ਸਰਕਾਰ ਭਾਈ ਗਜਿੰਦਰ ਸਿੰਘ ਨੂੰ ਰਾਜਸੀ ਪਨਾਹ ਦੇਵੇ : ਦਲ ਖ਼ਾਲਸਾ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ : ਬੀਤੇ ਦਿਨੀਂ ਦਲ ਖ਼ਾਲਸਾ ਨੇ ਪਾਕਿਸਤਾਨ ਸਰਕਾਰ ਤੋਂ ਭਾਈ ਗਜਿੰਦਰ ਸਿੰਘ ਨੂੰ ਆਪਣੇ ਮੁਲਕ ਅੰਦਰ ਕਾਨੂੰਨੀ ਤੌਰ 'ਤੇ ਰਾਜਸੀ ਪਨਾਹ ਦੇਣ ਦੀ ਅਪੀਲ ਕੀਤੀ ਹੈ।ਇਸ ਸੰਬੰਧੀ ਭਾਈ ਗਜਿੰਦਰ ਸਿੰਘ ਦਾ ਪੱਖ ਤੇ ਕੇਸ ਪੇਸ਼ ਕਰਨ ਲਈ ਜਥੇਬੰਦੀ ਵਲੋਂ ਪਾਕਿਸਤਾਨ ਸਰਕਾਰ ਨੂੰ ਅਪੀਲ-ਰੂਪੀ ਖ਼ਤ ਵੀ ਲਿਖਿਆ ਜਾਵੇਗਾ | ਇਸ ਬਾਰੇ ਪਾਰਟੀ ਵਲੋਂ ਪਿਛਲੇ 41 ਸਾਲਾਂ ਤੋਂ ਜਲਾਵਤਨੀ ਕੱਟ ਰਹੇ ਭਾਈ ਗਜਿੰਦਰ ਸਿੰਘ ਦੀ ਕੁਰਬਾਨੀ ਅਤੇ ਸਿੱਖ ਸੰਘਰਸ਼ 'ਵਿਚ ਪਾਏ ਗਏ ਯੋਗਦਾਨ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ 'ਆਜ਼ਾਦੀ : ਇਕੋ-ਇਕ ਹੱਲ' ਵਿਸ਼ੇ 'ਤੇ ਕੀਤੀ ਕਨਵੈੱਨਸ਼ਨ 'ਵਿਚ ਮਤਾ ਪਾਸ ਕੀਤਾ ਗਿਆ ਸੀ।ਇਸ ਮੌਕੇ ਦਲ ਖ਼ਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਅਤੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਸੰਬੋਧਨ ਕੀਤਾ । ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੋਲਦਿਆਂ ਭਾਈ ਗਜਿੰਦਰ ਸਿੰਘ ਵਲੋਂ ਸਿੱਖ ਸੰਘਰਸ਼ 'ਵਿਚ ਪਾਏ ਯੋਗਦਾਨ ਨੂੰ ਸਲਾਹੁੰਦਿਆਂ ਕਿਹਾ ਕਿ ਸਿੱਖਾਂ ਨਾਲ ਅੱਜ ਵੀ ਦੋਹਰੇ ਮਾਪਦੰਡ ਵਰਤੇ ਜਾਂਦੇ ਹਨ ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਹਾਈਜੈਕਰ ਸਤਨਾਮ ਸਿੰਘ ਪਾਉਂਟਾ ਸਾਹਿਬ ਅਤੇ ਭਾਈ ਤਜਿੰਦਰਪਾਲ ਸਿੰਘ ਤੋਂ ਇਲਾਵਾ ਸੰਤ ਭਿੰਡਰਾਵਾਲਿਆਂ ਦੇ ਪੁੱਤਰ ਭਾਈ ਈਸ਼ਰ ਸਿੰਘ, ਸਤਲੁਜ-ਯਮਨਾ ਨਹਿਰ ਨੂੰ ਬੰਨ੍ਹ ਮਾਰਨ ਵਾਲੇ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ।ਕਨਵੈੱਨਸ਼ਨ ਉਪਰੰਤ ਗੁਰਦੁਆਰਾ ਸਾਹਿਬ ਤੋਂ ਕੱਢਿਆ ਗਿਆ ਮਾਰਚ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਵਿਚੋਂ ਹੁੰਦਾ ਹੋਇਆ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਸਮਾਪਤ ਹੋਇਆ, ਜਿਸ 'ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਮੂਲੀਅਤ ਕਰਦਿਆਂ ਆਜ਼ਾਦੀ (ਖ਼ਾਲਿਸਤਾਨ) ਦੇ ਹੱਕ 'ਵਿਚ ਜੋਸ਼ ਭਰਪੂਰ ਨਾਅਰੇਬਾਜ਼ੀ ਕੀਤੀ।ਅਨੇਕਾਂ ਹੀ ਨੌਜਵਾਨਾਂ ਨੇ ਭਾਈ ਗਜਿੰਦਰ ਸਿੰਘ ਦੀ ਤਸਵੀਰ ਵਾਲੀਆਂ ਟੀ.ਸ਼ਰਟਾਂ ਪਾਈਆਂ ਹੋਈਆਂ ਸਨ ਅਤੇ ਹੱਥਾਂ 'ਵਿਚ ਤਖ਼ਤੀਆਂ ਤੇ ਬੋਰਡ ਫੜ੍ਹੇ ਹੋਏ ਸਨ । ਸੁਆਲ ਇਹ ਜੇਕਰ ਉਹ ਕਨੂੰਨ ਅਨੁਸਾਰ ਕੈਦ ਕਟ ਚੁਕਾ ਹੈ ਤਾਂ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਦੀ ਵਤਨ ਵਾਪਸੀ ਕਰੇ।
Comments (0)