ਪੰਜਾਬੀ ਵਿਆਹਾਂ ਵਿਚ ਲਾੜੇ ਦੀ ਜੁੱਤੀ ਚੁਕਣ ਦੀ ਰਸਮ
ਪੰਜਾਬੀਆਂ ਦੇ ਵਿਆਹਾਂ ਨਾਲ ਸਬੰਧਤ ਬਹੁਤ ਸਾਰੀਆਂ ਰਸਮਾਂ ਤੇ ਰਿਵਾਜ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਰਸਮਾਂ ਹਾਲੇ ਵੀ ਪ੍ਰਚੱਲਿਤ ਹਨ ਪਰ ਕੁਝ ਸਮਾਂ ਪਾ ਕੇ ਬਦਲ ਗਈਆਂ ਜਾਂ ਫਿਰ ਖ਼ਤਮ ਹੋ ਗਈਆਂ ਹਨ।
ਇਨ੍ਹਾਂ ਵਿੱਚੋਂ ਸਾਕ ਹੋਣਾ/ਸ਼ਗਨ ਪੈਣਾ, ਸਾਹਾ ਬੰਨ੍ਹਣਾ, ਸਾਹਾ ਭੇਜਣਾ, ਗੰਢਾਂ ਭੇਜਣਾ, ਪਹੇਲੀ ਦੇਣੀ, ਚੱਕੀਆਂ ਲਗਾਉਣਾ, ਸੁਹਾਗ-ਘੋੜੀਆਂ ਸ਼ਗਨਾਂ ਦੇ ਗੀਤ ਗਾਉਣਾ, ਮਾਂਹ ਦੱਬਣਾ, ਗਾਨਾ ਬੰਨ੍ਹਣਾ, ਤੇਲ ਚੋਣਾ, ਨਾਨਕਾ ਮੇਲ ਦੀ ਚੜ੍ਹਤ, ਮਹਿੰਦੀ ਲਗਾਉਣਾ, ਜਾਗੋ ਕੱਢਣੀ, ਛੱਜ ਭੰਨਣਾ, ਵਟਣਾ ਮਲਣਾ, ਮਾਮਿਆਂ ਵੱਲੋਂ ਖਾਰਿਓਂ ਲਹਾਉਣਾ, ਠੂਠੀਆਂ ਭੰਨਣਾ, ਸਿਹਰਾ ਸਜਾਉਣਾ, ਭਾਬੀਆਂ ਦੁਆਰਾ ਸੁਰਮਾ ਪਾਉਣਾ, ਜੰਡੀ ਵੱਢਣਾ, ਸਰਬਾਲਾ ਬਣਾਉਣਾ, ਮਿਲਣੀ ਕਰਨੀ, ਬਾਰ ਰੋਕਣਾ, ਜੰਨ ਬੰਨ੍ਹਣਾ, ਖੱਟ ਵਿਛਾਉਣਾ, ਸਿੱਠਣੀਆਂ ਦੇਣਾ, ਪੱਤਲ ਦੇਣਾ, ਲਾੜੇ ਦੀ ਜੁੱਤੀ ਚੁੱਕਣਾ ਆਦਿ ਪ੍ਰਮੁੱਖ ਰਸਮਾਂ ਹਨ।
ਜੁੱਤੀ ਚੁੱਕਣ ਦੀ ਰਸਮ ਬਹੁਤ ਪਿਆਰੀ ਹੈ। ਇਸ ਰਸਮ ਦੇ ਅਨੁਸਾਰ ਆਨੰਦ ਕਾਰਜ ਜਾਂ ਫੇਰਿਆਂ ਤੋਂ ਬਾਅਦ ਲਾੜੇ ਦੀਆਂ ਸਾਲੀਆਂ ਜਾਂ ਸਾਲੀਆਂ ਦੀ ਥਾਂ ਲੱਗਦੀਆਂ ਔਰਤਾਂ ਮੌਕਾ ਤਾੜ ਕੇ ਲਾੜੇ ਦੀ ਜੁੱਤੀ ਚੁੱਕ ਲੈਂਦੀਆਂ ਹਨ। ਬਾਅਦ ਵਿੱਚ ਵਿਚੋਲੇ ਆਦਿ ਦੇ ਵਿੱਚ ਪੈਣ ’ਤੇ ਕੁਝ ਰਾਸ਼ੀ ਲੈ ਕੇ ਇਹ ਜੁੱੱਤੀ ਮੋੜ ਦਿੱਤੀ ਜਾਂਦੀ ਹੈ। ਉੱਪਰੋਂ ਵੇਖਣ ਨੂੰ ਤਾਂ ਇਹ ਰਸਮ ਬੜੀ ਸਾਧਾਰਨ ਜਿਹੀ ਲੱਗਦੀ ਹੈ ਪ੍ਰੰਤੂ ਹੈੈ ਬੜੀ ਅਰਥ ਭਰਪੂਰ ਅਤੇ ਵਕਤੀ ਮਹੱਤਵ ਦੀ ਧਾਰਨੀ। ਜਿਸ ਤਰ੍ਹਾਂ ਵਿਆਹ ਨਾਲ ਸਬੰਧਤ ਬਹੁਤ ਸਾਰੀਆਂ ਰਸਮਾਂ ਵੱਖ ਵੱਖ ਪੱਖਾਂ ਤੋਂ ਮਹੱਤਵ ਰੱਖਣ ਵਾਲੀਆਂ ਹਨ, ਉਸੇ ਤਰ੍ਹਾਂ ਹੀ ਇਸ ਰਸਮ ਦੇ ਪਿੱਛੇ ਵੀ ਕਈ ਪੱਖ ਕੰਮ ਕਰਦੇ ਮੰਨੇ ਜਾਂਦੇ ਹਨ। ਲਾੜੇ ਦੀ ਜੁੱਤੀ ਸਬੰਧੀ ਵਿਆਹ ਦੇ ਗੀਤਾਂ ਵਿੱਚ ਵੱਖ ਵੱਖ ਰੂਪਾਂ ਵਿੱਚ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ:
ਜੁੱਤੀ ਵੇ ਤੇਰੀ ਕੱਢਮੀਂ ਲਾੜਿਆ
ਵੇ ਕੋਈ ਵਿੱਚ ਤਿੱਲੇ ਦੀ ਵੇ ਮੇਖ
ਮਾਂ ਤੇਰੀ ਨੂੰ ਤੇਰਾ ਪਿਓ ਕੁੱਟੇ
ਵੇ ਤੂੰ ਖੜ੍ਹਾ ਤਮਾਸ਼ਾ
ਵੇ, ਸੁਣਦਿਆ ਲਾੜਿਆ, ਵੇ ਦੇਖ
ਲਾੜੇ ਦੀ ਜੁੱਤੀ ਚੁੱਕਣ ਦੀ ਰਸਮ ਦੇ ਸ਼ੁਰੂ ਹੋਣ ਪਿੱਛੇ ਜਿਹੜਾ ਸਭ ਤੋਂ ਪ੍ਰਮੁੱਖ ਪੱਖ ਮੰਨਿਆ ਜਾਂਦਾ ਹੈ, ਉਹ ਹੈ ਇਸ ਬਹਾਨੇ ਸਾਲੀਆਂ ਦੀ ਲਾੜੇ ਨਾਲ ਜਾਣ ਪਹਿਚਾਣ ਕਰਵਾਉਣਾ। ਪੁਰਾਤਨ ਸਮਿਆਂ ਵਿੱਚ ਜਦੋਂ ਅਜੋਕੇ ਦੂਰ ਸੰਚਾਰ, ਬਿਜਲਈ ਯੰਤਰਾਂ, ਕੈਮਰਿਆਂ ਆਦਿ ਵਰਗੇ ਸਾਧਨਾਂ ਦੀ ਘਾਟ ਹੋਣ ਕਾਰਨ ਲਾੜਾਂ ਅਤੇ ਉਸ ਦੀਆਂ ਸਾਲੀਆਂ ਦੀ ਵਿਆਹ ਤੋਂ ਪਹਿਲਾਂ ਆਹਮਣੇ ਸਾਹਮਣੇ ਮੁਲਾਕਾਤ ਨਹੀਂ ਸੀ ਹੁੰਦੀ ਅਤੇ ਨਾ ਹੀ ਉਨ੍ਹਾਂ ਨੇ ਕੋਈ ਤਸਵੀਰ ਆਦਿ ਦੇ ਰੂਪ ਵਿੱਚ ਉਸ ਨੂੰ ਦੇਖਿਆ ਹੁੰਦਾ ਸੀ। ਵਿਆਹ ਵਿੱਚ ਜੁੱਤੀ ਚੁੱਕਣ ਸਮੇਂ ਸਾਲੀਆਂ ਜਾਂ ਸਾਲੀਆਂ ਦੇ ਥਾਂ ਲੱਗਦੀਆਂ ਔਰਤਾਂ ਸਰਗਰਮ ਹੁੰਦੀਆਂ ਸਨ। ਇਸ ਤਰ੍ਹਾਂ ਲਾੜੇ ਨੂੰ ਜੁੱਤੀ ਚੁੱਕਣ ਅਤੇ ਮੋੜਨ ਸਮੇਂ ਸਰਗਰਮ ਇਨ੍ਹਾਂ ਸਾਲੀਆਂ ਨਾਲ ਆਪਸੀ ਜਾਣ ਪਛਾਣ ਹੋ ਜਾਂਦੀ ਸੀ। ਲਾੜੇ ਦਾ ਝਾਕਾ ਖੁੱਲ੍ਹ ਜਾਂਦਾ ਸੀ ਅਤੇ ਉਹ ਪਰਿਵਾਰ ਵਿੱਚ ਘੁਲ-ਮਿਲ ਜਾਂਦਾ ਸੀ। ਇਸ ਰਸਮ/ਪਰੰਪਰਾ ਪਿੱਛੇ ਇੱਕ ਕਾਰਨ ਲਾੜੇ ਦੇ ਸੁਭਾਅ ਆਦਿ ਸਬੰਧੀ ਜਾਣਕਾਰੀ ਪ੍ਰਾਪਤ ਕਰਨਾ ਵੀ ਮੰਨਿਆ ਜਾਂਦਾ ਹੈ। ਭਾਵੇਂ ਇਸ ਸਮੇਂ ਅਜਿਹੇ ਪੱਖ ਸਬੰਧੀ ਜਾਣਨ ਵਿੱਚ ਕਾਫ਼ੀ ਦੇਰੀ ਹੋ ਚੁੱਕੀ ਹੁੰਦੀ ਹੈ ਪਰ ਫਿਰ ਵੀ ਉਸ ਦੇ ਸੁਭਾਅ ਸਬੰਧੀ ਜਾਣ ਕੇ ਭਵਿੱਖ ਵਿੱਚ ਉਸ ਸਬੰਧੀ ਖਿਆਲ ਰੱਖਣ ਅਤੇ ਉਸ ਅਨੁਸਾਰ ਆਪਣੇ ਆਪ ਢਲਣ ਅਤੇ ਦੁਹਲਨ ਨੂੰ ਵਿਚਰਨ ਲਈ ਸਮਝਾਇਆ ਜਾਂਦਾ ਹੋਵੇਗਾ। ਇਸ ਦੇ ਨਾਲ ਨਾਲ ਲਾੜੇ ਦੀ ਚੁਸਤੀ ਫੁਰਤੀ ਆਦਿ ਦਾ ਵੀ ਪਤਾ ਚੱਲ ਜਾਂਦਾ ਸੀ।
