿਧਾਇਕਾਂ ਨੇ ਆਪਣੇ ਖਿਲਾਫ ਫੌਜਦਾਰੀ ਮਾਮਲੇ ਘੋਸ਼ਿਤ ਕੀਤੇ ਹਨ।
ਏ.ਡੀ.ਆਰ. ਅਤੇ ਨੈਸ਼ਨਲ ਇਲੈਕਸ਼ਨ ਵਾਚ(ਐਨ.ਈ.ਡਬਲਯੂ) ਵਲੋਂ ਕੀਤੇ ਗਏ ਸਰਵੇ 'ਚ ਦੇਸ਼ ਭਰ ਦੀਆਂ ਰਾਜ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਮੌਜੂਦਾ ਵਿਧਾਇਕਾਂ ਵਲੋਂ ਚੋਣ ਲੜਨ ਤੋਂ ਪਹਿਲਾਂ ਦਾਇਰ ਕੀਤੇ ਗਏ ਹਲਫਨਾਮਿਆਂ ਦੀ ਪੜਤਾਲ ਕੀਤੀ ਗਈ ਅਤੇ ਸਬੰਧਤ ਵੇਰਵਾ ਪ੍ਰਾਪਤ ਕੀਤਾ ਗਿਆ।
ਵਿਸ਼ਲੇਸ਼ਣ ਵਿੱਚ 28 ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ 4,033 ਵਿਚੋਂ ਕੁਲ 4001 ਦਾ ਵੇਰਵਾ ਸ਼ਾਮਲ ਹੈ। ਈ.ਡੀ.ਆਰ. ਨੇ ਕਿਹਾ ਕਿ ਵਿਸ਼ਲੇਸ਼ਣ ਵਿੱਚ ਸ਼ਾਮਿਲ ਵਿਧਾਇਕਾਂ ਵਿੱਚੋਂ 1136 ਜਾਂ ਲਗਭਗ 28 ਫੀਸਦੀ ਨੇ ਆਪਣੇ ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਘੋਸ਼ਿਤ ਕੀਤੇ ਹਨ,ਜਿਹਨਾ ਵਿੱਚ ਹੱਤਿਆ, ਹੱਤਿਆ ਦੇ ਯਤਨ, ਅਪਹਰਨ ਅਤੇ ਔਰਤਾਂ ਵਿਰੁੱਧ ਅਪਰਾਧ ਨਾਲ ਸਬੰਧਤ ਦੋਸ਼ ਸ਼ਾਮਿਲ ਹਨ।
ਕੇਰਲ ਵਿੱਚ 135 ਵਿਚੋਂ 95 (70 ਫੀਸਦੀ) ਵਿਧਾਇਕਾਂ ਨੇ ਆਪਣੇ ਫੌਜਦਾਰੀ ਮਾਮਲੇ ਘੋਸ਼ਿਤ ਕੀਤੇ ਹਨ। ਇਸੇ ਤਰ੍ਹਾਂ ਬਿਹਾਰ ਵਿੱਚ 242 ਵਿਚੋਂ 161 ਵਿਧਾਇਕ (67 ਫੀਸਦੀ) ਦਿੱਲੀ ਵਿੱਚ 70 ਵਿਚੋਂ 44 ਵਿਧਾਇਕ (63 ਫੀਸਦੀ) ਮਹਾਂਰਾਸ਼ਟਰ ਵਿੱਚ 284 ਵਿਚੋਂ 175 ਵਿਧਾਇਕ (62 ਫੀਸਦੀ) ਤਿਲੰਗਾਨਾ ਵਿੱਚ 118 ਵਿੱਚ 72 ਵਿਧਾਇਕ (61 ਫੀਸਦੀ) ਅਤੇ ਤਾਮਿਲਨਾਡੂ ਵਿੱਚ 224 ਵਿਧਾਇਕਾਂ ਵਿਚੋਂ 134 ਵਿਧਾਇਕ (60 ਫੀਸਦੀ) ਨੇ ਆਪਣੇ ਹਲਫਨਾਮਿਆਂ ਵਿੱਚ ਆਪਣੇ ਖਿਲਾਫ ਅਪਰਾਧਿਕ ਮਾਮਲੇ ਘੋਸ਼ਿਤ ਕੀਤੇ ਹਨ।
