ਡਾ. ਜਸਬੀਰ ਸਿੰਘ ਸਾਬਰ ਨੂੰ ਚੇਤੇ ਕਰਦਿਆਂ
ਡਾ. ਜਸਬੀਰ ਸਿੰਘ ਸਾਬਰ ਸਿੱਖ ਧਰਮ ਦੇ ਵਿਦਵਾਨ, ਖੋਜੀ, ਅਧਿਆਪਕ, ਪ੍ਰਚਾਰਕ ਅਤੇ ਅਕਾਦਮਿਕ ਕਾਰਜਾਂ ਵਿਚ ਨਿਰੰਤਰ ਜੁਟੇ ਰਹਿਣ ਵਾਲੀ ਸ਼ਖ਼ਸੀਅਤ ਸਨ। ਆਪਣੇ ਤੋਂ ਵਡੇਰਿਆਂ ਅਤੇ ਛੋਟਿਆਂ ਨੂੰ ਇਕੋ ਜਿਹਾ ਸਤਿਕਾਰ ਦੇਣ ਵਾਲੇ ਸਾਬਰ ਸਾਹਿਬ ਦੀ ਨਿਮਰ ਅਤੇ ਗੁਣੀ ਸ਼ਖ਼ਸੀਅਤ ਸਭ ਨੂੰ ਪ੍ਰਭਾਿਵਤ ਕਰਨ ਵਾਲੀ ਸੀ।
ਯੂਨੀਵਰਸਿਟੀ ਵਿਖੇ ਜਦੋਂ ਕੋਈ ਅਕਾਦਮਿਕ ਕਾਰਜ ਕਰਨਾ ਹੋਵੇ ਜਾਂ ਕਿਸੇ ਸਿੱਖ ਵਿਦਵਾਨ ਨੂੰ ਮੀਟਿੰਗ ਜਾਂ ਸੈਮੀਨਾਰ ਵਿਚ ਬੁਲਾਉਣ ਦੀ ਗੱਲ ਹੁੰਦੀ ਤਾਂ ਸਾਬਰ ਸਾਹਿਬ ਦਾ ਨਾਂ ਸਾਰਿਆਂ ਦੀ ਜੁਬਾਨ ਆ ਜਾਂਦਾ ਸੀ। ਇਸ ਦਾ ਇਕ ਵੱਡਾ ਕਾਰਨ ਇਹ ਸੀ ਕਿ ਇਹ ਜਦੋਂ ਵੀ ਯੂਨੀਵਰਸਿਟੀ ਵਿਖੇ ਕਿਸੇ ਇੰਟਰਵਿਊ ਜਾਂ ਵਾਈਵੇ ਲਈ ਆਉਂਦੇ ਤਾਂ ਕਿਸੇ ਨੂੰ ਤੰਗ ਜਾਂ ਪ੍ਰੇਸ਼ਾਨ ਕਰਨ ਦੀ ਬਜਾਏ ਸਹਿਜ ਨਾਲ ਸਵਾਲ ਪੁੱਛਦੇ ਅਤੇ ਜਦੋਂ ਕੋਈ ਵਿਦਿਆਰਥੀ ਉਸ ਦਾ ਜਵਾਬ ਨਾ ਦੇ ਸਕਦਾ ਤਾਂ ਸਹਿਜ ਨਾਲ ਉਸ ਨੂੰ ਅਜਿਹਾ ਮਾਰਗ ਦਰਸ਼ਨ ਪ੍ਰਦਾਨ ਕਰ ਜਾਂਦੇ ਜਿਹੜਾ ਕਿ ਉਸ ਦੇ ਚੇਤਿਆਂ ਦਾ ਸਦੀਵੀ ਹਿੱਸਾ ਬਣ ਜਾਂਦਾ ਸੀ।
ਵੱਡੀਆਂ ਅਕਾਦਮਿਕ ਸਭਾਵਾਂ ਅਤੇ ਪੰਥਕ ਮਟਿੰਗਾਂ ਵਿਚ ਨਿਰੰਤਰ ਹਿੱਸਾ ਲੈਣ ਸਮੇਂ ਇਹ ਖ਼ੁਸ਼ੀ ਮਹਿਸੂਸ ਕਰਦੇ ਅਤੇ ਭਾਵਪੂਰਤ ਢੰਗ ਨਾਲ ਆਪਣੀ ਗੱਲ ਸ੍ਰੋਤਿਆਂ ਦੇ ਸਨਮੁਖ ਪੇਸ਼ ਕਰਦੇ ਸਨ। ਸਿੱਖ ਧਰਮ ਅਤੇ ਇਤਿਹਾਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਇਹਨਾਂ ਦੇ ਚੇਤਿਆਂ ਦਾ ਹਿੱਸਾ ਸਨ। ਇਸ ਕਰਕੇ ਇਸੇ ਮਹੀਨੇ 2 ਅਕਤੂਬਰ ਨੂੰ ਭਾਈ ਵੀਰ ਸਿੰਘ ਜੀ ਦੇ ਛੋਟੇ ਭਰਾ ਡਾ. ਬਲਬੀਰ ਸਿੰਘ ਜੀ ਦਾ 50 ਸਾਲਾ ਬਰਸੀ ਸਮਾਗਮ ਆਇਆ ਜਿਹੜਾ ਕਿ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਵਿਖੇ ਆਯੋਜਿਤ ਕੀਤਾ ਗਿਆ ਸੀ। ਸਮਾਗਮ ਆਯੋਜਿਤ ਕਰਨ ਤੋਂ ਪਹਿਲਾਂ ਮੇਰਾ ਸਹਿਯੋਗੀ ਡਾ. ਕੁਲਵਿੰਦਰ ਸਿੰਘ ਕਹਿਣ ਲੱਗਾ ਕਿ ਇਸ ਵਾਰੀ ਉਹਨਾਂ ਸ਼ਖ਼ਸੀਅਤਾਂ ਨੂੰ ਬੁਲਾਉਣਾ ਚਾਹੀਦਾ ਹੈ ਜਿਨ੍ਹਾਂ ਨੇ ਡਾ. ਬਲਬੀਰ ਸਿੰਘ ਜੀ ਦੀ ਸੰਗਤ ਦਾ ਅਨੰਦ ਮਾਣਿਆ ਹੋਵੇ। ਪਹਿਲੀ ਨਜ਼ਰੇ ਦੋ ਵਿਦਵਾਨਾਂ ਦਾ ਚੇਤਾ ਆਇਆ। ਇਹਨਾਂ ਵਿਚੋਂ ਇਕ ਡਾ. ਬਲਕਾਰ ਸਿੰਘ ਅਤੇ ਦੂਜੇ ਡਾ. ਜਸਬੀਰ ਸਿੰਘ ਸਾਬਰ ਸਨ। ਦੋਵੇਂ ਵਿਦਵਾਨਾਂ ਨੂੰ ਜਦੋਂ ਸਮਾਗਮ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਤਾਂ ਇਹਨਾਂ ਨੇ ਹਾਂ-ਪੱਖੀ ਹੁੰਗਾਰਾ ਹੀ ਨਹੀਂ ਭਰਿਆ ਬਲਕਿ ਇਸ ਗੱਲ ’ਤੇ ਖ਼ੁਸ਼ੀ ਜਾਹਰ ਕੀਤੀ ਕਿ ਡਾ. ਬਲਬੀਰ ਸਿੰਘ ਨੂੰ ਉਹਨਾਂ ਦੀ 50 ਸਾਲਾ ਬਰਸੀ ਮੌਕੇ ਯਾਦ ਕਰਨਾ ਮਾਣ ਵਾਲੀ ਗੱਲ ਹੈ। ਇਹਨਾਂ ਤੋਂ ਇਲਾਵਾ ਅੰਮ੍ਰਿਤਸਰ ਤੋਂ ਡਾ. ਧਰਮ ਸਿੰਘ ਵੀ ਇਸ ਸਮਾਗਮ ਵਿਚ ਸ਼ਾਮਲ ਹੋਏ ਸਨ।
ਸਮਾਗਮ ਤੋਂ ਇਕ ਦਿਨ ਪਹਿਲਾਂ ਡਾ. ਬਲਕਾਰ ਸਿੰਘ ਦਾ ਫੋਨ ਆਇਆ ਅਤੇ ਕਹਿਣ ਲੱਗੇ ਕਿ ਜਿਹੜੇ ਵਿਦਵਾਨਾਂ ਨੂੰ ਤੁਸੀਂ ਬੁਲਾਇਆ ਹੈ ਉਹਨਾਂ ਵਿਚੋਂ ਮੈਂ ਅਤੇ ਸਾਬਰ ਸਾਹਿਬ ਦੋਵੇਂ ਉਮਰ ਦੇ ਇਸ ਪੜਾਅ ’ਤੇ ਪਹੁੰਚ ਚੁੱਕੇ ਹਾਂ ਕਿ ਸ਼ਾਇਦ ਦੁਬਾਰਾ ਮੁਲਾਕਾਤ ਨਾ ਹੋ ਸਕੇ। ਯੋਗ ਹੋਵੇਗਾ ਕਿ ਇਸ ਸਮਾਗਮ ਵਿਚ ਸ਼ਾਮਲ ਵਿਦਵਾਨਾਂ ਦੇ ਭਾਸ਼ਣ ਰਿਕਾਰਡ ਕਰ ਲਏ ਜਾਣ ਤਾਂ ਕਿ ਇਕ ਯਾਦਗਾਰ ਬਣੀ ਰਹੇ। ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਡਾ. ਜਸਬੀਰ ਸਿੰਘ ਸਾਬਰ, ਡਾ. ਧਰਮ ਸਿੰਘ ਅਤੇ ਕੁੱਝ ਹੋਰ ਵਿਦਵਾਨ ਰੇਲ ਦਾ ਸਫ਼ਰ ਕਰਕੇ ਅੰਮ੍ਰਿਤਸਰ ਤੋਂ ਦੇਹਰਾਦੂਨ ਪੁੱਜੇ ਸਨ। ਸਮਾਗਮ ਵਿਚ ਕੁੰਜੀਵਤ ਭਾਸ਼ਣ ਦੌਰਾਨ ਇਹਨਾਂ ਕਿਹਾ ਕਿ ਡਾ. ਬਲਬੀਰ ਸਿੰਘ ਜੀ ਤੋਂ ਇਹ ਸਿੱਖਿਆ ਗ੍ਰਹਿਣ ਕਰਨ ਦੀ ਲੋੜ ਹੈ ਕਿ ‘ਖੋਜ ਭਾਵੇਂ ਕਿਸੇ ਵੀ ਖੇਤਰ ਵਿਚ ਹੋਵੇ ਉਸ ਦਾ ਟੀਚਾ ਕੇਵਲ ਡਿਗਰੀ ਪ੍ਰਾਪਤ ਕਰਨਾ ਨਹੀਂ ਬਲਕਿ ਗਿਆਨ ਪ੍ਰਾਪਤ ਕਰਨਾ ਹੋਣਾ ਚਾਹੀਦਾ ਹੈ।’ ਇਹਨਾਂ ਦੇ ਆਪਣੇ ਜੀਵਨ ਵਿਚ ਇਹ ਵਿਚਾਰ ਆਖਰੀ ਸਮੇਂ ਤੱਕ ਕਾਇਮ ਰਿਹਾ। ਅਕਾਲ ਚਾਲਣੇ ਤੋਂ ਇਕ ਦਿਨ ਪਹਿਲਾਂ ਇਹ ਆਪਣੇ ਦਫ਼ਤਰ ਵਿਚ ਕਾਰਜਸ਼ੀਲ ਸਨ ਅਤੇ ਟੈਲੀਫੋਨ ’ਤੇ ਗੱਲ ਕਰਦੇ ਹੋਏ ਇਹਨਾਂ ਕਿਹਾ ਕਿ ਸਮਾਗਮ ਦੌਰਾਨ ਜਿਹੜੀਆਂ ਤੁਹਾਡੀਆਂ ਕਿਤਾਬਾਂ ਸਨਮਾਨ ਰੂਪ ਵਿਚ ਪ੍ਰਾਪਤ ਹੋਈਆਂ ਹਨ ਇਹਨਾਂ ਦੇ ਰਿਵੀਊ ਕਰਕੇ ਆਪਣੇ ਮੈਗ਼ਜ਼ੀਨ ਵਿਚ ਛਾਪਾਂਗਾ।
ਡਾ. ਜਸਬੀਰ ਸਿੰਘ ਸਾਬਰ ਦਾ ਜਨਮ 19 ਨਵੰਬਰ 1942 ਨੂੰ ਮੌਜੂਦਾ ਪਾਕਿਸਤਾਨ ਵਿਚ ਪੈਂਦੇ ਕੈਂਬਲਪੁਰ ਦੇ ਇਲਾਕੇ ਵਿਚ ਬੀਬੀ ਮਹਿੰਦਰ ਕੌਰ ਅਤੇ ਸ. ਸ਼ੇਰ ਸਿੰਘ ਦੇ ਘਰ ਹੋਇਆ ਸੀ। ਐਮ.ਏ. ਕਰਨ ਉਪਰੰਤ ਪੰਥ ਦੀਆਂ ਪ੍ਰਮੁੱਖ ਸਿੱਖ ਸਖ਼ਸ਼ੀਅਤਾਂ ਸੰਤ ਚੰਨਣ ਸਿੰਘ ਅਤੇ ਸੰਤ ਬਾਬਾ ਫਤਹ ਸਿੰਘ ਦੀ ਸੰਗਤ ਵਿਚ ਇਹਨਾਂ ਨੂੰ ਸਿੱਖ ਧਰਮ, ਪਰੰਪਰਾ ਅਤੇ ਰਾਜਨੀਤਿਕ ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਸੰਤ ਫਤਹ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਤਾਂ ਉਹਨਾਂ ਨੇ ਇਹਨਾਂ ਨੂੰ ਆਪਣਾ ਪੀ.ਏ. ਨਿਯੁਕਤ ਕਰ ਲਿਆ ਜਿਸ ਤੋਂ ਇਹਨਾਂ ਨੂੰ ਸਿੱਖ ਧਰਮ ਅਤੇ ਰਾਜਨੀਤੀ ਨੂੰ ਸਮਝਣ ਦਾ ਯੋਗ ਮੌਕਾ ਪ੍ਰਾਪਤ ਹੋਇਆ। ਇਹਨਾਂ ਅਕਾਲੀ ਆਗੂਆਂ ਦੇ ਸਮੇਂ ਇਹ ‘ਰੋਜ਼ਾਨਾ ਕੌਮੀ ਦਰਦ’ ਅਖ਼ਬਾਰ ਵਿਖੇ ਵੀ ਕਾਰਜ ਕਰਦੇ ਰਹੇ ਸਨ।
ਸਾਬਰ ਸਾਹਿਬ ਨੇ 1973 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਬਲੀਕੇਸ਼ਨ ਵਿਭਾਗ ਵਿਖੇ ਸੇਵਾ ਅਰੰਭ ਕੀਤੀ ਅਤੇ ਫਿਰ ਗੁਰੂ ਨਾਨਕ ਅਧਿਐਨ ਵਿਭਾਗ ਵਿਖੇ ਰਿਸਰਚ ਅਸਿਸਟੈਂਟ ਵਜੋਂ ਨਿਯੁਕਤ ਕਰ ਦਿਤੇ ਗਏ। ਇਸ ਵਿਭਾਗ ਵਿਖੇ ਹੀ ਇਹ ਮੁਖੀ ਅਤੇ ਸੀਨੀਅਰ ਪ੍ਰੋਫ਼ੈਸਰ ਵਜੋਂ ਕਾਰਜਸ਼ੀਲ ਰਹੇ। ਇਹਨਾਂ ਨੇ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਅਧਿਐਨ ਅਤੇ ਖੋਜ ਨੂੰ ਸਮਰਪਿਤ ਕਰ ਦਿੱਤਾ ਸੀ। ਗੁਰਮੁਖੀ, ਬ੍ਰਜ, ਸੰਸਕ੍ਰਿਤ, ਫ਼ਾਰਸੀ, ਅੰਗਰੇਜ਼ੀ ਆਦਿ ਭਾਸ਼ਾਵਾਂ ਦੇ ਗਿਆਨ ਨੇ ਇਹਨਾਂ ਨੂੰ ਖੋਜ ਦੇ ਪ੍ਰਮਾਣਿਕ ਕਾਰਜ ਕਰਨ ਲਈ ਬਲ ਪ੍ਰਦਾਨ ਕੀਤਾ ਸੀ। ਆਪਣੇ ਅਕਾਦਮਿਕ ਸਫ਼ਰ ਦੌਰਾਨ ਇਹਨਾਂ ਨੇ ਤਿੰਨ ਦਰਜਨ ਤੋਂ ਵਧੇਰੇ ਪੁਸਤਕਾਂ ਦੀ ਰਚਨਾ ਅਤੇ ਸੰਪਾਦਨਾ ਕੀਤੀ ਹੈ ਜਿਨਾਂ ਵਿਚ ਗਿਆਨ ਰਤਨਾਵਲੀ, ਰਵਿਦਾਸ-ਬਾਣੀ : ਬਹੁਪੱਖੀ ਅਧਿਐਨ, ਬਾਣੀ ਬਾਬਾ ਰਾਮਦਾਸ, ਪਾਵਨ ਗਾਥਾ ਗੁਰੂ ਰਵਿਦਾਸ, ਭਗਤ ਰਵਿਦਾਸ : ਸ੍ਰੋਤ ਪੁਸਤਕ, ਗੁਰਮਤਿ ਵਿਚ ਬਹੁਪੱਖੀ ਸੇਵਾ ਦਾ ਸੰਕਲਪ, ਵਾਰ ਮਾਝ : ਬਹੁਪੱਖੀ ਅਧਿਐਨ, ਭਾਈ ਵੀਰ ਸਿੰਘ – ਸਾਹਿਤ ਦਰਸ਼ਨ, ਅਕਾਲ ਤੋਂ ਖ਼ਾਲਸਾ ਤੱਕ, ਸਿਧ ਗੋਸਟਿ – ਸਰੂਪ ਤੇ ਸੰਦਰਭ, ਰੂਹਾਨੀ ਰਹਿਤ – ਗੁਰਮਤਿ ਪਰਿਪੇਖ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਗਤ ਕਬੀਰ ਜੀ, ਦੋ ਮਹਾਂਪੁਰਖ (ਸੰਤ ਬਾਬਾ ਫਤਹ ਸਿੰਘ ਤੇ ਸੰਤ ਚੰਨਣ ਸਿੰਘ ਜੀ), ਆਦਿ ਪੁਸਤਕਾਂ ਸ਼ਾਮਲ ਹਨ।