ਇਸ ਦੇ ਨਾਲ ਇੱਕ ਵਿਚਾਰ ਇਹ ਵੀ ਹੈ ਕਿ ਪ੍ਰਤੀਕਾਤਮਕ ਰੂਪ ਵਿੱਚ ਲਾੜੇ ਨੂੰ ਇਹ ਵੀ ਸਮਝਾਇਆ ਜਾਂਦਾ ਸੀ ਕਿ ਹੁਣ ਭਾਵੇਂ ਜਿਸ ਤਰ੍ਹਾਂ ਦੀਆਂ ਸਥਿਤੀਆਂ ਵਿੱਚੋਂ ਦੀ ਗੁਜ਼ਰਨਾ ਪਵੇ, ਜੁੱਤੀ ਦੇ ਜੋੜੇ ਵਾਂਗ ਇਕੱਠਿਆਂ ਨੇ ਗੁਜ਼ਰਨਾ ਹੈ। ਇਸ ਦੇ ਨਾਲ ਇੱਕ ਵਿਚਾਰ ਅਨੁਸਾਰ ਉਸ ਸਮੇਂ ਰਸਤੇ ਕੱਚੇ ਹੁੰਦੇ ਸਨ ਅਤੇ ਲਾੜੇ ਨੂੰ ਊਠਾਂ ਤੇ ਘੋੜਿਆਂ ’ਤੇ ਸਵਾਰ ਹੋ ਕੇ ਆਉਣਾ ਪੈਂਦਾ ਸੀ। ਕਈ ਥਾਵਾਂ ’ਤੇ ਉਸ ਨੂੰ ਧੂੜ ਮਿੱਟੀ ਵਾਲੇ ਥਾਵਾਂ ’ਤੇ ਹੇਠਾਂ ਵੀ ਉਤਰਨਾ ਪੈਂਦਾ ਹੋਵੇਗਾ। ਅਜਿਹੇ ਵਿੱਚ ਜੁੱਤੀ ਲਿੱਬੜ ਵੀ ਜਾਂਦੀ ਹੋਵੇਗੀ। ਇਸ ਤਰ੍ਹਾਂ ਲਾੜੇ ਦੀ ਲਿੱਬੜੀ ਜੁੱਤੀ ਨੂੰ ਚੁੱਕ ਕੇ ਸਾਫ਼ ਕੀਤਾ ਜਾਂਦਾ ਹੋਵੇਗਾ। ਇਸ ਰਸਮ ਨੂੰ ਹਲਕਾ ਫੁਲਕਾ ਬਣਾਉਣ ਲਈ ਇਸ ਦੇ ਬਦਲੇ ਕੁਝ ਸ਼ਗਨ ਲਿਆ ਜਾਂਦਾ ਹੋਵੇਗਾ। ਸਮੇਂ ਨਾਲ ਇਹ ਰਸਮ ਕੇਵਲ ਉਂਝ ਹੀ ਜੁੱਤੀ ਚੁੱਕਣ ਤੱਕ ਸੀਮਤ ਹੋ ਕੇ ਰਹਿ ਗਈ। ਇਸ ਰਸਮ ਬਹਾਨੇ ਹਾਸੇ ਮਜ਼ਾਕ ਰਾਹੀਂ ਮਾਹੌਲ ਵੀ ਖ਼ੁਸ਼ਗਵਾਰ ਹੋ ਜਾਂਦਾ ਸੀ। ਹੁਣ ਇਹ ਰਸਮ ਭਾਵੇਂ ਕਾਫ਼ੀ ਘਟ ਗਈ ਹੈ ਪ੍ਰੰਤੂ ਫਿਰ ਵੀ ਕੁਝ ਕੁ ਵਿਆਹਾਂ ਵਿੱਚ ਇਸ ਨੂੰ ਹੁਣ ਵੀ ਨਿਭਾਇਆ ਜਾਂਦਾ ਹੈ। ਉਹ ਗੱਲ ਵੱਖਰੀ ਹੈ ਕਿ ਹੋਰਨਾਂ ਬਹੁਤ ਸਾਰੀਆਂ ਰਸਮਾਂ ਵਾਂਗ ਕਦੇ ਇਸ ਰਸਮ ਪਿੱਛੇ ਕੰਮ ਕਰਦੀਆਂ ਜ਼ਰੂਰਤਾਂ ਹੁਣ ਉਹ ਨਹੀਂ ਰਹੀਆਂ। ਹੁਣ ਇਸ ਰਸਮ ਰਾਹੀਂ ਕੁਝ ਹਾਸਾ ਮਜ਼ਾਕ ਹੀ ਹੁੰਦਾ ਹੈ।
ਜੱਗਾ ਸਿੰਘ ਆਦਮਕੇ
Comments (0)