ਪੰਜਾਬ ਦੇ ਆਈਲੈਟਸ ਸੈਂਟਰਾਂ ਬੰਦ ਹੋਣੇ ਸ਼ੁਰੂ !
*ਪੱਛਮੀ ਦੇਸਾਂ ਨੇ ਹਰ ਕੈਟਾਗਰੀ ਦੇ ਵੀਜ਼ਾ ’ਤੇ ਕੀਤੀ ਵੱਡੀ ਕਟੌਤੀ
*ਸਾਲਾਨਾ 1 ਹਜ਼ਾਰ ਕਰੋੜ ਦਾ ਕਾਰੋਬਾਰ ਹੋਇਆ ਠੱਪ!
*ਕੈਨੇਡਾ ,ਅਮਰੀਕਾ ,ਅਸਟ੍ਰੇਲੀਆ ,ਇੰਗਲੈਂਡ ਦੇ ਇੰਮੀਗਰੇਸ਼ਨ ਨਿਯਮ ਸਖਤ
*ਵਿਦੇਸ਼ਾਂਂ ਵਿਚ ਮੰਦੀ ,ਮਹਿੰਗਾਈ, ਬੇਰੁਜ਼ਗਾਰੀ ਛਾਈ
ਪਿਛਲੇ ਦਸ ਸਾਲਾ ਤੋਂ ਪੰਜਾਬ ਅੰਦਰ ਇੱਕ ਅਜਿਹਾ ਰੁਝਾਨ ਜੋ ਪੰਜਾਬ ਦੀ ਨੌਜਵਾਨੀ ਦੀ ਮਾਨਸਿਕਤਾ ਤੇ ਛਾ ਗਿਆ ਹੈ ਕਿ ਕਿਸੇ ਤਰ੍ਹਾਂ ਵੀ ਆਈਲੈਟਸ ਟੈਸਟ ਨੂੰ ਪਾਸ ਕਰਕੇ ਹੈ ਤੇ ਇਸ ਵਿੱਚ ਚੰਗੇ ਬੈਂਡ ਹਾਸਲ ਕਰਕੇ ਵਿਦੇਸ਼ਾਂ ਵਿੱਚ ਸੈਟਲ ਹੋਇਆ ਜਾਵੇ। ਖਾਸ ਕਰਕੇ ਸਿੱਖ ਪਰਿਵਾਰਾਂ ਤੇ ਕਿਸਾਨੀ ਦੇ ਆਰਥਿਕ ਸੰਕਟ ਕਾਰਨ ਲੋਕੀ ਹਰ-ਹੀਲੇ ਆਪਣੀ ਹੱਦ ਤੋਂ ਵੱਧ ਵਸੀਲਿਆਂ ਨੂੰ ਇਕੱਤਰ ਕਰਨ ਲਈ ਪੱਛਮੀ ਮੁਲਕਾਂ ਦੇ ਪ੍ਰਭਾਵ ਵਿੱਚ ਅਜਿਹੇ ਉਲਝੇ ਕਿ ਪੰਜਾਬ ਇੱਕ ਤਰ੍ਹਾਂ ਨਾਲ ਖਾਲੀ ਹੁੰਦਾ ਜਾ ਰਿਹਾ ਹੈ। ਪੰਜਾਬ ਤੋਂ ਬਾਹਰਲੀ ਵਸੋਂ ਦੀ ਇਥੇ ਬਹੁਤਾਤ ਹੋ ਰਹੀ ਹੈ ਤੇ ਪੰਜਾਬ ਦੇ ਵਸਨੀਕ ਇਸ ਧਰਤੀ ਨਾਲੋਂ ਮੋਹ-ਤੋੜ ਕੇ ਆਈਲੈਟਸ ਵਰਗੇ ਪੇਪਰ ਪਾਸ ਕਰਕੇ ਪੱਛਮੀ ਧਰਤੀ ਤੇ ਜਾਣ ਲਈ ਹਰ-ਹੀਲਾ ਵਰਤ ਰਹੇ ਹਨ। ਅੱਜ ਪੰਜਾਬ ਦੇ ਚੱਪੇ-ਚੱਪੇ ਤੇ ਖੁੱਲੇ ਕਾਲਜ਼ ਤੇ ਹੋਰ ਯੋਗਤਾ ਕੇਂਦਰ ਸੁੰਨੀਆਂ ਰਾਹਾਂ ਦੇ ਮੰਜ਼ਰ ਬਣਦੇ ਦਿਖਾਈ ਦੇ ਰਹੇ ਹਨ। ਕੁਝ ਅੰਕੜਿਆਂ ਮੁਤਾਬਕ ਪੰਜਾਬ ਦਾ ਤਿੰਨ ਲੱਖ ਦੇ ਕਰੀਬ ਯੂਥ ਗਰੇਜੂਏਸ਼ਨ ਦੀ ਪੜ੍ਹਾਈ ਕਰਨ ਲਈ ਆਈਲੈਟਰਸ ਦੀ ਪ੍ਰਕਿਰਿਆ ਰਾਹੀਂ ਪੱਛਮੀ ਮੁਲਕਾਂ ਵੱਲ ਜਾ ਚੁਕਾ ਹੈ। ਇਸ ਵਰਤਾਰੇ ਕਾਰਨ ਲਈ ਪੰਜਾਬ ਦੇ ਅਰਥਚਾਰੇ ਤੇ ਵੀ ਪ੍ਰਭਾਵ ਪਿਆ ਹੈ। ਅੰਕੜਿਆ ਮੁਤਾਬਕ ਸਾਲਾਨਾ 30 ਹਜ਼ਾਰ ਕਰੋੜ ਦੇ ਖਰਚੇ ਦਾ ਅਨੁਮਾਨ ਹੈ ਜੋ ਬੱਚਿਆਂ ਦੇ ਮਾਪਿਆ ਨੇ ਜ਼ਮੀਨਾਂ ਵੇਚ ਕੇ ਜਾਂ ਹੋਰ ਸਾਧਨਾਂ ਰਾਹੀਂ ਆਮਦਨ ਹਾਸਲ ਕਰਕੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਖਰਚਾ ਕਰਦਾ ਹੈ।
ਪਰ ਹੁਣ ਵਿਦੇਸ਼ਾਂ ਦਾ ਰਾਹ ਅਗੇ ਵਾਂਗ ਸੌਖਾ ਨਹੀਂ ਰਿਹਾ। ਇਸ ਦੇ ਪਿੱਛੇ ਵੱਡਾ ਕਾਰਨ ਹੈ ਕਿ ਪੰਜਾਬੀਆਂ ਦੇ ਸਭ ਤੋਂ ਮਨਪਸੰਦੀਦਾ ਦੇਸ਼ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ ਅਤੇ ਇੰਗਲੈਂਡ ਨੇ ਵਿਦਿਆਰਥੀ ਵੀਜ਼ਾ ਤੋਂ ਲੈ ਕੇ ਹਰ ਕੈਟਾਗਰੀ ਦੇ ਵੀਜ਼ਾ ’ਤੇ ਵੱਡੀ ਕਟੌਤੀ ਕੀਤੀ ਹੈ ਜਿਸ ਦਾ ਸਿੱਧਾ ਅਸਰ ਆਈਲੈਟਸ ਸੈਂਟਰਾਂ ’ਤੇ ਸਾਫ਼ ਵੇਖਿਆ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਪੰਜਾਬ ਵਿੱਚ ਆਈਲੈਟਸ ਸੈਂਟਰਾਂ ’ਤੇ ਤਾਲੇ ਲੱਗ ਰਹੇ ਹਨ।ਪੰਜਾਬ ਦੀ ਸਾਲਾਨਾ 1 ਹਜ਼ਾਰ ਕਰੋੜ ਦੀ ਆਈਲੈਟਸ ਕੋਚਿੰਗ ਸੈਂਟਰ ਹੁਣ ਵੈਨਟੀਲੇਟਰ ’ਤੇ ਪਹੁੰਚ ਗਏ ਹਨ।
ਬਠਿੰਡਾ ਦੇ ਇੱਕ ਆਈਲੈਟਸ ਸੈਂਟਰ ਦੇ ਮਾਲਕ ਅਮਨਦੀਪ ਸਿੰਘ ਦੇ ਮੁਤਾਬਿਕ ਪਿਛਲੇ ਸਾਲ ਤੱਕ ਉਨ੍ਹਾਂ ਦੇ ਆਈਲੈਸਟ ਸੈਂਟਰ ਦੇ ਬਾਹਰ ਵਿਦਿਆਰਥੀਆਂ ਦੀ ਭੀੜ ਹੁੰਦੀ ਸੀ। ਇੱਕ ਦਹਾਕੇ ਤੱਕ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਰੁਝਾਨ ਕਾਫੀ ਵਧਿਆ ਸੀ ਜਿਸ ਦੀ ਵਜ੍ਹਾ ਉਨ੍ਹਾਂ ਦੇ 4 ਕਮਰਿਆਂ ਦੇ ਕੋਚਿੰਗ ਸੈਂਟਰ ਹੁਣ ਸਿਰਫ਼ 1 ਹੀ ਕਮਰੇ ਵਿੱਚ ਕਲਾਸ ਹੁੰਦੀ ਹੈ ਬਾਕੀ ਬੰਦ ਰਹਿੰਦੇ ਹਨ। ਉਨ੍ਹਾਂ ਦੇ ਕੋਚਿੰਗ ਸੈਂਟਰ ਦਾ ਕਿਰਾਇਆ ਅਤੇ ਸਟਾਫ਼ ਦੀ ਤਨਖ਼ਾਹ ਲਈ ਪੈਸੇ ਜੁਟਾਉਣੇ ਮੁਸ਼ਕਲ ਹੋ ਗਏ ਹਨ। ਇਹ ਹਾਲ ਉਸ ਬਠਿੰਡਾ ਸ਼ਹਿਰ ਦਾ ਹੈ ਜੋ ਮਾਲਵੇ ਵਿੱਚ ਇਮੀਗਰੇਸ਼ਨ ਸੈਂਟਰਾਂ ਦੇ ਲਈ ਮਕਬੂਲ ਹੈ।