1995 ਵਿਚ ਭਾਰਤੀ ਸਾਹਿਤ ਅਕਾਦਮੀ, ਦਿੱਲੀ ਨੇ ਅੰਤਰ-ਰਾਸ਼ਟਰੀ ਗੁਰੂ ਰਵਿਦਾਸ ਆਵਰਡ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਸੀ ਅਤੇ 2003 ਵਿਚ ਇਹਨਾਂ ਨੂੰ ਗੁਰੂ ਰਵਿਦਾਸ ਚੇਅਰ ਦੇ ਮੁਖੀ ਵਜੋਂ ਨਿਯੁਕਤੀ ਪ੍ਰਾਪਤ ਹੋਈ। ਇਸ ਸੇਵਾ ਤੋਂ ਮੁਕਤ ਹੋਣ ਉਪਰੰਤ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ‘ਦੋ ਸਾਲਾ ਸਿੱਖ ਧਰਮ ਅਧਿਐਨ ਕੋਰਸ’ ਵਿਖੇ ਡਾਇਰੈਕਟਰ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ। 2007 ਵਿਚ ਅਰੰਭ ਹੋਏ ਇਸ ਕੋਰਸ ਦਾ ਉਦੇਸ਼ ਦੇਸ਼ ਦੇ ਕਿਸੇ ਵੀ ਕੋਣੇ ਵਿਚ ਬੈਠੇ ਹੋਏ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਅਕਾਦਿਮਕ ਢੰਗ ਨਾਲ ਗੁਰਬਾਣੀ, ਗੁਰ ਇਤਿਹਾਸ, ਭਗਤ ਸਾਹਿਬਾਨ, ਸਿੱਖ ਰਹਿਤ ਮਰਯਾਦਾ, ਸਿੱਖ ਸੰਸਥਾਵਾਂ, ਸਿੱਖ ਪਰੰਪਰਾਵਾਂ, ਸਿੱਖ ਸਰੋਤਾਂ, ਸਿੱਖ ਤਿਉਹਾਰਾਂ, ਸਿੱਖ ਸੰਪ੍ਰਦਾਵਾਂ, ਪੰਜਾਬ ਦੀਆਂ ਲਹਿਰਾਂ ਅਤੇ ਵਿਭਿੰਨ ਧਰਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਕੋਰਸ ਵਿਚ ਦਾਖ਼ਲਾ ਲੈਣ ਵਾਲੇ ਹਰ ਇਕ ਵਿਦਿਆਰਥੀ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਸਨ। ਸਾਬਰ ਸਾਹਿਬ ਨੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਗੁਰਧਾਮਾਂ ਵਿਖੇ ਨਿਜੀ ਸੰਪਰਕ ਪ੍ਰੋਗਰਾਮ ਲਾਉਣੇ ਸ਼ੁਰੂ ਕਰ ਦਿੱਤੇ ਸਨ। ਜਿਸ ਵੀ ਸ਼ਹਿਰ ਵਿਚ ਜਾਂਦੇ, ਉਸ ਦੇ ਨੇੜੇ ਰਹਿਣ ਵਾਲੇ ਵਿਦਵਾਨਾਂ ਨੂੰ ਵਿਦਿਆਰਥੀਆਂ ਦੇ ਸਨਮੁਖ ਪੇਸ਼ ਕੀਤਾ ਜਾਂਦਾ ਸੀ। ਸਾਬਰ ਸਾਹਿਬ ਦੇ ਇਸ ਯਤਨ ਨਾਲ ਵਿਭਿੰਨ ਨਗਰਾਂ ਵਿਖੇ ਰਹਿਣ ਵਾਲੇ ਵਿਦਵਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜਨ ਲੱਗੇ ਸਨ।