ਇਸਦੇ ਨਾਲ-ਨਾਲ ਈ.ਡੀ.ਆਰ. ਨੇ ਦੱਸਿਆ ਕਿ ਦਿੱਲੀ ਵਿੱਚ 70 ਵਿੱਚ 37, ਬਿਹਾਰ ਵਿੱਚ 242 ਵਿੱਚ 122, ਮਹਾਂਰਾਸ਼ਟਰ ਵਿੱਚ 284 ਵਿਚੋਂ 114 ਵਿਧਾਇਕ, ਝਾਰਖੰਡ ਵਿੱਚ 79 ਵਿੱਚੋਂ 31 ਵਿਧਾਇਕ, ਤਿਲੰਗਾਨਾ ਵਿੱਚ 118 ਵਿੱਚੋਂ 46 ਵਿਧਾਇਕ ਅਤੇ ਉਤਰਪ੍ਰਦੇਸ਼ ਵਿੱਚ 403 ਵਿਚੋਂ 155 ਵਿਧਾਇਕਾਂ ਨੇ ਆਪਣੇ ਵਿਰੁੱਧ ਗੰਭੀਰ ਫੌਜਦਾਰੀ ਮਾਮਲੇ ਘੋਸ਼ਿਤ ਕੀਤੇ ਹਨ।
ਵਿਸ਼ਲੇਸ਼ਣ ਵਿੱਚ ਔਰਤਾਂ ਦੇ ਖਿਲਾਫ ਅਪਰਾਧਾਂ ਵਿੱਚ ਸਬੰਧਤ ਪ੍ਰੇਸ਼ਾਨ ਕਰਨ ਵਾਲੇ ਅੰਕੜੇ ਵੀ ਸਾਹਮਣੇ ਆਏ। ਜਿਸ ਵਿੱਚ ਦੱਸਿਆ ਗਿਆ ਕਿ ਕੁਲ 114 ਵਿਧਾਇਕਾਂ ਨੇ ਔਰਤਾਂ ਦੇ ਖਿਲਾਫ ਅਪਰਾਧ ਨਾਲ ਸਬੰਧਤ ਮਾਮਲਿਆਂ ਦੀ ਘੋਸ਼ਣਾ ਕੀਤੀ, ਜਿਹਨਾ ਵਿੱਚ 14 ਵਿਸ਼ੇਸ਼ ਰੂਪ ਵਿੱਚ ਬਲਾਤਕਾਰ ਨਾਲ ਸਬੰਧਤ ਮਾਮਲਿਆਂ ਦੀ ਘੋਸ਼ਣਾ ਵੀ ਕੀਤੀ ਗਈ ਹੈ।
ਵਿਸ਼ਲੇਸ਼ਣ ਵਿੱਚ ਫੌਜਦਾਰੀ ਮਾਮਲਿਆਂ ਤੋਂ ਬਿਨ੍ਹਾਂ ਵਿਧਾਇਕਾਂ ਦੀ ਜਾਇਦਾਦ ਦਾ ਵੇਰਵਾ ਵੀ ਸ਼ਾਮਲ ਹੈ। ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਪ੍ਰਤੀ ਵਿਧਾਇਕ ਔਸਤ ਜਾਇਦਾਦ 13.63 ਕਰੋੜ ਰੁਪਏ ਹੈ। ਹਾਲਾਂਕਿ ਕਿ ਅਪਰਾਧਿਕ ਮਾਮਲਿਆਂ ਵਾਲੇ ਵਿਧਾਇਕਾਂ ਦੀ ਔਸਤਨ ਜਾਇਦਾਦ 16.36 ਕਰੋੜ ਤੋਂ ਵਧ ਹੈ ਜਦਕਿ ਬਿਨ੍ਹਾਂ ਫੌਜਦਾਰੀ ਮਾਮਲਿਆਂ ਵਾਲੇ ਵਿਧਾਇਕਾਂ ਦੀ ਔਸਤ ਜਾਇਦਾਦ 11.45 ਕਰੋੜ ਹੈ। ਵਿਸ਼ਲੇਸ਼ਣ ਵਿੱਚ ਸਬੰਧਤ 4001 ਵਿਧਾਇਕਾਂ ਵਿੱਚ 88 ਅਰਬਪਤੀ ਪਾਏ ਗਏ ਹਨ, ਜਿਹਨਾ ਕੋਲ 100 ਕਰੋੜ ਤੋਂ ਵੱਧ ਦੀ ਜਾਇਦਾਦ ਹੈ। ਇਹਨਾ ਵਿੱਚ ਕਰਨਾਟਕ ਸਿਖਰਾਂ 'ਤੇ ਹੈ, ਜਿਥੇ 223 ਵਿੱਚ 32 ਵਿਧਾਇਕ ਅਰਬਪਤੀ ਹਨ।
ਗੁਰਮੀਤ ਸਿੰਘ ਪਲਾਹੀ
9815802070
Comments (0)