ਇਮੀਗ੍ਰੇਸ਼ਨ ਨਾਲ ਜੁੜੀ ਗ੍ਰੇ ਮੈਟਰ ਕੰਪਨੀ ਦੇ ਮੁਤਾਬਿਕ ਕੈਨੇਡਾ ਦੇ ਵੱਲੋਂ 2 ਸਾਲ ਦੇ ਲਈ ਵੀਜ਼ਾ ਨੂੰ ਲੈ ਕੇ ਕੈਪਿੰਗ ਕੀਤੀ ਹੈ। ਆਸਟ੍ਰੇਲੀਆ ਅਤੇ ਇੰਗਲੈਂਡ ਨੇ ਨਿਯਮ ਸਖ਼ਤ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕੈਨੇਡਾ ਨੇ ਪਹਿਲਾਂ ਜੀਆਈਸੀ ਵਿੱਚ ਵਾਧਾ ਕੀਤਾ ਅਤੇ ਫਿਰ ਸਟੂਡੈਂਟ ਵੀਜ਼ਾ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਜਿਸ ਕਾਰਨ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੋ ਗਈ।
ਗ੍ਰੇ ਮੈਟਰ ਕੰਪਨੀ ਦੀਆਂ 73 ਬਰਾਂਚਾਂ ਹਨ ਜਿਨ੍ਹਾਂ ਵਿੱਚੋਂ ਕੰਪਨੀ 20 ਤੋਂ 25 ਬ੍ਰਾਂਚਾਂ ਨੂੰ ਬੰਦ ਕਰਨ ਬਾਰੇ ਸੋਚ ਰਹੀ ਹੈ। ਹਾਲਾਂਕਿ ਗ੍ਰੇ ਮੈਟਰ ਕੰਪਨੀ ਦਾ ਕਹਿਣਾ ਹੈ ਜਿਹੜੇ ਲੋਕ ਕੈਨੇਡਾ ਮਾਸਟਰਸ ਡਿਗਰੀ ਕਰਨ ਦੇ ਲਈ ਜਾਣਾ ਚਾਹੁੰਦੇ ਹਨ ਉਨ੍ਹਾਂ ਦੇ ਲਈ ਰਸਤੇ ਖੁੱਲ੍ਹੇ ਹਨ।
ਬਠਿੰਡਾ ਆਈਲੈਟਸ ਅਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕਰਨ ਸਿੰਘ ਬਰਾੜ ਅਨੁਸਾਰ ਬਠਿੰਡਾ ਦੀ ਅਜੀਤ ਰੋਡ ਆਈਲੈਟਸ ਕੋਚਿੰਗ ਸੈਂਟਰ ਅਤੇ ਇਮੀਗ੍ਰੇਸ਼ਨ ਮਾਹਿਰਾਂ ਕਰ ਕੇ ਜਾਣੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਕਿਸ ਸਮੇਂ ਇੱਥੇ ਇੰਨੀ ਜ਼ਿਆਦਾ ਭੀੜ ਹੁੰਦੀ ਸੀ ਕਿ ਹਰ ਪਾਸੇ ਵਿਦਿਆਰਥੀ ਹੀ ਵਿਦਿਆਰਥੀ ਨਜ਼ਰ ਆਉਂਦੇ ਸਨ ਪਰ ਮੌਜੂਦਾ ਸਮੇਂ ਵਿੱਚ ਅਜੀਤ ਰੋਡ ਖ਼ਾਲੀ ਪਈ ਹੈ, ਪਹਿਲਾਂ ਦੇ ਮੁਕਾਬਲੇ ਕੰਮ ਕਾਫੀ ਘੱਟ ਗਿਆ ਹੈ ਅਤੇ ਕਈ ਕੰਪਨੀਆਂ ਨੇ ਆਪਣੇ ਦਫ਼ਤਰਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਕਈਆਂ ਨੇ ਸਟਾਫ਼ ਘਟਾ ਦਿੱਤਾ ਹੈ।