ਕੋਰਸ ਵਿਚ ਦਾਖ਼ਲ ਹੋਣ ਵਾਲੇ ਵਿਭਿੰਨ ਉਮਰ ਦੇ ਵਿਦਿਆਰਥੀਆਂ ਵਿਚ ਅਜਿਹੇ ਸ਼ਖ਼ਸ ਵੀ ਸ਼ਾਮਲ ਹੁੰਦੇ ਸਨ ਜਿਹੜੇ ਪਹਿਲਾਂ ਵਿਭਿੰਨ ਵਿਦਿਆਲਿਆਂ, ਟਕਸਾਲਾਂ, ਮਿਸ਼ਨਰੀ ਕਾਲਜਾਂ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਹੁੰਦੇ ਸਨ। ਅਜਿਹੇ ਵਿਦਿਆਰਥੀਆਂ ਨੂੰ ਸੰਤੁਸ਼ਟ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਇਕ ਘਟਨਾ ਯਾਦ ਆ ਰਹੀ ਹੈ ਜਦੋਂ ਮੈਂ ਆਪਣਾ ਭਾਸ਼ਣ ਸਮਾਪਤ ਕੀਤਾ ਤਾਂ ਇਕ ਵਿਦਿਆਰਥੀ ਖੜਾ ਹੋ ਕੇ ਸਾਬਰ ਸਾਹਿਬ ਨੂੰ ਕਹਿਣ ਲੱਗਾ ਕਿ ਤੁਹਾਡੇ ਵੱਲੋਂ ਭੇਜੀ ਗਈ ਪਾਠ ਸਮੱਗਰੀ ਵਿਚ ਇਕ ਗਲਤੀ ਹੈ। ਸਾਬਰ ਸਾਹਿਬ ਕਹਿਣ ਲੱਗੇ ਕਿ ਤੁਸੀਂ ਬਹੁਤ ਸੂਝਵਾਨ ਲੱਗਦੇ ਹੋ ਪਰ ਇਸ ਗੱਲ ਦੀ ਹੈਰਾਨੀ ਹੈ ਕਿ ਤੁਹਾਨੂੰ ਕੇਵਲ ਇਕੋ ਗਲਤੀ ਲੱਭੀ ਹੈ। ਇਸ ਦਾ ਭਾਵ ਹੈ ਕਿ ਤੁਸੀਂ ਸਾਰੀ ਪਾਠ ਸਮੱਗਰੀ ਧਿਆਨ ਨਾਲ ਨਹੀਂ ਪੜ੍ਹੀ। ਸਮੁੱਚੀ ਪਾਠ ਸਮੱਗਰੀ ਵਿਚ ਪੰਜ ਗਲਤੀਆਂ ਹਨ ਅਤੇ ਜਿਹੜਾ ਵਿਦਿਆਰਥੀ ਧਿਆਨ ਨਾਲ ਪਾਠ ਸਮੱਗਰੀ ਨੂੰ ਪੜੇਗਾ, ਉਹ ਉਹਨਾਂ ਨੂੰ ਲੱਭ ਸਕੇਗਾ। ਇਸ ਤਰ੍ਹਾਂ ਸਹਿਜ ਢੰਗ ਨਾਲ ਵਿਦਿਆਰਥੀਆਂ ਨੂੰ ਸਮਝਾਉਣਾ ਅਤੇ ਉਹਨਾਂ ਦੇ ਮਨ ਵਿਚ ਪੜਨ ਦੀ ਰੁਚੀ ਪੈਦਾ ਕਰਨ ਦੀ ਵਿਧੀ ਸਾਬਰ ਸਾਹਿਬ ਦੀ ਸੂਝ ਦਾ ਪ੍ਰਗਟਾਵਾ ਕਰਦੀ ਹੈ। ਪੱਤਰ-ਵਿਹਾਰ ਰਾਹੀਂ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨ ਲਈ ਇਹਨਾਂ ਨੇ ਦੋ ਪੁਸਤਕਾਂ ਦੀ ਸੰਪਾਦਨਾ ਵੀ ਕਰ ਦਿੱਤੀ ਸੀ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਕਾਸ਼ਿਤ ਕੀਤਾ ਹੈ।