ਇਮੀਗ੍ਰੇਸ਼ਨ ਸਨਅਤ 1 ਹਜ਼ਾਰ ਕਰੋੜ
ਵਿਦਿਆਰਥੀ ਵੀਜ਼ਾ ਦੇ ਲਈ ਆਈਲੈਟਸ (ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟ ਸਿਸਟਮ) ਬਹੁਤ ਜ਼ਰੂਰੀ ਹੈ ਇਸ ਦੇ ਲਈ ਵੱਖ-ਵੱਖ ਦੇਸ਼ਾਂ ਵੱਲੋਂ ਸਕੋਰ ਤੈਅ ਕੀਤੇ ਗਏ ਹਨ। 2015 ਤੋਂ ਬਾਅਦ ਇਸ ਟੈਸਟ ਨੂੰ ਲੈਕੇ ਵਿਦਿਆਰਥੀਆਂ ਦੀ ਰੁਝਾਨ ਲਗਾਤਾਰ ਵਧਿਆ ਹੈ। ਇਸ ਦੀ ਮੰਗ ਨੂੰ ਵੇਖਦੇ ਹੋਏ ਪਿੰਡਾਂ, ਸ਼ਹਿਰਾਂ ਵਿੱਚ ਧੜਾਧੜ ਆਈਲੈਟਸ ਸੈਂਟਰ ਖੁੱਲ੍ਹੇ। ਆਈਲੈਟਸ ਦੇ ਨਾਲ ਪੀਟੀਆਈ ਯਾਨੀ ਪੀਅਰਸਨ ਟੈਸਟ ਆਫ ਇੰਗਲਿਸ਼ ਅਤੇ ਟੌਫਲ ਦੇ ਟੈਸਟ ਵੱਲ ਵੀ ਵਿਦਿਆਰਥੀਆਂ ਦਾ ਰੁਝਾਨ ਵਧਿਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਸਰਵੇ ਮੁਤਾਬਿਕ 2015 ਵਿੱਚ ਕੈਨੇਡਾ ਦਾ ਜਾਣ ਦਾ ਰੁਝਾਨ ਵਧਿਆ ਸੀ। 2017-18 ਵਿੱਚ ਭਾਰਤ ਵਿੱਚ ਸਾਢੇ ਸੱਤ ਲੱਖ ਵਿਦਿਆਰਥੀਆਂ ਨੇ ਆਈਲੈਟਸ ਦਾ ਪੇਪਰ ਦਿੱਤਾ ਸੀ ਜਿਨ੍ਹਾਂ ਵਿੱਚੋਂ 60 ਫੀਸਦੀ ਪੰਜਾਬੀ ਸਨ।ਆਈਲੈਟਸ ਸਨਅਤ ਤਕਰੀਬਨ 1 ਹਜ਼ਾਰ ਕਰੋੜ ਦੀ ਹੈ।
ਇਮੀਗ੍ਰੇਸ਼ਨ ਸਨਅਤ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਵਿਦੇਸ਼ ਭੇਜਣਾ ਨਾਲ ਜੁੜੇ ਵੱਡੀ ਠੱਗੀ ਦੇ ਮਾਮਲੇ ਵੀ ਸਾਹਮਣੇ ਆਏ ਹਨ ਉੱਥੇ ਇਸ ਨੇ ਵੱਡੀ ਸਨਅਤ ਦਾ ਰੂਪ ਵੀ ਲੈ ਲਿਆ ਸੀ। ਪਰ ਕੈਨੇਡਾ, ਆਸਟੇਲੀਆ, ਨਿਊਜ਼ੀਲੈਡ, ਅਮਰੀਕਾ ਅਤੇ ਇੰਗਲੈਂਡ ਵਰਗੇ ਮੁਲਕਾਂ ਵੱਲੋਂ ਵੀਜ਼ਾ ਨੂੰ ਲੈ ਕੇ ਕੀਤੀ ਸਖਤੀ ਨੇ ਇਮੀਗ੍ਰੇਸਨ ਅਤੇ ਆਈਲੈਟਸ ਸੈਂਟਰਾਂ ’ਤੇ ਤਾਲੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ।
Comments (0)