ਡਾ. ਜਸਬੀਰ ਸਿੰਘ ਸਾਬਰ ਨੇ ਯੂਨੀਵਰਸਿਟੀ ਤੋਂ ਸੇਵਾ-ਮੁਕਤ ਹੋਣ ਉਪਰੰਤ ਆਪਣਾ ਸਮੁੱਚਾ ਜੀਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ਼ ਖ਼ਾਲਸਾ ਦੀਵਾਨ ਨੂੰ ਸਮਰਪਿਤ ਕਰ ਦਿੱਤਾ ਸੀ। ਇਸ ਦੇ ਨਾਲ ਉਹ ਟੀ.ਵੀ., ਰੇਡੀਓ ਆਦਿ ਮਾਧਿਅਮਾਂ ਰਾਹੀਂ ਗੁਰਬਾਣੀ, ਗੁਰਮਤਿ ਸੱਭਿਆਚਾਰ, ਪੰਜਾਬੀ ਸੱਭਿਆਚਾਰ ਆਦਿ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਦੇ ਅਤੇ ਸਿੱਖ ਮਸਲਿਆਂ ਸੰਬੰਧੀ ਆਪਣੀ ਰਾਇ ਦੇਣ ਲਈ ਨਿਰੰਤਰ ਮੀਟਿੰਗਾਂ ਵਿਚ ਹਿੱਸਾ ਲੈਂਦੇ ਰਹੇ। ਜਦੋਂ ਇਹਨਾਂ ਨੂੰ ਸਿੱਖ ਪੰਥ ਦੀ ਵਿਲੱਖਣਤਾ ਬਾਰੇ ਕੋਈ ਸਵਾਲ ਕਰਦਾ ਤਾਂ ਅਕਸਰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਿਰਜਣਾ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਕਿ ਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਪ੍ਰਦਾਨ ਕਰਕੇ ਸਿੱਖਾਂ ਵਿਚੋਂ ਕੁਲ ਨਾਸ਼, ਕਰਮ ਨਾਸ਼, ਧਰਮ ਨਾਸ਼ ਆਦਿ ਦਾ ਸਿਧਾਂਤ ਸਾਹਮਣੇ ਲਿਆਂਦਾ ਹੈ। ਖ਼ਾਲਸਾ ਪੰਥ ਦੀ ਸਿਰਜਣਾ ਹੀ ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਗਟ ਕੀਤੇ ਗਏ ਵਿਲੱਖਣ ਅਤੇ ਨਿਆਰੇ ਸਿਧਾਂਤਾਂ ਦਾ ਬਾਹਰੀ ਪ੍ਰਗਟਾਵਾ ਹੈ।
ਗੁਰਬਾਣੀ ਅਧਿਐਨ, ਗੁਰਮਤਿ ਸੰਗੀਤ, ਪੰਜਾਬੀ ਭਾਸ਼ਾ ਅਤੇ ਪੰਜਾਬੀ ਬੋਲੀ ਦੀ ਸੇਵਾ ਕਰਨ ਵਾਲੀ ਇਹ ਸ਼ਖ਼ਸੀਅਤ ਸਾਥੋਂ ਹਮੇਸ਼ਾਂ ਲਈ ਵਿਛੜ ਗਈ ਹੈ ਪਰ ਇਹਨਾਂ ਦੁਆਰਾ ਕੀਤੇ ਗਏ ਕਾਰਜ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਹਮੇਸ਼ਾਂ ਪ੍ਰੇਰਨਾ ਸ੍ਰੋਤ ਬਣੇ ਰਹਿਣਗੇ।
ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
Comments (0)